For the best experience, open
https://m.punjabitribuneonline.com
on your mobile browser.
Advertisement

ਗ਼ਜ਼ਲ

08:30 AM Jan 25, 2024 IST
ਗ਼ਜ਼ਲ
Advertisement

ਬਲਵਿੰਦਰ ਬਾਲਮ ਗੁਰਦਾਸਪੁਰ

Advertisement

ਕਦਰ ਸਮੇਂ ਦੀ ਕਰਦੇ ਜਾਉ।
ਡੂੰਘੇ ਸਾਗਰ ਤਰਦੇ ਜਾਉ।

ਬੱਦਲ ਬਣਕੇ ਮਾਰੂਥਲ ’ਤੇ,
ਵਰ੍ਹਦੇ ਜਾਉ ਵਰ੍ਹਦੇ ਜਾਉ।

ਉੱਚੇ-ਉੱਚੇ ਝਰਨੇ ਬਣ ਕੇ,
ਦਰਿਆਵਾਂ ਨੂੰ ਭਰਦੇ ਜਾਉ।

ਛਾਵਾਂ ਦਾ ਵੀ ਆਨੰਦ ਮਾਣੋ,
ਧੁੱਪਾਂ ਨੂੰ ਵੀ ਜਰਦੇ ਜਾਉ।

ਪਰਬਤ ਦੀ ਹਰਿਆਲੀ ਬਣਕੇ,
ਬਰਫ਼ਾਂ ਦੇ ਵਿੱਚ ਠਰਦੇ ਜਾਉ।

ਪਿੱਛੇ ਨੂੰ ਨਹੀਂ ਅੱਗੇ ਵੱਲ ਨੂੰ,
ਪੈਰ ਹਮੇਸ਼ਾ ਧਰਦੇ ਜਾਉ।

ਪਿਆਰ ਮੁਹਬੱਤ ਗਲ ਨਾਲ ਲਾ ਕੇ,
ਨਫ਼ਰਤ ਕੋਲੋਂ ਡਰਦੇ ਜਾਉ।

‘ਬਾਲਮ’ ਪੱਥਰ ਤਰ ਨਹੀਂ ਸਕਦੇ,
ਪੱਥਰਾਂ ਕੋਲੋਂ ਹਰਦੇ ਜਾਉ।
ਸੰਪਰਕ: 98156-25409
* * *

ਆਜ਼ਾਦੀ ਤਾਂ ਬਹਾਨਾ ਬਣ ਗਈ

ਰਵਿੰਦਰ ਲੁਬਾਣਾ
ਜ਼ੁਲਮ ਜ਼ਾਲਮਾਂ ਨੂੰ ਦੇਸ਼ ’ਚੋਂ ਭਜਾਉਣਾ ਸੀ,
ਆਜ਼ਾਦੀ ਤਾਂ ਬਹਾਨਾ ਬਣ ਗਈ।
ਇੱਕ ਰਹੇ ਇੱਕ ਰਹਾਂਗੇ ਜਤਾਉਣਾ ਸੀ,
ਆਜ਼ਾਦੀ ਤਾਂ ਬਹਾਨਾ ਬਣ ਗਈ।

ਸਾਡਾ ਜਸ਼ਨ ਵੀ ’ਕੱਠਾ ਸਾਡਾ ਸੋਗ ਵੀ ਐ ’ਕੱਠਾ
ਰੰਗ ਸਾਂਝ ਵਾਲਾ ਗੂੜ੍ਹਾ ਹੋਵੇ, ਪਾੜਿਆਂ ਦਾ ਮੱਠਾ
ਨੀਲਾ ਹਰ ਹਾਲ ਹੋਣਾ ਕਾਲੇ ‘ਕਾਸ਼ ਵਾਲਾ ਮੱਥਾ
ਥੋੜ੍ਹੀ ਦੇਰ ਵਰ੍ਹ ਜਾਵੇ ਖ਼ੂਨੀ ਬੱਦਲਾਂ ਦਾ ਜਥਾ
ਨਵੀਂ ਸਰਘੀ ਦਾ ਸੂਰਜ ਚੜ੍ਹਾਉਣਾ ਸੀ
ਆਜ਼ਾਦੀ ਤਾਂ ਬਹਾਨਾ ਬਣ ਗਈ।

