ਮੋਗਾ ’ਚ ਗ਼ਜ਼ਲਗੋ ਚੌਹਾਨ ਤੇ ਸ਼ਮਸ਼ੇਰ ਮੋਹੀ ਸਰੋਤਿਆਂ ਦੇ ਰੂਬਰੂ
ਨਿੱਜੀ ਪੱਤਰ ਪ੍ਰੇਰਕ
ਮੋਗਾ, 27 ਨਵੰਬਰ
ਇਥੇ ਭਾਸ਼ਾ ਵਿਭਾਗ ਵੱਲੋਂ ਪੰਜਾਬੀ ਮਾਹ-2024 ਗ਼ਜ਼ਲ ਵਰਕਸ਼ਾਪ ਵਿਚ ਪ੍ਰਸਿੱਧ ਗ਼ਜ਼ਲਗੋ ਬੂਟਾ ਸਿੰਘ ਚੌਹਾਨ ਅਤੇ ਸ਼ਮਸ਼ੇਰ ਮੋਹੀ ਗ਼ਜ਼ਲ ਪ੍ਰੇਮੀਆਂ ਦੇ ਰੂਬਰੂ ਹੋਏ। ਪ੍ਰਧਾਨਗੀ ਮੰਡਲ ਵਿੱਚ ਸ਼੍ਰੋਮਣੀ ਪੰਜਾਬੀ ਨਾਵਲਕਾਰ ਬਲਦੇਵ ਸਿੰਘ ਸੜਕਨਾਮਾ, ਪ੍ਰਸਿੱਧ ਵਿਅੰਗਕਾਰ ਕੇ ਐੱਲ. ਗਰਗ, ਲਛਮਨ ਦਾਸ ਮੁਸਾਫ਼ਰ ਬਰਨਾਲਾ ਅਤੇ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਅਜੀਤਪਾਲ ਸਿੰਘ ਸਨ। ਜ਼ਿਲ੍ਹਾ ਭਾਸ਼ਾ ਅਫ਼ਸਰ ਨੇ ਕਿਹਾ ਕਿ ਵਿਭਾਗ ਦੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਕਿ ਸਾਹਿਤ ਪ੍ਰੇਮੀਆਂ ਲਈ ਉਸਾਰੂ ਸੰਬਾਦ ਦਾ ਮਾਹੌਲ ਸਿਰਜਦੇ ਜਾਣਕਾਰੀ ਭਰਪੂਰ ਸਮਾਗਮ ਰਚਾਏ ਜਾਣ ਅਤੇ ਨਵੀਆਂ ਕਲਮਾਂ ਨੂੰ ਉਤਸ਼ਾਹਿਤ ਕੀਤਾ ਜਾਵੇ। ਬੂਟਾ ਸਿੰਘ ਚੌਹਾਨ ਅਤੇ ਸ਼ਮਸ਼ੇਰ ਮੋਹੀ ਨੇ ਆਪਣੇ ਭਾਸ਼ਣ ਵਿੱਚ ਗ਼ਜ਼ਲ ਵਿਧਾ ਦੀ ਤਕਨੀਕ ਅਤੇ ਸਾਹਿਤਕ ਸਰੋਕਾਰਾਂ ਬਾਰੇ ਬਹੁਤ ਵਿਸਥਾਰਪੂਰਵਕ ਢੰਗ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਨੇ ਬਹੁਤ ਸੁਚੱਜੇ ਢੰਗ ਨਾਲ ਸਰੋਤਿਆਂ ਦੇ ਹਰ ਪ੍ਰਕਾਰ ਦੇ ਸ਼ੰਕਿਆਂ ਨੂੰ ਦੂਰ ਕਰਦਿਆਂ ਉਨ੍ਹਾਂ ਦੀ ਜਗਿਆਸਾ ਨੂੰ ਤ੍ਰਿਪਤ ਕੀਤਾ। ਇਸ ਮੌਕੇ ਪ੍ਰਸਿੱਧ ਵਿਅੰਗਕਾਰ ਕੇ ਐੱਲ. ਗਰਗ ਨੇ ਗ਼ਜ਼ਲ ਸਕੂਲ ਬਾਰੇ ਲਿਖਿਆ ਹਾਸਰਸ ਭਰਪੂਰ ਵਿਅੰਗ ਸਾਂਝਾ ਕੀਤਾ ਗਿਆ। ਲਛਮਣ ਦਾਸ ਮੁਸਾਫ਼ਿਰ ਨੇ ਆਪਣੀ ਖੂਬਸੂਰਤ ਆਵਾਜ਼ ਵਿੱਚ ਬੂਟਾ ਸਿੰਘ ਚੌਹਾਨ ਦੀ ਗ਼ਜ਼ਲ ਬਾ-ਤਰੰਨੁਮ ਪੇਸ਼ ਕੀਤੀ। ਬਲਦੇਵ ਸਿੰਘ ਸੜਕਨਾਮਾ ਨੇ ਕਿਹਾ ਕਿ ਅਜਿਹੇ ਗਿਆਨਵਰਧਕ ਸਮਾਗਮ ਅੱਜ ਦੇ ਸਮੇਂ ਦੀ ਮੁੱਖ ਲੋੜ ਹਨ। ਇਸ ਮੌਕੇ ਭਾਸ਼ਾ ਵਿਭਾਗ ਦੀਆਂ ਵਿਭਾਗੀ ਪੁਸਤਕਾਂ ਦੀ ਪ੍ਰਦਰਸ਼ਨੀ ਲਗਾਈ ਗਈ, ਜੋ ਕਿ ਆਏ ਹੋਏ ਸਾਹਿਤ ਪ੍ਰੇਮੀਆਂ ਲਈ ਖਿੱਚ ਦਾ ਕੇਂਦਰ ਬਣੀ ਰਹੀ। ਸਮਾਗਮ ਦੌਰਾਨ ਪ੍ਰਸਿੱਧ ਸਾਹਿਤਕਾਰ ਗੁਰਮੇਲ ਬੌਡੇ, ਅਸ਼ੋਕ ਚਟਾਨੀ, ਚਰਨਜੀਤ ਸਮਾਲਸਰ, ਰਣਜੀਤ ਸਰਾਂਵਾਲੀ, ਗੁਰਮੀਤ ਰਖਰਾ ਕੜਿਆਲ, ਅਮਰ ਘੋਲੀਆ, ਜੰਗੀਰ ਖੋਖਰ ਤੇ ਹੋਰ ਹਾਜ਼ਰ ਸਨ।