For the best experience, open
https://m.punjabitribuneonline.com
on your mobile browser.
Advertisement

ਗ਼ਜ਼ਲ

07:08 AM Aug 24, 2023 IST
ਗ਼ਜ਼ਲ
Advertisement

ਪ੍ਰਤਾਪ ‘ਪਾਰਸ’ ਗੁਰਦਾਸਪੁਰੀ
ਸਿਰ ਦੇ ਉੱਤੇ ਜਦ ਤੱਕ ਹੱਥ ਨੇ ਮਾਵਾਂ ਦੇ।
ਜ਼ੋਰ ਨਹੀਂ ਚੱਲਦੇ ਮਿੱਤਰੋ ਕਦੇ ਬਲਾਵਾਂ ਦੇ।

Advertisement

ਔਕੜ-ਮੁਸ਼ਕਿਲ ਪੁੱਤਾਂ ਨੂੰ ਕੋਈ ਆਵੇ ਨਾ,
ਖ਼ੈਰਾਂ ਮੰਗਣ ਮਾਵਾਂ ਵਿੱਚ ਦੁਆਵਾਂ ਦੇ।

ਧੁੱਪਾਂ-ਤਪਸ਼ਾਂ ਦੇ ਵਿੱਚ ਮਾਵਾਂ ਕੜਦੀਆਂ ਨੇ,
ਬੱਚਿਆਂ ਨੂੰ ਪਰ ਰੱਖਦੀਆਂ ਨੇ ਵਿੱਚ ਛਾਵਾਂ ਦੇ।

ਹਰ ਆਫ਼ਤ ਵੀ ਡਰ ਕੇ ਪਾਸੇ ਹੋ ਜਾਂਦੀ,
ਮਾਵਾਂ ਖੜ੍ਹੀਆਂ ਹੋਵਣ ਜਦ ਵਿੱਚ ਰਾਹਵਾਂ ਦੇ।

ਮਾਂ ਦੀ ਹੱਲਾਸ਼ੇਰੀ ਪੁੱਤਰ ਪਰਬਤ ’ਤੇ,
ਥਾਪੀ ਸ਼ਕਤੀ ਭਰ ਦਿੰਦੀ ਵਿੱਚ ਬਾਹਵਾਂ ਦੇ।

ਪੁੱਤਰ ਜਾ ਕੇ ਪਰਦੇਸਾਂ ਵਿੱਚ ਵੱਸੇ ਨੇ,
ਮਾਵਾਂ ਪੁੱਤ ਵਸਾਏ ਨੇ ਵਿੱਚ ਸਾਹਵਾਂ ਦੇ।

ਪੁੱਤਰ ਖ਼ੁਸ਼ੀਆਂ ਲੱਭਦੇ ਫਿਰਦੇ ਦੁਨੀਆਂ ’ਚੋਂ,
ਮਾਵਾਂ ਖ਼ੁਸ਼ ਨੇ ਵਿੱਚ ਪੁੱਤਾਂ ਦਿਆਂ ਚਾਵਾਂ ਦੇ।

‘ਪਾਰਸ’ ਜਿਹੜੀ ਥਾਂ ’ਤੇ ਮਾਂ ਦੇ ਪੈਰ ਪਏ,
ਮੈਂ ਸਦਕੇ ਬਲਿਹਾਰੇ ਉਨ੍ਹਾਂ ਥਾਵਾਂ ਦੇ।
ਸੰਪਰਕ: 99888-11681
* * *

