ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਗ਼ਜ਼ਲ ਮੰਚ ਸਰੀ ਵੱਲੋਂ ਕੁਲਵਿੰਦਰ ਖਹਿਰਾ ਦੀ ਪੁਸਤਕ ‘ਹਨੇਰੇ ਦੀ ਤਲੀ ’ਤੇ’ ਰਿਲੀਜ਼

08:39 AM Jan 17, 2024 IST
ਗ਼ਜ਼ਲ ਮੰਚ ਸਰੀ ਦੇ ਅਹੁਦੇਦਾਰ ਕੁਲਵਿੰਦਰ ਖਹਿਰਾ ਦੀ ਪੁਸਤਕ ‘ਹਨੇਰੇ ਦੀ ਤਲੀ ’ਤੇ’ ਰਿਲੀਜ਼ ਕਰਦੇ ਹੋਏ

ਹਰਦਮ ਮਾਨ

Advertisement

ਸਰੀ: ਗ਼ਜ਼ਲ ਮੰਚ ਸਰੀ ਦੀ ਇਸ ਸਾਲ ਦੀ ਪਹਿਲੀ ਮੀਟਿੰਗ ਮੰਚ ਦੇ ਪ੍ਰਧਾਨ ਅਤੇ ਸ਼ਾਇਰ ਜਸਵਿੰਦਰ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਬੀਤੇ ਸਾਲ ਮੰਚ ਵੱਲੋਂ ਕੀਤੀਆਂ ਗਈਆਂ ਸਰਗਰਮੀਆਂ ਦਾ ਲੇਖਾ ਜੋਖਾ ਕੀਤਾ ਗਿਆ। ਮੀਟਿੰਗ ਦੌਰਾਨ ਟੋਰਾਂਟੋ ਦੇ ਸ਼ਾਇਰ ਕੁਲਵਿੰਦਰ ਖਹਿਰਾ ਦੀ ਗ਼ਜ਼ਲਾਂ ਦੀ ਪੁਸਤਕ ‘ਹਨੇਰੇ ਦੀ ਤਲੀ ’ਤੇ’ ਰਿਲੀਜ਼ ਕੀਤੀ ਗਈ।
ਇਸ ਮੌਕੇ ਸ਼ਾਇਰ ਰਾਜਵੰਤ ਰਾਜ ਨੇ ਦੱਸਿਆ ਕਿ ਗ਼ਜ਼ਲ ਮੰਚ ਸਰੀ ਦੀ ਵੈੱਬਸਾਈਟ ਬਣਾਈ ਗਈ ਹੈ ਜਿਸ ਦੀ ਸ਼ੁਰੂਆਤ 28 ਜਨਵਰੀ ਨੂੰ ਸਿਟੀ ਸੈਂਟਰ ਲਾਇਬ੍ਰੇਰੀ ਸਰੀ ਵਿਖੇ ਕੀਤੀ ਜਾਵੇਗੀ। ਮੰਚ ਦੇ ਜਨਰਲ ਸਕੱਤਰ ਦਵਿੰਦਰ ਗੌਤਮ ਨੇ ਪਿਛਲੇ ਸਾਲ ਮੰਚ ਵੱਲੋਂ ਕਰਵਾਏ ਗਏ ਸਾਹਿਤਕ ਪ੍ਰੋਗਰਾਮਾਂ ’ਤੇ ਤਸੱਲੀ ਪ੍ਰਗਟ ਕਰਦਿਆਂ ਕਿਹਾ ਕਿ ਇਹ ਖ਼ੁਸ਼ੀ ਦੀ ਗੱਲ ਹੈ ਕਿ ਪਿਛਲੇ ਸਾਲ ਮੰਚ ਨੇ ਆਪਣੇ ਪ੍ਰੋਗਰਾਮਾਂ ਰਾਹੀਂ ਬਹੁਤ ਸਾਰੇ ਨਵੇਂ ਪਾਠਕਾਂ ਅਤੇ ਸਰੋਤਿਆਂ ਨੂੰ ਆਪਣੇ ਨਾਲ ਜੋੜਨ ਦਾ ਕਾਰਜ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਦੌਰਾਨ ਵੱਖ ਵੱਖ ਸਮਾਗਮਾਂ ਰਾਹੀਂ ਮੰਚ ਦੇ ਸ਼ਾਇਰ ਕ੍ਰਿਸ਼ਨ ਭਨੋਟ, ਰਾਜਵੰਤ ਰਾਜ, ਦਵਿੰਦਰ ਗੌਤਮ ਅਤੇ ਪਾਲ ਢਿੱਲੋਂ ਦੀਆਂ ਪੁਸਤਕਾਂ ਲੋਕ ਅਰਪਣ ਕੀਤੀਆਂ ਗਈਆਂ ਅਤੇ ਬਾਹਰੋਂ ਆਏ ਮਹਿਮਾਨ ਲੇਖਕਾਂ ਨਾਲ ਵਿਸ਼ੇਸ਼ ਪ੍ਰੋਗਰਾਮ ਰਚਾਏ ਗਏ। ਮੰਚ ਵੱਲੋਂ ਪੁਸਤਕਾਂ ਪ੍ਰਕਾਸ਼ਿਤ ਕਰਨ ਦਾ ਕਾਰਜ ਵੀ ਸ਼ੁਰੂ ਕੀਤਾ ਗਿਆ ਅਤੇ ਮੰਚ ਵੱਲੋਂ ਅਜਿਹੀਆਂ ਸਰਗਰਮੀਆਂ ਅਤੇ ਪ੍ਰੋਗਰਾਮ ਇਸ ਸਾਲ ਵੀ ਜਾਰੀ ਰੱਖੇ ਜਾਣਗੇ। ਇਸ ਮੀਟਿੰਗ ਵਿੱਚ ਕ੍ਰਿਸ਼ਨ ਭਨੋਟ, ਦਸਮੇਸ਼ ਗਿੱਲ ਫਿਰੋਜ਼, ਪ੍ਰੀਤ ਮਨਪ੍ਰੀਤ ਅਤੇ ਰਣਦੀਪ ਖਹਿਰਾ ਵੀ ਸ਼ਾਮਲ ਸਨ।

