ਗਤਕੇ ਦੇ ਜ਼ੋਰ ’ਤੇ ਘੁਮਾਈ ਕ੍ਰਿਕਟ ਦੀ ਫਿਰਕੀ
ਰੋਹਿਤ ਮਹਾਜਨ
ਗਤਕੇ ਨੇ ਹਰਜਸ ਸਿੰਘ ਦੇ ਗੁੱਟ ਮਜ਼ਬੂਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਇਸ ਸਦਕਾ ਆਸਟਰੇਲੀਆ ਵੱਲੋਂ ਖੇਡਣ ਵਾਲਾ ਇਹ ਨੌਜਵਾਨ ਬੱਲੇਬਾਜ਼ ਗੇਂਦ ਨੂੰ ਜ਼ੋਰ ਨਾਲ ਹਿੱਟ ਕਰਨ ਵਿੱਚ ਸਫ਼ਲ ਹੁੰਦਾ ਹੈ। ਗਤਕਾ ਖੇਡਣ ਵਾਲੇ ਹੋਰਾਂ ਕਰਤੱਬਾਂ ਦੇ ਨਾਲ-ਨਾਲ ਡੰਡਿਆਂ, ਕਿਰਪਾਨਾਂ ਤੇ ਬਰਛਿਆਂ ਨੂੰ ਹਵਾ ’ਚ ਲਹਿਰਾਉਂਦੇ-ਘੁਮਾਉਂਦੇ ਹਨ। ਅੰਡਰ 19 ਆਸਟਰੇਲਿਆਈ ਟੀਮ ਵਿੱਚ ਸ਼ਾਮਿਲ ਕ੍ਰਿਕਟ ਖਿਡਾਰੀ ਹਰਜਸ ਸਿੰਘ ਨੇ ਆਖਿਆ, ‘‘ਅਜਿਹਾ ਕਰਨ ਲਈ ਤੁਹਾਡੇ ਗੁੱਟ ਕਾਫ਼ੀ ਮਜ਼ਬੂਤ ਹੋਣੇ ਚਾਹੀਦੇ ਹਨ। ਇਸ ’ਚ ਤਲਵਾਰਾਂ ਨਾਲ ਕਾਫ਼ੀ ਲੜਾਈ ਹੁੰਦੀ ਹੈ ਤੇ ਇਹ ਮਹਿਜ਼ ਇਨ੍ਹਾਂ ਨੂੰ ਘੁਮਾਉਣ ਤੱਕ ਸੀਮਤ ਨਹੀਂ ਹੈ। ਇਸ ਤੋਂ ਇਲਾਵਾ ਪੈਰਾਂ ਤੋਂ ਵੀ ਕਾਫ਼ੀ ਕੰਮ ਲਿਆ ਜਾਂਦਾ ਹੈ। ਭਾਰੀਆਂ ਕਿਰਪਾਨਾਂ ਤੇ ਬਰਛੇ ਘੁਮਾਉਣ ਨਾਲ ਗੁੱਟਾਂ ਉੱਤੇ ਕਾਫ਼ੀ ਜ਼ੋਰ ਪੈਂਦਾ ਹੈ। ਜਿੰਨਾ ਜ਼ਿਆਦਾ ਤੁਸੀਂ ਅਜਿਹਾ ਕਰਦੇ ਹੋ, ਹੋਰ ਤਕੜੇ ਹੁੰਦੇ ਜਾਂਦੇ ਹੋ।’’ ਉਸ ਨੇ ਕਿਹਾ, ‘‘ਫਿਰਕੀ ਗੇਂਦਬਾਜ਼ੀ ਭਾਰਤ ਦੀ ਤਾਕਤ ਹੈ ਤੇ ਮੈਂ ਸਪਿਨ ਬਹੁਤ ਚੰਗੀ ਤਰ੍ਹਾਂ ਖੇਡਦਾ ਹਾਂ।’’
