ਗ਼ਜ਼ਲ
ਜਗਜੀਤ ਗੁਰਮ
ਨ੍ਹੇਰੇ ਦੇ ਹੱਕ ਵਿੱਚ ਹੋ ਗਿਆ ਸਾਰਾ ਹੀ ਨਿਜ਼ਾਮ ਹੈ
ਸੂਰਜ ਉੱਤੇ ਰਾਤਾਂ ਦੇ ਕਤਲ ਦਾ ਇਲਜ਼ਾਮ ਹੈ।
ਜੁਗਨੂੰਆਂ ਨੂੰ ਬਣਾਉਣੇ ਪੈਣਗੇ ਲੰਬੇ ਕਾਫ਼ਲੇ
ਕਾਲ਼ੀ ਰਾਤ ’ਚ ਜੋ ਬਦਲਦੀ ਜਾ ਰਹੀ ਇਹ ਸ਼ਾਮ ਹੈ।
ਜੇਕਰ ਇਨਸਾਫ਼ ਲੈਣਾ ਚਾਹੁੰਦੇ ਹੋ ਇਸ ਕਤਲ ਦਾ
ਲਾਸ਼ ਨੂੰ ਚੌਂਕ ’ਚ ਰੱਖ ਕੇ ਲਾਉਣਾ ਪੈਣਾ ਜਾਮ ਹੈ।
ਉਹ ਸੋਚਦੇ ਸਨ ਕਿਸੇ ਨੂੰ ਖ਼ਬਰ ਨਹੀਂ ਉਨ੍ਹਾਂ ਬਾਰੇ
ਪਰ ਉਨ੍ਹਾਂ ਦਾ ਚਰਚਾ ਤਾਂ ਹਰ ਪਾਸੇ ਆਮ ਹੈ।
ਮੈਂ ਤਾਂ ਚਲਾ ਗਿਆ ਸੀ ਉਸ ਦੀ ਜ਼ਿੰਦਗੀ ਵਿੱਚੋਂ, ਪਰ
ਨਵੇਂ ਪਤੇ ਉੱਤੇ ਪੁੱਜ ਗਿਆ ਉਸ ਦਾ ਪੈਗ਼ਾਮ ਹੈ।
ਜ਼ਖ਼ਮੀ ਕਰ ਜਦ ਪੁੱਛਣ ਆਇਆ ਉਹ ਹਾਲ ਮੇਰਾ
ਮੈਂ ਵੀ ਹੱਸ ਕੇ ਜੇ ਕਹਿ ਦਿੱਤਾ ਬਹੁਤ ਅਰਾਮ ਹੈ।
ਦੂਜੇ ਦੀ ਲੋੜ ਵੀ ਵਾਧੂ ਲੱਗਦੀ ਹੈ ਸਾਨੂੰ
ਆਪਣੀ ਖੁਆਹਿਸ਼ ਉੱਤੇ ਵੀ ਲੱਗਦੀ ਨਾ ਲਗਾਮ ਹੈ।
ਸੰਪਰਕ: 99152-64836
ਗ਼ਜ਼ਲ
ਅਮਨ ਦਾਤੇਵਾਸੀਆ
ਵਾਓ ਨੇ ਹੜੱਪ ਲਈ, ਜਗਾ ਹੁਣ ਵਾਹ ਦੀ।
ਹਾਂ, ਹੂੰ ਵੀ ਭੇਟ ਚੜ੍ਹ ਗਏ ਨੇ ਹੁਣ ਯਾਹ ਦੀ।
ਉਹ, ਏਥੇ ਹੀ ਹੈਗਾ ਜਾਂ ਏਥੇ ਹੀ ਮੌਜੂਦ ਹੈ,
ਧੁਨ ਹੈ ਸੁਣਾਈ ਦਿੰਦੀ ‘ਉਹ’ ਹੈਗਾ ਗਾ ਦੀ।
ਪਾਪਾ ਜੀ, ਪਿਤਾ ਜੀ ਭਲਾ ਹੁਣ ਕੌਣ ਬੋਲਦਾ,
ਤੂਤੀ ਹੋਵੇ ਬੋਲਦੀ, ਜਦੋਂ ਸ਼ਬਦ ‘ਪਾ’ ਦੀ।
ਨੇਰਾ ਹੋਇਆ ਕੋਈ ਜਣਾ ਬੱਤੀ ਨੂੂੰ ਜਗਾਓ,
ਆਖਦਾ ਏ ਯੂਵੀ, ਦਾਦੂ ਕੈਂਡਲ ਜਲਾ ਦੀ।
ਸਤਿ ਸ੍ਰੀ ਅਕਾਲ ਜੀ ਨਾਲ਼ੇ ਮੱਥਾ ਟੇਕਦਾਂ,
‘ਹਾਏ’ ਨੇ ਤਾਂ ਅਦਬ ਬਣਾਤੀ ਬੇਸੁਆਦੀ।
ਪਤੇ ਦੀ ਹੈ ਗੱਲ, ਕਿਸੇ ਕੋਲ ਨਹੀਂ ਕਰਨੀ,
ਸੌਰੀ ਬੜੇ ਪਾਪਾ ਸੌਰੀ, ਮੈਨੇ ਤੋ ਬਤਾ ਦੀ।
ਘਰ ਇੱਕ ਬਾਈ ਰੱਖੀ, ਸਾਫ਼-ਸਫ਼ਾਈ ਨੂੂੰ,
ਘਰਵਾਲ਼ੀ ਪੁੱਛੇ ਉਹਨੂੰ, ਪੋਛਾ ਤੋ ਲਗਾ ਦੀ?