ਜਿਸ ਧਰਤੀ ਨੂੰ ਸਿੰਜੇ ਖ਼ੂਨ ਵੀਰਾਂ ਅਤੇ ਪੀਰਾਂ
ਧਾਗਾ ਥਾਨ ਜਣ ਜਾਂਦਾ, ਨਹੀਂ ਜਣਦਾ ਉਹ ਲੀਰਾਂ
ਵੱਖ ਧਰਮਾਂ ਤੇ ਜਾਤਾਂ, ਨਾ ਹੀ ਵੱਖ ਨੇ ਸਕੀਰਾਂ
ਸਾਡੇ ਲੋਕ ਗੀਤ ਸਾਂਝੇ ਰਾਂਝੇ ਮਿਰਜ਼ੇ ਤੇ ਹੀਰਾਂ
ਇੱਕ ਤਾਲ ਇੱਕ ਸੁਰ ਨੂੰ ਲਗਾਉਣਾ ਸੀ
ਆਜ਼ਾਦੀ ਤਾਂ ਬਹਾਨਾ ਬਣ ਗਈ।

ਮੇਰਾ ਦੇਸ਼ ਮੇਰੀ ਜਾਨ ਮੇਰੀ ਪਹਿਲੀ ਪਛਾਣ
ਰੱਖੀਂ ਸਭ ਨਾਲੋਂ ਉੱਚੀ ਰਵਿੰਦਰਾ ਤੂੰ ਇਹਦੀ ਸ਼ਾਨ
ਜੀਣ ਨਾਲੋਂ ਪਹਿਲਾਂ ਡਾਢੀ ਮੌਤ ਨੂੰ ਮਨਾਉਣ
ਕੌਮਾਂ ਜ਼ਿੰਦਾ ਹੀ ਉਹ ਰਹਿੰਦੀਆਂ ਜੋ ਡਰਨ ਨਾ ਡਰਾਉਣ
ਹਰ ਸ਼ੈਅ ਨੂੰ ਹੀ ਸੂਰਮਾ ਬਣਾਉਣਾ ਸੀ
ਆਜ਼ਾਦੀ ਤਾਂ ਬਹਾਨਾ ਬਣ ਗਈ।
ਸੰਪਰਕ: 98886-68020
* * *

ਮਾਏ ਨੀ ਮਾਏ

ਕਰਨੈਲ ਅਟਵਾਲ
ਧੀਆਂ ਦੇ ਜੰਮਣ ’ਤੇ ਘਰ ਵਿੱਚ ਮਾਤਮ ਕਿਉਂ ਛਾ ਜਾਏ।
ਦੱਸ ਸਾਰਿਆਂ ਦੇ ਚਿਹਰੇ ’ਤੇ ਉਦਾਸੀ ਕਿਉਂ ਆ ਜਾਏ।
ਕੋਈ ਨਾ ਕੋਈ ਤਾਂ ਦਿਲ ਆਪਣੇ ਦਾ ਭੇਤ ਤੂੰ ਖੋਲ੍ਹ ਨੀ।
ਮਾਏ ਨੀ ਮਾਏ ਆਪਣੇ ਦੁੱਖਾਂ ਵਾਲੀ ਪੰਡ ਫਰੋਲ ਨੀ।
ਮਾਏ ਨੀ ਮਾਏ...

ਧੀਆਂ ਧਨ ਪਰਾਇਆ ਹੁੰਦਾ ਸਾਰਾ ਜੱਗ ਆਖਦਾ ਏ।
ਮਾੜੀਆਂ ਨਜ਼ਰਾਂ ਨਾਲ ਧੀਆਂ ਵੱਲ ਕਿਉਂ ਝਾਕਦਾ ਏ।
ਜਦੋਂ ਵੀ ਮੈਂ ਪੁੱਛਿਆ ਤੈਨੂੰ ਕਰ ਜਾਂਦੀ ਏਂ ਗੱਲ ਗੋਲ ਨੀ।
ਮਾਏ ਨੀ ਮਾਏ ਆਪਣੇ ਦੁੱਖਾਂ ਵਾਲੀ ਪੰਡ ਫਰੋਲ ਨੀ।
ਮਾਏ ਨੀ ਮਾਏ...

