ਨਾਰੀ ਮਨ ਦੀ ਗ਼ਜ਼ਲ
ਸੁਲੱਖਣ ਸਰਹੱਦੀ
ਪੁਸਤਕ ਚਰਚਾ
ਪੁਸਤਕ ‘ਨਜ਼ਰ ਤੋਂ ਸੁਪਨਿਆਂ ਤੱਕ’ (ਕੀਮਤ: 225 ਰੁਪਏ; ਚੇਤਨਾ ਪ੍ਰਕਾਸ਼ਨ, ਲੁਧਿਆਣਾ) ਪੁਰ ਅਹਿਸਾਸ ਸ਼ਾਇਰਾ ਜੋਗਿੰਦਰ ਨੂਰਪੁਰ ਦੀ ਪਹਿਲੀ ਸਾਹਿਤਕ ਕਿਰਤ ਅਤੇ ਪਹਿਲਾ ਗ਼ਜ਼ਲ ਸੰਗ੍ਰਹਿ ਹੈ। ਇਸ ਗ਼ਜ਼ਲ ਸੰਗ੍ਰਹਿ ਦੇ 112 ਸਫ਼ਿਆਂ ਉੱਤੇ 59 ਗ਼ਜ਼ਲਾਂ ਹਨ ਜਦੋਂਕਿ ਅਖ਼ੀਰਲੇ ਚਾਰ ਸਫ਼ਿਆਂ ਉੱਤੇ ਵੱਖ-ਵੱਖ ਵਿਸ਼ਿਆਂ ਬਾਰੇ ਸ਼ਿਅਰ ਦਰਜ ਹਨ।
ਪਿਛਲੇ 10-15 ਸਾਲਾਂ ਵਿਚ ਪੰਜਾਬੀ ਕਵਿੱਤਰੀਆਂ ਨੇ ਚੋਖੀ ਗਿਣਤੀ ਵਿੱਚ ਕਵਿਤਾ ਦੇ ਖੇਤਰ ਵਿੱਚ ਪ੍ਰਵੇਸ਼ ਕੀਤਾ ਅਤੇ ਜ਼ਿਕਰਯੋਗਤਾ ਹਾਸਿਲ ਕੀਤੀ ਹੈ, ਪਰ ਨਿਰੋਲ ਗ਼ਜ਼ਲਗੋਈ ਨੂੰ ਅਪਣਾ ਕੇ ਇਸ ਮੈਦਾਨ ਵਿੱਚ ਉਤਰੀਆਂ ਸ਼ਾਇਰਾਵਾਂ ਅਜੇ ਵੀ ਪੋਟਿਆਂ ਉੱਤੇ ਗਿਣਨ ਯੋਗ ਹਨ। ਇਸ ਦਾ ਕਾਰਨ ਗ਼ਜ਼ਲ ਤਕਨੀਕ ਦੀ ਸ਼ਿਖਸ਼ਾ-ਦੀਖਸ਼ਾ ਵਿੱਚ ਸ਼ਾਇਰਾਂ- ਗ਼ਜ਼ਲਗੋਆਂ ਨਾਲੋਂ ਨਾਰੀ ਗ਼ਜ਼ਲਗੋਆਂ ਨੂੰ ਜ਼ਿਆਦਾ ਬੰਦਿਸ਼ਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸੇ ਲਈ ਗਾਲਬਿ ਦੇ ਆਸੇ-ਪਾਸੇ ਦੂਰ ਤੱਕ ਨਾਰੀ ਗ਼ਜ਼ਲਕਾਰਾਂ ਦੀ ਉੱਘੜਵੀਂ ਸ਼ਨਾਖ਼ਤ ਹੀ ਨਹੀਂ। ਪੰਜਾਬੀ ਵਿੱਚ ਕੁਝ ਸ਼ਾਇਰਾਵਾਂ ਦਾ ਜ਼ਿਕਰ ਤੁਰਿਆ ਹੈ, ਪਰ ਬਹੁਤੀਆਂ ਕੁੜੀਆਂ ਇੱਕ ਹੀ ਗ਼ਜ਼ਲ ਸੰਗ੍ਰਹਿ ਪਿੱਛੋਂ ਵਿਆਹ ਕਰਵਾ ਕੇ ਲੋਪ ਹੋ ਜਾਂਦੀਆਂ ਹਨ। ਫਿਰ ਵੀ ਜਰਮਨੀ ਵਾਲੀ ਨੀਲੂ ਤੇ ਕੈਨੇਡਾ ਅਮਰੀਕਾ ਵਾਲੀ ਸੁਰਜੀਤ ਸਖੀ ਜਿਹੀਆਂ ਹੋਰ ਵੀ ਗ਼ਜ਼ਲਗੋ ਹਨ। ਗ਼ਜ਼ਲ-ਸੰਗ੍ਰਹਿ ‘ਨਜ਼ਰ ਤੋਂ ਸੁਪਨਿਆਂ ਤੱਕ’ ਦੀ ਰਚਨਾਕਾਰ ਜੋਗਿੰਦਰ ਨੂਰਮੀਤ ਆਪਣੀਆਂ ਵਿਲੱਖਣ ਸੰਭਾਵਨਾਵਾਂ ਲੈ ਕੇ ਗ਼ਜ਼ਲ ਦੇ ਗਗਨ ਵਿੱਚ ਧੂਮਕੇਤੂ ਵਾਂਗ ਪ੍ਰਗਟ ਹੋਈ ਹੈ। ਨੂਰਮੀਤ ਦੀ ਇਸ ਪੁਸਤਕ ਉੱਤੇ ਸੁਰਜੀਤ ਪਾਤਰ, ਗੁਰਤੇਜ ਕੁਹਾਰਵਾਲਾ ਅਤੇ ਜਗਜੀਤ ਕਾਫਿਰ ਨੇ ਪ੍ਰਸੰਸਾਮੁਖੀ ਸ਼ਬਦ ਲਿਖੇ ਹਨ। ਕਾਫ਼ਿਰ ਉਸ ਦਾ ਉਸਤਾਦ ਹੈ।
