For the best experience, open
https://m.punjabitribuneonline.com
on your mobile browser.
Advertisement

ਗ਼ਜ਼ਲ

08:55 AM Sep 19, 2024 IST
ਗ਼ਜ਼ਲ
Advertisement

ਜਗਤਾਰ ਸਕਰੌਦੀ

Advertisement

ਕਿਹੜੇ ਬੁਰੇ ਵਕਤ ਖੌਰੇ ਦੁਆਵਾਂ ਭੇਜ ਹੋ ਗਈਆਂ।
ਦੀਵੇ ਬੁਝਣ ਜੋ ਲੱਗੇ ਨੇ ਹਵਾਵਾਂ ਤੇਜ਼ ਹੋ ਗਈਆਂ।

Advertisement

ਬਹੁਤ ਭੱਜਿਆ ਮੈਂ ਕਿ ਵਕਤ ਦੇ ਨਾਲ ਰਲ ਜਾਵਾਂ,
ਜਿੰਨਾ ਤੇਜ਼ ਭੱਜਿਆ ਇਹ ਰਾਹਵਾਂ ਤੇਜ਼ ਹੋ ਗਈਆਂ।

ਸੁਪਨੇ ’ਚ ਵੇਖਿਆ ਰਾਤੀਂ ਮੈਂ ਜਦ ਪੰਜਾਬ ਨੂੰ,
ਘਬਰਾ ਕੇ ਉੱਠ ਬੈਠਿਆ ਸਾਹਵਾਂ ਤੇਜ਼ ਹੋ ਗਈਆਂ।

ਉਨ੍ਹਾਂ ਦੇਖ ਲਿਆ ਮੈਨੂੰ ਕੱਲ੍ਹ ਗਲੀ ਚੋਂ ਲੰਘਦੇ,
ਨਜ਼ਰਅੰਦਾਜ ਵੀ ਕੀਤਾ ਨਿਗਾਵਾਂ ਤੇਜ਼ ਹੋ ਗਈਆਂ।

ਅੰਦਰ ਹੱਕ ਮੰਗਣ ਵਾਲੇ ਬਾਹਰ ਨੇ ਲੁੱਟਣ ਵਾਲੇ,
ਉਂਝ ਸੁਣਨ ’ਚ ਸੁਣੀਂਦਾ ਸਜ਼ਾਵਾਂ ਤੇਜ਼ ਹੋ ਗਈਆਂ।

ਰਾਂਝੇ ਜਿਸਮਾਂ ਦੇ ਭੁੱਖੇ ਤੇ ਹੀਰਾਂ ਦੀ ਦੌੜ ਦੌਲਤਾਂ,
ਅੱਜਕੱਲ੍ਹ ਇਸ਼ਕ ਦੇ ਕਿੱਸੇ ਵਫ਼ਾਵਾਂ ਤੇਜ਼ ਹੋ ਗਈਆਂ।

ਸ਼ਬਦਾਂ ਨਾਲ ਬਣਾਕੇ ਰੱਖ ‘ਜਗਤਾਰ’ ਜੇ ਤੂੰ ਸ਼ਾਇਰ,
ਸੁਣ ਸ਼ਾਇਰਾ ਗ਼ਜ਼ਲਾਂ ਤੇ ਕਵਿਤਾਵਾਂ ਤੇਜ਼ ਹੋ ਗਈਆ।
ਸੰਪਰਕ: 94630-36033
* * *

ਦੁਨੀਆ

ਹਰਜਿੰਦਰ ਸੰਧੂ ਰਾਜਲਹੇੜੀ

ਜਦੋਂ ਕਿਸੇ ਦਾ ਹੋ ਨੁਕਸਾਨ ਜਾਏ।
ਫਸ ਮੁਸੀਬਤ ਦੇ ਵਿੱਚ ਜਾਨ ਜਾਏ।
ਤੋੜ ਕਿਸੇ ਦਾ ਕੋਈ ਸਨਮਾਨ ਜਾਏ,
ਫਿਰ ਉਦੋਂ ਦੁਨੀਆ ਹੱਸਦੀ ਆ,
ਬਈ ਉਦੋਂ ਦੁਨੀਆ ਹੱਸਦੀ ਆ।

ਜਦੋਂ ਧੀ ਕਿਸੇ ਦੀ ਉਧਲ ਜਾਏ।
ਗੱਲ ਕਰਦਾ ਫਸ ਕੋਈ ਚੁਗਲ ਜਾਏ।
ਬੰਦਾ ਝੂਠਾ ਮੂੰਹੋਂ ਸੱਚ ਉਗਲ ਜਾਏ,
ਫਿਰ ਉਦੋਂ...

