ਗ਼ਜ਼ਲ ਦਾ ਰਹਿਨੁਮਾ ਦੀਪਕ ਜੈਤੋਈ
ਬੂਟਾ ਸਿੰਘ ਚੌਹਾਨ
ਦੀਪਕ ਜੈਤੋਈ ਨੂੰ ਪਹਿਲੀ ਵਾਰ ਮੈਂ ਭਦੌੜ ਵੇਖਿਆ। ਸਾਡੀ ਤਪਾ ਮੰਡੀ ਦੀ ਸਭਾ ਨੇ ਭਦੌੜ ਇੱਕ ਸਮਾਗਮ ਕਰਵਾਇਆ ਸੀ। ਦਿਨੇ ਕਿਸੇ ਵਿਸ਼ੇ ਨੂੰ ਲੈ ਕੇ ਗੋਸ਼ਟੀ ਹੋਈ, ਰਾਤ ਨੂੰ ਕਵੀ ਦਰਬਾਰ।
ਪ੍ਰਧਾਨਗੀ ਦੀਪਕ ਜੈਤੋਈ ਦੀ ਸੀ।
ਗੱਲ ਚਾਲ਼ੀ-ਬਿਆਲ਼ੀ ਸਾਲ ਪੁਰਾਣੀ ਹੈ। ਮੈਂ ਅਜੇ ਨਵਾਂ-ਨਵਾਂ ਲਿਖਣ ਲੱਗਿਆ ਸੀ। ਚਿੱਠੀ ਪਾ ਕੇ ਮੈਂ ਹੀ ਉਨ੍ਹਾਂ ਨੂੰ ਬੁਲਾਇਆ ਸੀ। ਉਹ ਆ ਗਏ ਸੀ। ਦੇਵ ਰਾਊਕੇ ਤੋਂ ਬਿਨਾਂ ਦੋ-ਤਿੰਨ ਹੋਰ ਸ਼ਾਇਰ ਵੀ ਨਾਲ ਸਨ।
ਕਵੀ ਦਰਬਾਰ ਸਰਕਾਰੀ ਸਕੂਲ ’ਚ ਸੀ। ਸਿਆਲ ਦੀ ਰੁੱਤ ਸੀ। ਸੱਤ ਕੁ ਵੱਜੇ ਸਨ। ਅਸੀਂ ਪ੍ਰਬੰਧ ਕਰ ਰਹੇ ਸੀ। ਖੁੱਲ੍ਹਾ ਕਵੀ ਦਰਬਾਰ ਸੀ। ਲੋਕਾਂ ਨੇ ਦਰੀਆਂ ’ਤੇ ਬਹਿਣਾ ਸੀ। ਇਕੱਠ ਹੋ ਰਿਹਾ ਸੀ।
ਜੈਤੋਈ ਮੇਰੇ ਕੋਲ ਆਏ। ਕਹਿਣ ਲੱਗੇ, ‘‘ਹਾਂ ਕਾਕਾ! ਕੋਈ ਪ੍ਰਬੰਧ ਹੈ?’’
‘‘ਕਾਹਦਾ ਪ੍ਰਬੰਧ ਜੀ?’’ ਮੈਂ ਕਿਹਾ।
ਮੈਂ ਅਜੇ ਦੁਨੀਆ ਦੇ ਰੰਗਾਂ ਤੋਂ ਜਾਣੂ ਨਹੀਂ ਸੀ।
ਉਹ ਬੋਲੇ, ‘‘ਤੂੰ ਆਪ ਵੀ ਲਿਖਦੈਂ?’’
‘‘ਹਾਂ ਜੀ! ਥੋੜ੍ਹਾ-ਬਹੁਤਾ।’’
‘‘ਫੇਰ ਤੈਨੂੰ ਪ੍ਰਬੰਧ ਦਾ ਨੀ ਪਤਾ ਕੀ ਹੁੰਦੈ?’’
