ਗ਼ਜ਼ਲ
ਕਈ ਥਾਵਾਂ ਤੋਂ ਕਟ ਕੇ ਸੀ ਉਹ ਪੱਥਰ ਬਿਖਰਿਆ ਹੋਇਆ
ਮਗਰ ਮੂਰਤ ਜਾਂ ਬਣਿਆ, ਫਿਰ ਉਹ ਪੱਥਰ ਸਿਮਟਿਆ ਹੋਇਆ।
ਜਦੋਂ ਵੀ ਲਾਟ ਜਗਦੀ, ਓਸ ’ਚੋਂ ਧੂੰਆਂ ਵੀ ਉਠਦਾ ਹੈ
ਜਿਉਂ ਹੋਇ ਦੀਪ ਅਧ-ਸੁੱਤਾ ਤੇ ਅੱਧਾ ਜਗਿਆ ਹੋਇਆ।
ਮੁਹੱਬਤ ਜਿਸ ਨੂੰ ਮੈਂ ਕੀਤੀ, ਉਹ ਚਿੱਤਰ ਹੋ ਗਿਆ, ਯਾਰੋ!
ਮਿਰੇ ਦਿਲ ਦੇ ਲਹੂ ਵਿਚ ਸ਼ਖ਼ਸ ਹੈ ਉਹ ਭਿੱਜਿਆ ਹੋਇਆ।
ਨਾ ਜਾਣੇ ਰੰਗ ਕਿਹੜਾ ਹੈ ਮਿਟਾਇਆ ਓਸ ਬੰਦੇ ਨੇ?
ਉਦ੍ਹੇ ਚਿਹਰੇ ਦਾ ਹੈ ਜੋ ਰੰਗ ਏਦਾਂ ਉੱਡਿਆ ਹੋਇਆ।
ਤਿਰੀ ਤਸਵੀਰ ਵਿਚ ਇਹ ਰੰਗ ਫਿੱਕੇ ਪੈ ਗਏ, ਯਾਰਾ!
ਤਿਰੀ ਤਸਵੀਰ ’ਚ ਰੰਗਾਂ ਨੇ ਵਾਦਾ ਤੋੜਿਆ ਹੋਇਆ।
ਜਦੋਂ ਵੀ ਦੇਖਦਾਂ ਦਰਪਣ, ਤਾਂ ਇਹ ਮਹਿਸੂਸ ਹੁੰਦਾ ਹੈ
ਮੈਂ ਖ਼ੁਦ ਨੂੰ ਕੱਚ ਦੇ ਟੁਕੜੇ ਤੋਂ ਹੋਵੇ ਮੰਗਿਆ ਹੋਇਆ।
ਪਤੰਗਾਂ ਵੀ ਉਡਾਵਾਂਗੇ, ਹਵਾ ’ਤੇ ਰੰਗ ਪਾਵਾਂਗੇ
ਖ਼ਿਆਲਾਂ ’ਚ ਮੈਂ ਇਕ ਅਸਮਾਨ ਐਸਾ ਸਿਰਜਿਆ ਹੋਇਆ।
ਕਦੇ ਧੁੱਪ ਸੀ, ਕਦੇ ਸੀ ਚਾਂਦਨੀ ਜਾਂ ਫੇਰ ਦਰਪਣ ਸੀ
ਮਿਰੇ ਚਿਹਰੇ ’ਤੇ ਇਹ ਰੰਗਾਂ ਦਾ ਮੇਲਾ ਲੱਗਿਆ ਹੋਇਆ।
ਮਿਰੇ ਘਰ ਦੀਪ ਸੀ, ਜੁਗਨੂੰ ਸੀ ਤੇ ਸੀ ਚਾਂਦਨੀ ਠਹਿਰੀ
ਮਿਰਾ ਨ੍ਹੇਰਾ ਸੀ ਇਹ ਰੰਗਾਂ ’ਚ, ਯਾਰੋ, ਰੰਗਿਆ ਹੋਇਆ।
ਮਿਰੀ ਛਾਂ ਤੀਕ ਹੀ ਪਹੁੰਚੇ, ਨ ਮੇਰੇ ਤੀਕ ਇਹ ਪਹੁੰਚੇ
ਮਿਰੀ ਖ਼ਾਤਿਰ ਇਹ ਚਾਨਣ ਹੈ ਸਦਾ ਤੋਂ ਤਰਸਿਆ ਹੋਇਆ।
ਜਦੋਂ ਵੀ ਕੰਠ ’ਚੋਂ ਬੋਲਾਂ, ‘‘ਮੁਹੱਬਤ’’, ਇਸ ਤਰ੍ਹਾਂ ਲੱਗੇ
ਮੁਹੱਬਤ ਦੇ ਜਿਵੇਂ ਮੈਂ ਕੰਠ ਹੋਵਾਂ ਲੱਗਿਆ ਹੋਇਆ।
ਹਵਾ ਵੀ ਪਾਕ ਹੋ ਗਈ, ਮੁਹੱਬਤ ਨੂੰ ਵੀ ਪਰ ਮਿਲਣੇ
ਮੁਹੱਬਤ ਦਾ ਮਿਰਾ ਖ਼ਤ ਲੈ, ਕਬੂਤਰ ਉੱਡਿਆ ਹੋਇਆ।
ਸੰਪਰਕ: 99876-18051
ਤੁਰ ਜਾਵਣ ਜੇ ਮਾਵਾਂ...