ਗ਼ਜ਼ਲ

ਜਸਵੰਤ ਧਾਪ
ਇਸ ਵੇਲੇ ਦੀ ਦਰਦ ਕਹਾਣੀ
ਚਾਰ ਚੁਫ਼ੇਰੇ ਪਾਣੀ ਪਾਣੀ
ਰੋਜ਼ ਦਿਹਾੜੀ ਬੱਦਲ ਗਰਜਣ
ਬਿਜਲੀ ਰੌਂਦੇ ਸਾਹਵਾਂ ਥਾਣੀ
ਅੰਬਰ ਵੱਲੇ ਝਾਕੀ ਜਾਵੇ
ਅੱਖਾਂ ਟੱਡੀ ਧਰਤ ਨਿਮਾਣੀ
ਲੁੱਟੀ ਪੁੱਟੀ ਗਈ ਲੋਕਾਈ
ਤਕਦੀਰਾਂ ਨੇ ਚੌਧਰ ਮਾਣੀ
ਇੱਕ ਦੂਜੇ ਨੂੰ ਪੁੱਛਣ ਖ਼ੈਰਾਂ
ਦੂਰ ਦੁਰਾਡੇ ਬੈਠੇ ਹਾਣੀ
ਹੱਠ ਪੁਗਾ ਕੇ ਕੁਦਰਤ ਖੌਰੇ
ਕੀ ਸਮਝਾਵੇ ਖ਼ਸਮਾਂ ਖਾਣੀ
ਚੋ ਚੋ ਹੋਈ ਕਮਲ਼ੀ ਯਾਰੋ
ਖਾਬਾਂ ਵਾਲੀ ਛੱਤ ਪੁਰਾਣੀ
ਕਿਉਂ ਨ ਰੱਬ ਨੇ ਹਾਲੇ ਤਾਈਂ
ਫ਼ਰਿਆਦਾਂ ਦੀ ਨਬਜ਼ ਪਛਾਣੀ
ਧਾਪ ਦੋਸਤਾ ਹਿੰਮਤ ਰੱਖੀਂ
ਹਰ ਆਫ਼ਤ ਆਉਣੀ ਤੇ ਜਾਣੀ
ਸੰਪਰਕ: 98551-45330
* * *

ਸੀਨੀਅਰ ਲੀਡਰ

ਰੰਜੀਵਨ ਸਿੰਘ
ਸੀਨੀਅਰ ਲੀਡਰ ਹਾਂ ਅਸੀਂ
ਸੀਨੀਅਰ ਲੀਡਰ!

ਇਸ ਪਾਰਟੀ ਵਿੱਚ
ਅਸੀਂ ਵਰਕਰ ਸਾਂ ਪਹਿਲੋਂ
ਫੇਰ ਬਲਾਕ ਪ੍ਰਧਾਨ
ਜ਼ਿਲ੍ਹਾ ਪ੍ਰਧਾਨ ਤੋਂ
ਸੂਬਾ ਪ੍ਰਧਾਨ ਹੁੰਦਿਆਂ
ਐੱਮ.ਐੱਲ.ਏ. ਵੀ ਰਹੇ
ਫੇਰ ਮੰਤਰੀ ਪਦ ਮਾਣਿਆ
ਦਮ ਘੁਟਣ ਲੱਗਾ ਫਿਰ
ਇਸ ਪਾਰਟੀ ਵਿੱਚ ਸਾਡਾ
ਅੱਚਵੀ ਜਿਹੀ ਲੱਗਣ ਲੱਗੀ
ਖੜੋਤ ਜਿਹੀ ਜਾਪਣ ਲੱਗੀ
ਰਾਜਨੀਤਕ ਖੜੋਤ

ਸਥਿਤੀਆਂ ਬਦਲੀਆਂ
ਸਮੀਕਰਨ ਬਦਲੇ
ਮਾਰ ਛੜੱਪੇ ਫੇਰ ਅਸੀਂ
ਕਦੀ ਏਸ ਪਾਰਟੀ
ਕਦੀ ਓਸ ਪਾਰਟੀ

ਪਰ ਦੇਖੋ!
ਕਮਾਲ ਅਸਾਡਾ
ਨਵੀਂ ਪਾਰਟੀ ਵਿੱਚ ਵੀ
ਰਹਿੰਦੇ ਅਸੀਂ
ਸੀਨੀਅਰ ਲੀਡਰ ਹੀ ਹਾਂ
ਅਸੀਂ ਜਿਸ ਵੀ ਪਾਰਟੀ
ਵਿੱਚ ਹੁੰਦੇ ਹਾਂ ਸ਼ਾਮਿਲ
ਆਪਣੀ ਸੀਨੀਆਰਤਾ
ਨਾਲ ਲੈ ਕੇ ਜਾਂਦੇ ਹਾਂ
ਅਸੀਂ ਕੋਈ ਮੁਲਾਜ਼ਮ ਥੋੜ੍ਹੇ ਹਾਂ
ਜੋ ਸੀਨੀਆਰਤਾ ਛੱਡਾਂਗੇ
ਦੂਜੇ ਵਿਭਾਗ ਵਿੱਚ ਜਾ ਕੇ
ਜਿਸ ਮਰਜ਼ੀ ਪਾਰਟੀ ਵਿੱਚ ਹੋਈਏ
ਟਿਕਟਾਂ ਸਾਨੂੰ ਹੀ ਮਿਲਦੀਆਂ ਹਨ
ਲਤਾੜਕੇ ਹੇਠਲੇ ਵਰਕਰਾਂ ਨੂੰ
ਰੌਂਦ ਕੇ ਟਕਸਾਲੀ ਲੀਡਰਾਂ ਨੂੰ