ਨੂਰਮੀਤ ਨੇ ਬੜੀ ਸੂਖ਼ਮਤਾ ਨਾਲ ਔਰਤ ਦੀਆਂ ਮਨੋਕਾਮਨਾਵਾਂ ਨੂੰ ਸ਼ਿਅਰਾਂ ਵਿੱਚ ਢਾਲਿਆ ਹੈ। ਇਨ੍ਹਾਂ ਸ਼ਿਅਰਾਂ ਨੂੰ ਪੜ੍ਹਦਿਆਂ ਲੱਗਦਾ ਹੀ ਨਹੀਂ ਕਿ ਇਹ ਨੂਰਮੀਤ ਦੀ ਪਹਿਲੀ ਪੁਸਤਕ ਹੈ। ਕੋਈ ਸ਼ਿਅਰ ਰੂਪ-ਵਿਧਾਨ ਵਿੱਚ ਕਿਤੇ ਝੋਲ ਨਹੀਂ ਮਾਰਦਾ ਅਤੇ ਅਰਥਾਂ ਦੇ ਖੰਭਾਂ ਨਾਲ ਸ਼ਿਅਰੀ ਗਗਨਾਂ ਦਾ ਬਾਜ ਬਣ ਕੇ ਉਡਦਾ ਹੈ। ਉਸ ਦੇ ਕੁਝ ਸ਼ਿਅਰ ਪੜ੍ਹ ਕੇ ਇਹ ਤੱਥ ਸਾਬਿਤ ਹੋ ਜਾਂਦਾ ਹੈ:
* ਜੇ ਨਾ ਸੂਰਜ ਉੱਠ ਕੇ ਮੇਰੇ ਹੱਕ ਵਿੱਚ ਖੜ੍ਹਿਆ
ਜੁਗਨੂੰ ਘੇਰ ਲਿਆਵਾਂਗੀ ਮੈਂ ਨੂਰ ਦੀ ਖਾਤਰ
* ਹਾਸੇ ਖੋਹ ਕੇ ਨੂਰ ਲੁਕੋ ਕੇ, ਸੁੰਨੇ ਨ੍ਹੇਰੇ ਰਾਹ ਦਿੱਤੇ ਨੇ।
ਹੰਝੂ ਵੇਖੋ ਕਿਹੜੇ ਮੁੱਲ ’ਤੇ ਮੈਨੂੰ ਮੇਰੇ ਸ਼ਾਹ ਦਿੱਤੇ ਨੇ।
* ਕੁਝ ਰਸਮਾਂ ਤੇ ਕਸਮਾਂ ਖਾਤਿਰ
ਮੁੜ ਮੁੜ ਕਤਲ ਖੁਦੀ ਦਾ ਕੀਤਾ
ਇੱਕ ਰਿਸ਼ਤੇ ਦੀ ਲਾਸ਼ ਨੂੰ ਅਕਸਰ
ਐਦਾਂ ਨਕਲੀ ਸਾਹ ਦਿੱਤੇ ਨੇ।
* ਵਿਛੋੜਾ ਜਾਨ ਲੈਂਦਾ ਹੈ ਮਿਲਣ ਦੀ ਵੀ ਸਜ਼ਾ ਸੂਲੀ
ਤੇ ਦੋਹਾਂ ਸੂਰਤਾਂ ਨੇ ਹੀ ਬੜੇ ਨੁਕਸਾਨ ਕਰਨੇ ਨੇ
* ਮੈਂ ਅਪਣੀ ਕਬਰ ਵਿੱਚ ਵੀ ਜ਼ਿੰਦਗੀ ਮਹਿਫੂਜ਼ ਕਰ ਲੈਣੀ
ਤੇ ਮੁੜ ਬਰਸਾਤ ਵਿੱਚ ਪੁੰਗਰ ਕੇ ਸਭ ਹੈਰਾਨ ਕਰਨੇ ਨੇ
ਨੂਰਮੀਤ ਦੀ ਬਹਿਰ ਵੀ ਵੇਖੋ:
ਮੇਰੀ ਨੀਂਦ ਦਾ ਕਰੇਂ ਫ਼ਿਕਰ ਕਿਉਂ?
ਮੇਰੀ ਤੜਫਨਾ ਦਾ ਹੈ ਜ਼ਿਕਰ ਕਿਉਂ?
ਟਿਕੀ ਰਾਤ ਵਿੱਚ ਮੇਰਾ ਜਾਗਣਾ
ਤਾਂ ਨਵੀਂ ਫਜ਼ਰ ਦੀ ਉਡੀਕ ਹੈ।
ਨੂਰਮੀਤ ਦੀਆਂ ਸਭੋ ਗ਼ਜ਼ਲਾਂ ਨੂਰ ਦੀ ਆਈਨਾਕਾਰੀ ਵੀ ਹੈ ਅਤੇ ਮੀਤਕਾਰੀ ਵੀ।
ਸੰਪਰਕ: 94174-84337