ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਗ਼ਜ਼ਲ

11:12 AM Oct 05, 2023 IST

ਗ਼ਜ਼ਲ

ਭੁਪਿੰਦਰ ਸਿੰਘ ਬੋਪਾਰਾਏ
ਸਾਹਿਤਕ ਡੇਰੇਦਾਰੀ ਚੱਲਦੀ।
ਭਾਸ਼ਾ ਨਾਲ ਗੱਦਾਰੀ ਚੱਲਦੀ।

Advertisement

ਸਾਹਿਤ ਸਭਾਵਾਂ ਵਿੱਚ ਵੀ ਅਕਸਰ,
ਚਮਚਾਗਿਰੀ ਮੱਕਾਰੀ ਚੱਲਦੀ।

ਮਾੜੀ ਰਚਨਾ ’ਤੇ ਜੋ ਵਾਹ ਵਾਹ,
ਸਮਝੀਂ ਸ਼ਾਇਰਾ ਆਰੀ ਚੱਲਦੀ।

Advertisement

ਲੇਖਕ ਫ਼ਿਰਕੇ ਅੰਦਰ ਵੀ ਬਸ,
ਰੁਤਬੇ ਦੀ ਸਰਦਾਰੀ ਚੱਲਦੀ।

ਪ੍ਰਧਾਨ ਸਕੱਤਰ ਤੱਕ ਹੀ ਸੀਮਤ,
ਕਵਿਤਾ ਕੁਨਬੇਦਾਰੀ ਚੱਲਦੀ।

ਪਰਦੇ ਹੇਠਾਂ ਸਨਮਾਨਾਂ ਦੀ,
ਸਾਹਿਤਕ ਚੋਰ ਬਜ਼ਾਰੀ ਚੱਲਦੀ।

‘ਬੋਪਾਰਾਏ’ ਕਲਮ ਕਬੀਲੇ,
ਮੁਰਗਾ ਬੋਤਲ ਯਾਰੀ ਚੱਲਦੀ।
ਸੰਪਰਕ: 97797-91442
* * *

ਗ਼ਜ਼ਲ

ਮਨਿੰਦਰ ਕੌਰ ਬੱਸੀ
ਪਿਆਰੇ ਤੈਥੋਂ ਵਿਛੜ ਕੇ ਰੋਏ,
ਮਿੱਟੀ ਦੀ ਜਿਉਂ ਢੇਰੀ ਹੋਏ।

ਇਸ ਰਾਹ ’ਤੇ ਕੋਈ ਨਾ ਆਪਣਾ,
ਸਾਰੇ ਰਿਸ਼ਤੇ ਜਿੱਦਾਂ ਢੋਏ।

ਆਪਣੀ ਵਾਰੀ ਚੁੱਪ ਹੋ ਗਿਆ,
ਸਾਡੇ ਪੈਰੀਂ ਕੰਡੇ ਬੋਏ।

ਉਸ ਤੋਂ ਕੋਈ ਆਸ ਰਹੀ ਨਾ,
ਦਨਿ ਰਾਤੀ ਬਸ ਹੰਝੂ ਚੋਏ।

ਸੁਪਨੇ ਆਖ਼ਰ ਟੁੱਟਣਾ ਹੀ ਸੀ,
ਸੁਪਨੇ ਖ਼ਾਤਰ ਕਿਹੜਾ ਮੋਏ।

ਅਟਕੇ ਸਨ ਸਾਹ ਉਸੇ ਦੇ ਵਿੱਚ,
ਦਰਸ ਦਿਖਾਵੇ ਲੋਏ ਲੋਏ।

ਇਹ ਸਾਰੀ ਯਾਦਾਂ ਦੀ ਬਰਕਤ,
ਜਿਉਂਦੇ ਹਾਂ ਜਿਉਂ ਮੋਏ ਮੋਏ।
ਸੰਪਰਕ: 98784-38722
* * *

ਚਿੜੀਆਂ

ਮਨਜੀਤ ਕੌਰ ਅੰਬਾਲਵੀ
ਚਿੜੀਆਂ ਕਿਉਂ ਨ੍ਹੀਂ ਆਈਆਂ?
ਹੁਣ ਚਿੜੀਆਂ ਕਿਉਂ ਨ੍ਹੀਂ ਆਈਆਂ?