ਜਦੋਂ ਚੜ੍ਹੀ ਹੋਈ ਗੁੱਡੀ ਉੱਤਰ ਜਾਏ।
ਕਰ ਕੌਲ-ਕਰਾਰ ਕੋਈ ਮੁੱਕਰ ਜਾਏ।
ਵਿਕ ਖੇਤ ਦੀ ਕੋਈ ਨੁੱਕਰ ਜਾਏ,
ਫਿਰ ਉਦੋਂ...

ਜਦੋਂ ਪੈਸਾ ਲੈ ਕੋਈ ਦੱਬ ਜਾਏ।
ਬਹੁਤਾ ਸਿਆਣਾ ਬੰਦਾ ਠੱਗ ਜਾਏ।
ਮੁਖੀ ਖਾੜੇ ਦਾ ਪਿੱਠ ਦਿਖਾ ਭੱਜ ਜਾਏ,
ਫਿਰ ਉਦੋਂ...

ਜਦੋਂ ਦੋਸਤ, ਦੁਸ਼ਮਣ ਬਣ ਜਾਏ।
‘ਰਾਜਲਹੇੜੀ’ ਕਿਸੇ ਨਾਲ ਠਣ ਜਾਏ।
‘ਸੰਧੂ’ ਇੱਜ਼ਤ ਕਿਸੇ ਦੀ ਛਣ ਜਾਏ,
ਫਿਰ ਉਦੋਂ...
ਸੰਪਰਕ: 94634-63547
* * *

ਤੇਰੀ ਯਾਦ ਦੇ ਦੁਆਰੇ

ਹਰਸਿਮਰਤ ਸਿੰਘ

ਰੋਜ਼ ਚੱਲਦਾ ਹਾਂ
ਰੁਕਦਾ ਹਾਂ
ਥੱਕਦਾ ਹਾਂ
ਆਖਿਰ ਪਹੁੰਚ ਜਾਂਦਾ ਹਾਂ
ਤੇਰੀ ਯਾਦ ਦੇ ਦੁਆਰੇ।

ਮਨ ਏ ਕਮਲਾ
ਹੈ ਦੁਬਿਧਾ ਅੰਦਰ
ਸੋਚਦਾ ਏ
ਮਰੇ ਘੁਟ-ਘੁਟ
ਜਾਂ ਪੀਵੇ ਹੰਝੂ ਖਾਰੇ।

ਯਾਦ ਤੇਰੀ ਏ
ਰਹਿਮ ਤੋਂ ਹੀਣੀ
ਰੱਤ ਦੀ ਪਿਆਸੀ
ਕਰਦੀ ਜ਼ੁਲਮ ਏ
ਸੂਲੀ ਗ਼ਮਾਂ ਦੀ ਚਾੜ੍ਹੇ।

ਤੇਰੀ ਮੂਰਤ
ਬੜੀ ਖ਼ੂਬਸੂਰਤ
ਆ ਕੇ ਵਿੱਚ ਸੁਫ਼ਨਿਆਂ
ਅਗਨ ਬਲ਼ਦੇ ਦਿਲ ਦੀ
ਕੁਝ ਪਲ ਲਈ ਠਾਰੇ।

ਰੁੱਤ ਵਿਛੋੜੇ ਵਾਲੀ
ਆਈ ਏ
ਦਿਲ ਦੀ ਸੁਹਲ ਧਰਤ ’ਤੇ
ਪਾਲੇ ਫੁੱਲ ਅਰਮਾਨਾਂ ਨਾਲ
ਇੱਕ ਨਿਮਖ਼ ਵਿੱਚ ਝਾੜੇ।

