For the best experience, open
https://m.punjabitribuneonline.com
on your mobile browser.
Advertisement

ਗ਼ਜ਼ਲ

07:26 AM Dec 19, 2024 IST
ਗ਼ਜ਼ਲ
Advertisement

ਰਣਜੀਤ ਸਰਾਂਵਾਲੀ

Advertisement

ਸ਼ਿਅਰਾਂ ਵਿੱਚ ਗਹਿਰਾਈ ਲਈ ਖ਼ੁਦ ਗਹਿਰਾ ਹੋਇਆ ਹੋਵੇ
ਅੱਥਰੂਆਂ ਦੇ ਜ਼ਿਕਰ ਤੋਂ ਪਹਿਲਾਂ ਸ਼ਾਇਰ ਰੋਇਆ ਹੋਵੇ

Advertisement

ਨੈਣਾਂ ਵਿਚਲੇ ਧੁੰਦਲਕੇ ਨੂੰ ਪਾਸੇ ਕਰ ਕੇ ਭਾਲ਼ੀਂ
ਜਿਸ ਲਈ ਭੱਜਿਆ ਫਿਰਦੈਂ ਸ਼ਾਇਦ ਕਿਤੇ ਖਲੋਇਆ ਹੋਵੇ

ਐਨੇ ਥਾਈਂ ਵਗਦਾ ਹੈ ਜੋ ਸੂਹੇ ਰੰਗ ਦਾ ਪਾਣੀ
ਹੋ ਸਕਦੈ ਸਿਆਸਤ ਨੇ ਅਪਣਾ ਚਿਹਰਾ ਧੋਇਆ ਹੋਵੇ

ਸਫ਼ਰ ’ਚ ਲੋੜੋਂ ਵੱਧ ਸਮਾਨ ਉਠਾਉਂਦੇ ਨਈਓਂ ਜਿਹੜੇ
ਤੁਰਨੋਂ ਪਹਿਲਾਂ ਖ਼ਬਰੇ ਉਨ੍ਹਾਂ ਕੀ ਕੀ ਢੋਇਆ ਹੋਵੇ

ਦੁਨੀਆ ਦਾ ਹਰ ਰਿਸ਼ਤਾ ਧੌਣ ਝੁਕਾਉਂਦਾ ਹੈ ਖ਼ੁਸ਼ ਹੋ ਕੇ
ਬੰਦੇ ਕੋਲ਼ੇ ਸਮਝੌਤਿਆਂ ਦਾ ਹਾਰ ਪਰੋਇਆ ਹੋਵੇ
ਸੰਪਰਕ: 98143-78105
* * *

ਦਿਲ ਦੀ ਪੀੜ

ਕਰਮਜੀਤ ਕੌਰ

ਦਿਲ ਦਿਆ ਮਹਿਰਮਾ ਵੇ,
ਸੁਣ ਮੇਰੀ ਪੀੜ ਨੂੰ।
ਹਿਜਰਾਂ ਦੀ ਛਾਵੇਂ ਰੱਖਾਂ,
ਰੁੱਸੀ ਤਕਦੀਰ ਨੂੰ।
ਦਿਲ ਦਿਆ ਮਹਿਰਮਾ ਵੇ,
ਸੁਣ ਮੇਰੀ ਪੀੜ ਨੂੰ ।
ਦਿਲ ਦਿਆ ਮਹਿਰਮਾ ਵੇ...।

ਉਮਰਾਂ ਦਾ ਸਾਥ ਮੇਰਾ,
ਸੁਪਨੇ ’ਚ ਰਹਿ ਗਿਆ।
ਰੂਹਾਂ ਵਾਲੀ ਪੀੜ ਇਹੋ,
ਦਿਲ ਮੇਰਾ ਸਹਿ ਗਿਆ।
ਤੋੜੀਂ ਨਾ ਤੂੰ ਚੰਨ ਮਾਹੀ,
ਪਿਆਰ ਦੀ ਜ਼ੰਜੀਰ ਨੂੰ।
ਦਿਲ ਦਿਆ ਮਹਿਰਮਾ ਵੇ,
ਸੁਣ ਮੇਰੀ ਪੀੜ ਨੂੰ।
ਹਿਜਰਾਂ ਦੀ ਛਾਵੇਂ ਰੱਖਾਂ,
ਰੁੱਸੀ ਤਕਦੀਰ ਨੂੰ।
ਦਿਲ ਦਿਆ ਮਹਿਰਮਾ ਵੇ...।

ਮੁੱਕਣਾ ਨਹੀਂ ਪੰਧ ਇਹੋ,
ਦੂਰੀਆਂ ਦੇ ਵੇਗ ਦਾ।
ਜ਼ਿੰਦਗੀ ’ਚ ਆਏ ਮੇਰੇ,
ਦਰਦ ਹਨੇਰ ਦਾ।
ਜਿੰਦ ਮੇਰੀ ਚੜ੍ਹ ਚੱਲੀ,
ਇਸ਼ਕ ਸਲੀਬ ਨੂੰ।
ਦਿਲ ਦਿਆ ਮਹਿਰਮਾ ਵੇ,
ਸੁਣ ਮੇਰੀ ਪੀੜ ਨੂੰ।
ਹਿਜਰਾਂ ਦੀ ਛਾਵੇਂ ਰੱਖਾਂ,
ਰੁੱਸੀ ਤਕਦੀਰ ਨੂੰ।
ਦਿਲ ਦਿਆ ਮਹਿਰਮਾ ਵੇ...।
* * *

ਮੰਨਿਆ ਵੀ ਕਰ

ਹਰਦੀਪ ਬਿਰਦੀ

ਪੀਣੇ ਪੈਂਦੇ ਹੰਝੂ ਖਾਰੇ ਮੰਨਿਆ ਵੀ ਕਰ।
ਬੰਦਾ ਕਿਸਮਤ ਤੋਂ ਜਦ ਹਾਰੇ ਮੰਨਿਆ ਵੀ ਕਰ।

ਜਿੰਨਾ ਮਰਜ਼ੀ ਧਨ ਕਮਾ ਲਉ ਨਾਲ ਨਾ ਜਾਣਾ
ਖਾਲੀ ਹੱਥ ਹੀ ਜਾਂਦੇ ਸਾਰੇ ਮੰਨਿਆ ਵੀ ਕਰ।

ਮਿਹਨਤ ਕਰਿਆਂ ਤੈਨੂੰ ਜਦ ਹੈ ਸਭ ਕੁਝ ਮਿਲਦਾ
ਕਾਹਤੋਂ ਕਰਨੇ ਪੁੱਠੇ ਕਾਰੇ ਮੰਨਿਆ ਵੀ ਕਰ।

ਕੁਦਰਤ ਦੇ ਜੋ ਸਿਰਜੇ ਹੋਏ ਸੱਜਣਾ ਵਧੀਆ
ਅਪਣੀ ਥਾਂ ’ਤੇ ਮੌਸਮ ਚਾਰੇ ਮੰਨਿਆ ਵੀ ਕਰ।

ਪਰਦੇਸਾਂ ਤੋਂ ਵਾਪਸ ਆ ਕੇ ਸੀਨੇ ਨਾਲ ਲੱਗ ਕੇ
ਪੁੱਤ ਕਲੇਜਾ ਮਾਂ ਦਾ ਠਾਰੇ ਮੰਨਿਆ ਵੀ ਕਰ।

ਨੇਤਾਵਾਂ ਨੇ ਪੱਲੇ ਕੁਝ ਨਹੀਂ ਪਾਉਣਾ ਹੁੰਦਾ
ਇਨ੍ਹਾਂ ਪੱਲੇ ਕੇਵਲ ਲਾਰੇ ਮੰਨਿਆ ਵੀ ਕਰ।

ਗੱਲੀਂ ਬਾਤੀਂ ਆਸ਼ਕ ਤਾਰੇ ਤੋੜ ਲਿਆਉਂਦੇ
ਕਿਹੜਾ ਤੋੜਨ ਜਾਂਦਾ ਤਾਰੇ ਮੰਨਿਆ ਵੀ ਕਰ।

ਇਹ ਜੋ ਲੁੱਟਾਂ ਖੋਹਾਂ ਖ਼ੂਨ ਖਰਾਬਾ ਜਗ ’ਤੇ
ਦੌਲਤ ਸ਼ੋਹਰਤ ਦੇ ਸਭ ਕਾਰੇ ਮੰਨਿਆ ਵੀ ਕਰ।

ਰੋਟੀ ਤਾਂ ਮਿਲ ਸਕਦੀ ਸਭ ਨੂੰ ਥੋੜ੍ਹੇ ਨਾਲ ਹੀ
ਦੌਲਤ ਸ਼ੋਹਰਤ ਪਿੱਛੇ ਸਾਰੇ ਮੰਨਿਆ ਵੀ ਕਰ।
ਸੰਪਰਕ: 90416-00900
* * *