ਦੇਖਿਆ!
ਲੀਡਰ, ਲੀਡਰ ਹੀ ਰਹਿੰਦੇ ਨੇ
ਤੇ ਵਰਕਰ, ਵਰਕਰ ਹੀ
ਦਰੀਆਂ ਵਿਛਾਉਣ ਨੂੰ
ਰੈਲੀਆਂ ’ਚ ਨਾਹਰੇ ਲਾਉਣ ਨੂੰ
ਸੰਪਰਕ: 98150-68816
* * *

ਲੀਡਰ ਬਨਾਮ ਚੋਣਾਂ

ਮਾ. ਨਰੰਜਨ ਸਿੰਘ
ਅਗਲੇ ਸਾਲ ਲੋਕ ਸਭਾ ਦੀ ਚੋਣ ਹੈ ਹੋਣੀ
ਲੀਡਰ ਹੋ ਗਏ ਨੇ ਪੱਬਾਂ ਭਾਰ ਮੀਆਂ
ਜੋੜ ਤੋੜ ਕਰਨ ਲੱਗ ਪਏ ਨੇ ਸਾਰੇ
ਕਿਵੇਂ ਬਣੂ ਆਪਣੀ ਸਰਕਾਰ ਮੀਆਂ
ਲੋਕੀਂ ਹੋ ਗਏ ਨੇ ਬਹੁਤ ਸਿਆਣੇ
ਨਹੀਂ ਕਰਦਾ ਕੋਈ ਇਤਬਾਰ ਮੀਆਂ
ਚਲਣੀ ਪਊ ਕੋਈ ਚਾਲ ਐਸੀ
ਜਿਸ ਨਾਲ ਹੋਜੇ ਬੇੜਾ ਪਾਰ ਮੀਆਂ
ਸਾਧਾਂ ਸੰਤਾਂ ਨੂੰ ਪਏ ਮੱਥਾ ਟੇਕਣ
ਆਖਣ ਹੋਜੇ ਜਿੱਤ ਨਾ ਹੋਵੇ ਹਾਰ ਮੀਆਂ
ਦਲਬਦਲੂ ਵੀ ਹੁਣ ਬਹੁਤੇ ਹੋ ਗਏ
ਕੁਰਸੀ ਲਈ ਛੱਡ ਜਾਂਦੇ ਪੁਰਾਣੇ ਯਾਰ ਮੀਆਂ
ਦਾਗੀ ਚਿਹਰੇ ਹੋ ਗਏ ਸਭ ਤੋਂ ਮੂਹਰੇ
ਆਖਣ ਅਸੀਂ ਲੋਕਾਂ ਦੇ ਸੇਵਾਦਾਰ ਮੀਆਂ
ਕੀ ਹਾਲ ਬਣੂ ਮੇਰੇ ਦੇਸ ਦਾ
ਲੁੱਟਣ ਵਾਲਿਆਂ ਦੀ ਲੰਮੀ ਕਤਾਰ ਮੀਆਂ
* * *

ਕੁਦਰਤ

ਗੁਰਮੀਤ ਸਿੰਘ ਰਾਮਪੁਰੀ
ਪੌਣ ਪਾਣੀ ਗੰਧਲਾ ਕੀਤਾ
ਫਿਜ਼ਾ ਕਰੀ ਤੂੰ ਫੀਤਾ ਫੀਤਾ
ਆਫ਼ਤਾਂ ਬਣ ਅੱਗੇ ਆ ਰਹੇ
ਤੇਰੇ ਕੀਤੇ ਪੁੱਠੇ ਕਾਜ
ਹੁਣ ਤੇਰੇ ਨਾਲ ਬੰਦਿਆ
ਕੁਦਰਤ ਹੋਈ ਨਾਰਾਜ਼...