ਤੇਰੇ ਬਾਅਦ
ਹਰ ਇੱਕ ਰਾਤ
ਬਿਤਾਈ ਕਿੰਞ
ਕੋਈ ਨਾ ਜਾਣਦਾ
ਗਵਾਹ ਨੇ ਅੰਬਰ ਦੇ ਤਾਰੇ।

ਤੇਰੇ ਸਿਵੇ ਦੀ ਰਾਖ਼ ਵਾਂਙ
ਸੁਲਗ਼ ਰਿਹਾ ਏ ਦਿਲ
ਦਿਨ ਢਲੇ
ਸ਼ਾਮ ਪਈ ’ਤੇ
ਮਨ ਤੈਨੂੰ
ਰੂਹ ਤੇਰੇ ਪਿਆਰ ਨੂੰ ਪੁਕਾਰੇ।

ਰੋਜ਼ ਚੱਲਦਾ ਹਾਂ
ਰੁਕਦਾ ਹਾਂ
ਥੱਕਦਾ ਹਾਂ
ਆਖਿਰ ਪਹੁੰਚ ਜਾਂਦਾ ਹਾਂ
ਤੇਰੀ ਯਾਦ ਦੇ ਦੁਆਰੇ।

ਮਨ ਹੈ ਕਮਲਾ
ਹੈ ਦੁਬਿਧਾ ਅੰਦਰ
ਸੋਚਦਾ ਹੈ
ਮਰੇ ਘੁਟ-ਘੁਟ
ਜਾਂ ਪੀਵੇ ਹੰਝੂ ਖਾਰੇ।
ਸੰਪਰਕ: 94786-50013
* * *

ਗ਼ਜ਼ਲ

ਅੰਮ੍ਰਿਤਪਾਲ ਸਿੰਘ ਸੰਧੂ

ਤੇਰੇ ਇਸ ਸ਼ਹਿਰ ਵਿੱਚ ਉਂਝ ਮੈਂ ਜ਼ਿਆਦਾ ਘਰ ਨਹੀਂ ਦੇਖੇ
ਜੋ ਦੇਖੇ ਨੇ ਉਨ੍ਹਾਂ ਵਿੱਚ ਵੀ ਝਰੋਖੇ ਦਰ ਨਹੀਂ ਦੇਖੇ

ਬਿਨਾਂ ਜੜ੍ਹ ਤੋਂ ਖੜ੍ਹੇ ਰੁੱਖ ਨੇ ਇਸੇ ਲਈ ਛਾਂ ਨਹੀਂ ਖਬਰੇ
ਜੋ ਪੰਛੀ ਆਲ੍ਹਣੇ ਵਿੱਚ ਨੇ ਉਨ੍ਹਾਂ ਦੇ ਪਰ ਨਹੀਂ ਦੇਖੇ

ਬੜੀ ਸਹਿਮੀ ਹਵਾ ਚਲਦੀ ਹਰ ਇੱਕ ਝੋਂਕਾ ਜਿਵੇਂ ਨਾਬਰ
ਮੈਂ ਹਾਉਕਾ ਕੀ ਲਵਾਂ ਪੂਰੇ ਕਦੇ ਸਾਹ ਭਰ ਨਹੀਂ ਦੇਖੇ

ਕਦੇ ਸੁਪਨੇ ’ਚ ਕੰਡੇ ਨੇ ਕਦੇ ਰੇਤਾ ਕਦੇ ’ਨ੍ਹੇਰੀ
ਨਾ ਪਾਣੀ ਰੁੱਖ ਲਹਿਰ ਮੋਤੀ ਕਦੇ ਸਾਗਰ ਨਹੀਂ ਦੇਖੇ

ਹਮੇਸ਼ਾ ਠੀਕ ਹਾਂ ਕਿ ਨਹੀਂ ਤੇਰੇ ਉੱਤਰ ਛੁਪਾ ਲੈਂਦੇ
ਮਿਲੇ ਜਿੰਨੇ ਤੇਰੇ ਐਪਰ ਮੈਂ ਓਨੇ ਪਰ ਨਹੀਂ ਦੇਖੇ

ਕਲੀ ਡਰਦੀ ਡਰੇ ਭੌਰੇ ਬਹਾਰਾਂ ਤੇ ਖਿਜ਼ਾਵਾਂ ਵੀ
ਮੈਂ ਐਨੇ ਦੂਰ ਤੱਕ ਪਸਰੇ ਕਿਤੇ ਵੀ ਡਰ ਨਹੀਂ ਦੇਖੇ
ਸੰਪਰਕ: 94649-29718
* * *