ਗ਼ਜ਼ਲ

ਪ੍ਰੋ. ਪਰਮਜੀਤ ਸਿੰਘ ਨਿੱਕੇ ਘੁੁੰਮਣ

ਨੈਣਾਂ ਵਿੱਚੋਂ ਨੀਂਦਰ ਖੋਹ ਕੇ, ਸਾਰੀ ਰਾਤ ਜਗਾਵੇ
ਇਸ਼ਕ ਦਾ ਸੌਦਾ ਬੜਾ ਅਨੋਖਾ, ਹਾਟੋ-ਹਾਟ ਵਿਕਾਵੇ।

ਬੜਾ ਬੁਲੰਦ ਇਸ਼ਕ ਦਾ ਰੁਤਬਾ, ਨਾ ਸਹੇ ਤੇ ਨਾ ਡਰਾਵੇ
ਯਾਰ ਮਨਾਵਣ ਖ਼ਾਤਰ ਚੰਦਰਾ, ਕੱਚਿਆਂ ’ਤੇ ਤਰ ਜਾਵੇ।

ਇਸ਼ਕ ਦੀ ਰੰਗਤ ਜੋਗੀ ਕਰ ਦਏ, ਰਾਂਝੇ ਕੰਨ ਪੜਵਾਵੇ
ਇਸ਼ਕ ਦੀ ਬੰਦਗੀ, ਮਹੀਂਵਾਲ ਤੋਂ ਪੱਟ ਦਾ ਮਾਸ ਖੁਆਵੇ।

ਇਸ਼ਕ ਦੀ ਰਾਹੇ ਤੁਰਦਾ ਹੈ ਜੋ, ਬਿਰਹਾ ਝੋਲੀ ਪਾਵੇ
ਕਦੇ ਇਹ ਬੁੱਲ੍ਹਾ, ਕਦੇ ਇਹ ਸਰਮਦ, ਕਦੇ ਫ਼ਰੀਦ ਕਹਾਵੇ।

ਇਸ਼ਕ ਵਤਨ ਦਾ ਜਿਸ ਨੂੰ ਲੱਗੇ, ਉਸ ਨੂੰ ਕੁਝ ਨਾ ਭਾਵੇ
ਤੱਕ ਦਿਲਬਰ ਤੱਕ ਇਸ਼ਕ ਦੀ ਟੀਸੀ, ਫ਼ਾਂਸੀ ਵੀ ਚੜ੍ਹ ਜਾਵੇ।

ਇਸ਼ਕ ਹੈ ਜਿਸਦੇ ਹੱਡੀਂ ਰਚਿਆ, ਮੰਦਰ-ਮਸੀਤ ਨਾ ਜਾਵੇ
ਸਭ ਵਿੱਚ ਵੇਖੇ ਨੂਰ ਇੱਕ ਖ਼ੁਦਾ ਦਾ, ਨੂਰੀ ਹੀ ਹੋ ਜਾਵੇ।
ਸੰਪਰਕ: 97816-46008
* * *

ਬੰਦਿਆ

ਨਿਰਮਲ ਸਿੰਘ ਰੱਤਾ

ਘਾਲਣੀ ਹੈ ਪੈਂਦੀ ਸੱਚੀ ਘਾਲ ਬੰਦਿਆ
ਮਾਇਆ ਵਾਲਾ ਤੋੜ ਕੇ ਜੰਜਾਲ ਬੰਦਿਆ
ਕਾਬੂ ਵਿੱਚ ਰੱਖ ਮਨੂਆ ਸ਼ੈਤਾਨ ਜੀ
ਫੇਰ ਕਿਤੇ ਮਿਲਦਾ ਗੁਰਾਂ ਤੋਂ ਗਿਆਨ ਜੀ

ਭੱਠੀ ਵਿੱਚ ਪਾ ਕੇ ਪਹਿਲਾਂ ਸੋਨਾ ਗਾਲਦਾ
ਫੇਰ ਹੈ ਸੁਨਿਆਰ ਮਨਚਾਹਾ ਢਾਲਦਾ
ਤਪ ਕੇ ਹੀ ਆਉਂਦੀ ਸੋਨੇ ਵਿੱਚ ਸ਼ਾਨ ਜੀ
ਫੇਰ ਕਿਤੇ ਮਿਲਦਾ ਗੁਰਾਂ ਤੋਂ ਗਿਆਨ ਜੀ

ਧੀਰਜ ਦੇ ਨਾਲ ਔਖ ਸੌਖ ਝੱਲ ਕੇ
ਦੱਸਿਆ ਗੁਰਾਂ ਜੋ ਮਾਰਗ ’ਤੇ ਚੱਲ ਕੇ
ਬਣ ਜਾਂਦਾ ਬੰਦਾ ਆਮ ਵੀ ਮਹਾਨ ਜੀ
ਫੇਰ ਕਿਤੇ ਮਿਲਦਾ ਗੁਰਾਂ ਤੋਂ ਗਿਆਨ ਜੀ

ਝੂਠ ਚੁਗਲੀ ਤੇ ਨਿੰਦਿਆ ਤਿਆਗ ਕੇ
ਵੈਰ ਤੇ ਵਿਰੋਧ ਵਾਲੀ ਨੀਂਦੋਂ ਜਾਗ ਕੇ
ਆਦਮੀ ਤੋਂ ਹੋਣਾ ਪੈਂਦਾ ਇਨਸਾਨ ਜੀ
ਫੇਰ ਕਿਤੇ ਮਿਲਦਾ ਗੁਰਾਂ ਤੋਂ ਗਿਆਨ ਜੀ

ਸਾਰਿਆਂ ਦੇ ਵਿੱਚ ਇੱਕ ਉਹੀ ਵੱਸਦਾ
ਓਹੀ ਖੇਡੇ ਮੱਲੇ ਓਹੀ ਰੋਵੇ ਹੱਸਦਾ
ਸਭ ਵਿੱਚ ਸਮਝ ਬਿਰਾਜਮਾਨ ਜੀ
ਫੇਰ ਕਿਤੇ ਮਿਲਦਾ ਗੁਰਾਂ ਤੋਂ ਗਿਆਨ ਜੀ

ਕਰਦਾ ਪਰਖ ਰਹੇ ਵਾਰ ਵਾਰ ਜੀ
ਕੌਣ ਕਰੇ ਸੱਚਾ ਕੌਣ ਝੂਠਾ ਪਿਆਰ ਜੀ
ਤਨੋਂ ਮਨੋਂ ਹੋਣਾ ਪੈਂਦਾ ਕੁਰਬਾਨ ਜੀ
ਫੇਰ ਕਿਤੇ ਮਿਲਦਾ ਗੁਰਾਂ ਤੋਂ ਗਿਆਨ ਜੀ

ਸੱਚੇ ਗੁਰੂ ਨਾਲ ਆਪ ਹੀ ਮਿਲਾਂਵਦਾ
ਸਿੱਧੇ ਰਾਹੇ ਪਾ ਕੇ ਭਗਤੀ ਕਰਾਂਵਦਾ
ਫੜ ਲੈਂਦਾ ਹੱਥ ਹੋ ਮਿਹਰਬਾਨ ਜੀ
ਫੇਰ ਕਿਤੇ ਮਿਲਦਾ ਗੁਰਾਂ ਤੋਂ ਗਿਆਨ ਜੀ
ਸੰਪਰਕ: 84270-07623
* * *

ਸਾਂਝ

ਗੁਰਜੀਤ ਸਿੰਘ ਟਿਵਾਣਾ

ਅਮੀਰ-ਗ਼ਰੀਬ, ਜ਼ਾਤ-ਪਾਤ ਦਾ ਪਾੜਾ ਮੁੱਕ ਜਾਏ।
ਧਰਮ ਦੇ ਨਾਂ ’ਤੇ ਹੁੰਦਾ, ਹਮਲਾ ਹਾੜਾ ਮੁੱਕ ਜਾਏ।

ਸੰਘਣੀਆਂ ਤੇ ਠੰਢੀਆਂ ਛਾਵਾਂ ਬਖ਼ਸ਼ੀ ਰੁੱਖਾਂ ਨੂੰ।
ਜਿਨ੍ਹਾਂ ’ਚ ਵਸਦੀਆਂ ਧੀਆਂ, ਸਲਾਮਤ ਰੱਖੀਂ ਕੁੱਖਾਂ ਨੂੰ।

ਮਾਂ-ਬਾਪ, ਬਜ਼ੁਰਗਾਂ ਦਾ ਰੱਖਣ ਖ਼ਿਆਲ,
ਐਸਾ ਅਦਬ, ਰੱਬਾ ਬਖ਼ਸ਼ੀ ਪੁੱਤਾਂ ਨੂੰ।

ਏਕਾ ਭਾਈਚਾਰਾ ਵਧ ਜਾਵੇ ਲੋਕਾਂ ’ਚ,
ਮੁੜ ਭਾਗ ਲੱਗਣ, ਮੇਰੇ ਪਿੰਡ ਦੀਆਂ ਸੱਥਾਂ ਨੂੰ।

ਖ਼ਤਮ ਹੋ ਜਾਵੇ, ਇਹ ਨਫ਼ਰਤ ਦਾ ਭਾਂਬੜ,
‘ਟਿਵਾਣੇ’ ਮੋੜ ਲਿਆਵੇ ਕੋਈ, ਪਿਆਰ ਦੀਆਂ ਰੁੱਤਾਂ ਨੂੰ।
ਸੰਪਰਕ: 94632-89684
* * *

ਗ਼ਜ਼ਲ

ਗੁਰਮੀਤ ਸਿੰਘ ਸੋਹੀ

ਜੋ ਦਮ ਭਰਦੇ ਨੇ ਸਾਥ ਨਿਭਾਉਣ ਦਾ
ਉਨ੍ਹਾਂ ਦੇ ਵਾਅਦੇ ਨਹੀਂ ਝੂਠੇ ਲਾਰੇ ਹੁੰਦੇ

ਜੋ ਮਜ਼ਹਬਾਂ ਜਾਤਾਂ ਪਿੱਛੇ ਨੇ ਬਹਿਸ ਕਰਦੇ
ਉਹ ਲੋਕ ਧਰਮੀ ਨਹੀਂ ਹਤਿਆਰੇ ਹੁੰਦੇ

ਜੋ ਸਿਆਸਤ ਦੀ ਖੇਡ ਦੇ ਖਿਡਾਰੀ ਕਹਾਉਂਦੇ
ਉਨ੍ਹਾਂ ਦੇ ਸਾਲਾਂਬੱਧੀ ਜੇਲ੍ਹ ’ਚ ਗੁਜ਼ਾਰੇ ਹੁੰਦੇ

ਜੋ ਕੁੱਲੀਆਂ ਵਿੱਚ ਵਿਲਕਦੇ ਸਰੀਰ ਭੁੱਖੇ
ਕੁਝ ਗ਼ਰੀਬੀ, ਕੁਝ ਵਕਤ ਦੇ ਮਾਰੇ ਹੁੰਦੇ

ਜੋ ਢਿੱਡ ਭਰਨ ਲਈ ਸੜਕਾਂ ’ਤੇ ਰੋਟੀ ਲੱਭਦੇ
ਉਹ ਅਨਾਥ ਤਾਂ ਦੱਸੋ ਕਿਨ੍ਹਾਂ ਦੇ ਸਹਾਰੇ ਹੁੰਦੇ

‘ਸੋਹੀ’ ਦੇਸ਼ ਦੀ ਤਰੱਕੀ ਬਾਰੇ ਘੱਟ ਸੋਚਦੇ
ਲੁੱਟਣ ਵਾਲੇ ਇੱਕ ਨਹੀਂ, ਬਹੁਤ ਸਾਰੇ ਹੁੰਦੇ
ਸੰਪਰਕ: 92179-81404
* * *