ਸਵਰਗ ਜਿਹਾ ਸੰਸਾਰ ਸੀ
ਤੂੰ ਬਣਾਇਆ ਨਰਕ
ਸੁਆਰਥਾਂ ਦੀ ਪੂਰਤੀ ਵਿੱਚ
ਕੀਤਾ ਬੇੜਾ ਗਰਕ
ਤਾਲੋਂ ਬੇਤਾਲੇ ਹੋ ਗਏ
ਜ਼ਿੰਦਗੀ ਦੇ ਕੁੱਲ ਸਾਜ਼
ਹੁਣ ਤੇਰੇ ਨਾਲ ਬੰਦਿਆ
ਕੁਦਰਤ ਹੋਈ ਨਾਰਾਜ਼...
ਦਿਲ ਵਿੱਚ ਰੱਖੇਂ ਈਰਖਾ
ਛੱਡ ਨਿਮਰਤਾ ਪ੍ਰੀਤ
ਤੇਰੀ ਝੋਲੀ ਖਾਲੀ ਕਰ ਗਈ
ਤੇਰੀ ਮਾੜੀ ਨੀਤ
ਹੁਣ ਤੇਰੇ ’ਤੇ ਰਿਹਾ ਨਾ
ਕੁਦਰਤ ਨੂੰ ਭੋਰਾ ਨਾਜ਼
ਹੁਣ ਤੇਰੇ ਨਾਲ ਬੰਦਿਆ
ਕੁਦਰਤ ਹੋਈ ਨਾਰਾਜ਼...

ਕਾਹਦੀ ਤੈਨੂੰ ਤ੍ਰਿਸ਼ਨਾ
ਕਾਹਦੀ ਤੈਨੂੰ ਹੋੜ
ਤੇਰੀ ਉਹ ਗੱਲ ਬੰਦਿਆ
ਅੱਗਾ ਦੌੜ ਪਿੱਛਾ ਚੌੜ
ਤੇਰੇ ਸਿਰ ਸੋਂਹਦਾ ਨਾ
ਇਨਸਾਨਾਂ ਵਾਲਾ ਤਾਜ
ਹੁਣ ਤੇਰੇ ਨਾਲ ਬੰਦਿਆ
ਕੁਦਰਤ ਹੋਈ ਨਾਰਾਜ਼...
ਹੱਥੀਂ ਬੂਟੇ ਲਾ ਲਾ ਛੱਡੇਂ
ਮੁੜ ਕੇ ਪਾਣੀ ਨਾ ਪਾਵੇਂ
ਜ਼ਹਿਰਾਂ ਆਪ ਫੈਲਾਵੇਂ
ਸ਼ੁੱਧ ਹਵਾ ਦਾ ਹੋਕਾ ਲਾਵੇਂ
ਅੰਦਰੋਂ ਹੋਰ ਬਾਹਰੋਂ ਹੋਰ
ਕੀ ਕੀ ਖੋਲ੍ਹਾਂ ਪਾਜ
ਹੁਣ ਤੇਰੇ ਨਾਲ ਬੰਦਿਆ
ਕੁਦਰਤ ਹੋਈ ਨਾਰਾਜ਼...

ਅਜੇ ਕੁਝ ਨਾ ਵਿਗੜਿਆ
ਬੰਦਿਆ ਡੁੱਲ੍ਹੇ ਬੇਰਾਂ ਦਾ
ਨਹੀਂ ਨਤੀਜਾ ਘਾਤਕ ਹੋਊ
ਕਰੀਆਂ ਦੇਰਾਂ ਦਾ
ਆਉ ਮੀਤ ਜਾਣ ਲਈਏ
ਤੰਦਰੁਸਤੀ ਦਾ ਰਾਜ਼
ਹੁਣ ਤੇਰੇ ਨਾਲ ਬੰਦਿਆ
ਕੁਦਰਤ ਹੋਈ ਨਾਰਾਜ਼...
ਸੰਪਰਕ: 98783-25301
* * *