ਗੁਰਦਿਆਲ ਸਿੰਘ ਦਾ ਜਨਮ ਦਿਨ ਮਨਾਇਆ

ਸਰੀ: ਵੈਨਕੂਵਰ ਵਿਚਾਰ ਮੰਚ ਵੱਲੋਂ ਜਰਨੈਲ ਆਰਟ ਗੈਲਰੀ ਸਰੀ ਵਿਖੇ ਨਾਵਲਕਾਰ ਗੁਰਦਿਆਲ ਸਿੰਘ ਦੇ ਜਨਮ ਦਿਨ ’ਤੇ ਉਨ੍ਹਾਂ ਨੂੰ ਯਾਦ ਕੀਤਾ ਗਿਆ। ਇਸ ਮੌਕੇ ਨਾਵਲਕਾਰ ਜਰਨੈਲ ਸਿੰਘ ਸੇਖਾ ਨੇ ਪੰਜਾਬੀ ਸਾਹਿਤ ਦੇ ਸਮੂਹ ਪਾਠਕਾਂ ਨੂੰ ਗੁਰਦਿਆਲ ਸਿੰਘ ਦੇ ਜਨਮ ਦਿਨ ਦੀ ਵਧਾਈ ਦਿੱਤੀ ਅਤੇ ਉਨ੍ਹਾਂ ਨਾਲ ਆਪਣੀਆਂ ਯਾਦਾਂ ਤਾਜ਼ਾ ਕੀਤੀਆਂ। ਉਨ੍ਹਾਂ ਦੱਸਿਆ ਕਿ ਲਿਖਾਰੀ ਸਭਾ ਬਰਨਾਲਾ ਇਲਾਕੇ ਦੀ ਪ੍ਰਸਿੱਧ ਸਾਹਿਤਕ ਸੰਸਥਾ ਸੀ ਅਤੇ ਗੁਰਦਿਆਲ ਸਿੰਘ ਵੀ ਉਸ ਸਭਾ ਦੇ ਮੈਂਬਰ ਸਨ ਅਤੇ ਉਸ ਸਭਾ ਵਿੱਚ ਉਨ੍ਹਾਂ ਦਾ ਮਿਲਾਪ ਗੁਰਦਿਆਲ ਸਿੰਘ ਨਾਲ ਹੋਇਆ। ਗੁਰਦਿਆਲ ਸਿੰਘ ਨੇ ਸ਼ੁਰੂ ਵਿੱਚ ਬਕੱਲਮਖ਼ੁਦ ਕਾਲਮ ਰਾਹੀਂ ਬਾਲ ਸਾਹਿਤ ਦੀ ਰਚਨਾ ਕੀਤੀ। ਕੁਝ ਕਵਿਤਾਵਾਂ ਵੀ ਲਿਖੀਆਂ ਜੋ ਗੁਰਦਿਆਲ ਸਿੰਘ ਰਾਹੀ ਦੇ ਨਾਂ ਹੇਠ ਪ੍ਰਕਾਸ਼ਿਤ ਹੋਈਆਂ, ਫਿਰ ਉਨ੍ਹਾਂ ਕਹਾਣੀਆਂ ਲਿਖੀਆਂ। ਜਦੋਂ ਉਨ੍ਹਾਂ ਦਾ ਪਹਿਲਾ ਨਾਵਲ ‘ਮੜ੍ਹੀ ਦਾ ਦੀਵਾ’ ਪ੍ਰਕਾਸ਼ਿਤ ਹੋਇਆ ਤਾਂ ਉਸ ਨੇ ਪੰਜਾਬੀ ਨਾਵਲ ਨੂੰ ਅਹਿਮ ਮੋੜ ਦਿੱਤਾ।
ਸ਼ਾਇਰ ਮੋਹਨ ਗਿੱਲ ਨੇ ਕਿਹਾ ਕਿ ਗੁਰਦਿਆਲ ਸਿੰਘ ਨੇ ਪੰਜਾਬੀ ਨਾਵਲ ਵਿੱਚ ਨਾਇਕ ਦੇ ਪ੍ਰਚੱਲਿਤ ਸੰਕਲਪ ਨੂੰ ਤੋੜਿਆ ਅਤੇ ਦੱਬੇ ਕੁਚਲੇ ਤੇ ਆਮ ਲੋਕਾਂ ਨੂੰ ਪੰਜਾਬੀ ਨਾਵਲ ਦੇ ਨਾਇਕ ਬਣਾਇਆ। ਉਨ੍ਹਾਂ ਦੇ ਨਾਵਲਾਂ ਵਿੱਚ ਲੇਖਕ ਖ਼ੁਦ ਕਿਤੇ ਨਜ਼ਰ ਨਹੀਂ ਆਉਂਦਾ ਸਗੋਂ ਪਾਤਰ ਹੀ ਆਪਣੇ ਸਹਿਜ ਰੂਪ ਵਿੱਚ ਪ੍ਰਗਟ ਹੁੰਦੇ ਹਨ। ਆਰਟਿਸਟ ਜਰਨੈਲ ਸਿੰਘ ਨੇ ਕਿਹਾ ਕਿ ‘ਮੜ੍ਹੀ ਦਾ ਦੀਵਾ’ ਤੇ ‘ਅਣਹੋਏ’ ਉਨ੍ਹਾਂ ਦੇ ਵਿਸ਼ਵ ਪ੍ਰਸਿੱਧ ਸ਼ਾਹਕਾਰ ਹਨ। ਉਨ੍ਹਾਂ ਆਪਣੇ ਨਾਵਲਾਂ ਵਿੱਚ ਠੇਠ ਮਲਵਈ ਭਾਸ਼ਾ ਨੂੰ ਪ੍ਰਸਾਰਨ ਦਾ ਵੀ ਵਿਸ਼ੇਸ਼ ਕਾਰਜ ਕੀਤਾ। ਗੁਰਦਿਆਲ ਸਿੰਘ ਨੇ ਦਸ ਨਾਵਲ, ਦਸ ਕਹਾਣੀ ਸੰਗ੍ਰਹਿ, ਤਿੰਨ ਨਾਟਕ ਤੇ ਦਸ ਬਾਲ ਪੁਸਤਕਾਂ ਦੇ ਯੋਗਦਾਨ ਰਾਹੀਂ ਪੰਜਾਬੀ ਸਾਹਿਤ ਨੂੰ ਮਾਲੋਮਾਲ ਕੀਤਾ ਅਤੇ ਇਸ ਯੋਗਦਾਨ ਦੀ ਬਦੌਲਤ ਉਨ੍ਹਾਂ ਨੂੰ ਸਾਹਿਤ ਦੇ ਵੱਡੇ ਸਨਮਾਨ ਮਿਲੇ ।
ਅੰਗਰੇਜ਼ ਬਰਾੜ ਨੇ ਉਨ੍ਹਾਂ ਨੂੰ ਸਾਡੇ ਸਮਿਆਂ ਦਾ ਬਹੁਤ ਵੱਡਾ ਲੇਖਕ ਦੱਸਦਿਆਂ ਕਿਹਾ ਕਿ ਉਨ੍ਹਾਂ ਨੇ ਪੰਜਾਬੀ ਸਾਹਿਤ ਵਿੱਚ ਨਿਵੇਕਲੀਆਂ ਪੈੜਾਂ ਪਾਈਆਂ। ਉਨ੍ਹਾਂ ਨੂੰ ਭਾਰਤ ਦਾ ਸਭ ਤੋਂ ਵੱਡਾ ਸਾਹਿਤਕ ਐਵਾਰਡ ‘ਗਿਆਨਪੀਠ’ ਹਾਸਲ ਕਰਨ ਦਾ ਵੀ ਫ਼ਖ਼ਰ ਪ੍ਰਾਪਤ ਹੋਇਆ। ਮਹਿੰਦਰਪਾਲ ਸਿੰਘ ਪਾਲ, ਬੌਬੀ ਦਿਓਲ, ਨਰਿੰਦਰ ਸਿੱਧੂ ਅਤੇ ਪ੍ਰੀਤਇੰਦਰ ਸਿੰਘ ਬਾਜਵਾ ਨੇ ਇਸ ਮੌਕੇ ਗੁਰਦਿਆਲ ਸਿੰਘ ਦੇ ਨਾਵਲਾਂ ਅਤੇ ਪਾਤਰ ਚਿਤਰਣ ਦੀ ਗੱਲ ਕੀਤੀ।
ਸੰਪਰਕ: 1 604 308 6663

Advertisement

Advertisement