ਪੰਜਾਬ ਤੋਂ ਪਰਵਾਸ ਕਰ ਕੇ ਆਸਟਰੇਲੀਆ ਗਏ ਮਾਪਿਆਂ ਦੇ ਪੁੱਤਰ ਹਰਜਸ ਸਿੰਘ ਨੇ ਅੰਡਰ-19 ਵਿਸ਼ਵ ਕੱਪ ਦੇ ਫਾਈਨਲ ਵਿੱਚ ਆਸਟਰੇਲੀਆ ਵੱਲੋਂ ਸਭ ਤੋਂ ਵੱਧ ਦੌੜਾਂ ਬਣਾਈਆਂ। ਉਸ ਦੀਆਂ 55 ਦੌੜਾਂ ਦੀ ਬਦੌਲਤ ਭਾਰਤੀ ਪੁਰਸ਼ਾਂ ਦੀ ਟੀਮ ਨੂੰ ਤਿੰਨ ਮਹੀਨਿਆਂ ਵਿੱਚ ਦੂਜੀ ਵਾਰ ਆਸਟਰੇਲਿਆਈ ਟੀਮ ਤੋਂ ਵਿਸ਼ਵ ਕੱਪ ਫਾਈਨਲ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਬੱਲੇਬਾਜ਼ੀ ’ਚ ਗੁੱਟ ਦੀ ਕਲਾ ਨਾਲ ਕਮਾਲ ਦਿਖਾਉਣ ਵਾਲੇ ਹੈਦਰਾਬਾਦ ਦੇ ਕ੍ਰਿਕਟਰ ਮੁਹੰਮਦ ਅਜ਼ਹਰੂਦੀਨ ਤੇ ਵੀਵੀਐੱਸ ਲਕਸ਼ਮਣ ਆਪਣੇ ਮਜ਼ਬੂਤ ਗੁੱਟਾਂ ਦਾ ਕਾਰਨ ਸ਼ੁਰੂਆਤੀ ਦਿਨਾਂ ’ਚ ਮੈਟ ਵਿਕਟਾਂ ਉੱਤੇ ਖੇਡਣਾ ਦੱਸਦੇ ਹਨ। ਗੇਂਦ ਅਜਿਹੀਆਂ ਵਿਕਟਾਂ ’ਤੇ ਤੇਜ਼ੀ ਨਾਲ ਘੁੰਮਦੀ ਹੋਈ ਬੱਲੇਬਾਜ਼ ਵੱਲ ਆਉਂਦੀ ਹੈ ਤੇ ਉਸ ਨੂੰ ਬੱਲੇ ਨਾਲ ਗੇਂਦ ਰੋਕਣ ਲਈ ਬਹੁਤ ਘੱਟ ਸਮਾਂ ਮਿਲਦਾ ਹੈ। ਗੇਂਦ ਨੂੰ ਹਿੱਟ ਕਰਨ ਲਈ ਬਿਲਕੁਲ ਆਖ਼ਰੀ ਪਲਾਂ ’ਚ ਗੁੱਟ ਤੋਂ ਕੰਮ ਲੈਣ ਦੀ ਲੋੜ ਪੈਂਦੀ ਹੈ। ਇਸ ਨਾਲ ਗੁੱਟ ਮਜ਼ਬੂਤ ਤੇ ਲਚਕਦਾਰ ਬਣਦੇ ਹਨ ਅਤੇ ਬੱਲੇਬਾਜ਼ੀ ਦਾ ਹੁਨਰ ਨਿਖਰਦਾ ਹੈ। ਸਿਡਨੀ ਦਾ ਜੰਮਪਲ ਹਰਜਸ (18) ਅੰਮ੍ਰਿਤਧਾਰੀ ਸਿੱਖ ਹੈ ਤੇ ਗਤਕੇ ਨਾਲ ਉਸ ਦਾ ਸੁਭਾਵਿਕ ਲਗਾਓ ਹੈ। ਜਾਪਦਾ ਹੈ ਕਿ ਉਹ ਆਪਣੀ ਨਿਹਚਾ ’ਚੋਂ ਹੀ ਸਰੀਰਕ ਤੇ ਮਾਨਸਿਕ ਮਜ਼ਬੂਤੀ ਹਾਸਿਲ ਕਰਦਾ ਹੈ। ਜੇ ਕਹਿ ਲਈਏ, ਸਿਆਲਕੋਟ ਦਾ ਜੰਮਿਆ ਕ੍ਰਿਕਟਰ ਇਸਲਾਮ ’ਚੋਂ ਆਪਣੇ ਲਈ ਪ੍ਰੇਰਣਾ ਲੱਭੇਗਾ, ਸੌਰਵ ਗਾਂਗੁਲੀ ਸ਼ਾਇਦ ਖੇਡਦਿਆਂ ਸਫ਼ਰਾਂ ਦੌਰਾਨ ਆਪਣੇ ਹੋਟਲ ਦੇ ਕਮਰੇ ’ਚ ਨਿੱਕਾ ਜਿਹਾ ਮੰਦਰ ਸਥਾਪਿਤ ਕਰਦਾ ਰਿਹਾ ਹੋਵੇ ਤੇ ਸ਼ਾਇਦ ਸਚਿਨ ਤੇਂਦੁਲਕਰ ਕਿੱਟ ਬੈਗ ਵਿੱਚ ਪੂਜਨੀਕ ਦੇਵੀ-ਦੇਵਤਿਆਂ ਦੀਆਂ ਤਸਵੀਰਾਂ ਰੱਖਦਾ ਹੋਵੇ। ਖੇਡਾਂ ਦੇ ਅਨਿਸ਼ਚਿਤਤਾ ਤੇ ਜੋਖ਼ਮ ਨਾਲ ਭਰੇ ਰਾਹ ’ਤੇ ਆਸਥਾ ਅਜਿਹੀ ਡੰਗੋਰੀ ਹੈ ਜਿਸ ਦਾ ਤੁਸੀਂ ਥੱਕਣ ’ਤੇ ਆਸਰਾ ਲੈ ਸਕਦੇ ਹੋ।
ਦਸ ਸਾਲਾਂ ਤੱਕ ਘਰੇਲੂ ਕ੍ਰਿਕਟ ਦੇ ਤਕੜੇ ਖਿਡਾਰੀ ਰਹੇ ਸਰਫ਼ਰਾਜ਼ ਖਾਨ ਨੂੰ ਆਖ਼ਰ ਭਾਰਤ ਲਈ ਟੈਸਟ ਮੈਚ ਖੇਡਣ ਦਾ ਮੌਕਾ ਮਿਲਿਆ ਤੇ ਉਸ ਨੇ ਤੁਰੰਤ ਪ੍ਰਭਾਵ ਛੱਡਿਆ। ਇਹ ਉਸ ਦੇ ਪਿਤਾ ਨੌਸ਼ਾਦ ਖ਼ਾਨ ਦੀ ਜ਼ਿੰਦਗੀ ਦੇ ਸਭ ਤੋਂ ਚੰਗੇ ਦਿਨ ਹਨ। ਨੌਸ਼ਾਦ ਦੇ ਛੋਟੇ ਬੇਟੇ ਮੁਸ਼ੀਰ ਨੇ ਅੰਡਰ-19 ਵਿਸ਼ਵ ਕੱਪ ਵਿੱਚ ਸੈਂਕੜੇ ਦੌੜਾਂ ਬਣਾਈਆਂ ਤੇ ਹੁਣ ਉਹ ਰਣਜੀ ਟਰਾਫੀ ਵਿੱਚ ਵੀ ਬਿਹਤਰੀਨ ਪ੍ਰਦਰਸ਼ਨ ਕਰ ਰਿਹਾ ਹੈ। ਸਰਫ਼ਰਾਜ਼ ਦੇ ਸ਼ਬਦਾਂ ’ਚ, ਮਾੜੀ ਵਿੱਤੀ ਹਾਲਤ ਕਾਰਨ ਉਸ ਦੇ ਪਿਤਾ ਨੌਸ਼ਾਦ ਖ਼ਾਨ ਭਾਰਤ ਲਈ ਖੇਡਣ ਦਾ ਆਪਣਾ ਸੁਪਨਾ ਸਾਕਾਰ ਨਹੀਂ ਕਰ ਸਕੇ। ਸਰਫ਼ਰਾਜ਼ ਨੇ ਆਪਣੇ ਢੰਗ ਨਾਲ ਨੌਸ਼ਾਦ ਦਾ ਨਾਂ ਭਾਰਤ ਦੀ ਜਰਸੀ ਉੱਤੇ ਲਿਖਵਾ ਦਿੱਤਾ। ਉਸ ਨੇ ਜਰਸੀ ਪਿੱਛੇ 97 ਨੰਬਰ ਲਿਖਾਉਣਾ ਚੁਣਿਆ -ਜਿਸ ਦਾ ਹਿੰਦੀ ’ਚ ਮਤਲਬ ਹੈ ‘ਨੌ’ ਤੇ ‘ਸਾਤ’ ਜੋ ਮਿਲ ਕੇ ਨੌਸ਼ਾਦ ਬਣਦਾ ਹੈ। ਗ਼ਰੀਬੀ ਨਾਲ ਲੜਦਾ ਰਿਹਾ ਨੌਸ਼ਾਦ, ਬੇਸ਼ੱਕ ਕੋਈ ‘ਜੈਂਟਲਮੈਨ’ ਨਹੀਂ ਪਰ ਉਸ ਨੇ ਆਪਣੀ ਜਰਸੀ ’ਤੇ ਦਿਲਾਂ ਨੂੰ ਛੂਹਣ ਵਾਲਾ ਇੱਕ ਸੁਨੇਹਾ ਲਿਖਵਾਇਆ ਕਿ ‘ਕ੍ਰਿਕਟ ਜੈਂਟਲਮੈਨਾਂ ਦੀ, ਹਰੇਕ ਲਈ ਬਣੀ ਹੋਈ ਖੇਡ ਹੈ।’ ਤਕਰੀਬਨ 16 ਸਾਲ ਪਹਿਲਾਂ ਇਸ ਲੇਖਕ ਨੂੰ ਚਾਣਚੱਕ ਕੁਝ ਪੰਜਾਬੀ ਨੌਜਵਾਨ ਮਿਲੇ ਜੋ ਨੈੱਟ ’ਤੇ ਭਾਰਤੀ ਬੱਲੇਬਾਜ਼ਾਂ ਨੂੰ ਗੇਂਦਬਾਜ਼ੀ ਕਰਨ ਦੀ ਇਜਾਜ਼ਤ ਮੰਗ ਰਹੇ ਸਨ। ਬੇਨਤੀ ਵਾਜਬ ਨਹੀਂ ਸੀ ਤੇ ਜ਼ਾਹਿਰ ਸੀ ਕਿ ਨਹੀਂ ਮੰਨੀ ਜਾ ਸਕਦੀ ਸੀ। ਉਨ੍ਹਾਂ ਆਸਟਰੇਲਿਆਈ ਕ੍ਰਿਕਟ ਢਾਂਚੇ ਵਿੱਚ ਆਪਣੇ ਨਾਲ ਪੱਖਪਾਤ ਹੋਣ ਬਾਰੇ, ਗਰੇਡ ਕ੍ਰਿਕਟ ਵਿੱਚ ਨਸਲਵਾਦ ਬਾਰੇ ਗੱਲ ਕੀਤੀ। ਆਸਟਰੇਲੀਆ ’ਚ ਉਦੋਂ ਭਾਰਤ ਤੋਂ ਵੱਡੇ ਪੱਧਰ ’ਤੇ ਪਰਵਾਸ ਹੋ ਰਿਹਾ ਸੀ, ਖ਼ਾਸ ਤੌਰ ’ਤੇ ਪੰਜਾਬ ਤੋਂ ਕਾਫ਼ੀ ਲੋਕ ਆ ਰਹੇ ਸਨ। ਇਸ ਦੇ ਨਾਲ ਹੀ ਪਰਵਾਸੀਆਂ ਖਿਲਾਫ਼ ਨਫ਼ਰਤੀ ਅਪਰਾਧ ਵੀ ਵਧ ਰਹੇ ਸਨ। ਇਸ ਦੌਰਾਨ ਕ੍ਰਿਕਟ ਖੇਡਣ ਦੇ ਚਾਹਵਾਨ ਨੌਜਵਾਨ ਪੰਜਾਬੀਆਂ ਨੂੰ ਪਹਿਲਾਂ ਨਾਲੋਂ ਵੀ ਵੱਧ ਨਸਲਵਾਦ ਤੇ ਨਸਲੀ ਟਿੱਪਣੀਆਂ ਦਾ ਸਾਹਮਣਾ ਕਰਨਾ ਪਿਆ। ਉਹ ਮੰਨਣ ਲੱਗੇ ਕਿ ਆਸਟਰੇਲੀਆ ਲਈ ਖੇਡਣ ਦੀਆਂ ਉਨ੍ਹਾਂ ਦੀਆਂ ਉਮੀਦਾਂ ਸ਼ੁਰੂਆਤ ਵਿੱਚ ਹੀ ਖ਼ਤਮ ਹੋ ਗਈਆਂ ਹਨ। 1979 ਵਿੱਚ ਜਨਮੀ ਲੀਜ਼ਾ ਸਥਾਲੇਕਰ ਨੂੰ ਭਾਰਤੀ ਮੂਲ ਦੇ ਜੋੜੇ - ਹਰੇਨ ਤੇ ਸੂ ਨੇ ਗੋਦ ਲਿਆ ਸੀ। ਸਾਲ 2003 ਵਿੱਚ ਉਹ ਆਸਟਰੇਲੀਆ ਦੀ ਮਹਿਲਾ ਟੀਮ ਲਈ ਖੇਡੀ ਪਰ ਪਰਵਾਸੀ ਪਰਿਵਾਰਾਂ ਦੇ ਮੁੰਡਿਆਂ ਲਈ ਇਹ ਰਾਹ ਸੌਖਾ ਨਹੀਂ ਸੀ। ਪਾਕਿਸਤਾਨ ਦੇ ਜੰਮਪਲ ਉਸਮਾਨ ਖ਼ਵਾਜਾ ਨੇ 2011 ਵਿੱਚ ਆਸਟਰੇਲੀਆ ਲਈ ਖੇਡਣਾ ਸ਼ੁਰੂ ਕੀਤਾ। ਭਾਰਤੀ ਮੂਲ ਦੇ ਪੰਜਾਬੀ ਤਨਵੀਰ ਸੰਘਾ ਤੇ ਗੁਰਿੰਦਰ ਸੰਧੂ ਨੇ ਵੀ ਆਸਟਰੇਲੀਆ ਦੀ ਜਰਸੀ ਪਾਈ।
ਮੁਲਕ ਨੂੰ ਇਕਰੰਗਾ ਰੱਖਣ ਲਈ ਬਣਾਈ ਗਈ ‘ਦਿ ਵਾਈਟ ਆਸਟਰੇਲੀਆ ਪਾਲਿਸੀ’ 1970 ਵਿੱਚ ਢਹਿ-ਢੇਰੀ ਹੋ ਗਈ ਤੇ 1990 ਤੋਂ ਭਾਰਤੀ ਉਪ ਮਹਾਦੀਪ ਤੋਂ ਵੱਡੀ ਗਿਣਤੀ ਪਰਵਾਸ ਸ਼ੁਰੂ ਹੋਇਆ। ਪਰਵਾਸੀਆਂ ਦੇ ਧੀਆਂ-ਪੁੱਤ ਹੁਣ ਗਰੇਡ ਕ੍ਰਿਕਟ, ਸਟੇਟ ਕ੍ਰਿਕਟ ਤੇ ਆਸਟਰੇਲਿਆਈ ਟੀਮ ਵਿੱਚ ਆਪਣੀ ਥਾਂ ਬਣਾਉਣ ਲਈ ਸੰਘਰਸ਼ ਕਰ ਰਹੇ ਹਨ। ਵੱਖ-ਵੱਖ ਸਭਿਆਚਾਰਾਂ ਦਾ ਜੋੜ-ਮੇਲ ਆਸਟਰੇਲਿਆਈ ਰੰਗਾਂ ਨੂੰ ਖ਼ੂਬਸੂਰਤ ਰੂਪ ਦੇ ਰਿਹਾ ਹੈ। ਸਦੀਆਂ ਤੋਂ ਕਈ ਸਭਿਆਚਾਰਾਂ ਦਾ ਘਰ ਰਹੇ ਭਾਰਤ ਵਿੱਚ ਹਾਲੇ ਵੀ ਹਰੇਕ ਦੀ ਬਰਾਬਰ ਹਿੱਸੇਦਾਰੀ ਯਕੀਨੀ ਨਹੀਂ ਬਣ ਸਕੀ ਜਿਸ ਉੱਤੇ ਚਿੰਤਨ ਮੰਥਨ ਕਰਨ ਦੀ ਲੋੜ ਹੈ। ਸਾਡਾ ਦੇਸ਼ ਅਜੇ ਪੁਰਾਣੇ ਵਿਚਾਰਾਂ ਵਾਲੀ ਉਲਝਣ ਭਰੀ ਮਾਨਸਿਕਤਾ ਵਿੱਚੋਂ ਹੀ ਲੰਘ ਰਿਹਾ ਹੈ। ਵੱਖ-ਵੱਖ ਵਿਗਿਆਨਕ ਢੰਗ-ਤਰੀਕੇ ਦੱਸਦੇ ਹਨ ਕਿ ਸਾਰੇ ਮਨੁੱਖ ਮੁੱਢਲੇ ਰੂਪ ਵਿੱਚ ਅਫਰੀਕੀ ਹਨ। ਭੌਤਿਕ ਵਿਗਿਆਨੀ ਸਟੀਫਨ ਹਾਕਿੰਗ ਦਾ ਕਹਿਣਾ ਹੈ ਕਿ ਆਸਥਾ ਤੇ ਧਰਮ, ਡਰ ਅਤੇ ਅੰਧਵਿਸ਼ਵਾਸਾਂ ਵਿੱਚੋਂ ਨਿਕਲੇ ਹਨ। ਮਨੁੱਖ ਸਮੇਂ ਦੇ ਨਾਲ-ਨਾਲ ਸਮਾਜਿਕ ਪੱਧਰ ਉੱਤੇ ਇੱਕ-ਦੂਜੇ ਦਾ ਸਹਿਯੋਗੀ ਬਣਿਆ ਹੈ। ਮਨੁੱਖੀ ਵਿਕਾਸ ਦੀ ਜਾਣਕਾਰੀ ਰੱਖਣ ਵਾਲਿਆਂ ਮੁਤਾਬਿਕ ‘ਸਮੂਹ ਤੋਂ ਬਾਹਰਲਿਆਂ’ ਦਾ ਡਰ ਰੱਖਣ ਵਿੱਚ ਵੀ ਇੱਕ ਵਿਕਾਸਵਾਦੀ ਲਾਭ ਲੁਕਿਆ ਹੈ- ਸਾਡੇ ਆਪਣੇ ਕੁਝ ਆਪਸੀ ਸਮੂਹ ਹੁੰਦੇ ਹਨ ਜਿਨ੍ਹਾਂ ਨਾਲ ਅਸੀਂ ਸਹਿਜ ਹਾਂ, ਇਹ ਉਨ੍ਹਾਂ ਨਾਲ ਬਣਦੇ ਹਨ; ਅਤੇ ਕੁਝ ਬਾਹਰਲੇ ਗਰੁੱਪ ਵੀ ਹੁੰਦੇ ਹਨ ਜਿਨ੍ਹਾਂ ਤੋਂ ਸਾਨੂੰ ਚੁਣੌਤੀਆਂ ਹੁੰਦੀਆਂ ਹਨ। ਖੇਡ ਵੱਖ-ਵੱਖ ਵਿਸ਼ਵਾਸਾਂ ਤੇ ਪਿਛੋਕੜਾਂ ਵਾਲੇ ਲੋਕਾਂ ਦਾ ਇੱਕ ਅਜਿਹਾ ਹੀ ਅੰਦਰਲਾ ਗਰੁੱਪ ਬਣਾਉਂਦੀ ਹੈ ਤੇ ਵਿਅਕਤੀਗਤ ਪੱਧਰ ’ਤੇ ਹਰੇਕ ਨੂੰ ਇੱਕ-ਦੂਜੇ ਵਿੱਚੋਂ ਮਨੁੱਖ ਹੀ ਨਜ਼ਰ ਆਉਂਦਾ ਹੈ- ਇਹ ਸ਼ਾਇਦ ਖੇਡ ਜਗਤ ਦੀ ਸਭ ਤੋਂ ਚੰਗੀ ਗੱਲ ਹੈ।