ਤੂੰ ਡਰੀ-ਡਰੀ ਘਰ ਵਿੱਚ ਜ਼ਿੰਦਗੀ ਜਿਉਂਦੀ ਮਾਏ।
ਜਿਹੜਾ ਵੀ ਪ੍ਰਾਹੁਣਾ ਆਏ ਰਹੇ ਤੂੰ ਨਿਉਂਦੀ ਮਾਏ।
ਦੱਸ ਜ਼ਿੰਦਗੀ ਕਿਉਂ ਨਹੀਂ ਤੂੰ ਜਿਉਂਦੀ ਅਡੋਲ ਨੀ।
ਮਾਏ ਨੀ ਮਾਏ ਆਪਣੇ ਦੁੱਖਾਂ ਵਾਲੀ ਪੰਡ ਫਰੋਲ ਨੀ।
ਮਾਏ ਨੀ ਮਾਏ...

‘ਕਣਕਵਾਲੀਆ’ ਵੀਰਾ ਨਾਲ ਤੂੰ ਹੱਥ ਫੜ ਮੇਰਾ ਹੁਣ।
ਆ ਘੁੰਮ ਆਈਏ ਅੰਬਰਾਂ ਤਾਈਂ ਚਾਰ-ਚੁਫ਼ੇਰਾ ਹੁਣ।
ਚੰਦਰੇ ਜੱਗ ਦੀਆਂ ਰੀਤਾਂ ਦੇਈਏ ਪੈਰਾਂ ’ਚ ਰੋਲ ਨੀ।
ਮਾਏ ਨੀ ਮਾਏ ਆਪਣੇ ਦੁੱਖਾਂ ਵਾਲੀ ਪੰਡ ਫਰੋਲ ਨੀ।
ਮਾਏ ਨੀ ਮਾਏ...
ਸੰਪਰਕ: 75082-75052
* * *

ਗ਼ਜ਼ਲ

ਬਲਜਿੰਦਰ ਸਿੰਘ ‘ਬਾਲੀ ਰੇਤਗੜ੍ਹ’
ਮੈਂ ਉਹ ਵਿਕਦੇ ਸ਼ਾਇਰਾਂ ਦੀ ਦਰਬਾਰੀ ਜਾਤ ’ਚ ਨਹੀਂ
ਚੰਗਾ ਹੋਇਆ ਸ਼ਾਹੀ ਦਾਅਵਤ, ਤੁੱਛ ਨਜ਼ਾਮ ’ਚ ਨਹੀਂ

ਕਿੰਝ ਕਰਾਂ ਆਦਮਖ਼ੋਰਾਂ ਦੀ ਮੈਂ ਦੱਸ ਖੁਸ਼ਾਮਦ
ਸਿੰਘ ਗੁਰੂ ਦਾਂ, ਤੇਰੀ ਕੋਈ ਨੱਥ ਲਗਾਮ ’ਚ ਨਹੀਂ

ਬੇ-ਖ਼ੌਫ਼ ਸੁਭਾਅ ਹਰ ਪੰਜਾਬੀ ਦਾ ਛੇੜ ਨਾ ਬੈਠੀਂ
ਬਟਵਾਰੇ ਪੰਜੇ ਦਰਿਆ ਦੇ ਸੂਚੀ-ਨਾਮ ’ਚ ਨਹੀਂ

ਸਿਰ ਦੇ ਕੇ ਰੋਕ ਰਹੇ ਤੇਰੇ ਵੱਲ ਆਉਂਦੀ ਆਫ਼ਤ
ਪਰ ਤੇਰੀ ਮਹਿਫ਼ਲ ਵਿੱਚ ਚਰਚਾ ਸਾਡੀ ਬਾਤ ਨਹੀਂ

ਮਹਿਮਾਨ ਨਿਵਾਜ਼ੀ ਕਰ ਅਦਬ ਦਿਲੋਂ ਸਤਿਕਾਰ ਕਰੀਂ
ਤਾਰੀਫ਼ ਖੁਸ਼ਾਮਦ ਝੂਠੀ ਪਰ ਮੈਥੋਂ ਭਾਲ਼ ਨਹੀਂ

ਮੈਂ ਧਰਤੀ ਦਾ ਪੁੱਤਰ ਬਣਨੈ, ਤੂੰ ਸ਼ਾਹ ਅੰਬਰ ਦਾ
ਤੇਰੀ ਤੇ ਮੇਰੀ ‘ਬਾਲੀ’, ਇਉਂ ਗਲਣੀ ਦਾਲ਼ ਨਹੀਂ।
ਸੰਪਰਕ: 94651-29168
* * *