ਮੋਹ ਮਮਤਾ ਦੇ ਨਗਮੇਂ

ਬਲਵਿੰਦਰ ਬਾਲਮ
ਮੋਹ ਮਮਤਾ ਦੇ ਨਗਮੇਂ ਗਾਏ ਰੱਖੜੀ ਦਾ ਤਿਉਹਾਰ।
ਸ਼ੁੱਧ ਆਚਰਣ ਦੇ ਬਿੰਬ ਬਣਾਏ ਰੱਖੜੀ ਦਾ ਤਿਉਹਾਰ।
ਸਾਵਣ ਦੀ ਸੰਪੂਰਨਤਾ ਪੂਰਨਮਾਸ਼ੀ ਵਾਲੇ ਦਿਨ।
ਕੁਦਰਤ ਦੇ ਜੰਨਤ ਵਰਗੀ, ਗੋਦੀ ਵਿੱਚ ਸੰਭਾਲੇ ਦਿਨ।
ਸਮਤਾ ਦਾ ਸੰਦੇਸ਼ ਸੁਣਾਏ ਰੱਖੜੀ ਦਾ ਤਿਉਹਾਰ।
ਮੋਹ ਮਮਤਾ ਦੇ ਨਗਮੇਂ ਗਾਏ ਰੱਖੜੀ ਦਾ ਤਿਉਹਾਰ।
ਭੈਣ ਭਰਾ ਦੀ ਉਲਫ਼ਤ ਵਾਲੇ ਇੱਕ ਰਿਸ਼ਤੇ ਦਾ ਬੰਧਨ।
ਜਿੱਦਾਂ ਅਰਚਨ ਪੂਜਾ ਵਾਲੀ ਥਾਲੀ ਦੇ ਵਿੱਚ ਚੰਦਨ।
ਦ੍ਰਿਸ਼ਟੀ ਪਰਿਵਰਤਨ ਸਮਝਾਏ ਰੱਖੜੀ ਦਾ ਤਿਉਹਾਰ।
ਮੋਹ ਮਮਤਾ ਦੇ ਨਗਮੇਂ ਗਾਏ ਰੱਖੜੀ ਦਾ ਤਿਉਹਾਰ।
ਭੈਣਾਂ ਦੇਵਣ ਸ਼ੁੱਭ ਅਸੀਸਾਂ ਯੁਗ-ਯੁਗ ਜੀਵਣ ਭਾਈ।
ਸਾਰੀ ਦੁਨੀਆਂ ਦੇ ਵਿੱਚ ਹੋਵੇ ਸ਼ੋਹਰਤ ਤੇ ਵਡਿਆਈ।
ਤੀਜਾ ਨੇਤਰ ਹੋਰ ਵਧਾਏ ਰੱਖੜੀ ਦਾ ਤਿਉਹਾਰ।
ਮੋਹ ਮਮਤਾ ਦੇ ਨਗਮੇਂ ਗਾਏ ਰੱਖੜੀ ਦਾ ਤਿਉਹਾਰ।
ਰਿਸ਼ੀ ਲੋਕ ਤਪੱਸਿਆ ਸੀ ਕਰਦੇ ਇਸ ਦਿਨ ਦੀ ਪ੍ਰਤਿਸ਼ਠਾ।
ਮੰਜ਼ਿਲ ਪੈਰਾਂ ਵਿੱਚ ਖਲੋਏ ਦਿਲ ਵਿੱਚ ਹੋਏ ਨਿਸ਼ਠਾ।
ਫ਼ਸਲਾਂ ਤੇ ਵਿਉਪਾਰ ਵਧਾਏ ਰੱਖੜੀ ਦਾ ਤਿਉਹਾਰ।
ਮੋਹ ਮਮਤਾ ਦੇ ਨਗਮੇਂ ਗਾਏ ਰੱਖੜੀ ਦਾ ਤਿਉਹਾਰ।
ਜਿੱਦਾਂ ਕ੍ਰਿਸ਼ਨ ਭਗਵਾਨ ਬਚਾਈ ਦਰੋਪਤੀ ਦੀ ਲਾਜ।
ਬ੍ਰਹਮ ਅਰਪਨ ਅੰਦਰ ਬਣਕੇ ਇੱਕ ਅਲੌਕਿਕ ਆਵਾਜ਼।
ਹਰ ਔਕੜ ਦਾ ਹੱਲ ਸੁਲਝਾਏ ਰੱਖੜੀ ਦਾ ਤਿਉਹਾਰ।
ਮੋਹ ਮਮਤਾ ਦੇ ਨਗਮੇਂ ਗਾਏ ਰੱਖੜੀ ਦਾ ਤਿਉਹਾਰ।
ਭਾਰਤ ਮਾਂ ਦੀ ਨਿਰਛਲਤਾ ਦੇ ਸੁੰਦਰ ਗੁਲਸ਼ਨ ਅੰਦਰ।
‘ਬਾਲਮ’ ਜਿਉਂ ਖ਼ੁਸ਼ਬੂਆਂ ਹੋਵਣ ਪੂਜਾ ਵਾਲੇ ਮੰਦਰ।
ਪਰਬਲਤਾ ਦੇ ਫੁੱਲ ਖਿੜਾਏ ਰੱਖੜੀ ਦਾ ਤਿਉਹਾਰ।
ਮੋਹ ਮਮਤਾ ਦੇ ਨਗਮੇਂ ਗਾਏ ਰੱਖੜੀ ਦਾ ਤਿਉਹਾਰ।
ਸੰਪਰਕ: 98156-25409
* * *