ਮੈਂ ਚੁੱਪ ਸੀ। ਓਵੇਂ ਖੜ੍ਹਾ ਸੀ, ਜਿਵੇਂ ਜਮਾਤ ’ਚ ਪਾਠ ਯਾਦ ਨਾ ਕਰਨ ਵਾਲਾ ਜੁਆਕ ਖੜ੍ਹਾ ਹੋਵੇ। ਨਾਲ ਆਏ ਕਵੀ ਨੇ ਕਿਹਾ, ‘‘ਕੋਈ ਠੰਢੇ-ਤੱਤੇ ਦਾ ਪ੍ਰਬੰਧ ਹੈ? ਦੀਪਕ ਜੈਤੋਈ ਨੂੰ ਸੱਦਿਐ... ਥੋਨੂੰ ਪਤਾ ਹੋਣਾ ਚਾਹੀਦੈ। ਕੀ ਖਵਾਉਣੈ-ਕੀ ਪਿਆਉਣੈ।’’
ਮੈਂ ਸਮਝ ਗਿਆ। ਸਾਡਾ ਪ੍ਰਧਾਨ ਐੱਸ. ਤਰਸੇਮ ਸੀ। ਉਹ ਅਜੇ ਆਇਆ ਨਹੀਂ ਸੀ। ਕਿਸੇ ਦੇ ਘਰੇ ਸੀ। ਮੈਨੂੰ ਨਿਰਉੱਤਰ ਹੋਏ ਖੜ੍ਹੇ ਨੂੰ ਵੇਖ ਕੇ ਜੈਤੋਈ ਬੋਲੇ। ਬੋਲੇ ਕਾਹਦੇ ਸੀ? ਗੁੱਸੇ ’ਚ ਸੀ, ‘‘ਚੱਲ ਤੂੰ ਇਹ ਦੱਸ ਮੈਨੂੰ ਦੇਣਾ ਕੀ ਐ?’’
ਮੈਂ ਕਿਹਾ, ‘‘ਸਵਾ ਸੌ।’’
‘‘ਲਿਆ ਫੜਾ।’’
ਮੈਂ ਦੇ ਦਿੱਤੇ। ਉਹ ਕਵੀਆਂ ਨੂੰ ਨਾਲ ਲੈ ਕੇ ਜਿਵੇਂ ਆਏ ਸੀ, ਚਲੇ ਗਏ। ਦੇਵ ਰਾਊਕੇ ਉਨ੍ਹਾਂ ਨੂੰ ਆਪਣੇ ਸਹੁਰਿਆਂ ਦੇ ਘਰ ਲੈ ਗਿਆ। ਖਾ-ਪੀ ਕੇ ਮੁੜੇ। ਇਕੱਠ ਹੋ ਗਿਆ ਸੀ। ਜਿਵੇਂ ਕੋਈ ਰਾਜਸੀ ਜਲਸਾ ਹੋਣਾ ਹੋਵੇ। ਲੋਕ ਸੁਣਨ ਆਏ ਸੀ। ਸਾਰੇ ਕਵੀਆਂ ਨੂੰ ਸੁਣਿਆ। ਜੈਤੋਈ ਨੂੰ ਸਭ ਤੋਂ ਵੱਧ। ਸੁਣਨ ਆਇਆਂ ’ਚੋਂ ਇੱਕ ਉੱਠ ਕੇ ਕਹਿੰਦਾ, ‘‘ਸੋਟੀ ਵਾਲੇ ਬਾਬੇ ਨੂੰ ਫੇਰ ਲਾਓ।’’