ਵਾਰਸ ਬਣ ਕੇ ਤੁਰ ਪੈ

ਹਰਬੰਸ ਮਾਲਵਾ
ਸੁਣ ਵੇ ਗੱਭਰੂਆ ਸੁਣ ਲੈ ਤੂੰ ਇੱਕ ਬਾਤ ਸਰਾਭੇ ਦੀ
ਉੱਨੀ ਵਰ੍ਹਿਆਂ ਦੇ ਸਾਡੇ ਉਸ ਗ਼ਦਰੀ ਬਾਬੇ ਦੀ
ਚਿੰਤਾ ਜਿਸ ਨੇ ਕੀਤੀ ਸਾਡੇ ਪੋਣੇ ਛਾਬੇ ਦੀ
ਅਲਖ ਮੁਕਾਉਣੀ ਚਾਹੁੰਦਾ ਸੀ ਅੰਗਰੇਜ਼ੀ ਦਾਬੇ ਦੀ
ਵੇਖ ਲਈਂ ਮੁੱਲ ਪੈਂਦਾ ਢਾਂਚੇ ’ਤੇ ਸੱਟ ਮਾਰੀ ਦਾ
ਵਾਰਸ ਬਣ ਕੇ ਤੁਰ ਪੈ, ਓਸ ਕ੍ਰਾਂਤੀਕਾਰੀ ਦਾ

ਸੱਟ ਅਣਖ ਨੂੰ ਪਈ ਤਾਂ ਝੱਟ ਵੱਟ ਖਾ ਗਏ ਸੀ ਬਾਬੇ
ਇੱਕ ਹਾਕ ’ਤੇ ਮੁੜ ਭਾਰਤ ਨੂੰ ਆ ਗਏ ਸੀ ਬਾਬੇ
ਜਾਇਦਾਦਾਂ ਵੀ ਛੱਡ ਛੁਡਾ ਕੇ ਛਾ ਗਏ ਸੀ ਬਾਬੇ
ਛਾਉਣੀਆਂ ਤੀਕ ਬਗ਼ਾਵਤ ਬੀਜ ਖਿੰਡਾ ਗਏ ਸੀ ਬਾਬੇ
ਅਮਲਾਂ ਵਿੱਚੋਂ ਕਹੇ, ਲਹਿਰ ਨੂੰ, ਇੰਝ ਉਸਾਰੀ ਦਾ
ਵਾਰਸ ਬਣ ਕੇ ਤੁਰ ਪੈ...

ਗੋਰੇ ਢਾਹੁੰਦੇ ਸੀ ਹਿੰਦੀਆਂ ’ਤੇ ਕਹਿਰ ਸੁਨਾਮੀ ਦਾ
ਭਾਰਤ-ਵਾਸੀ ਜੀਵਨ ਜਿਉਂਦੇ, ਸੀ ਗੁੰਮਨਾਮੀ ਦਾ
ਫਸਤਾ ਵੱਢਣਾ ਚਾਹੁੰਦਾ ਸੀ ਉਹ ਗਲ਼ੋਂ ਗੁਲਾਮੀ ਦਾ
ਨਿੱਕੀ ਉਮਰੇ ਹੱਕਦਾਰ ਬਣ ਗਿਆ ਸਲਾਮੀ ਦਾ
ਦੱਸ ਗਿਆ ਸੀ ਜੂਲ਼ਾ ਗਲ਼ ’ਚੋਂ ਕਿਵੇਂ ਉਤਾਰੀਦਾ
ਵਾਰਸ ਬਣ ਕੇ ਤੁਰ ਪੈ...

ਫੈਲ ਗਈਆਂ ਦੁਨੀਆ ’ਤੇ ਹਿੰਦ ਦੀ ਕਦਰ ਦੀਆਂ ਗੂੰਜਾਂ
ਸ਼ੋਅਲੇ ਭੜਕੇ ਪਏ ਸੀ, ਜਿੱਥੇ, ਸਬਰ ਦੀਆਂ ਗੂੰਜਾਂ
ਫ਼ਿਕਰ ’ਚ ਪਾਈਆਂ ਅੰਗਰੇਜ਼ਾਂ ਦੇ ਜਬਰ ਦੀਆਂ ਗੂੰਜਾਂ
ਛਾਪ ਛਾਪ ਕੇ ਹਰ ਹਫ਼ਤੇ ਹੀ ਗ਼ਦਰ ਦੀਆਂ ਗੂੰਜਾਂ
ਉਹ ਕਵਿਤਾ ਦਾ ਸਾਥੀ, ਸਾਥੀ ਹਾਰੀ-ਸਾਰੀ ਦਾ
ਵਾਰਸ ਬਣ ਕੇ ਤੁਰ ਪੈ...

