ਗਿਆਨੀ ਜ਼ੈਲ ਸਿੰਘ ਨਗਰ ਵਾਸੀਆਂ ਨੂੰ ਮਿਲੇਗਾ ਦੂਸ਼ਿਤ ਪਾਣੀ ਤੋਂ ਛੁਟਕਾਰਾ
ਜਗਮੋਹਨ ਸਿੰਘ
ਰੂਪਨਗਰ, 6 ਜੂਨ
ਰੂਪਨਗਰ ਸ਼ਹਿਰ ਦੇ ਪਾਸ਼ ਇਲਾਕੇ ਵੱਜੋਂ ਜਾਣੇ ਜਾਂਦੇ ਗਿਆਨੀ ਜ਼ੈਲ ਸਿੰਘ ਨਗਰ ਦੇ ਵਸਨੀਕਾਂ ਨੂੰ ਹੁਣ ਬਦਬੂ ਮਾਰਦੇ ਸੀਵਰੇਜ ਦੇ ਦੂਸ਼ਿਤ ਪਾਣੀ ਤੋਂ ਛੁਟਕਾਰਾ ਮਿਲਣ ਦੇ ਆਸਾਰ ਬਣ ਗਏ ਹਨ।
ਹਲਕਾ ਰੂਪਨਗਰ ਦੇ ਵਿਧਾਇਕ ਦਿਨੇਸ਼ ਚੱਢਾ ਨੇ ਅੱਜ ਗਿਆਨੀ ਜ਼ੈਲ ਨਗਰ ਰੂਪਨਗਰ ਵਿੱਚ ਖੜ੍ਹੇ ਦੂਸ਼ਿਤ ਪਾਣੀ ਦੇ ਨਿਕਾਸ ਲਈ ਦਸ ਲੱਖ ਰੁਪਏ ਦੀ ਲਾਗਤ ਨਾਲ ਪਾਈ ਜਾਣ ਵਾਲੀ ਪਾਈਪ ਲਾਈਨ ਦਾ ਕੰਮ ਸ਼ੁਰੂ ਕਰਵਾਉਂਦਿਆਂ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਜ਼ੈਲ ਸਿੰਘ ਨਗਰ ਮਾਰਕੀਟ ਵਿੱਚ ਥੋੜ੍ਹਾ ਜਿਹਾ ਮੀਂਹ ਪੈਣ ਉਪਰੰਤ ਹੀ ਇੰਨਾ ਜ਼ਿਆਦਾ ਪਾਣੀ ਇਕੱਠਾ ਹੋ ਜਾਂਦਾ ਸੀ ਇਸ ਇਲਾਕੇ ਦੀਆਂ ਸੜਕਾਂ ਲੰਬੇ ਸਮੇਂ ਤੱਕ ਵਰਤਣਯੋਗ ਨਹੀਂ ਸੀ ਰਹਿੰਦੀਆਂ। ਉਨ੍ਹਾਂ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਕਿਸੇ ਵੀ ਪਾਰਟੀ ਦੇ ਨੁਮਾਇੰਦੇ ਨੇ ਲੋਕਾਂ ਦੀ ਇਸ ਸਮੱਸਿਆ ਵੱਲ ਧਿਆਨ ਨਹੀਂ ਦਿੱਤਾ, ਪਰ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਲੋਕਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਨ ਦੇ ਯਤਨ ਕਰ ਰਹੀ ਹੈ ਤੇ ਉਸੇ ਤਹਿਤ ਉਨ੍ਹਾਂ ਵੱਲੋਂ ਬਰਸਾਤ ਤੋਂ ਪਹਿਲਾਂ ਪਾਈਪ ਲਾਈਨ ਪਾਉਣ ਦੇ ਕੰਮ ਦੀ ਸ਼ੁਰੂਆਤ ਕਰਵਾਉਂਦਿਆਂ ਹੋਇਆਂ ਇਸ ਕੰਮ ਨੂੰ ਇੱਕ ਮਹੀਨੇ ਦੇ ਅੰਦਰ ਨਿਬੇੜਨ ਦੀ ਹਦਾਇਤ ਕੀਤੀ ਗਈ ਹੈ। ਇਸ ਮੌਕੇ ਵੱਡੀ ਗਿਣਤੀ ਵਿੱਚ ਸ਼ਹਿਰ ਨਿਵਾਸੀ ਅਤੇ ‘ਆਪ’ ਵਾਲੰਟੀਅਰ ਮੌਜੂਦ ਸਨ।
ਹਰੀਪੁਰ ਹਿੰਦੂਆਂ ਵਿੱਚ ਪਾਈਪ ਪਾਉਣ ਦਾ ਕੰਮ ਸ਼ੁਰੂ
ਡੇਰਾਬੱਸੀ (ਹਰਜੀਤ ਸਿੰਘ): ਇਥੋਂ ਦੇ ਨੇੜਲੇ ਪਿੰਡ ਹਰੀਪੁਰ ਹਿੰਦੂਆਂ ਦੇ ਵਸਨੀਕਾਂ ਨੂੰ ਗੰਦੇ ਪਾਣੀ ਦੀ ਸਮੱਸਿਆ ਤੋਂ ਨਿਜਾਤ ਦਿਵਾਉਣ ਲਈ ਨਿਕਾਸੀ ਪਾਈਪ ਪਾਉਣ ਦੇ ਕੰਮ ਦੀ ਸ਼ੁਰੂਆਤ ਅੱਜ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵੱਲੋਂ ਕਰਵਾਈ ਗਈ। ਇਸ ਮੌਕੇ ਕਰਵਾਏ ਸਮਾਗਮ ਦੌਰਾਨ ਬੀਡੀਪੀਓ ਰਵਨੀਤ ਕੌਰ ਅਤੇ ਵੱਡੀ ਗਿਣਤੀ ਵਿਚ ਪਿੰਡ ਵਾਸੀ ਤੇ ਆਮ ਆਦਮੀ ਪਾਰਟੀ ਦੇ ਵਾਲੰਟੀਅਰ ਹਾਜ਼ਰ ਸਨ। ਇਸ ਮੌਕੇ ਵਿਧਾਇਕ ਕੁਲਜੀਤ ਰੰਧਾਵਾ ਨੇ ਕਿਹਾ ਕਿ ਪਿੰਡ ਵਾਸੀ ਲੰਮੇ ਸਮੇਂ ਤੋਂ ਗੰਦੇ ਪਾਣੀ ਦੀ ਸਮੱਸਿਆ ਨਾਲ ਜੂਝ ਰਹੇ ਸਨ। ਇਸ ਦੇ ਹੱਲ ਲਈ 25 ਲੱਖ ਰੁਪਏ ਦੀ ਲਾਗਤ ਨਾਲ ਪਾਈਪ ਪਾਏ ਜਾਣਗੇ। ਰੰਧਾਵਾ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਹਲਕੇ ਦਾ ਸੇਵਾਦਾਰ ਹੋਣ ਦੇ ਨਾਤੇ ਉਨ੍ਹਾਂ ਦਾ ਫਰਜ਼ ਬਣਦਾ ਹੈ ਕਿ ਲੋਕਾਂ ਦੀਆਂ ਮੁਸ਼ਕਲਾਂ ਦਾ ਪਹਿਲ ਦੇ ਆਧਾਰ ‘ਤੇ ਹੱਲ ਕੀਤਾ ਜਾਵੇ ਅਤੇ ਹਲਕੇ ਦੇ ਲੋਕਾਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਦਾ ਸਾਹਮਣਾ ਨਹੀਂ ਕਰਨ ਦਿੱਤਾ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਵਿਕਾਸ ਨੂੰ ਪਹਿਲ ਦੇ ਰਹੀ ਹੈ ਅਤੇ ਇਸੇ ਕੜੀ ਤਹਿਤ ਹਲਕੇ ਦਾ ਵਿਕਾਸ ਜੰਗੀ ਪੱਧਰ ‘ਤੇ ਜਾਰੀ ਹੈ। ਪੰਜਾਬ ਸਰਕਾਰ ਵੱਲੋਂ ਡੇਰਾਬੱਸੀ ਹਲਕੇ ਵਿੱਚ ਵਿਕਾਸ ਕਾਰਜ ਵੱਡੇ ਪੱਧਰ ‘ਤੇ ਕਰਵਾਏ ਜਾ ਰਹੇ ਹਨ।