ਜੈਤੋਈ ਦਾ ਲਹਿਜਾ ਸਟੇਜੀ ਸੀ। ਲੋਕਾਂ ਨੇ ਰੱਜ ਕੇ ਸੁਣਿਆ। ਉਹ ਸਰੋਤਿਆਂ ਦੀ ਸਮਝ ਦੇ ਪੱਧਰ ’ਤੇ ਜਾ ਕੇ ਕਵਿਤਾ ਪੇਸ਼ ਕਰਨ ਦੇ ਧਨੀ ਸੀ। ਉਨ੍ਹਾਂ ਨੇ ਇਹ ਗੱਲ ਵੀ ਸੁਣਾਈ ਕਿ ਜਦੋਂ ਮੈਂ ਇਹ ਗੀਤ ਲਿਖਿਆ ਸੀ-
ਗੱਲ ਸੋਚ ਕੇ ਕਰੀਂ ਵੇ ਜ਼ੈਲਦਾਰਾ
ਅਸਾਂ ਨੀ ਕਨੌੜ ਝੱਲਣੀ
ਉਨ੍ਹਾਂ ਨੇ ਦੱਸਿਆ ਕਿ ਸਾਡੇ ਜੈਤੋ ਅਖਾੜਾ ਲੱਗਿਆ ਹੋਇਆ ਸੀ। ਉੱਥੋਂ ਦੇ ਜ਼ੈਲਦਾਰ ਨੇ ਸਟੇਜ ’ਤੇ ਆ ਕੇ ਇੱਕ ਗਾਇਕਾ ਦੀ ਬਾਂਹ ਫੜ ਲਈ। ਸ਼ਰਾਬ ਪੀਤੀ ਹੋਈ ਸੀ। ਮੈਂ ਉੱਥੇ ਸੀ। ਗਾਇਕਾ ਨੇ ਝਿੜਕਿਆ ਜ਼ਰੂਰ ਪਰ ਜੋ ਕਹਿਣਾ ਚਾਹੀਦਾ ਸੀ, ਉਹ ਨਹੀਂ ਕਿਹਾ। ਜੋ ਕਹਿਣਾ ਚਾਹੀਦਾ ਸੀ, ਮੈਂ ਉਹ ਗੀਤ ’ਚ ਲਿਖਿਆ। ਸ਼ਾਇਰ ਉਹ ਹੀ ਹੈ, ਜਿਹੜਾ ਲੋਕਾਂ ਦੀਆਂ ਨਾ ਕਹੀਆਂ ਜਾਣ ਵਾਲੀਆਂ ਗੱਲਾਂ ਲਿਖ ਕੇ ਲੋਕਾਂ ’ਚ ਜੁਰੱਅਤ ਪੈਦਾ ਕਰੇ। ਲੋਕਾਂ ਦੀ ਆਵਾਜ਼ ਬਣੇ।
ਰਾਤ ਦੇ ਦਸ-ਗਿਆਰਾਂ ਵਜੇ ਤੱਕ ਕਵੀ ਦਰਬਾਰ ਚੱਲਿਆ। ਉਦੋਂ ਲੋਕਾਂ ਦੀ ਕਵਿਤਾਵਾਂ-ਗੀਤਾਂ ਨਾਲ ਸਾਂਝ ਸੀ। ਕਾਮਰੇਡਾਂ ਦੇ ਡਰਾਮਿਆਂ ਤੇ ਭਾਈ ਮੰਨਾ ਸਿੰਘ ਦੇ ਨਾਟਕਾਂ ’ਚ ਗਾਉਂਦੇ ਕਵੀਆਂ ਤੇ ਗਾਇਕਾਂ ਨੂੰ ਲੋਕ ਦਿਲੋਂ ਸੁਣਦੇ ਸਨ। ਅੱਜ ਵਾਂਗ ਲੋਕ ਪੱਥਰ ਨਹੀਂ ਸੀ ਹੋਏ। ਦੁੱਖਾਂ ਦੇ ਮਾਰੇ ਹੋਏ ਲੋਕ ਜ਼ਿੰਦਗੀ ਭੋਗਦੇ ਵੀ ਸੀ। ਜਿਉਂਦੇ ਵੀ ਸੀ। ਰੂਹਾਂ ਦੇ ਪੰਛੀ ਦਿਲ ਚਾਹੀ ਚੋਗ ਚੁਗਦੇ, ਜਿਸ ’ਚ ਗੀਤਾਂ-ਕਵਿਤਾਵਾਂ ਦੇ ਮੋਤੀ ਵੀ ਸ਼ਾਮਿਲ ਸੀ।
