ਗਿਆਨੀ ਜ਼ੈਲ ਸਿੰਘ ਨੇ ਰੱਖਿਆ ਸੀ ਮਾਤਾ ਕੁਸ਼ੱਲਿਆ ਹਸਪਤਾਲ ਦਾ ਨਾਮ
ਗੁਰਨਾਮ ਸਿੰਘ ਅਕੀਦਾ
ਪਟਿਆਲਾ, 3 ਅਪਰੈਲ
ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਗਿਆਨੀ ਜ਼ੈਲ ਸਿੰਘ ਨੇ ਹਿੰਦੂ ਵੋਟਰਾਂ ਨੂੰ ਕਾਂਗਰਸ ਦੇ ਪੱਖ ਵਿੱਚ ਭੁਗਤਾਉਣ ਲਈ ਪਟਿਆਲਾ ਵਿਚਲੇ ਲੇਡੀ ਡਫਰਿਨ ਹਸਪਤਾਲ ਦਾ ਨਾਮ ਬਦਲ ਕੇ ਭਗਵਾਨ ਰਾਮ ਦੀ ਮਾਤਾ ਦੇ ਨਾਮ ’ਤੇ ਰੱਖਿਆ ਜਿਸ ਦਾ ਨਾਮ ਮਾਤਾ ਕੁਸ਼ੱਲਿਆ ਹਸਪਤਾਲ ਹੈ। ਇਹ ਮੰਗ ਸੰਤ ਸੰਮੇਲਨ ਵਿੱਚ ਉਠਾਈ ਗਈ ਸੀ ਜਿਸ ਨੂੰ ਤਤਕਾਲੀ ਮੁੱਖ ਮੰਤਰੀ ਗਿਆਨੀ ਜ਼ੈਲ ਸਿੰਘ ਨੇ ਤੁਰੰਤ ਮੰਨ ਲਿਆ ਸੀ। ਇਸ ਦੇ ਨਾਲ ਹੀ ਸ੍ਰੀ ਰਾਮ ਦੇ ਨਾਨਕੇ ਕਹੇ ਜਾਂਦੇ ਪਿੰਡ ਘੁੜਾਮ ਵਿੱਚ ਪੁਰਾਤੱਤਵ ਵਿਭਾਗ ਨੂੰ ਸਥਾਨਕ ਥੇਹ ਦੀ ਖ਼ੁਦਾਈ ਕਰਕੇ ਇਸ ਦਾ ਪੂਰਾ ਇਤਿਹਾਸਕ ਤੱਥ ਜਾਣਨ ਲਈ ਕਿਹਾ ਗਿਆ ਸੀ। ਪੁਰਾਤਤਵ ਵਿਭਾਗ ਦੇ ਅਫ਼ਸਰ ਕੇਕੇ ਗਿਰੀ ਕਹਿੰਦੇ ਹਨ ਕਿ ਪੁਰਾਤੱਤਵ ਵਿਭਾਗ ਤੇ ਪਿੰਡ ਤੇ ਲੋਕਾਂ ਨੂੰ ਥੇਹ ਦੀ ਖ਼ੁਦਾਈ ਕਰਦਿਆਂ ਥੇਹ ਵਿਚੋਂ ਪੁਰਾਣੇ ਮਿੱਟੀ ਦੇ ਭਾਂਡਿਆਂ ਦੇ ਟੁਕੜੇ ਮਿਲੇ ਜੋ ਨਾ ਸਿਰਫ਼ ਰਮਾਇਣ ਵਿਚ ਕੀਤੇ ਉੱਲੇਖ ਨਾਲ ਮੇਲ ਖਾਂਦੇ ਹਨ ਬਲਕਿ ਉਸ ਸਮੇਂ ਦੇ ਹੀ ਹਨ ਪਰ ਫ਼ੰਡਾਂ ਦੀ ਘਾਟ ਕਾਰਨ ਹੋ ਖ਼ੁਦਾਈ ਨਹੀਂ ਹੋ ਸਕੀ। ਜੇਕਰ ਇਸ ਥੇਹ ਦੀ ਖ਼ੁਦਾਈ ਹੋਰ ਕਰਵਾਈ ਜਾਵੇ ਤਾਂ ਸਭ ਕੁਝ ਸਪਸ਼ਟ ਹੋ ਸਕਦਾ ਹੈ। ਪੱਤਰਕਾਰ ਜਸਵਿੰਦਰ ਸਿੰਘ ਦਾਖਾ ਨੇ ਕਿਹਾ ਕਿ ਜਦੋਂ ਗਿਆਨੀ ਜ਼ੈਲ ਸਿੰਘ ਪਟਿਆਲਾ ਵਿਚ ਆਉਂਦੇ ਸਨ ਤਾਂ ਅਕਸਰ ਉਨ੍ਹਾਂ ਕੋਲ ਲੇਡੀ ਡਫਰਿਨ ਹਸਪਤਾਲ ਦਾ ਨਾਮ ਮਾਤਾ ਕੁਸ਼ੱਲਿਆ ਰੱਖਣ ਦੀ ਮੰਗ ਉਠਦੀ ਸੀ ਜਿਹੜੀ ਉਨ੍ਹਾਂ ਨੇ ਹਿੰਦੂ ਵੋਟਰਾਂ ਨੂੰ ਆਪਣੇ ਪੱਖ ਵਿਚ ਭੁਗਤਾਉਣ ਲਈ ਤੁਰੰਤ ਮੰਨ ਲਈ ਸੀ।