ਪਿੰਡ ਭੁਲਾਈ ਜਾਂਦੇ ਹਾਂ

ਪੋਰਿੰਦਰ ਸਿੰਗਲਾ

ਆਲ੍ਹਣਿਆਂ ਨੂੰ ਛੱਡ ਕੇ, ਪਿੰਡ ਭੁਲਾਈ ਜਾਂਦੇ ਹਾਂ,
ਘੁਰਨਿਆਂ ਅੰਦਰ, ਪੱਥਰ ਖ਼ੂਬ ਲਗਾਈ ਜਾਂਦੇ ਹਾਂ।
ਮੋਹ ਪਿਆਰ ਦੇ ਰਿਸ਼ਤੇ, ਅੰਦਰੋਂ ਖਾਲੀ ਢੋਲ ਬਣੇ,
ਪੈਸਿਆਂ ਪਿੱਛੇ ਖ਼ੂਨ ਦਾ ਰੰਗ ਵਟਾਈ ਜਾਂਦੇ ਹਾਂ।

ਆਧੁਨਿਕਤਾ ਦੇ ਰੰਗ ਚ ਰੰਗ ਕੇ, ਹੀਰੋ ਬਣਦੇ ਹਾਂ,
ਰੀਸੋ ਰੀਸੀ ਜੁਆਕ ਜਹਾਜ਼ ਚੜ੍ਹਾਈ ਜਾਂਦੇ ਹਾਂ।
ਹਵਾ ’ਚ ਉੱਡੇ ਫਿਰਦੇ ਆਂ, ਘੁੱਟ ਲਾਲ ਪਰੀ ਪੀ ਕੇ,
ਕਾਲੀ ਮਾਈ, ਚਿੱਟੇ ਦੇ ਕਸ਼ ਲਾਈ ਜਾਂਦੇ ਹਾਂ।

­ਆਲੀਸ਼ਾਨ ਬਣਾ ਲਏ ਬੰਗਲੇ, ਵੇਚ ਜ਼ਮੀਨਾਂ ਨੂੰ,
ਤਾਲੇ ਲਾ ਕੇ, ਡਾਲਰ ਖ਼ੂਬ ਕਮਾਈ ਜਾਂਦੇ ਹਾਂ।
ਸਾਡੇ ਸਿਰਾਂ ’ਤੇ ਸਾਡੀਆਂ ਜੁੱਤੀਆਂ ਮਾਰ ਕੇ ਜਾਂਦਾ ਹੈ,
ਵੋਟਾਂ ਮੁੜ ਮੁੜ ਓਸੇ ਨੂੰ ਹੀ ਪਾਈ ਜਾਂਦੇ ਹਾਂ।
ਸੰਪਰਕ: 95010-00276
* * *

ਧੀਆਂ

ਬਲਜਿੰਦਰ ਮਾਨ

ਜਦੋਂ ਘਰ ਵਿੱਚ ਪੈਰ ਪਾਉਣ ਧੀਆਂ
ਖ਼ੁਸ਼ੀਆਂ ਖੇੜੇ ਨਾਲ ਲਿਆਉਣ ਧੀਆਂ।
ਪੁੱਤ ਕਪੁੱਤ ਤਾਂ ਕਦੀ ਹੋ ਸਕਦੇ
ਮਾਪਿਆਂ ਦਾ ਦਰਦ ਵੰਡਾਉਣ ਧੀਆਂ।

ਜਦੋਂ ਖ਼ੁਸ਼ੀਆਂ ਦੇ ਘਰ ਆਉਣ ਮੌਕੇ
ਰਲ ਮਿਲਕੇ ਆਨੰਦ ਵਧਾਉਣ ਧੀਆਂ
ਨਰੋਈ ਸੋਚ ਤੇ ਉੱਚੀਆਂ ਕਰਨ ਗੱਲਾਂ
ਇੱਥੇ ਉੱਥੇ ਵੀ ਸ਼ਾਨ ਵਧਾਉਣ ਧੀਆਂ।