ਸਭ ਬਨੇਰੇ ਪਏ ਖਾਲੀ-ਖਾਲੀ,
ਸੁੰਨੀ ਹੋ ਗਈ ਹਰ ਇੱਕ ਡਾਲੀ,
ਕਿੱਥੇ ਗਈਆਂ ਮਾਰ ਉਡਾਰੀ?
ਮੁੜ ਨਾ ਕਿਧਰੇ ਥਿਆਈਆਂ!
ਚਿੜੀਆਂ ਕਿਉਂ...?

ਰੁੱਖ ਵੀ ਹਰੇ ਭਰੇ ਕੁਮਲਾਏ,
ਵਾਤਾਵਰਣ ਨੇ ਰੰਗ ਵਟਾਏ,
ਚੀਂ-ਚੀਂ, ਚੀਂ-ਚੀਂ ਰਾਗ ਨ੍ਹੀਂ ਸੁਣਦਾ
ਰੌਣਕਾਂ ਨਜ਼ਰ ਨਾ ਆਈਆਂ।
ਚਿੜੀਆਂ ਕਿਉਂ...?
ਬੰਨ੍ਹ ਕੇ ਸੀ ਆਉਂਦੀਆਂ ਡਾਰਾਂ,
ਬਹਿ ਜਾਂਦੀਆਂ ਉੱਤੇ ਉਹ ਤਾਰਾਂ,
ਟਾਵਰ ਤਰੰਗਾਂ ਘੁੱਟ ਕੇ ਸੰਘੀਆਂ
ਭੋਲੀਆਂ ਮਾਰ ਮੁਕਾਈਆਂ!
ਚਿੜੀਆਂ ਕਿਉਂ ਨ੍ਹੀਂ ਆਈਆਂ,
ਹੁਣ ਚਿੜੀਆਂ...?
ਇੱਕ ਵਾਰ ਫਿਰ ਆ ਜਾਓ ਚਿੜੀਓ!
ਵਿਹੜੇ ਰੌਣਕ ਲਾ ਜਾਓ ਚਿੜੀਓ!
ਛੱਤ ’ਤੇ ਬਾਟਾ ਪਾਣੀ ਦਾ ਧਰਿਆ,
ਚਾਵਲ ਕਣੀਆਂ ਵਿਛਾਈਆਂ।
ਹੁਣ ਚਿੜੀਆਂ ਉੱਡ-ਉੱਡ ਆਈਆਂ
ਕੁੜੀਆਂ ਨੇ ਖ਼ੁਸ਼ੀਆਂ ਮਨਾਈਆਂ।
ਸੰਪਰਕ: 94162-71625
* * *