ਵਾਸ਼ਿੰਗ ਮਸ਼ੀਨ

ਐੱਸ. ਪ੍ਰਸ਼ੋਤਮ

ਡੋਲੀ ’ਚੋਂ ਸਹੁਰੇ ਘਰ ਦੇ ਵਿਹੜੇ ਚਾਵਾਂ ’ਚ ਪੈਰ ਰੱਖਦਿਆਂ,
ਉਡਾ ਲੈ ਗਿਆ ਸੀ ਰੰਗੀਨ ਵਾਦੀਆਂ ’ਚ ਦੂਜੇ ਦਿਨ।
ਅਨੰਦਿਤ ਮਾਹੌਲ ’ਚ ਪਲਾਂ ਵਾਂਗ ਬੀਤਿਆ ਸੀ ਹਫ਼ਤਾ ਲੀਨ।
ਸੰਜੋਇਆ ਸੀ, ਉਸ ਨੇ ਜੋ ਯੂਨੀਵਰਸਿਟੀ ਪੜ੍ਹਾਈ ’ਚ ਸੀਨ।

ਘਰ ਪਰਤ ਕੇ ਮਹੀਨਿਆਂ ’ਚ ਮਹਿਰਮ ਦੀ ਬੇਰਹਿਮੀ ਨੇ,
ਪਸਾਰ ਦਿੱਤੀ ਪ੍ਰਸੰਨ ਜੀਵਨ ’ਚ ਸੁੰਨ।
ਨਸ਼ੇ, ਜੂਏ, ਯਾਰਾਂ ਦੀਆਂ ਹੇੜਾਂ ’ਚ ਰਾਤੀਂ ਸੀ ਓਦੀ ਵੈਲੀ ਧੁਨ।
ਮੱਖਣ ’ਚ ਸੰਧੂਰ ਰੰਗੀ ਤੇ ਸੰਦਲੀ ਦੇਹ ਦਾ,
ਸਮਝਾ ਵਰਚਾ ਕੇ ਕਰ ਚੁੱਕੀ ਸਾਂ ਵਿਗਾੜ।
ਪੜ੍ਹੇ ਮਾਂ ਪਿਓ, ਸ਼ਾਹੂਕਾਰ ਦਾਦੇ ਦਾ ਸੀ ਉਹ ਲਾਡਲਾ ਵਿਗੜੈਲ।

ਮੇਰੇ ਮਾਪਿਆਂ ਨੇ ਸੋਹਣੇ ਸੁਨੱਖੇ ਦੇ ਲੜ ਲਾਉਂਦਿਆਂ,
ਧਨਾਢ ਘਰ ਦੀ ਮੰਗ ’ਤੇ ਦਿੱਤਾ ਸੀ, ਸੁੱਖਾਂ ਲਈ ਧੀ ਦਾ ਦਾਨ।
ਤਲਾਕ ਲਈ ਨਿਆਂ ਮੰਦਰ ਦਾ ਬੂਹਾ ਮੱਲਣ ਤੋਂ ਪਹਿਲਾਂ ਜੁੜੀ,
ਮੋਹਤਬਰ ਸਭਾ ’ਚ ਜਦ ਮੱਚਿਆ ਸੰਜੋਗ ਵਿਜੋਗ ਦਾ ਸ਼ੋਰ,
ਵਿਗੜੈਲ ਦੇ ਵਾਰਿਸ ਕਹਿਣ, ਨਹੀਂ ਸੀ ਸੁਧਾਰਨ ਲਈ,
ਸੁੰਦਰ ਕੰਨਿਆ ਨਾਲ ਨਰੜਣ ਬਿਨਾਂ ਚਾਰਾ ਕੋਈ ਹੋਰ।

ਕੰਨੀਂ ਸ਼ਬਦਾਂ ਦੀ ਗੂੰਜ ਇਹ ਪੈਣ ’ਤੇ ਪਿੱਠ ਝਾੜਦਿਆਂ,
ਇੱਕ ਮੋਹਤਬਰ ਪਿਆ ਉੱਥੋਂ ਇਹ ਕਹਿ ਕੇ ਉੱਠ,
ਇੱਧਰ ਮੁੰਡੇ ਤੇ ਮੇਰੇ ਘਰ ਵਿਗੜੀ ਨੂੰਹ ਨੇ ਕੀਤਾ ਪਿਐ,
ਸਾਡੇ ਪਰਿਵਾਰ ਨੂੰ ਇਨ੍ਹਾਂ ਤੋਂ ਵੀ ਬਹੁਤਾ ਠਿੱਠ।

ਮਨ ਦੀ ਚੀਸ ਨਾਲ ਉਸ ਨੇ ਪੁੱਛਿਆ:
ਕੋਠੀ ਦੀ ਡਕਟ ’ਚ ਟਿਕੀ ਵਾਸ਼ਿੰਗ ਮਸ਼ੀਨ,
ਕਰਦੀ ਏ ਗੰਦੇ ਲੀੜੇ ਪਾਊਡਰ ਨਾਲ ਸਾਫ਼।
ਪੱਕੇ ਦਾਗਾਂ ਨੂੰ ਧੋਣ ਦੇ ਗੇੜਿਆਂ ’ਚ ਤੁੜਵਾ ਬਹਿੰਦੀ ਆਪ।

ਇਉਂ ਹੀ ਸਾਊ ਪਰਿਵਾਰਾਂ ਨੂੰ ਵਾਸ਼ਿੰਗ ਮਸ਼ੀਨਾਂ ਸਮਝਦਿਆਂ,
ਨੇਕ ਔਲਾਦਾਂ ਨੂੰ ਜਨਮ ਪੱਤਰੀ ਦੇ ਮਿਲਾਨ ਦੇ ਓਹਲਿਆਂ ’ਚ,
ਆਪਣੇ ਵਿਗੜੈਲਾਂ ਦੀਆਂ ਆਦਤਾਂ ਦੇ ਪੱਕੇ ਦਾਗਾਂ ਨੂੰ ਧੋਣ ਖ਼ਾਤਰ
ਦੂਜਿਆਂ ਦੇ ਜੀਵਨ ਨੂੰ ਖਸਤਾ ਮਸ਼ੀਨਾਂ ਜਿਹਾ ਕਰਦੇ ਤੇ

ਕਦ ਤੱਕ ਵਿਆਹਾਂ ’ਚ ਨਰੜਦੇ ਰਹਿਣਗੇ ਮਤਲਬੀ ਲੋਕ?
ਸੰਪਰਕ: 98152-71246
* * *

ਰੁੱਖ ਦਾ ਦਰਦ

ਹਰਪ੍ਰੀਤ ਪੱਤੋ

ਆ ਬੈਠ ਤੈਨੂੰ ਦਰਦ ਸੁਣਾਵਾਂ
ਡਾਢਾ ਮੈਂ ਦੁਖਿਆਰਾ,
ਜਿਨ੍ਹਾਂ ਨੇ ਮਾਣੀ ਛਾਂ ਸੀ ਮੇਰੀ
ਅੱਜ ਚੁੱਕੀ ਫਿਰਦੇ ਆਰਾ।

ਪਤਾ ਨੀ ਕਦ ਵਾਰੀ ਆ ਜਾਏ
ਗਿਣ ਗਿਣ ਦਿਨ ਲੰਘਾਵਾਂ,
ਮੇਰੇ ਨਾਲ ਦੇ ਰੁੱਖ ਜਿੰਨੇ ਸੀ
ਛੱਡਗੇ ਘਣੀਆਂ ਛਾਵਾਂ।

ਵੱਡੀਆਂ ਸੜਕਾਂ ਉੱਚੇ ਪੁਲਾਂ ਨੇ
ਕਿੰਨੇ ਰੁੱਖ ਮੁਕਾਏ,
ਵਧੀ ਆਬਾਦੀ ਘਰ ਕੋਠੀਆਂ
ਸਾਨੂੰ ਵੱਢ ਵੱਢ ਪਾਏ।

ਜਿਹੜੇ ਦਿਸਦੇ ਔਹ ਖੜੇ ਨੇ
ਮੇਰੇ ਨਾਲ ਦੇ ਸਾਥੀ,
ਸਾਨੂੰ ਕੱਟਣਾ, ਲਾਉਣ ਸਕੀਮਾਂ
ਜੋ ਕਰਦੇ ਸੀ ਰਾਖੀ।