ਸਹੁਰੇ ਜਾ ਕੇ ਨਵਾਂ ਉਹ ਜਨਮ ਲੈਵਣ
ਨਵਾਂ ਰੰਗ ਤੇ ਰੂਪ ਹੰਢਾਉਣ ਧੀਆਂ
ਜੀਵਨ ਵਿੱਚ ਤਿਆਗ ਦੀ ਬਣ ਮੂਰਤ
ਖੇੜੇ ਘਰਾਂ ਦੇ ਵਿੱਚ ਵਰਤਾਉਣ ਧੀਆਂ।

ਧੀਆਂ ਬਾਝ ਹੈ ‘ਮਾਨਾ’ ਜਗ ਸੁੰਨਾ
ਭਲੇ ਬੁਰੇ ਦੀ ਸਮਝ ਕਰਾਉਣ ਧੀਆਂ
ਦੋਨਾਂ ਪਰਿਵਾਰਾਂ ਦੀ ਆਨ ਤੇ ਸ਼ਾਨ ਬਣਕੇ
ਸਦਾ ਜਗ ’ਤੇ ਨਾਮ ਰੁਸ਼ਨਾਉਣ ਧੀਆਂ।
ਸੰਪਰਕ: 98150-18947
* * *

ਦੋਹੇ

ਨਿਰਮਲ ਸਿੰਘ ਰੱਤਾ

ਆਲ਼ੇ ਭੋਲ਼ੇ ਲਾਡਲੇ ਤੁਰਦੇ ਜਾਣ ਸਕੂਲ
ਆਖਣ ਚਾਨਣ ਲੱਭਣਾਂ ’ਨ੍ਹੇਰਾ ਨਹੀਂ ਕਬੂਲ।

ਜਗਦੀ ਜੋਤ ਗਿਆਨ ਦੀ ਚੱਲ ਸਕੂਲੇ ਵੇਖ
ਜੋਤ ਏਸ ਨੂੰ ਵੇਖ ਕੇ ਬਦਲ ਜਾਣਗੇ ਲੇਖ।

ਫੜ ਕੇ ਕਲ਼ਮ ਦਵਾਤ ਤੂੰ ਅੱਖਰ ਲਿਖਦਾ ਚੱਲ
ਸੂਰਜ ਬਣ ਬਣ ਅੱਖਰਾਂ ਰੌਸ਼ਨ ਕਰਨਾ ਕੱਲ੍ਹ।

ਅੱਖਰ ਅੱਖਰ ਬੋਲ ਕੇ ਕਲਮ ਚਲਾਉਣੀ ਸਿੱਖ
ਕਰ ਤੂੰ ਮਿਹਨਤ ਰੱਜਵੀਂ ਸੁੰਦਰ ਬਣੂੰ ਭਵਿੱਖ।

ਬਾਲਾਂ ਹੱਥੀਂ ਜਾਪਦੀ ਕਲਮ ਜਿਉਂ ਸ਼ਮਸ਼ੀਰ
ਅਨਪੜ੍ਹਤਾ ਦਾ ਟਾਕਰਾ ਕਰਦੇ ਨੰਨ੍ਹੇ ਵੀਰ।

ਆਖੇ ਮਾਂ ਨੂੰ ਲਾਡਲੀ ਕੀ ਮੈਂ ਕਰਨਾ ਦਾਜ
ਗਹਿਣਾ ਇੱਕੋ ਮੰਗਦੀ ਦੇ ਵਿਦਿਆ ਦਾ ਤਾਜ।

ਅੱਖਰ ’ਵਾਜਾਂ ਮਾਰਦੇ ਅੱਖਰ ਕਰਨ ਕਲੋਲ
ਆਵੋ ਬੀਬੇ ਬੱਚਿਓ ਬੋਲੋ ਮਿਠੜੇ ਬੋਲ।

ਰਲ਼ ਮਿਲ਼ ਆਪਾਂ ਰੱਖਣਾ ਆਲ ਦੁਆਲਾ ਸਾਫ਼
ਜਿਹੜੇ ਪਾਉਂਦੇ ਗੰਦਗੀ ਕਰੋ ਕਦੇ ਨਾ ਮਾਫ਼।

ਤੋਹਫ਼ਾ ਸਭ ਤੋਂ ਕੀਮਤੀ ਹੁੰਦੀ ਇੱਕ ਕਿਤਾਬ