ਜੈਤੋਈ ਕਵਿਤਾ ’ਤੇ ਨਿਰਭਰ ਸੀ। ਕੁਲਵਕਤੀ ਸ਼ਾਇਰ ਸੀ। ਤੜਕੇ ਤਿੰਨ-ਚਾਰ ਵਜੇ ਉੱਠ ਕੇ ਸ਼ਾਗਿਰਦਾਂ ਦੀਆਂ ਗ਼ਜ਼ਲਾਂ ਦੀ ਇਸਲਾਹ ਕਰਦੇ। ਸ਼ਾਗਿਰਦ ਗ਼ਜ਼ਲ ਦੇ ਨਾਲ ਲਿਫ਼ਾਫ਼ੇ ’ਚ ਅੰਤਰ-ਦੇਸੀ ਲਿਫ਼ਾਫ਼ਾ ਵੀ ਭੇਜਦੇ।
ਗ਼ਜ਼ਲ ਉਨ੍ਹਾਂ ਲਈ ਸਭ ਕੁਝ ਸੀ। ਉਸ ਦਾ ਮੂੰਹ-ਮੱਥਾ ਸੰਵਾਰਨ ’ਤੇ ਜ਼ਿੰਦਗੀ ਲਾ ਰਹੇ ਸੀ। ਗ਼ਜ਼ਲ ਦੇ ਉਰਦੂ ਤੋਂ ਲਿਆਂਦੇ ਹੋਏ ਬੀਜ ਪੰਜਾਬੀ ਦੇ ਵਿਹੜੇ ’ਚ ਬੀਜਣ ਵਾਲੇ ਉਹ ਮੁੱਢਲੇ ਸ਼ਾਇਰਾਂ ’ਚੋਂ ਸਨ। ਇਸ ਕਰਕੇ ਉਹ ਉਸਤਾਦ ਬਣ ਗਏ ਸੀ।
ਉਹ ਗ਼ਜ਼ਲ ਦਾ ਮੂੰਹ-ਮੱਥਾ ਸੰਵਾਰਨ ਆਏ ਸੀ। ਸੰਵਾਰ ਕੇ ਤੁਰ ਗਏ। ਅੱਜ ਲੁਧਿਆਣੇ ਦੇ ਪਰਲੇ ਪਾਸੇ ਪੰਜਾਬੀ ਗ਼ਜ਼ਲ ਦੇ ਕਈ ਸਕੂਲ ਉਨ੍ਹਾਂ ਦੇ ਸ਼ਾਗਿਰਦਾਂ ਦੇ ਹੀ ਹਨ।
ਜੈਤੋਈ ਰਮਤੇ ਵੀ ਸਨ। ਜਦੋਂ ਜ਼ਿੰਦਗੀ ਭਾਰ ਲੱਗਣ ਲੱਗ ਪੈਂਦੀ, ਉਹ ਛਿਪਦੇ ਦਿਨ ਨੂੰ ਠੁੰਮ੍ਹਣਾ ਦੇਣ ਲਈ ਆਪਣੇ ਕਿਸੇ ਸ਼ਾਗਿਰਦ ਕੋਲ਼ ਜਾਂਦੇ। ਪੰਜ-ਪੰਜ ਸੱਤ-ਸੱਤ ਦਿਨ ਜੈਤੋ ਨਾ ਮੁੜਦੇ। ਅੱਗੇ ਦੀ ਅੱਗੇ ਜਾਈ ਜਾਂਦੇ। ਜਿਵੇਂ ਜੈਨੀ ਸਾਧੂ-ਸਾਧਵੀਆਂ ਹਰ ਘਰ ’ਚੋਂ ਇੱਕ-ਇੱਕ ਰੋਟੀ ਲੈਂਦੇ ਨੇ, ਉਸੇ ਤਰ੍ਹਾਂ ਉਹ ਇੱਕ ਸ਼ਾਗਿਰਦ ਦੇ ਘਰ ਇੱਕੋ ਰਾਤ ਕੱਟਦੇ। ਸੰਤਾਂ ਵਾਂਗ ਸ਼ਾਇਰਾਂ ਦੀ ਢਾਣੀ ’ਚ ਗ਼ਜ਼ਲ ਦੀ ਬਣਤਰ ਅਤੇ ਬੁਣਤਰ ਦੀਆਂ ਗੱਲਾਂ ਕਰਦੇ। ਉਦੋਂ ਸ਼ਾਇਰਾਂ ਦੀ ਸਿੱਖਣ-ਸਿਖਾਉਣ ’ਚ ਰੁਚੀ ਵੀ ਸੀ। ਹੁਣ ਵਾਂਗ ਸ਼ਾਇਰ ਗ਼ਜ਼ਲ ਦੀ ਬਹਿਰ-ਵਜ਼ਨ ਬਾਰੇ ਜਾਣ ਕੇ ਆਪਣੇ-ਆਪ ਨੂੰ ਸੋਲ਼ਾਂ ਕਲਾ ਸੰਪੂਰਨ ਨਹੀਂ ਸੀ ਸਮਝਦੇ। ਹੋਰ ਪਿੱਛੋਂ ਹੋਰ ਸਿੱਖਣ ਦੀ ਜਗਿਆਸਾ ਪ੍ਰਬਲ ਰਹਿੰਦੀ ਸੀ।
ਜੈਤੋਈ ਜਲਸਿਆਂ ’ਚ ਜਾ ਕੇ ਵੀ ਸ਼ਾਇਰੀ ਕਰਦੇ। ਨਗਰ ਕੌਂਸਲ ਦੀਆਂ ਚੋਣਾਂ ’ਚ ਉਮੀਦਵਾਰਾਂ ਦੇ ਕਸੀਦੇ ਲਿਖਦੇ। ਜੋਸ਼ ’ਚ ਆ ਕੇ ਪੜ੍ਹਦੇ। ਲੋਕ ਉਨ੍ਹਾਂ ਦਾ ਨਾਂ ਸੁਣ ਕੇ ਹੀ ਆ ਜਾਂਦੇ ਸਨ।
ਇੱਕ ਵਾਰ ਉਹ ਕਿਸੇ ਵਾਰਡ ’ਚ ਗਏ। ਉਮੀਦਵਾਰ ਦੇ ਸੁਭਾਅ, ਸੇਵਾ-ਭਾਵ ਬਾਰੇ ਲੰਮੀ ਕਵਿਤਾ ਪੜ੍ਹੀ।
ਅਗਲੇ ਦਿਨ ਉਮੀਦਵਾਰ ਦਾ ਵਿਰੋਧੀ ਉਮੀਦਵਾਰ ਵੀ ਉਨ੍ਹਾਂ ਦੇ ਪੈਰਾਂ ’ਚ ਜਾ ਬੈਠਾ। ਆਥਣੇ ਉਹਦਾ ਜਲਸਾ ਸੀ। ਉਹਦੇ ਬਾਰੇ ਵੀ ਜੈਤੋਈ ਨੇ ਕਵਿਤਾ ਲਿਖ ਦਿੱਤੀ। ਅੰਤ ’ਚ ਲੋਕਾਂ ਨੂੰ ਇਹ ਵੀ ਕਿਹਾ ਕਿ ਕੱਲ੍ਹ ਮੈਂ ਫ਼ਲਾਣੇ ਦੇ ਜਲਸੇ ’ਚ ਆਇਆ ਸੀ। ਮੈਂ ਤੁਹਾਨੂੰ ਉਹਦੇ ਸੁਭਾਅ ਬਾਰੇ ਦੱਸਿਆ ਸੀ। ਅੱਜ ਇਹਦੇ ਬਾਰੇ ਦੱਸਿਐ। ਮੈਂ ਦੋਹਾਂ ਦੇ ਗੁਣ ਦੱਸ ਦਿੱਤੇ। ਢੰਗ ਨਾਲ ਥੋੜ੍ਹੇ-ਬਹੁਤੇ ਨੁਕਸ ਵੀ ਦੱਸੇ ਨੇ। ਹੁਣ ਤੁਸੀਂ ਆਪੇ ਫ਼ੈਸਲਾ ਕਰਿਓ ਕਿ ਦੋਹਾਂ ’ਚੋਂ ਤੁਹਾਨੂੰ ਕਿਹੜਾ ਚੰਗਾ ਲਗਦੈ।
ਇਨ੍ਹਾਂ ਗੱਲਾਂ ਦਾ ਮੈਨੂੰ ਉਦੋਂ ਪਤਾ ਲੱਗਿਆ, ਜਦੋਂ ਮੈਂ ਗ਼ਜ਼ਲ ਨੂੰ ਪ੍ਰਣਾਇਆ ਗਿਆ। ਬਠਿੰਡਾ ਤੇ ਫ਼ਰੀਦਕੋਟ ਜ਼ਿਲ੍ਹਿਆਂ ’ਚ ਵੀ ਜਾਣ ਲੱਗਿਆ। ਉਨ੍ਹਾਂ ਬਾਰੇ ਉਹ ਗੱਲਾਂ ਦਾ ਵੀ ਪਤਾ ਲੱਗਿਆ, ਜਿਹੜੀਆਂ ਉਨ੍ਹਾਂ ਦੀ ਬੇਫ਼ਿਕਰੀ ਤੇ ਫ਼ਾਕਾ-ਮਸਤੀ ਨਾਲ ਸੰਬੰਧਿਤ ਸਨ।
ਜੈਤੋਈ ਨੇ ਪਹਿਲਾਂ-ਪਹਿਲਾਂ ਆਪਣਾ ਜੱਦੀ-ਪੁਸ਼ਤੀ ਕੰਮ ਕਰਦਿਆਂ ਲੋਕਾਂ ਦੀਆਂ ਟੂਮਾਂ ਘੜੀਆਂ। ਸਮਾਲਪੁਰ ਕਸਬੇ ’ਚ ਵੀ ਦੁਕਾਨ ਕੀਤੀ, ਪਰ ਸੁਭਾਅ ਸ਼ਾਇਰਾਨਾ ਸੀ। ਜਿਵੇਂ ਦੁਕਾਨ ਕੀਤੀ ਸੀ, ਓਵੇਂ ਚੁੱਕਣੀ ਪਈ। ਉਨ੍ਹਾਂ ਕੋਲ ਸੁਰ ਸੀ, ਪਰ ਮੁੰਡੇ ਢੁਕਵੀਂ ਤਾਲ ਨਾ ਵਜਾ ਸਕੇ। ਸੁਰ ਤੇ ਤਾਲ ਇੱਕ ਨਾ ਹੋਣ, ਬੇ-ਕਿਰਕੀ ਪੈਦਾ ਹੋ ਜਾਂਦੀ ਹੈ।
ਸਵਰਨਕਾਰੀ ਮਾਇਆ ਦੀ ਖੇਡ ਹੈ। ਜੇਬ ਦਾ ਊਣਾ ਇਹ ਕਿੱਤਾ ਨਹੀਂ ਕਰ ਸਕਦਾ। ਲੋਕਾਂ ਨੇ ਲੋੜ ਵੇਲ਼ੇ ਸੋਨਾ ਲੈਣਾ ਹੁੰਦਾ ਹੈ। ਘਰੇਲੂ ਲੋੜਾਂ ਵੇਲ਼ੇ ਵੇਚਣਾ ਵੀ ਹੁੰਦਾ ਹੈ। ਜੈਤੋਈ ਦੇ ਘਰ ਦੀ ਗਿੱਲ ਲੋਕਾਂ ਦੀਆਂ ਲੋੜਾਂ ਨਾਲ ਨਿਭਣ ਜੋਗਰੀ ਨਹੀਂ ਸੀ।
ਜੈਤੋਈ ਨੂੰ ਬੜੇ ਸਾਲ ਹੋ ਗਏ ਧਰਤੀ ਤੋਂ ਗਿਆਂ, ਪਰ ਉਨ੍ਹਾਂ ਦਾ ਇਹ ਗੀਤ ਹਵਾ ’ਤੇ ਲਿਖਿਆ ਗਿਆ ਹੈ:
ਆਹ ਲੈ ਮਾਏ ਸਾਂਭ ਕੁੰਜੀਆਂ
ਧੀਆਂ ਕਰ ਚੱਲੀਆਂ ਸਰਦਾਰੀ
ਇਹ ਗੀਤ ਹਵਾ ’ਤੇ ਵੀ ਲਿਖਿਆ ਗਿਆ ਹੈ। ਕੁਆਰੀਆਂ ਕੁੜੀਆਂ ਦੇ ਕੁਆਰੇ ਚਾਵਾਂ ਨੇ ਕੱਪੜਿਆਂ ’ਤੇ ਵੀ ਕੱਢਿਆ ਸੀ। ਮਾਂ ਨੂੰ ਕੁੰਜੀਆਂ ਫੜਾਉਂਦੀ ਕੁੜੀ ਦੀ ਤਸਵੀਰ ਕੁੜੀਆਂ ਰੰਗ-ਬਿਰੰਗੇ ਧਾਗਿਆਂ ਨਾਲ ਕੱਢਦੀਆਂ ਤੇ ਸ਼ੀਸ਼ਿਆਂ ’ਚ ਜੜਾ ਕੇ ਦਾਜ ਦਾ ਤੀਲਾ ਬਣਾ ਕੇ ਸਹੁਰੀਂ ਲੈ ਕੇ ਜਾਂਦੀਆਂ। ਇਹ ਗੀਤ ਰਿਕਾਰਡ ਹੋਣ ਵੇਲ਼ੇ ਵੀ ਸੁਣਿਆ ਜਾਂਦਾ ਸੀ। ਡੋਲੀ ਤੁਰਨ ਵੇਲ਼ੇ ਗ਼ਮਗੀਨ ਮਾਹੌਲ ਦੀ ਯਾਦ ਕਰਵਾਉਂਦਾ ਸੀ। ਹੁਣ ਵੀ ਕਰਵਾਉਂਦਾ ਹੈ। ਆਉਣ ਵਾਲੇ ਸਮੇਂ ’ਚ ਕਰਵਾਉਂਦਾ ਵੀ ਰਹੇਗਾ।
ਇਹ ਗੀਤ ਨਰਿੰਦਰ ਬੀਬਾ ਨੇ ਗਾਇਆ ਸੀ। ਲੱਕੜ ਦੇ ਨਾਲ ਲੋਹਾ ਵੀ ਤਰ ਗਿਆ ਸੀ। ਇਹ ਗੀਤ ਨਰਿੰਦਰ ਬੀਬਾ ਤੇ ਜੈਤੋਈ ਦੀ ਹੋਂਦ ਨੂੰ ਆਪਣੇ ’ਚ ਸਮੋਈ ਬੈਠਾ ਹੈ।
ਜਦੋਂ ਇਹ ਗੀਤ ਕੋਠਿਆਂ ’ਤੇ ਮੰਜੇ ਜੋੜ ਕੇ ਬੰਨ੍ਹੇ ਸਪੀਕਰ ਤੋਂ ਲੋਕਾਂ ਦੇ ਕੰਨੀਂ ਪੈਂਦਾ, ਲੋਕ ਸੁਣ ਕੇ ਕਹਿੰਦੇ, ‘‘ਧੀਆਂ ਕੋਲ਼ ਤਾਂ ਸਰਦਾਰੀ ਹੁੰਦੀ ਹੀ ਨਹੀਂ। ਇਹ ਗੱਲ ਕੀ ਬਣੀ?’’