ਗ਼ਜ਼ਲ

ਜਗਜੀਤ ਗੁਰਮ
ਨੱਚਣ ਕੁੱਦਣ ਹੱਸਣ ਧੀਆਂ
ਅੰਬਰ ਦੇ ਵਿੱਚ ਉੱਡਣ ਧੀਆਂ।

ਹੋਸ਼ ਗੁਆ ਲੈਂਦੇ ਜਦ ਅਪਣੇ
ਫੇਰ ਥਲਾਂ ਵਿੱਚ ਭੁੱਜਣ ਧੀਆਂ।

ਫੁੱਲੋਂ ਖਾਰ ਬਣਨ ਤੋਂ ਪਹਿਲਾਂ
ਕੱਚ ਸੱਚ ਤਾਈਂ ਬੁੱਝਣ ਧੀਆਂ।

ਰਾਂਝੇ ਮਜਨੂੰ ਆਪਣੀ ਥਾਂ ਨੇ
ਮਾਪਿਆਂ ਨਾਲ ਵੀ ਪੁੱਗਣ ਧੀਆਂ।

ਕੋਮਲ ਹੋਵਣ ਕਲੀਆਂ ਤੋਂ ਵੱਧ
ਪਰ ਪੱਥਰਾਂ ਵਿੱਚ ਉੱਗਣ ਧੀਆਂ।

ਕੁਝ ਲੋਕਾਂ ਦਾ ਹੀਆ ਦੇਖੋ
ਪੁੰਗਰਦੇ ਹੀ ਖੁੱਗਣ ਧੀਆਂ।

ਸਾਵਣ ਵਿੱਚ ਜਦ ਤੀਆਂ ਆਵਣ
ਫਿਰ ਨਸ਼ਿਆਈਆਂ ਲੱਗਣ ਧੀਆਂ।

ਸਾਰੇ ਚਾਅ ਰੱਖ ਕੇ ਇੱਕ ਪਾਸੇ
ਘਰ ਪਰਿਵਾਰ ’ਚ ਰੁੱਝਣ ਧੀਆਂ।

ਜਿਸ ਦਨਿ ਡੋਲੀ ਚੜ੍ਹਦੀਆਂ ਨੇ
ਲੋਹੜੇ ਦਾ ਫਿਰ ਫੱਬਣ ਧੀਆਂ।

ਦੁਖੜਾ ਸੁਣ ਕੇ ਬਾਬਲ ਘਰ ਦਾ
ਸਭ ਤੋਂ ਪਹਿਲਾਂ ਪੁੱਜਣ ਧੀਆਂ।

ਜਗਜੀਤ ਗੁਰਮ ਦਾ ਇਹ ਸੁਪਨਾ
ਦਾਇਰੇ ਵਿੱਚ ਨਾ ਬੱਝਣ ਧੀਆਂ।
ਸੰਪਰਕ: 99152-64836
* * *

ਅਧਿਆਪਕ ਹਾਂ ਮੈਂ

ਸਤਵੀਰ ਪਾਲ ਕੌਰ
ਹੱਥ ਵਿੱਚ ਰਜਿਸਟਰ ਫੜੀ
ਮੈਂ ਹਾਜ਼ਰੀ ਦਾ ਹਿਸਾਬ ਰੱਖਦਾ ਹਾਂ।
ਬੱਚਿਆਂ ਦੀ ਗਿਣਤੀ ਹੋਵੇ ਪੂਰੀ,
ਇਸ ਗੱਲ ਦੀ ਵੀ ਪੜਤਾਲ ਰੱਖਦਾ ਹਾਂ।
ਹੱਥ ਵਿੱਚ ਡਾਇਰੀ ਫੜੀ,
ਮੈਂ ਸਿਲੇਬਸ ਦਾ ਧਿਆਨ ਰੱਖਦਾ ਹਾਂ।
ਕਿਤੇ ਰਹਿ ਨਾ ਜਾਵੇ ਪਾਠ ਅਧੂਰਾ,
ਇਸ ਗੱਲ ਦੀ ਵੀ ਫ਼ਿਕਰ ਰੱਖਦਾ ਹਾਂ।
ਹੱਥ ਵਿੱਚ ਕਿਤਾਬ ਫੜੀ,
ਮੈਂ ਗਿਆਨ ਇਕੱਠਾ ਕਰਦਾ ਹਾਂ।
ਗਿਆਨਵਾਨ ਬਣਨ ਮੇਰੇ ਬੱਚੇ,
ਇੰਨੀ ਕੁ ਸੂਝ ਰੱਖਦਾ ਹਾਂ।
ਹੱਥ ਵਿੱਚ ਕਲਮ ਫੜੀ,
ਸੱਚ ਲਿਖਾਂ, ਬੱਚਿਆਂ ਲਈ ਪ੍ਰੇਰਨਾ ਬਣਾਂ,
ਸੁਪਨਾ ਇਹੋ ਅੱਖਾਂ ਵਿੱਚ ਰੱਖਦਾ ਹਾਂ।
ਪੜ੍ਹਾਈ ਦੇ ਨਾਲ ਹੋਰ ਦੁਨੀਆਦਾਰੀ ਸਿਖਾਉਂਦਾ ਹਾਂ,
ਕਦੇ ਕਦੇ ਗੱਲਾਂ ਕਰ ਉਨ੍ਹਾਂ ਦੇ ਦਿਲ ਫਰੋਲਦਾ ਹਾਂ।
ਕਿਹੜਾ ਬੱਚਾ ਆਵੇ ਅੱਵਲ ਕਲਾਸ ਵਿੱਚੋਂ,
ਕਿਹੜਾ ਡਰਾਇੰਗ ਵਿੱਚ ਮੂਹਰੇ,
ਕਿਸਦੀ ਹੈ ਲਿਖਾਈ ਸੁੰਦਰ,
ਕਿਹੜਾ ਖੇਡਾਂ ਵਿੱਚ ਮੱਲਾਂ ਮਾਰੇ,
ਕਿਹੜਾ ਲਵੇ ਭਾਗ ਲੇਖ ਮੁਕਾਬਲਿਆਂ ’ਚ,
ਕਿਹੜਾ ਗਿੱਧੇ ਭੰਗੜੇ ’ਚ ਛਾਵੇ,
ਕਿਹੜਾ ਪੜ੍ਹਾਈ ਤੋਂ ਟਲਦਾ ਮਾਰੇ ਛੁੱਟੀਆਂ,
ਕਿਹੜਾ ਸ਼ਰਾਰਤੀ ਸਭ ਨੂੰ ਸਤਾਵੇ,
ਕਿਹੜਾ ਜਿਸਦੀਆਂ ਗੱਲਾਂ ਨਾ ਮੁੱਕਣ,
ਕਿਹੜਾ ਬੋਲਣੋਂ ਕਤਰਾਵੇ,
ਅਧਿਆਪਕ ਨੂੰ ਪਤਾ ਹੁੰਦਾ ਸਭ ਦਾ
ਇਸੇ ਲਈ ਤਾਂ ਮਾਸਟਰ ਕਹਾਵੇ।
ਮੇਰੇ ਲਈ ਸਾਰੇ ਮੇਰੇ ਬੱਚੇ,
ਮੈਂ ਚਾਹੁੰਦਾ ਸਭ ਨੂੰ ਆਸਮਾਨ ਛੂਹਣਾ ਆਵੇ।
* * *