ਚੇਤਾ ਆਇਆ ਹੈ...

ਗਗਨਪ੍ਰੀਤ ਸੱਪਲ
ਰੱਖੜੀਆਂ ਦਾ ਤਿਉਹਾਰ ਆਇਆ ਹੈ,
ਭੈਣਾਂ ਨੂੰ ਭਰਾਵਾਂ ਦਾ ਚੇਤਾ ਆਇਆ ਹੈ,
ਸੋਹਣੀਆਂ ਸੋਹਣੀਆਂ ਲੈ ਕੇ ਰੱਖੜੀਆਂ,
ਉਹ ਭਰਾਵਾਂ ਦੇ ਘਰ ਨੇ ਅੱਪੜੀਆਂ,
ਲੈ ਕੇ ਆਏ ਫਲ ਤੇ ਮਠਿਆਈਆਂ,
ਚੰਨ ਵਰਗੇ ਭਰਾ ਤੇ ਭਰਜਾਈਆਂ,
ਮੱਥੇ ਤੇ ਟਿੱਕਾ ਹਲਦੀ ਦਾ ਹੈ ਲਾਇਆ,
ਸੋਹਣਾ ਮੱਥਾ ਚੌਲਾਂ ਨਾਲ ਸਜਾਇਆ,
ਗੁੱਟ ਤੇ ਮੋਤੀਆਂ ਵਾਲੀ ਰੱਖੜੀ ਸਜਾਈ,
ਕੋਲ ਬਿਠਾ ਲਈ ਮੈਂ ਆਪਣੀ ਭਰਜਾਈ,
ਭਰਾ ਤੇ ਭਰਜਾਈ ਦੇ ਮੈਂ ਸਦਕੇ ਜਾਵਾਂ,
ਦਿਲੋਂ ਦੇਣ ਛੋਟੀ ਭੈਣ ਨੂੰ ਖ਼ੂਬ ਦੁਆਵਾਂ,
ਸੂਟ ਨਾਲ ਡੱਬਾ ਤੇ ਮੈਨੂੰ ਸ਼ਗਨ ਫੜਾਵੇ,
ਛੱਡੋ ਸ਼ੋਸ਼ੇਬਾਜ਼ੀਆਂ ਤੇ ਇਹ ਦਿਖਾਵੇ,
ਦਿਲਾਂ ’ਚ ਰਹੇ ਸਭਨਾਂ ਦੇ ਪਿਆਰ,
ਆਉਂਦਾ ਰਹੇ ਹਰ ਸਾਲ ਇਹ ਤਿਉਹਾਰ।
ਸੰਪਰਕ: 62801-57535
* * *

