ਘੂਰੀ ਦੀ ਚੂਰੀ
ਰਕੇਸ਼ ਧਵਨ
ਦਸਵੀਂ ਵਿਚ ਗਣਿਤ ਦੇ ਵਿਸ਼ੇ ਵਿੱਚੋਂ 33 ਅੰਕ ਹੀ ਆਏ। ਗਣਿਤ ਨਾਲ ਰਿਸ਼ਤਾ ਪੰਜਵੀਂ ਤੱਕ ਹੀ ਵਧੀਆ ਰਿਹਾ। ਜਦੋਂ ਗਣਿਤ ਵਿੱਚ ਐਕਸ ਦੀ ਐਂਟਰੀ ਹੁੰਦੀ ਹੈ ਤਾਂ ਸਾਡਾ ਰਿਸ਼ਤਾ ਐਕਸ ਵਾਈ ਜੈ਼ੱਡ ਹੋ ਜਾਂਦਾ ਸੀ। ਮੰਨ ਲਓ ਐਕਸ ਨੂੰ ਦਿਲ ਦਿਮਾਗ ਮੰਨਣ ਲਈ ਤਿਆਰ ਨਹੀਂ ਹੁੰਦਾ ਸੀ। ਛੇਵੀਂ ਵਿੱਚ ਗਣਿਤ ਵਾਲੇ ਮਾਸਟਰ ਜ਼ਬਰਦਸਤੀ ਤੇ ਕਾਹਲੀ ਵਿੱਚ ਵੀ ਕਹੀ ਜਾਂਦੇ- ‘ਮੰਨ ਲਓ ਐਕਸ’ ਤਾਂ ਮੈਂ ਮਾਸਟਰ ਜੀ ਦੀ ਤਾਨਾਸ਼ਾਹੀ ਨੂੰ ਨਕਾਰ ਕੇ ਵਿਰੋਧੀ ਧਿਰ ਵਿੱਚ ਬੈਠ ਜਾਂਦਾ, ਤੇ ਵਿਰੋਧੀ ਧਿਰ ਦੀ ਕੌਣ ਸੁਣਦਾ ਸੀ! ਅਸਲ ਵਿਚ, ਪਾਠਕ੍ਰਮ ਹੀ ਬੜਾ ਵੱਡਾ ਸੀ ਤੇ ਐਕਸ ਨੂੰ ਉਨ੍ਹਾਂ ਕਿਹੜਾ ਮੈਨੂੰ ਇਕੱਲੇ ਨੂੰ ਮਨਾਉਣਾ ਸੀ। ਪਾਠਕ੍ਰਮ ਮੇਰੇ ਉੱਤੋਂ ਨਿਕਲਦਾ ਜਾਂਦਾ ਤੇ ਮੈਂ ਅਰਾਵਲੀ ਪਰਬਤ ਵਾਂਗ ਸੁੱਕਾ ਰਹਿ ਜਾਂਦਾ।
ਅਗਲਾ ਕਹਿਰ ਉਦੋਂ ਟੁੱਟਿਆ ਜਦੋਂ ਵੱਡੀਆਂ ਭੈਣਾਂ ਨੇ ਮੈਨੂੰ ਨਾਨ ਮੈਡੀਕਲ ਰਖਾਉਣ ਦਾ ਮਤਾ ਰੱਖ ਦਿੱਤਾ। ਫਿਰ ਗੁਆਂਢ ਦੇ ਮੁੰਡੇ ਭੁਪਿੰਦਰ ਨਾਲ ਹੋਈ ਘਟਨਾ ਨੂੰ ਧਿਆਨ ਵਿੱਚ ਰੱਖ ਕੇ ਇਹ ਸ਼ਰਤ ਰੱਖੀ ਗਈ ਕਿ ਮੈਂ ਮਹੀਨਾ ਕੁ ਪੜ੍ਹ ਕੇ ਦੇਖ ਲਵਾਂ, ਜੇ ਮੇਰੇ ਪੱਲੇ ਕੁਝ ਨਾ ਪਿਆ ਤਾ ਭੁਪਿੰਦਰ ਵਾਂਗ ਆਰਟਸ ਰੱਖ ਲਵਾਂਗਾ। ਗਿਣ ਕੇ ਦਿਨ ਕੱਢੇ; ਥੀਟਾ, ਟੈੱਨ ਥੀਟਾ ਮੇਰੇ ਅੱਗੇ ਰਫਲਾਂ ਲੈ ਕੇ ਖਲੋ ਗਏ ਕਿ ਕਾਕਾ ਨਾਨ ਮੈਡੀਕਲ ’ਚ ਆ ਕੇ ਦਿਖਾ। ਅਖ਼ੀਰ ਆਪਣੀ ਆਦਰਸ਼ ਜਗਾ ਆਰਟਸ ਵਿੱਚ ਆ ਗਿਆ। ਜਮਾਤ ਦੇ ਕਮਰੇ ਵਿੱਚ 120 ਜਣੇ ਤੁੰਨੇ ਪਏ ਸਨ। ਉਪਰੋਂ ਮਈ ਦਾ ਮਹੀਨਾ। ਖਮਰੇ ਵਿੱਚ ਪੱਖੇ ਤਾਂ ਸਨ ਪਰ ਖੰਭ, ਬੱਸ ਪੁੱਛੋ ਨਾ। ਸਭ ਵਡੇਰੀ ਉਮਰ ਦੇ ਮੁੰਡੇ ਮੁੱਛਾਂ ਨੂੰ ਵੱਟ ਦਿੰਦੇ ਫਿਰਦੇ। ਮੇਰੀ ਐਂਟਰੀ ਹੋਈ ਤਾਂ ਇੱਕ ਦੀ ਟਿੱਪਣੀ ਸੀ- “ਇਹ ਸਾਬਕਾ ਪੜ੍ਹਾਕੂ ਐ, ਇੱਕ ਮਹੀਨੇ ਵਾਲਾ।” ਬਾਅਦ ਵਿੱਚ ਪਤਾ ਲੱਗਾ, ਉਹ ਵੀ ਮੇਰੇ ਵਾਂਗ ਮੈਡੀਕਲ ਛੱਡ ਕੇ ਆਇਆ ਸੀ।
ਸਾਰੇ ਮਰਦ ਅਧਿਆਪਕ ਹੀ ਪੜ੍ਹਾਉਂਦੇ ਸਨ। ਅੰਗਰੇਜ਼ੀ ਵਾਲੇ ਜਮਾਤ ਇੰਚਾਰਜ ਵਲਾਇਤੀ ਰਾਮ ਜੀ ਸਨ। ਮੇਰੀ ਪਹਿਲੀ ਪਛਾਣ ਜਮਾਤ ਵਿੱਚ ਉਦੋਂ ਬਣੀ ਜਦੋਂ ਵਲਾਇਤੀ ਰਾਮ ਜੀ ਖੁਸ਼ਵੰਤ ਸਿੰਘ ਦੀ ਕਿਤਾਬ ‘ਪੋਰਟਰੇਟ ਆਫ ਏ ਲੇਡੀ’ ਪੜ੍ਹਾ ਰਹੇ ਸਨ। ਉਸ ਵਿੱਚ ਜਵਾਨ ਮੁੰਡਿਆਂ ਲਈ ਕਾਫੀ ਰੌਚਕ ਸਮੱਗਰੀ ਸੀ। ਜਦ ਉਨ੍ਹਾਂ ਤਰਜਮਾ ਕਰ ਕੇ ਸੁਣਾਇਆ ਤਾਂ ਜਮਾਤ ਹੱਸਣੋਂ ਨਾ ਹਟੇ। ਮੈਂ ਖੜ੍ਹੇ ਹੋ ਕੇ ਕਿਹਾ, “ਗੁਰੂਓ ਚੁੱਪ ਕਰ ਜੋ, ਅੱਗੇ ਹੋਰ ਬੜਾ ਕੁਝ ਆ।” ਜਮਾਤ ਚੁੱਪ ਹੋ ਗਈ ਤੇ ਵਲਾਇਤੀ ਰਾਮ ਜੀ ਮੇਰੇ ਵੱਲ ਟੇਢਾ ਟੇਢਾ ਦੇਖਣ ਲੱਗੇ। ਮੈਂ ਘਰੇ ਅੰਗਰੇਜ਼ੀ ਦੀ ਕੁੰਜੀ ਰੱਖੀ ਹੋਈ ਸੀ ਤੇ ਉਸ ਵਿੱਚ ਸਾਰੀਆਂ ਕਹਾਣੀਆਂ ਪੜ੍ਹ ਲਈਆਂ ਸਨ। ਉਸ ਦਿਨ ਤੋਂ ਜਮਾਤ ਅਤੇ ਅਧਿਆਪਕ ਦੇ ਅੱਗੇ ਇੱਜ਼ਤ ਬਣ ਗਈ। ਕੁਝ ਗਣਿਤ ਤੋਂ ਬਗੈਰ ਵਾਲੀ ਛਿਮਾਹੀ ਵਿੱਚ ਝੰਡੇ ਗੱਡ ਦਿੱਤੇ।