ਬੜਾ ਰੁੱਖ ਦੁਖੀ ਸੀ ਲੱਗਦਾ,
ਹੁਬਕੀਂ ਹੁਬਕੀਂ ਰੋਵੇ,
ਥਾਂ ਉਸ ਨੂੰ ਕੋਈ ਨਾ ਦਿਸਦੀ
ਜਿੱਥੇ ਜਾ ਖਲੋਵੇ।

ਸ਼ੁੱਧ ਹਵਾ ਦੇ ਕੇ ਕਹੇ
ਵਾਤਾਵਰਨ ਬਚਾਈਏ,
ਪਰ ‘ਪੱਤੋ’ ਮਨੁੱਖ ਗੁਣ ਨਾ ਜਾਣੇ
ਅਸੀਂ ਜਾਨ ਗਵਾਈਏ।
ਸੰਪਰਕ: 94658-21417
* * *

ਪਰਦੇਸੀ ਪੰਜਾਬ

ਕੁਲਜਿੰਦਰ ਕੌਰ ਕੰਗ

ਵਿਦੇਸ਼ ਜਾ ਵਸ ਜਾਣ ਦੀ ਦੌੜ ਨੇ
ਜੋ ਦਿਲ ਨੂੰ ਦਿੱਤਾ ਹੁਲਾਰਾ ਏ,
ਪੈਸੇ ਕਮਾਉਣ ਦੇ ਲਾਲਚ ਵੱਸ
ਪੰਜਾਬ ਪਰਦੇਸੀ ਹੋ ਗਿਆ ਸਾਰਾ ਏ

ਖੇਤੀ ਸੰਦਾਂ ਦੀ ਕੋਈ ਬਾਤ ਨਾ ਪੁੱਛੇ,
ਜ਼ਮੀਨਾਂ ਸਭ ਜਾ ਗਹਿਣੇ ਧਰੀਆਂ,
ਤੌੜਾਂ ਦੇ ਵਿੱਚ ਰੌਣਕ ਨੂੰ ਤਰਸਣ,
ਜੋ ਡੇਕਾਂ ਟਾਹਲੀਆਂ ਖੜ੍ਹੀਆਂ

ਇੱਥੇ ਕਿੱਲਿਆਂ ਦੇ ਮਾਲਕ ਸੀ,
ਉੱਥੇ ਰਹੇ ਸਦਾ ਰੈਂਟ ਥੁੜਿਆ,
ਪੰਜਾਬ ਦੇ ਪਿੰਡ ਖਾਲੀ ਕਰ ਗਈ ਜਵਾਨੀ,
ਅੱਜ ਤੱਕ ਨਾ ਕੋਈ ਪਿੰਡ ਮੁੜਿਆ
* * *

ਕੌਤਕ

ਗੁਰਜੋਧ ਕੌਰ

ਸੋਚ ਤੋਂ ਪਰ੍ਹੇ ਅਸਾਂ ਨੂੰ ਮਾਣ ਬਖ਼ਸ਼ਿਆ,
ਰਮ ਰੂਹ ’ਚ, ਖੁਦਾਈ ਓਸ ਆਪ ਕੀਤੀ।

ਰਹਿਮਤਾਂ ਤੋਂ ਪਾਰ ਸਾਡੀ ਝਾਤ ਹੈ ਨਹੀਂ,
ਸਾਡੀ ਸਜ਼ਾ ਉਸ ਮੁਆਫ਼ ਖ਼ੁਦ ਆਪ ਕੀਤੀ!

ਖਾਲੀ ਤੁਰੇ ਸਾਂ, ਅੰਗ-ਸੰਗ ਜਾਣ ਉਸ ਨੂੰ,
ਝੋਲੀ ਭਰਨ ਦੀ ਰਸਮ ਉਸ ਆਪ ਕੀਤੀ!

ਮੂੰਹੋਂ ਨਿਕਲੇ ਹਰਫ਼ ਹੋ ਗਏ ਸੋਨ ਰੰਗੇ
ਖੇਡ ਕੌਤਕ, ਦੀ ਜੋਧ! ਉਸ ਬਾਤ ਕੀਤੀ!

Advertisement
Author Image

joginder kumar

View all posts

Advertisement