ਮਨਜੀਤ ਕੌਰ ਧੀਮਾਨ
ਤੁਰ ਜਾਵਣ ਜੇ ਮਾਵਾਂ,
ਛਾਵਾਂ ਕੌਣ ਕਰੇ।
ਜ਼ਿੰਦਗੀ ਦੀਆਂ ਸੌਖ਼ੀਆਂ,
ਰਾਹਵਾਂ ਕੌਣ ਕਰੇ।
ਤੁਰ ਜਾਵਣ...
ਪਰਛਾਵੇਂ ਵਾਂਗਰ ਹੁੰਦੀਆਂ,
ਨਾਲੋਂ ਨਾਲ਼ ਤੁਰਦੀਆਂ।
ਸਾਰੀ ਉਮਰੇ ਮੱਕੀ ਦੀ,
ਛੱਲੀ ਵਾਂਗੂੰ ਭੁਰਦੀਆਂ।
ਦੇਖ ਕੇ ਧੀ ਨੂੰ ਖੁੱਲ੍ਹੀਆਂ,
ਬਾਹਵਾਂ ਕੌਣ ਕਰੇ।
ਤੁਰ ਜਾਵਣ...
ਟੁੱਟੇ ਹੋਏ ਟੁਕੜਿਆਂ ਨੂੰ,
ਜੋੜ ਲੈਂਦੀਆਂ ਇਹ।
ਬੱਚਿਆਂ ਨੂੰ ਤਾਂ ਜਮ ਦੇ ਹੱਥੋਂ,
ਮੋੜ ਲੈਂਦੀਆਂ ਇਹ।
ਸੁੱਖਾਂ ਵਿੱਚ ਸ਼ਗਨਾਂ ਨਾਲ,
ਚਾਵਾਂ ਕੌਣ ਕਰੇ।
ਤੁਰ ਜਾਵਣ...
ਟਾਹਣੀ ਉੱਤੇ ਲਟਕੇ ਹਰ ਇੱਕ,
ਫੁੱਲ ਨੂੰ ਸਾਂਭਦੀਆਂ।
ਨੇਰ੍ਹੀ ਤੇ ਤੂਫ਼ਾਨ ਨੂੰ ਮਨਜੀਤ,
ਦੂਰੋਂ ਹੀ ਭਾਂਪਦੀਆਂ।
ਉੱਡ ਜਾ ਕਾਵਾਂ, ਉੱਡ ਜਾ ਵੇ,
ਕਾਵਾਂ ਕੌਣ ਕਰੇ।
ਤੁਰ ਜਾਵਣ...
ਸੰਪਰਕ: 94646-33059
ਗ਼ਜ਼ਲ
ਜਗਜੀਤ ਗੁਰਮ
ਜੁਗਨੂੰਆਂ ਨੇ ਚੰਗਾ ਰੰਗ ਜਮਾਇਆ ਹੋਇਆ
ਅੱਧੀ ਰਾਤ ਹਨੇਰੇ ਨੂੰ ਵਖ਼ਤ ਪਾਇਆ ਹੋਇਆ।
ਆਹ ਨਿਸ਼ਾਨ ਕਲਾਈ ਤੋਂ ਮਿਟਿਆ ਨਹੀਂ ਹੁਣ ਤੱਕ
ਜਿੱਥੇ ਤੇਰਾ ਲਿਖਿਆ ਨਾਮ ਮਿਟਾਇਆ ਹੋਇਆ।
ਬੱਚਾ ਮੇਲੇ ਵਿੱਚ ਚੁੱਪ ਕਰਕੇ ਤੁਰਿਆ ਫਿਰਦਾ
ਜੋ ਮਾਂ ਨਾਲ ਖਿਡੌਣੇ ਵੇਚਣ ਆਇਆ ਹੋਇਆ।
ਉਸ ਦਾ ਲਹਿਜਾ ਬਦਲ ਗਿਆ ਹੈ ਪਹਿਲਾਂ ਨਾਲੋਂ
ਉਸ ਦੀ ਜ਼ਿੰਦਗੀ ਵਿੱਚ ਕੋਈ ਤਾਂ ਆਇਆ ਹੋਇਆ।
ਤੂੰ ਜਾਹ ਜਾ ਕੇ ਜਵਾਬ ਦੇ ਕੇ ਆ ਕੋਰਾ ਉਸ ਨੂੰ
ਜੇਕਰ ਕਿਸੇ ਨੂੰ ਐਵੇਂ ਲਾਰਾ ਲਾਇਆ ਹੋਇਆ।
ਉੱਠਦਾ ਹੀ ਨਹੀਂ ਜਾਂ ਫਿਰ ਮੁੜਕੇ ਸੌਂ ਜਾਂਦਾ ਹੈ
ਮੈਂ ਪਹਿਲਾਂ ਉਹ ਕਿੰਨੀ ਵਾਰ ਜਗਾਇਆ ਹੋਇਆ।
ਜੇ ਉਹਨਾਂ ਦਾ ਵਸ ਚਲਦਾ ਲੈ ਕੇ ਬਹਿ ਜਾਂਦੇ
ਗੁਰਮ ਦੁਆਵਾਂ ਦਾ ਹੁਣ ਤੱਕ ਬਚਾਇਆ ਹੋਇਆ।
ਸੰਪਰਕ: 99152-64836