ਤਰੱਕੀ

ਮਨਜੀਤ ਸਿੰਘ
ਤਰੱਕੀ ਹੁੰਦੀ ਹੈ
ਬਦਲਾਅ ਨਿਯਮ ਹੈ

ਬੀਜ ਬੂਟੇ ਬਣਦੇ
ਬੂਟੇ ਰੁੱਖ ਬਣਨ
ਅਭੋਲ ਬਾਲ ਤੋਂ ਬਾਲ
ਬਾਲ ਤੋਂ ਅੱਲ੍ਹੜਪਣ,
ਜਵਾਨ, ਜ਼ਿੰਮੇਵਾਰ, ਬਜ਼ੁਰਗ
ਬਜ਼ੁਰਗ ਤੋਂ ਮੋਢਿਆਂ ਦਾ ਸਵਾਰ
ਤਰੱਕੀ ਹੁੰਦੀ ਹੈ।

ਪੱਤੇ ਝੜ ਜਾਂਦੇ ਨੇ
ਕਰੂੰਬਲ ਦੀ ਥਾਂ ਵਾਸਤੇ
ਕਰੂੰਬਲ ਤੋਂ ਪੱਤਾ ਹੋਣ ਤੱਕ
ਪੱਤਾ ਪੱਤਾ ਹੀ ਰਹੇ
ਝੜਨ ਤੱਕ
ਹਵਾ ਰੁਮਕੇ ਵੱਟਾ ਵੱਜੇ
ਹਿੱਲੇ ਜਾਂ ਝੜ ਜਾਵੇ
ਮੁੜ ਕਰੂੰਬਲ ਨਾ ਹੋਵੇ
ਤਰੱਕੀ ਹੁੰਦੀ ਹੈ।

ਅਧਿਆਪਕ ਤਰੱਕੀ ਕਰਦਾ
ਸਮਾਂ ਝੰਜੋੜੇ, ਨੀਤੀਆਂ ਡੰਗਣ
ਉਹ ਮੁੜ ਸ਼ਿਸ਼ ਬਣੇ
ਸਿੱਖੇ ਸਮੇਂ ਦੀ ਰਫ਼ਤਾਰ
ਸਮੇਂ ਵਕਤ ਨਾਲ
ਤੁਰਨਾ, ਵਧਣਾ ਤੇ ਮੁੜ ਮੁੜ
ਸਿੱਖਿਆਰਥੀ ਤੋਂ ਵਾਰ ਵਾਰ
ਅਧਿਆਪਕ ਹੋਣਾ
ਤਰੱਕੀ ਹੁੰਦੀ ਹੈ।

ਅਧਿਆਪਕ ਵੱਡਾ ਹੋ ਜਾਂਦਾ
ਆਪਣੇ ਸਾਥੀਆਂ ਵਿੱਚ ਸਮਾਜ ਸਾਹਮਣੇ
ਪਰ ਆਪਣੇ ਵਿੱਚ
ਜੋ ਬੱਚਾ ਜੋ ਵਿਦਿਆਰਥੀ
ਵੱਡਾ ਨਾ ਹੋਣ ਦੇਵੇ
ਇਨ੍ਹਾਂ ਵਿੱਚੋਂ ਕੁਝ
ਖ਼ੌਰੇ ਬਹੁਤ ਕੁਝ ਗੁਆਚਾ
ਲੱਭਦਾ ਰਹਿੰਦਾ
ਅਧਿਆਪਕ ਤੋਂ ਸਦਾ
ਵਿਦਿਆਰਥੀ ਹੋਣ ਤੱਕ
ਤਰੱਕੀ ਹੁੰਦੀ ਹੈ।
* * *