ਲੁੱਟ, ਦਾਬੇ ਤੇ ਧੌਂਸ ਦੇ ਸਾਹਵੇਂ ਅੜਨ ਜਾਣਦਾ ਸੀ
ਆਜ਼ਾਦੀ ਦੀ ਰਣਭੂਮੀ ਵਿੱਚ ਲੜਨ ਜਾਣਦਾ ਸੀ
ਰੌਂਦਾਂ ਵਾਂਗੂੰ ਸ਼ਬਦ, ਨਜ਼ਮ ਵਿੱਚ ਜੜਨ ਜਾਣਦਾ ਸੀ
ਫ਼ਾਸੀ ਦੇ ਤਖ਼ਤੇ ’ਤੇ ਹੱਸ ਕੇ ਚੜ੍ਹਨ ਜਾਣਦਾ ਸੀ
ਕਿਵੇਂ ਆਜ਼ਾਦੀ ਲੈਣੀ, ਮਨ ਵਿੱਚ ਕੀ ਕੀ ਧਾਰੀਦਾ
ਵਾਰਸ ਬਣ ਕੇ ਤੁਰ ਪੈ...

ਸ਼ਾਇਰ ਅਤੇ ਸੰਪਾਦਕ, ਸੀ ਯੋਧਾ ਇੱਕ ਨੰਬਰ ਦਾ
ਉੱਨੀ ਸੌ ਪੰਦਰਾਂ ਵਿੱਚ ਆਇਆ ਅੱਧ ਨਵੰਬਰ ਦਾ
ਝੂਲ ਗਿਆ ਰੱਸੇ ’ਤੇ ਹੱਸ ਕੇ ਤਾਰਾ ਅੰਬਰ ਦਾ
ਚੇਤੇ ਕਰ ਕਰ ਅੱਜ ਵੀ ਲੰਡਨ ਰਹੇ ਠਠੰਬਰਦਾ
ਸਿੱਖ ਲੈ ਉਹਦੇ ਵਾਂਗ ਸੱਤਾ ਨੂੰ ਕਿਵੇਂ ਨਕਾਰੀਦਾ
ਵਾਰਸ ਬਣ ਕੇ ਤੁਰ ਪੈ...

ਅੱਜ ਵੀ ਲੋਕਾਂ ਦੇ ਤੂੰ ਪੜ੍ਹ ਅਰਮਾਨ ਸੋਹਣਿਆਂ ਵੇ
ਉੱਠ ਸ਼ਹੀਦਾਂ ਦੇ ਤੂੰ ਪੜ੍ਹ, ਫੁਰਮਾਨ ਸੋਹਣਿਆਂ ਵੇ
ਗ਼ਦਰੀ ਸੂਰਮਿਆਂ ਦੀ ਬਣਕੇ ਸ਼ਾਨ ਸੋਹਣਿਆ ਵੇ
ਮੁਰਦਾ ਲੋਕਾਂ ਦੇ ਵਿੱਚ ਪਾ ਦੇ ਜਾਨ ਸੋਹਣਿਆਂ ਵੇ
ਉਹ ਮੂੰਹ ਤੱਕਣਾ ਚਾਹੁੰਦਾ ਏ ਉਤਰਾਧਿਕਾਰੀ ਦਾ
ਵਾਰਸ ਬਣ ਕੇ ਤੁਰ ਪੈ ਉਸ ਕਰਾਂਤੀਕਾਰੀ ਦਾ।
ਸੰਪਰਕ: 94172-66355
* * *