ਬਹੁਤ ਸੌਖਾ ਹੁੰਦੈ

ਮਾ. ਰਾਜੇਸ਼ ਰਿਖੀ ਪੰਜਗਰਾਈਆਂ
ਬਹੁਤ ਸੌਖਾ ਹੁੰਦਾ ਹੈ
ਕਿਸੇ ਵੀ ਇਨਸਾਨ ਵਿੱਚ ਤੁਰੰਤ ਨੁਕਸ ਲੱਭ ਲੈਣਾ
ਬਹੁਤ ਸੌਖਾ ਹੁੰਦਾ ਹੈ
ਕਿਸੇ ਦੀ ਇੱਕ ਕਮਜ਼ੋਰੀ ਨੂੰ ਫੜ ਲੈਣਾ
ਬਹੁਤ ਸੌਖਾ ਹੁੰਦਾ ਹੈ
ਕਿਸੇ ਦੀ ਬੁਰਾਈ ਦਾ ਢੋਲ ਵਜਾਉਣਾ
ਬਹੁਤ ਸੌਖਾ ਹੁੰਦਾ ਹੈ
ਕਿਸੇ ਦੂਸਰੇ ਦੀ ਜ਼ਿੰਦਗੀ ਵਿੱਚ ਬੇਲੋੜਾ ਝਾਕਣਾ
ਬਹੁਤ ਸੌਖਾ ਹੁੰਦਾ ਹੈ
ਵਧੀਆ ਕੰਮ ਵਿੱਚ ਇੱਕ ਅੱਧੀ ਘਾਟ ਨੂੰ ਹੀ ਦੇਖਦੇ ਰਹਿਣਾ
ਬਹੁਤ ਸੌਖਾ ਹੁੰਦਾ ਹੈ
ਬਿਨ ਮੰਗੀ ਸਲਾਹ ਦੇਣ ਆ ਟਪਕਣਾ
ਬਹੁਤ ਸੌਖਾ ਹੁੰਦਾ ਹੈ
ਹਮੇਸ਼ਾ ਦੂਸਰਿਆਂ ਲਈ ਜੱਜ ਬਣੇ ਰਹਿਣਾ

ਪਰ, ਐਨਾ ਔਖਾ ਵੀ ਨਹੀਂ ਹੁੰਦਾ
ਕਿਸੇ ਦੀ ਇੱਕ ਅੱਧੀ ਗਲਤੀ ਨੂੰ ਨਜ਼ਰਅੰਦਾਜ਼ ਕਰ ਦੇਣਾ
ਪਰ, ਐਨਾ ਔਖਾ ਵੀ ਨਹੀਂ ਹੁੰਦਾ
ਕਮੀਆਂ ਨੂੰ ਛੱਡ ਚੰਗਿਆਈਆਂ ਨੂੰ ਤੱਕਣਾ
ਪਰ, ਐਨਾ ਔਖਾ ਵੀ ਨਹੀਂ ਹੁੰਦਾ
ਕਿਸੇ ਲਈ ਜੱਜ ਬਣਨ ਤੋਂ ਪਹਿਲਾਂ
ਆਪਣੇ ਅੰਦਰ ਝਾਤੀ ਮਾਰਨਾ
ਪਰ, ਐਨਾ ਔਖਾ ਵੀ ਨਹੀਂ ਹੁੰਦਾ
ਕਿਸੇ ਦੇ ਚੰਗੇ ਕੰਮ ਲਈ, ਸੱਚੇ ਦਿਲੋਂ
ਦੋ ਸ਼ਬਦ ਕਹਿ ਦੇਣਾ
ਪਰ, ਐਨਾ ਔਖਾ ਵੀ ਨਹੀਂ ਹੁੰਦਾ
ਸੱਚ ਬੋਲਣਾ
ਐਨਾ ਔਖਾ ਵੀ ਨਹੀਂ ਹੁੰਦਾ
ਸਹੀ ਕੰਮ ਵਿੱਚ ਸਹੀ ਬੰਦੇ ਦਾ ਸਾਥ ਦੇ ਦੇਣਾ
ਐਨਾ ਔਖਾ ਵੀ ਨਹੀਂ ਹੁੰਦਾ...
ਸੰਪਰਕ: 94644-42300
* * *

ਕਲ਼ਮ

ਅਮਰਜੀਤ ਸਿੰਘ ਫ਼ੌਜੀ
ਥਰ ਥਰ ਕੰਬਦੇ ਹਾਕਮ ਦੇਖੇ
ਕਲ਼ਮ ਜਦੋਂ ਸੱਚ ਬੋਲੇ ਹੂ
ਏਸ ਕਲ਼ਮ ਨੇ ਹੁਣ ਤੱਕ ਲੱਖਾਂ
ਰਾਜ ਕਰੇਂਦੇ ਰੋਲੇ ਹੂ
ਗੂੰਗੀ ਬੋਲ਼ੀ ਕਲ਼ਮ ਨਾ ਜਾਣੋ
ਭੇਦ ਕਈਆਂ ਦੇ ਖੋਲ੍ਹੇ ਹੂ
ਮਿਹਨਤਕਸ਼ਾਂ ਨੇ ਏਕਾ ਕਰਕੇ
ਹੈਂਕੜ ਬਾਜ਼ ਮਧੋਲੇ ਹੂ
ਕਲ਼ਮ ਫ਼ੌਜੀ ਦੀ ਵਾਂਗ ਮਿਜ਼ਾਈਲਾਂ
ਛੱਡਦੀ ਸ਼ੱਰੇ ਸ਼ੋਅਲੇ ਹੂ
ਰਿਸ਼ਵਤਖੋਰ ਏ ਨੰਗੇ ਕਰਦੀ
ਆਕਾ ਸਣੇ ਵਿਚੋਲੇ ਹੂ
ਹੱਕ ਸੱਚ ’ਤੇ ਪਹਿਰਾ ਦਿੰਦੀ
ਨਾ ਡਰਦੀ ਨਾ ਡੋਲੇ ਹੂ
ਦੀਨੇ ਪਿੰਡ ਨਾਲ ਪਿਆਰ ਬਥੇਰਾ
ਗਾਉਂਦੀ ਮਾਹੀਏ ਢੋਲੇ ਹੂ।
ਸੰਪਰਕ: 95011-27033
* * *