ਬਾਪੂ ਦੀ ਸੇਵਾ

ਗੁਰਮੀਤ ਸਿੰਘ ਰਾਮਪੁਰੀ
ਤੂੰ ਸਾਨੂੰ ਜੱਗ ਵਿਖਾਇਆ ਬਾਪੂ
ਮੁਸ਼ੱਕਤਾਂ ਨਾਲ ਪੜ੍ਹਾਇਆ ਬਾਪੂ

ਅੱਗੇ ਹੋ ਬਣ ਕੇ ਢਾਲ ਹੰਢਾਇਆ
ਆਪਣੇ ’ਤੇ ਹਰ ਮਰਜ਼ ਅਸਾਡਾ
ਹੁਣ ਤੇਰੀ ਸੇਵਾ ਬਾਪੂ ਫ਼ਰਜ਼ ਅਸਾਡਾ...

ਸਾਡੇ ਲਈ ਤੂੰ ਸਾਰੀ ਜਿੰਦ ਖਪਿਆ ਏਂ
ਠੰਢ ’ਚ ਠਰਿਆ ਧੁੱਪ ’ਚ ਤਪਿਆ ਏਂ

ਤੂੰ ਹੀ ਸਾਡਾ ਰੱਬ ਲੋਕਾਂ ਨੂੰ ਕਹੀਏ
ਸਾਧਾਂ ਵਰਗਾ ਬਾਪੂ ਬੇਗਰਜ਼ ਅਸਾਡਾ
ਹੁਣ ਤੇਰੀ ਸੇਵਾ ਬਾਪੂ ਫ਼ਰਜ਼ ਅਸਾਡਾ...

ਕਹਿੰਦੇ ਮਾਪਿਆਂ ਦੀ ਸੇਵਾ ਤਾਰ ਦਿੰਦੀ ਏ
ਘਰ ਵਿੱਚ ਖੁਸ਼ਹਾਲੀ ਖਿਲਾਰ ਦਿੰਦੀ ਏ

ਮੂਲ ਦਾ ਵਿਆਜ ਹੀ ਮੁੜੇ ਏਨਾ ਕਾਫ਼ੀ
ਥੋੜ੍ਹਾ ਜਿਹਾ ਲੱਥ ਜਾਵੇ ਕਰਜ਼ ਅਸਾਡਾ
ਹੁਣ ਤੇਰੀ ਸੇਵਾ ਬਾਪੂ ਫ਼ਰਜ਼ ਅਸਾਡਾ...

ਮੀਤ ਜਿਉਂਦੇ ਜੀ ਦੀ ਹੀ ਹੁੰਦੀ ਸੇਵਾ
ਸਾਰੀ ਜ਼ਿੰਦਗੀ ਮਿਲਦਾ ਮੇਵੇ ਤੇ ਮੇਵਾ

ਮਾੜੇ ਚੰਗੇ ਕਰਮਾਂ ਦਾ ਫ਼ਲ ਝੋਲੀ ਪੈਂਦਾ
ਚੰਗੇ ਪੁੱਤਾਂ ਵਿੱਚ ਨਾਂ ਹੋਊ ਦਰਜ਼ ਅਸਾਡਾ
ਹੁਣ ਤੇਰੀ ਸੇਵਾ ਬਾਪੂ ਫ਼ਰਜ਼ ਅਸਾਡਾ...
ਸੰਪਰਕ: 98783-25301
* * *

