ਗਿਆਨੀ ਗੁਰਦਿੱਤ ਸਿੰਘ ਦਾ ਜਨਮ ਦਿਨ ਮਨਾਇਆ
ਹਰਦਮ ਮਾਨ
ਸਰੀ: ਕੈਨੇਡੀਅਨ ਰਾਮਗੜ੍ਹੀਆ ਸੁਸਾਇਟੀ ਵੱਲੋਂ ਪੰਜਾਬੀ ਦੇ ਨਾਮਵਰ ਸਾਹਿਤਕਾਰ ਗਿਆਨੀ ਗੁਰਦਿੱਤ ਸਿੰਘ ਦਾ 101ਵਾਂ ਜਨਮ ਦਿਨ ਮਨਾਇਆ ਗਿਆ। ਗੁਰਦੁਆਰਾ ਸਾਹਿਬ ਬਰੁੱਕਸਾਈਡ ਸਰੀ ਵਿੱਚ ਸਮਾਗਮ ਦੌਰਾਨ ਗਿਆਨੀ ਜੀ ਨੂੰ ਯਾਦ ਕਰਦਿਆਂ ਮੁੱਖ ਬੁਲਾਰੇ ਅਤੇ ਨਾਮਵਰ ਸਿੱਖ ਚਿੰਤਕ ਜੈਤੇਗ ਸਿੰਘ ਅਨੰਤ ਨੇ ਕਿਹਾ ਕਿ ਗਿਆਨੀ ਜੀ ਬਹੁਪੱਖੀ ਪ੍ਰਤਿਭਾ ਦੇ ਮਾਲਕ ਸਨ ਜਿਨ੍ਹਾਂ ਨੇ ਸਾਹਿਤ, ਧਰਮ, ਖੋਜ, ਵਿਰਾਸਤ, ਲੋਕ ਸੱਭਿਆਚਾਰ, ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਲਈ ਲਾ-ਮਿਸਾਲ ਕਾਰਜ ਕੀਤੇ। ਉਨ੍ਹਾਂ ਦੀਆਂ ਲਿਖਤਾਂ ਨੂੰ ਯੂਨੈਸਕੋ ਵੱਲੋਂ ਦੋ ਵਾਰ ਵੱਕਾਰੀ ਐਵਾਰਡ ਪ੍ਰਦਾਨ ਕੀਤੇ ਗਏ। ਉਹ ਪੰਜਾਬ ਦੇ ਸ਼੍ਰੋਮਣੀ ਸਾਹਿਤਕਾਰਾਂ ਵਿੱਚੋਂ ਇੱਕ ਸਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਨ੍ਹਾਂ ਨੂੰ ਗੁਰਮਤਿ ਅਚਾਰੀਆ ਐਵਾਰਡ ਨਾਲ ਨਿਵਾਜਿਆ। ਉਨ੍ਹਾਂ ਨੇ ‘ਮੇਰਾ ਪਿੰਡ’, ‘ਜਨਮ ਸਾਖੀ’ ਅਤੇ ‘ਮੰਦਾਵਨੀ’ ਤੇ ਹੋਰ ਅਨੇਕਾਂ ਪੁਸਤਕਾਂ ਨਾਲ ਪੰਜਾਬੀ ਸਾਹਿਤ ਵਿੱਚ ਵਡਮੁੱਲਾ ਯੋਗਦਾਨ ਪਾਇਆ।
ਇਸ ਦੌਰਾਨ ਗਿਆਨੀ ਗੁਰਦਿੱਤ ਸਿੰਘ ਬਾਰੇ ਬਲਦੇਵ ਸਿੰਘ ਵੱਲੋਂ ਲਿਖੀ ਪੁਸਤਕ ‘ਪੰਜਾਬੀ ਸਾਹਿਤ ਦਾ ਨਿਰਮਾਤਾ’ ਨੂੰ ਸ਼ਾਹਮੁਖੀ ਲਿਪੀ ਵਿੱਚ ਰਿਲੀਜ਼ ਕੀਤਾ ਗਿਆ। ਇਸ ਮੌਕੇ ਸਮੂਹ ਪੰਜਾਬੀਆਂ ਨੂੰ ਗਿਆਨੀ ਗੁਰਦਿੱਤ ਸਿੰਘ ਦੇ 101ਵੇਂ ਜਨਮ ਦਿਨ ਦੀ ਵਧਾਈ ਦਿੰਦਿਆਂ ਕੈਨੇਡੀਅਨ ਰਾਮਗੜ੍ਹੀਆ ਸੁਸਾਇਟੀ ਦੇ ਪਬਲਿਕ ਰਿਲੇਸ਼ਨ ਸਕੱਤਰ ਸੁਰਿੰਦਰ ਸਿੰਘ ਜੱਬਲ ਨੇ ਕਿਹਾ ਕਿ ਗਿਆਨੀ ਗੁਰਦਿੱਤ ਸਿੰਘ ਨੇ ਇੱਕ ਕਿਰਤੀ ਪਰਿਵਾਰ ਵਿੱਚੋਂ ਉੱਠ ਕੇ ਬੜਾ ਉੱਚਾ ਰੁਤਬਾ ਹਾਸਲ ਕੀਤਾ। ਸਾਹਿਤਕਾਰ ਅਤੇ ਸੰਪਾਦਕ ਹੋਣ ਦੇ ਨਾਲ ਨਾਲ ਉਹ ਤਤਕਾਲੀ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਅਤੇ ਗਿਆਨੀ ਜ਼ੈਲ ਸਿੰਘ ਦੇ ਸਲਾਹਕਾਰ ਵੀ ਰਹੇ। ਉਨ੍ਹਾਂ ਇਹ ਵੀ ਦੱਸਿਆ ਕਿ ਕੈਨੇਡੀਅਨ ਰਾਮਗੜ੍ਹੀਆ ਸੁਸਾਇਟੀ ਵੱਲੋਂ ਪਿਛਲੇ ਸਾਲ ਉਨ੍ਹਾਂ ਦੇ ਸ਼ਤਾਬਦੀ ਜਨਮ ਦਿਹਾੜੇ ’ਤੇ ਪਾਸ ਕੀਤੇ ਗਏ ਮਤੇ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪ੍ਰਵਾਨਗੀ ਦੇ ਦਿੱਤੀ ਹੈ ਅਤੇ ਗਿਆਨੀ ਗੁਰਦਿੱਤ ਸਿੰਘ ਦੀ ਫੋਟੋ ਹੁਣ ਸਿੱਖ ਅਜਾਇਬ ਘਰ ਸ੍ਰੀ ਅੰਮ੍ਰਿਤਸਰ ਵਿਖੇ ਸੁਸ਼ੋਭਿਤ ਹੋਵੇਗੀ। ਕੈਨੇਡੀਅਨ ਰਾਮਗੜ੍ਹੀਆ ਸੁਸਾਇਟੀ ਦੇ ਜਨਰਲ ਸਕੱਤਰ ਚਰਨਜੀਤ ਸਿੰਘ ਮਰਵਾਹਾ ਨੇ ਸਭਨਾਂ ਦਾ ਧੰਨਵਾਦ ਕੀਤਾ।
ਕਵੀਆਂ ਨੇ ਰੰਗ ਬੰਨ੍ਹਿਆ
ਸਰੀ: ਇੰਡੋ ਕੈਨੇਡੀਅਨ ਸੀਨੀਅਰ ਸੈਂਟਰ ਸਰੀ-ਡੈਲਟਾ ਦਾ ਮਹੀਨਾਵਾਰ ਕਵੀ ਦਰਬਾਰ ਪਿਛਲੇ ਦਿਨੀਂ ਹੋਇਆ। ਸੈਂਟਰ ਦੇ ਪ੍ਰਧਾਨ ਹਰਪਾਲ ਸਿੰਘ ਬਰਾੜ ਦੀ ਪ੍ਰਧਾਨਗੀ ਹੇਠ ਹੋਏ ਇਸ ਕਵੀ ਦਰਬਾਰ ਵਿੱਚ ਵੱਡੀ ਗਿਣਤੀ ਵਿੱਚ ਕਵੀਆਂ ਨੇ ਹਿੱਸਾ ਲਿਆ ਜਿਸ ਵਿੱਚ ਦਰਸ਼ਨ ਸਿੰਘ ਅਟਵਾਲ, ਗੁਰਮੀਤ ਸਿੰਘ ਕਾਲਕਟ, ਰਣਜੀਤ ਸਿੰਘ ਨਿੱਝਰ, ਹਰਚੰਦ ਸਿੰਘ ਗਿੱਲ, ਅਮਰੀਕ ਸਿੰਘ ਲੇਹਲ, ਗੁਰਚਰਨ ਸਿੰਘ ਬਰਾੜ, ਅਵਤਾਰ ਸਿੰਘ ਬਰਾੜ, ਬਲਬੀਰ ਸਿੰਘ ਸਹੋਤਾ, ਮਨਜੀਤ ਸਿੰਘ ਮੱਲ੍ਹਾ, ਬੇਅੰਤ ਸਿੰਘ ਢਿੱਲੋਂ, ਪਵਿੱਤਰ ਕੌਰ ਬਰਾੜ, ਬਲਬੀਰ ਸਿੰਘ ਸੰਘਾ, ਦਵਿੰਦਰ ਕੌਰ ਜੌਹਲ, ਜਗਦੀਸ਼ ਕੌਰ, ਸ਼ਾਂਤੀ ਥੰਮਨ, ਗੁਰਮੀਤ ਸਿੰਘ ਸੇਖੋਂ ਅਤੇ ਸੁਰਜੀਤ ਸਿੰਘ ਗਿੱਲ ਨੇ ਰੰਗ ਬੰਨ੍ਹਿਆ। ਕਵੀ ਦਰਬਾਰ ਦਾ ਸੰਚਾਲਨ ਸੈਂਟਰ ਦੇ ਸਕੱਤਰ ਹਰਚੰਦ ਸਿੰਘ ਗਿੱਲ ਨੇ ਬਾਖ਼ੂਬੀ ਕੀਤਾ। ਅੰਤ ਵਿੱਚ ਪ੍ਰਧਾਨ ਹਰਪਾਲ ਸਿੰਘ ਬਰਾੜ ਨੇ ਸਾਰੇ ਕਵੀਆਂ ਅਤੇ ਸਰੋਤਿਆਂ ਦਾ ਧੰਨਵਾਦ ਕੀਤਾ।
ਮੀਨਾ ਸ਼ਰਮਾ ਦੀ ਅੰਗਰੇਜ਼ੀ ਦੀ ਪੁਸਤਕ ਰਿਲੀਜ਼
ਸਰੀ: ਗੁਲਾਟੀ ਪਬਲਿਸ਼ਰਜ਼ ਸਰੀ ਵਿਖੇ ਮੀਨਾ ਸ਼ਰਮਾ ਦੀ ਅੰਗਰੇਜ਼ੀ ਪੁਸਤਕ ‘ਦਿ ਅਨਵਾਂਟਿਡ ਅੰਬਰੇਲਾ ਵਿਦ ਅਲਮਾਈਟੀ ਪਾਵਰਜ਼’ (The Unwanted Umbrella With Almighty Powers) ਰਿਲੀਜ਼ ਕੀਤੀ ਗਈ। ਇਸ ਮੌਕੇ ਮੀਨਾ ਸ਼ਰਮਾ ਨੇ ਪੁਸਤਕ ਵਿੱਚ ਸ਼ਾਮਿਲ ਆਪਣੀਆਂ ਰਚਨਾਵਾਂ ਬਾਰੇ ਸੰਖੇਪ ਵਿੱਚ ਜਾਣਕਾਰੀ ਦਿੱਤੀ। ਗੁਲਾਟੀ ਪਬਲਿਸ਼ਰਜ਼ ਲਿਮਟਿਡ ਦੇ ਸੰਚਾਲਕ ਅਤੇ ਪ੍ਰਕਾਸ਼ਕ ਸਤੀਸ਼ ਗੁਲਾਟੀ ਨੇ ਦੱਸਿਆ ਕਿ ਮੀਨਾ ਸ਼ਰਮਾ ਦੀ ਇਹ ਦੂਸਰੀ ਪੁਸਤਕ ਹੈ। ਇਸ ਤੋਂ ਪਹਿਲਾਂ ਉਨ੍ਹਾਂ ਦੀ ਵੱਡ-ਆਕਾਰੀ ਸਚਿੱਤਰ ਪੁਸਤਕ ‘The Deliverance of the Heavens Creator’ ਪ੍ਰਕਾਸ਼ਿਤ ਹੋ ਚੁੱਕੀ ਹੈ। ਇਸ ਮੌਕੇ ਹਾਜ਼ਰ ਵੈਨਕੂਵਰ ਵਿਚਾਰ ਮੰਚ ਦੇ ਸਰਪ੍ਰਸਤ ਅਤੇ ਨਾਵਲਕਾਰ ਜਰਨੈਲ ਸਿੰਘ ਸੇਖਾ, ਪ੍ਰਧਾਨ ਜਰਨੈਲ ਸਿੰਘ ਆਰਟਿਸਟ, ਜਨਰਲ ਸਕੱਤਰ ਮੋਹਨ ਗਿੱਲ ਅਤੇ ਅੰਗਰੇਜ਼ ਬਰਾੜ ਨੇ ਮੀਨਾ ਸ਼ਰਮਾ ਨੂੰ ਮੁਬਾਰਕਬਾਦ ਦਿੱਤੀ।
ਸੰਪਰਕ: +1 604 308 6663