ਸਾਰੀ ਉਮਰ ਪੁਆਂਵਦੀ ਝੋਲੀ ਵਿੱਚ ਖ਼ਿਤਾਬ
* * *

ਮਾਏ

ਮੰਜੂ ਰਾਇਕਾ

ਕਿਉਂ ਤੂੰ ਮੇਰੀ ਖਾਤਰ
ਮਾਏ ਆਪਣੇ ਸੁਪਨੇ ਮਾਰ ਗਈ
ਤੂੰ ਦੁਨੀਆ ਨੂੰ ਜਿੱਤ ਲੈਂਦੀ
ਇੱਕ ਮੇਰੇ ਕਰਕੇ ਹਾਰ ਗਈ
ਤੇਰੀ ਮਮਤਾ ਬੜੀ ਪਿਆਰੀ ਮਾਏ
ਜੋ ਸੂਰਜ ਨੂੰ ਵੀ ਠਾਰ ਗਈ
ਕੁਦਰਤ ਭਰੇ ਗਵਾਹੀ ਤੇਰੀ
ਤੂੰ ਦੁਨੀਆ ਨੂੰ ਤਾਰ ਗਈ
ਅਸਾਂ ਰਹਾਂਗੇ ਸ਼ੁਕਰਗੁਜ਼ਾਰ ਮਾਏ
ਦੱਸ ਕਿਵੇਂ ਸਭ ਸਹਾਰ ਗਈ
ਤੂੰ ਦੁੱਖ ਨਾ ਆਪਣੇ ਦੱਸਦੀ ਮਾਏ
ਮੈਂ ਠੀਕ ਕਹਿ ਕੇ ਚੁੱਪ ਧਾਰ ਗਈ
ਤੇਰੀ ਮਮਤਾ ਕੋਈ ਨਾ ਲਿਖ ਸਕਦਾ
ਮਾਂ ਨਿਆਰੀ ਹੁੰਦੀ ਜਗ ਤੋਂ
ਇਹ ਕਹਿ ਕੇ ਮੰਜੂ ਸਾਰ ਗਈ
ਸੰਪਰਕ: 76260-53712
* * *

ਮਮਤਾ ਦਾ ਮੁੱਲ

ਜਸਵੀਰ ਸਿੰਘ ਭਲੂਰੀਆ

ਹੈ ਗੱਲ ਵਿਚਾਰਨ ਵਾਲੀ ਦੱਸ ਤੂੰ ਕਦੋਂ ਵਿਚਾਰੇਂਗਾ
ਮਾਂ ਦੀ ਮਮਤਾ ਦਾ ਮੁੱਲ ਦੱਸ ਤੂੰ ਕਿਵੇਂ ਉਤਾਰੇਂਗਾ

ਗਰਭ ਕਾਲ ਵਿੱਚ ਕਿੰਨੇ ਕਸ਼ਟ ਮਾਂ ਨੇ ਕੱਟੇ ਨੇ
ਔਲਾਦ ਲਈ ਸਵਾਦ ਤਿਆਗੇ ਮਿੱਠੇ-ਖੱਟੇ ਨੇ
ਮਾਂ ਤਾਂ ਸੋਚਦੀ ਹੋਣੀ ਮਾਂ ਤੋਂ ਜਾਨ ਤੂੰ ਵਾਰੇਂਗਾ
ਮਾਂ ਦੀ ਮਮਤਾ ਦਾ ਮੁੱਲ...

ਸਭ ਤੋਂ ਪਹਿਲਾਂ ਉੱਠ ਕੇ ਸਭ ਤੋਂ ਪਿੱਛੋਂ ਸੌਂਦੀ ਰਹੀ
ਆਪ ਭੁੱਖੀ ਰਹਿ ਤੇਰੇ ਮੂੰਹ ਵਿੱਚ ਚੂਰੀ ਪਾਉਂਦੀ ਰਹੀ
ਕੀ ਪਤਾ ਸੀ ਮਾਂ ਨੂੰ ਮਾਂ ਨਹੀਂ ‘ਬੁੜੀ’ ਪੁਕਾਰੇਂਗਾ
ਮਾਂ ਦੀ ਮਮਤਾ ਦਾ ਮੁੱਲ...