ਮੂਲ ਜੋ ਸ਼ਬਦ ਆਪਾਂ, ਖ਼ੁਦ ਹੀ ਵਿਸਾਰਤੇ,
‘ਅਮਨ’ ਪੰਜਾਬੀ ਬੋਲੀ, ਬੋਲੀ ਹੈ ਖ਼ੁਦਾ ਦੀ।
ਸੰਪਰਕ: 94636-09540
ਕੁਸ਼ਤੀ
ਕੁਲਵਿੰਦਰ ਸਿੰਘ ਮਲੋਟ
ਧੀਏ!
ਤੂੰ ਕੁਸ਼ਤੀ ਨੂੰ ਅਲਵਿਦਾ ਕਹਿ ਦਿੱਤਾ ਹੈ-
ਨਮ ਅੱਖਾਂ ਨਾਲ।
ਅੱਖਾਂ ਨਮ ਨਾ ਕਰ।
ਤੂੰ ਜ਼ਿੰਦਗੀ ਦੇ ਘੋਲ ਵਿੱਚ ਪੈਰ ਪੱਕੇ
ਕਰ ਲਏ ਨੇ।
ਜ਼ਿੰਦਗੀ ਦੇ ਘੋਲਾਂ ਦੀ ਕੁਸ਼ਤੀ ਤਾਂ
ਤਾਉਮਰ ਚਲਦੀ ਹੈ।
ਏਥੇ ਉਹ ਮੈਡਲ ਨਹੀਂ ਮਿਲਦੇ
ਜੋ ਡਰਾਇੰਗ-ਰੂਮ ਦਾ ਸ਼ਿੰਗਾਰ ਬਣਦੇ ਨੇ।
ਲੋਕਾਂ ਦੇਖਿਆ ਹੈ ਕਿ
ਨਵੀਂ ਇਮਾਰਤ
ਉਦਘਾਟਨੀ ਸਮਾਰੋਹ ’ਤੇ ਹੀ
ਸ਼ਰਮਿੰਦਾ ਹੋ ਰਹੀ ਸੀ।
ਜਦ ਤੇਰੇ ਹੱਥ ਵਿਚਲੇ ਤਿਰੰਗੇ ਨੂੰ
ਦੇਸ਼ ਦੇ ‘ਰਾਖਿਆਂ’ ਵੱਲੋਂ ਪੈਰਾਂ ਥੱਲੇ
ਕੁਚਲਿਆ ਜਾ ਰਿਹਾ ਸੀ।
ਯਾਦ ਰੱਖੀਂ ਧੀਏ!
ਜਿੱਤ ਉਨ੍ਹਾਂ ਲੋਕਾਂ ਦੀ ਨਹੀਂ ਹੁੰਦੀ
ਜੋ ਵੋਟ ਪਰਚੀ ਨਾਲ ਹੋਰਾਂ ਨੂੰ
ਮਾਤ ਪਾ ਦਿੰਦੇ ਨੇ।
ਜਾਂ ਬਾਹੂਬਲ ਨਾਲ ਦਬਾ ਦਿੰਦੇ ਨੇ
ਸੱਚ ਦੀਆਂ ਆਵਾਜ਼ਾਂ ਨੂੰ।
ਕੁਚਲ ਦਿੰਦੇ ਨੇ ਪਰਵਾਜ਼ਾਂ ਨੂੰ।
ਜਿੱਤ ਉਨ੍ਹਾਂ ਲੋਕਾਂ ਦੀ ਹੁੰਦੀ ਹੈ
ਜੋ ਸੰਘਰਸ਼ਾਂ ’ਚ ਹਾਰ ਨਹੀਂ ਮੰਨਦੇ।
ਬੇਸ਼ਕ ਹਾਰਦੇ ਨੇ
ਪਰ ਉਹ ਕਦੇ ਸਿਰੜ ਨਹੀਂ ਹਾਰਦੇ।
‘ਕੁਸ਼ਤੀ’ ਨੂੰ ਅਲਵਿਦਾ ਆਖਦਿਆਂ
ਤੇਰੀਆਂ ਨਮ ਅੱਖਾਂ ਨਾਲ
ਹੋਰ ਲੱਖਾਂ ਅੱਖਾਂ ਨਮ ਹੋਈਆਂ ਨੇ
ਜੋ ਤੇਰੀ ਜਿੱਤ ਦੀ ‘ਸਾਕਸ਼ੀ’ ਭਰਦੀਆਂ ਨੇ।
ਸੰਪਰਕ: 98760-64576