ਗ਼ਜ਼ਲ

ਜਗਜੀਤ ਗੁਰਮ
ਘੁਲਾੜੀ ਵਿੱਚ ਕਿੰਨੀ ਵਾਰ ਪੀੜਿਆ ਸੀ ਗਿਆ ਉਹਨੂੰ
ਕੀ ਮਿੱਠੇ ਹੋਣ ਦਾ ਅੰਜਾਮ ਤੂੰ ਗੰਨਿਆਂ ਤੋਂ ਪੁੱਛ ਲਈਂ।
ਬਿਗਾਨੀਆਂ ਭਾਸ਼ਾਵਾਂ ਪਿੱਛੇ ਕਿੰਨਾ ਕੁਝ ਗੁਆ ਬੈਠੇ
ਸਿਹਾਰੀਆਂ, ਬਿਹਾਰੀਆਂ ਤੇ ਕੰਨਿਆਂ ਤੋਂ ਪੁੱਛ ਲਈਂ।
ਹਰੀ ਕ੍ਰਾਂਤੀ ਪਲੀਤ ਕਰੇ ਹਵਾ, ਪਾਣੀ ਅਤੇ ਮਿੱਟੀ
ਤੂੰ ਭਾਵੇਂ ਵੱਟ, ਖਾਲਾਂ, ਟਿੱਬਿਆਂ, ਬੰਨਿਆਂ ਤੋਂ ਪੁੱਛ ਲਈਂ।
ਕਰੀ ਮਿਹਨਤ ਬਥੇਰੀ ਪਰ ਕਦੇ ਆਇਆ ਨਹੀਂ ਠਾਕੁਰ
ਪਏ ਗਲ਼ ਰੱਸਿਆਂ ਦਾ ਰਾਜ਼ ਤੂੰ ਧੰਨਿਆਂ ਤੋਂ ਪੁੱਛ ਲਈਂ।
ਦਹੀਂ, ਲੱਸੀ, ਘੀ, ਮੱਖਣ, ਸਾਗ, ਮੱਕੀ, ਮੋਠ ਤੇ ਛੋਲੇ
ਕੀ ਹੁੰਦੀਆਂ ਖੁਰਾਕਾਂ ਦੁੱਧ ਦੇ ਛੰਨਿਆਂ ਤੋਂ ਪੁੱਛ ਲਈਂ।
ਦੋ ਵੇਲੇ ਢਿੱਡ ਭਰ ਖਾਣਾ ਮਿਲੇ ਜਾ ਨਾ ਮਿਲੇ ਥੋਨੂੰ
ਸਮਾਂ ਮਿਲਿਆ ਕਦੇ ਤਾਂ ਕੰਮ ਦੇ ਭੰਨਿਆਂ ਤੋਂ ਪੁੱਛ ਲਈਂ।
ਸਿਆਹੀ ਦੀ ਥਾਂ ਲਹੂ ਪੈਂਦਾ ‘ਗੁਰਮ’ ਕਲਮਾਂ ਦੇ ਵਿੱਚ ਹੁਣ
ਨਹੀਂ ਆਉਂਦਾ ਮੇਰਾ ਵਿਸ਼ਵਾਸ ਜਾ ਕੇ ਪੰਨਿਆਂ ਤੋਂ ਪੁੱਛ ਲਈਂ।
ਸੰਪਰਕ: 99152-64836

Advertisement
Author Image

joginder kumar

View all posts

Advertisement
Advertisement
×