ਨਾ ਕੁਝ ਖਾਧਾ, ਨਾ ਪਹਿਨਿਆ, ਜਿਉਂਈ ਮਰ ਮਰ ਕੇ
ਤੈਨੂੰ ਮਾਂ ਨੇ ਮਸਾਂ ਪਾਲਿਆ ਕਿਰਸਾਂ ਕਰ ਕਰ ਕੇ
ਮਾਂ ਕੀ ਜਾਣੇ ਵੱਡਾ ਹੋ ਕੇ ਤੂੰ ਜਿਉਂਦੀ ਮਾਰੇਂਗਾ
ਮਾਂ ਦੀ ਮਮਤਾ ਦਾ ਮੁੱਲ...

ਜਿਨ੍ਹਾਂ ਦੇ ਪੁੱਤ ਸਲਾਮਤ ਉਹ ਮਾਪੇ ਧੱਕੇ ਖਾਣ ਕਿਉਂ
ਬਿਰਧ ਆਸ਼ਰਮਾਂ ਵਿੱਚ ਭਲਾ ਉਹ ਮਾਪੇ ਜਾਣ ਕਿਉਂ
ਬੰਦਿਆ ਅਮਲ ਕਰੇਂਗਾ ਜਾਂ ਗੱਲਾਂ ਨਾਲ ਸਾਰੇਂਗਾ
ਮਾਂ ਦੀ ਮਮਤਾ ਦਾ ਮੁੱਲ...

ਭਲੂਰੀਆ ਅਰਜ਼ਾਂ ਕਰਦਾ ਠੰਢੇ ਮਨ ਨਾਲ ਸੋਚ ਲਵੋ
ਅਣਮੁੱਲਾ ਹੈ ਇਹ ਖ਼ਜ਼ਾਨਾ ਖੁੱਸਦਾ ਜਾਂਦਾ ਬੋਚ ਲਵੋ
ਜਦ ਮਾਂ ਤੁਰਗੀ ਹੱਥ ਭਲੂਰੀਆ ਪੱਟਾਂ ’ਤੇ ਮਾਰੇਂਗਾ
ਮਾਂ ਦੀ ਮਮਤਾ ਦਾ ਮੁੱਲ...
ਸੰਪਰਕ: 99159-95505
* * *

ਗ਼ਜ਼ਲ

ਰੋਜ਼ੀ ਸਿੰਘ

ਇਹੋ ਜਿਹੀ ਕਿਸੇ ਨੂੰ ਮੁਹੱਬਤ ਨਾ ਹੋਵੇ,
ਕਿ ਦੋ ਪਲ਼ ਜੀਣ ਦੀ ਮੋਹਲਤ ਨਾ ਹੋਵੇ।

ਜਿਸ ਲਈ ਪੈ ਜਾਵੇ ਸੂਲੀ ’ਤੇ ਚੜ੍ਹਨਾ,
ਕੋਈ ਇਸ ਤਰ੍ਹਾਂ ਦੀ ਜ਼ਰੂਰਤ ਨਾ ਹੋਵੇ।

ਨਜ਼ਰਾਂ ’ਚੋਂ ਡਿੱਗ ਜਾਂਦੇ ਬੇਨਜ਼ੀਰ ਬੰਦੇ,
ਨਜ਼ਰਾਂ ਦੀ ਜੇਕਰ ਇਨਾਇਤ ਨਾ ਹੋਵੇ।

ਗ਼ੁਰਬਤ ਦਾ ਵਿਹੜਾ ਕਿਆਮਤ ਤੋਂ ਭੈੜਾ,
ਗ਼ਰੀਬਾਂ ਦੇ ਵਿਹੜੇ ਕਿਆਮਤ ਨਾ ਹੋਵੇ।

ਤੇਰੇ ਪਿਆਰ ਏਨਾ ਮੈਂ ਮਸ਼ਰੂਫ ਹੋ ਜਾਵਾਂ
ਕਿ ਮੈਨੂੰ ਮਰਨ ਦੀ ਵੀ ਫੁਰਸਤ ਨਾ ਹੋਵੇ।

ਓਹ ਖ਼ਾਬਾਂ ’ਚ ਆਵੇ ਤੇ ਮੈਂ ਜਾਗ ਜਾਵਾਂ,
ਏਨੀ ਵੀ ਮਾੜੀ ਇਹ ਕਿਸਮਤ ਨਾ ਹੋਵੇ।
ਸੰਪਰਕ: 99889-64633

Advertisement
Author Image

joginder kumar

View all posts

Advertisement