ਕੁਝ ਸਮੇਂ ਪਿੱਛੋਂ ਸਕੂਲ ਵਿੱਚ ਇੱਕ ਵਿਦਿਆਰਥੀ ਜਥੇਬੰਦੀ ਦਾ ਦਖ਼ਲ ਵੱਧ ਗਿਆ। ਪ੍ਰਿੰਸੀਪਲ ਅਤੇ ਅਧਿਆਪਕਾਂ ’ਤੇ ਹਮਲੇ ਹੋਣ ਲੱਗੇ, ਜਮਾਤਾਂ ਦਾ ਪ੍ਰਬੰਧ ਬਿਖਰ ਗਿਆ। ਆਰਟਸ ਵਾਲੀ ਜਮਾਤ ਦਾ ਪਹਿਲਾਂ ਹੀ ਬੁਰਾ ਹਾਲ ਸੀ। ਕੋਈ ਪੀਰੀਅਡ ਨਾ ਲੱਗਣ ਕਰ ਕੇ ਸਾਥੀ ਗਰਾਊਂਡ ਵਿੱਚ ਖੇਡਣ ਲੈ ਜਾਂਦੇ। ਜਿਹੜੇ ਹੋਰ ਸਾਥੀ ਮਿਲਦੇ, ਉਨ੍ਹਾਂ ਦੀ ਸੰਗਤ ਵੀ ਕੋਈ ਬਹੁਤੀ ਵਧੀਆ ਨਹੀਂ ਸੀ। ਮੈਂ ਉਨ੍ਹਾਂ ਦੀ ਸੰਗਤ ਮਾਨਣ ਲੱਗਾ। ਅਜੇ ਉਹ ਗੁਟਕਿਆਂ ਬੀੜੀਆਂ ਤੱਕ ਹੀ ਸੀਮਤ ਸਨ।
ਫਿਰ ਇੱਕ ਦਿਨ ਅਸੀਂ ਜਮਾਤ ਛੱਡ ਕੇ ਜਾਣ ਲੱਗੇ ਤਾਂ ਪਿੱਛੇ ਮੁੜ ਕੇ ਦੇਖਿਆ, ਵਲਾਇਤੀ ਰਾਮ ਜੀ ਸਕੂਲ ਦੀ ਇਮਾਰਤ ਉੱਤੇ ਖੜ੍ਹੇ ਸਨ। ਉਨ੍ਹਾਂ ਮੇਰੇ ਵੱਲ ਦੇਖ ਘੂਰੀ ਜਿਹੀ ਵੱਟੀ। ਮੈਂ ਸ਼ਰਮਿੰਦਾ ਜਿਹਾ ਹੋ ਕੇ ਉਨ੍ਹਾਂ ਮੁੰਡਿਆਂ ਨੂੰ ਛੱਡ ਕੇ ਜਮਾਤ ਵਿੱਚ ਆ ਗਿਆ। ਜਮਾਤ ਵਿੱਚ ਉਨ੍ਹਾਂ ਕੁਝ ਨਹੀਂ ਕਿਹਾ, ਆਰਾਮ ਨਾਲ ਪੜ੍ਹਾਉਂਦੇ ਰਹੇ। ਇਸ ਤੋਂ ਬਾਅਦ ਕਦੇ ਜਮਾਤ ਨਹੀਂ ਛੱਡੀ। ਅੱਜ ਅਧਿਆਪਕ ਬਣ ਕੇ ਪੜ੍ਹਾ ਰਿਹਾ ਹਾਂ। ਤੁਸੀਂ ਅਧਿਆਪਕ ਨੂੰ ਪ੍ਰਤਿਭਾ ਦਿਖਾਓਗੇ ਤਾਂ ਉਹ ਤੁਹਾਡਾ ਪੂਰਾ ਖਿਆਲ ਰੱਖਣਗੇ। ਅਧਿਆਪਕ ਦੀ ਘੂਰੀ ਮੈਨੂੰ ਭਵਿੱਖ ਦੀ ਚੂਰੀ ਵਾਂਗ ਲੱਗੀ।
ਸੰਪਰਕ: 95017-54900