ਅੱਜ ਦੇ ਮਹਾਨ ਲੀਡਰ

ਸੁੱਚਾ ਸਿੰਘ ਪਸਨਾਵਾਲ
ਧੱਕੇਸ਼ਾਹੀਆਂ ਪਏ ਕਰਨ ਦਿਨ ਰਾਤੀਂ,
ਦੇਸ਼ ਦੇ ਮਹਾਨ ਲੀਡਰ ਅਖਵਾਉਂਦੇ ਨੇ।

ਲੁੱਟ ਲੁੱਟ ਖਾ ਗਏ ਪਰਜਾ ਤਾਈਂ,
ਪਏ ਜ਼ੁਲਮ ਤੇ ਜ਼ੁਲਮ ਕਮਾਉਂਦੇ ਨੇ।

ਸੱਚ ਬੋਲਣ ਦੀ ਕਰੇ ਜੇ ਹਿੰਮਤ ਕੋਈ,
ਪਰਚਾ ਉਸ ’ਤੇ ਝੂਠਾ ਕਰਵਾਉਂਦੇ ਨੇ।

ਕਾਨੂੰਨਾਂ ਦੀ ਪਰਵਾਹ ਨਹੀਂ ਕਰਦੇ,
ਉਂਜ ਗਣਤੰਤਰ ਦਿਵਸ ਮਨਾਉਂਦੇ ਨੇ।

ਗੁੰਡਾਗਰਦੀ ਤੇ ਕਰਾਉਣ ਨਿੱਤ ਦੰਗੇ,
ਉਂਜ ਇਨਸਾਫ਼ਪਸੰਦ ਕਹਾਉਂਦੇ ਨੇ।

ਦਾਅਵੇ ਰੁਜ਼ਗਾਰ ਦੇਣ ਦੇ ਰਹਿਣ ਕਰਦੇ,
ਸਬਜ਼ਬਾਗ ਕਈ ਤਰ੍ਹਾਂ ਦੇ ਵਿਖਾਉਂਦੇ ਨੇ।

ਆਈ ਇਲੈਕਸ਼ਨ ’ਤੇ ਚੋਣ ਪ੍ਰਚਾਰ ਵੇਲੇ,
ਲਾਰੇ ਲੋਕਾਂ ਨੂੰ ਝੂਠੇ ਬੜੇ ਲਾਉਂਦੇ ਨੇ।

ਨਸ਼ਾ ਬੇਰੁਜ਼ਗਾਰੀ ਕਰਾਂਗੇ ਖ਼ਤਮ ਸਾਰੀ,
ਗਾਗਰ ’ਚ ਸਾਗਰ ਬੰਦ ਕਰ ਵਿਖਾਉਂਦੇ ਨੇ।

ਹਰ ਇਲੈਕਸ਼ਨ ਵੇਲੇ ਕੋਈ ਵੰਡ ਨਸ਼ੇ,
ਮੂਰਖ ਲੋਕਾਂ ਤਾਈਂ ਉਹ ਬਣਾਉਂਦੇ ਨੇ।

ਲੋਕਾਂ ਨੂੰ ਲੁੱਟ ਕੀਤੇ ਇਕੱਠੇ ਪੈਸੇ,
ਫਿਰ ਚੋਣਾਂ ਵਿੱਚ ਵਰਤਾਉਂਦੇ ਨੇ।

ਚੋਣਾਂ ਜਿੱਤ ਕੇ ਮਗਰੋਂ ਨਾ ਬਾਤ ਪੁੱਛਦੇ,
ਚੰਮ ਦੀਆਂ ਪੰਜ ਸਾਲ ਚਲਾਉਂਦੇ ਨੇ।

ਤਜੌਰੀਆਂ ਆਪਣੀਆਂ ਭਰਨ ਦੀ ਖ਼ਾਤਰ,
ਕਈ ਚੋਰ ਮੋਰੀਆਂ ਕਾਨੂੰਨ ’ਚ ਬਣਾਉਂਦੇ ਨੇ।

ਲੋਕਤੰਤਰ ਦਾ ਢੰਡੋਰਾ ਨਿੱਤ ਪਿੱਟਣ,
ਹੱਕ ਮੰਗਣ ’ਤੇ ਡਾਂਗਾਂ ਵਰ੍ਹਾਉਂਦੇ ਨੇ।

‘ਪਸਨਾਵਾਲੀਆ’ ਲੁੱਟਦੇ ਦੋਹੀਂ ਹੱਥੀਂ,
ਉਂਜ ਦੇਸ ਦੇ ਵਾਰਿਸ ਕਹਾਉਂਦੇ ਨੇ।
ਸੰਪਰਕ: 99150-33740

Advertisement
Author Image

joginder kumar

View all posts

Advertisement
Advertisement
×