ਪੰਜਾਬ ਯਾਦ ਆਉਂਦਾ

ਬਲਤੇਜ ਸਿੰਘ ਸੰਧੂ
ਖਾਲੀ ਢਿੱਡ ਨਾ ਸੰਧੂਆ ਆਉਣ ਗੱਲਾਂ
ਤੇ ਭਰੇ ਢਿੱਡ ਨਾ ਫਿਰ ਰੱਬ ਯਾਦ ਆਉਂਦਾ
ਭਰੀ ਜੇਬ੍ਹ ਨਾਲ ਹੀ ਦੁਨੀਆਂ ਲੱਗੇ ਚੰਗੀ
ਖਾਲੀ ਹੱਥ ਨਾ ਦੁਨੀਆਂਦਾਰੀ ਦਾ ਹਿਸਾਬ ਆਉਂਦਾ
ਬਾਪ ਬਣੇ ਬਗੈਰ ਨਾ ਕਬੀਲਦਾਰੀ ਦੀ ਸਮਝ ਪੈਂਦੀ
ਤੇ ਬਚਪਨ ਵਰਗਾ ਨਾ ਕਿਧਰੇ ਸੁਆਦ ਆਉਂਦਾ
ਹੱਕਾਂ ਲਈ ਵਿੱਚ ਮੈਦਾਨ ਦੇ ਪਵੇ ਜੂਝਣਾ
ਤੇ ਕੱਲੀਆਂ ਗੱਲਾਂ ਨਾਲ ਨਾ ਇਨਕਲਾਬ ਆਉਂਦਾ
ਕੰਮ ਦਾ ਡੱਕਾ ਤੋੜ ਕੇ ਕਰੇ ਨਾ ਦੂਹਰਾ ਜਿਹੜਾ
ਦਸਵੀਂ ਫੇਲ੍ਹ ਨੂੰ ਬੈਂਡਾਂ ਵਾਲੀ ਦਾ ਖ਼ੁਆਬ ਆਉਂਦਾ

16-16 ਘੰਟੇ ਪੈਣ ਕੰਮ ਕਰਨੇ ਦੋ ਦੋ ਲਾਉਣ ਸ਼ਿਫਟਾਂ
ਫੇਰ ਉਦੋਂ ਬਾਪੂ ਅਤੇ ਪੰਜਾਬ ਯਾਦ ਆਉਂਦਾ
ਬਚ ਕੇ ਰਹੀ ਸੰਧੂਆ ਮੂੰਹ ਦੇ ਮਿੱਠਿਆਂ ਤੋਂ
ਬਿਨਾ ਮਤਲਬ ਕੋਈ ਨਹੀਂ ਕਿਸੇ ਨੂੰ ਯਾਦ ਆਉਂਦਾ
ਘਰ ਦੇ ਭੇਤੀਆਂ ਬਿਨਾ ਨਾ ਕਦੇ ਵੀ ਢਹਿੰਦੀ ਲੰਕਾ
ਸੰਨ੍ਹ ਲਾਉਣ ਵਾਲਾ ਆਪਣਾ ਬਣ ਕੇ ਜਨਾਬ ਆਉਂਦਾ।
ਸੰਪਰਕ: 94658-18158
* * *

ਮਤਲਬੀ ਲੋਕ...

ਗਗਨਪ੍ਰੀਤ ਸੱਪਲ
ਮਤਲਬੀ ਲੋਕ ਹੁਣ ਅਦਾਕਾਰ ਬੜੇ ਨੇ,
ਦੋਗਲੇ ਇੱਥੇ ਕਿਰਦਾਰ ਬੜੇ ਨੇ।

ਗੱਲਾਂ ’ਤੇ ਮੈਂ ਸੌ ਸੌ ਜੋ ਪਰਦੇ ਪਾਏ,
ਗੱਲੀਂ ਕੜਾਹ ਬਣਾਉਣ ਵਾਲੇ ਬੜੇ ਨੇ।

ਖ਼ੁਸ਼ ਰਹਿਣ ਵਾਲੇ ਨੇ ਪਰਿਵਾਰ ਜੋ,
ਖ਼ੁਸ਼ੀਆਂ ’ਤੇ ਗ੍ਰਹਿਣ ਬਣ ਸ਼ਰੀਕ ਖੜ੍ਹੇ ਨੇ।

ਚੁੱਪ ਹਾਂ ਇਸ ਲਈ ਲਾਚਾਰ ਸਮਝਦੇ ਨੇ,
ਦਿਲ ਵਿੱਚ ਭਾਂਬੜ ਬਲ ਹਜ਼ਾਰ ਰਹੇ ਨੇ।

ਸਬਰ ਦਾ ਫ਼ਲ ਹਮੇਸ਼ਾ ਹੁੰਦਾ ਮਿੱਠਾ ,
ਝੂਠ ਦਾ ਪਸਾਰ ਕਰਨ ਵਾਲੇ ਬੜੇ ਨੇ।

ਰੱਬ‌ ਦੀ ਮਾਰ ਹੁੰਦੀ ਮਾੜੀ,
ਸੱਚ ਅੰਦਰ ਰੱਬ ਜੀ ਆਪ ਖੜ੍ਹੇ ਨੇ।
ਸੰਪਰਕ: 62801-57535

Advertisement