ਪਰ ਇਹ ਸਤਰ ਮਾਲਵੇ ਦੇ ਖਾਂਦੇ-ਪੀਂਦੇ ਘਰਾਂ ਦੀ ਮਾਨਸਿਕਤਾ ਦੀ ਕੁੜੀਆਂ ਪ੍ਰਤੀ ਅਪਣਾਈ ਮਿਆਰੀ ਸੋਚ ਦਾ ਇਤਿਹਾਸ ਸਾਂਭੀ ਬੈਠੀ ਹੈ।
ਆਜ਼ਾਦੀ ਤੋਂ ਪਹਿਲਾਂ ਜ਼ਮੀਨਾਂ ਦੀਆਂ ਵੱਡੀਆਂ ਢੇਰੀਆਂ ਦੇ ਮਾਲਕ ਤੇ ਸਰਦਾਰ ਕਹਾਉਂਦੇ ਲੋਕ, ਆਪਣੇ ਘਰਾਂ ’ਚ ਜਾਂ ਤਾਂ ਕੁੜੀਆਂ ਜੰਮਣ ਤੋਂ ਪਿੱਛੋਂ ਵੱਡੀਆਂ ਨਹੀਂ ਸੀ ਹੋਣ ਦਿੰਦੇ, ਕਿਸੇ ਨਾ ਕਿਸੇ ਤਰੀਕੇ ਮਾਰ ਦਿੰਦੇ ਜਾਂ ਜਿਉਂਦੀ ਨੂੰ ਤੌੜੇ ’ਚ ਪਾ ਕੇ ਦੱਬ ਦਿੰਦੇ। ਉਨ੍ਹਾਂ ਦੀ ਸੋਚ ਹੁੰਦੀ ਕਿ ਸਾਡੇ ਘਰੇ ਕਿਸੇ ਹੋਰ ਦੇ ਘਰੋਂ ਡੋਲੀ ਆ ਤਾਂ ਸਕਦੀ ਹੈ ਪਰ ਸਾਡੇ ਘਰੋਂ ਜਾ ਨਹੀਂ ਸਕਦੀ।
ਕਿਹਾ ਜਾਂਦਾ ਹੈ ਕਿ ਸਾਰੀ ਦੁਨੀਆ ਇੱਕੋ ਜਿਹੀ ਨਹੀਂ ਹੁੰਦੀ। ਫੁੱਲਾਂ ਵਾਂਗ ਲੋਕਾਂ ਦੇ ਰੰਗ ਨੇ। ਕਈ ਨਰਮ-ਦਿਲੇ ਜੰਮਦੀ ਧੀ ਨੂੰ ਹਿੱਕ ਨਾਲ ਲਾਉਂਦੇ। ਲੋਰੀਆਂ ਦਿੰਦੇ। ਖੁੱਲ੍ਹਾ ਖਵਾਉਂਦੇ-ਪਿਲਾਉਂਦੇ। ਮੁੰਡਿਆਂ ਵਾਂਗ ਪਾਲ਼ਦੇ। ਮੁੰਡਿਆਂ ਵਾਂਗ ਹੀ ਪਿੰਡ ਦੇ ਡੇਰੇ ਜਾਂ ਸ਼ਹਿਰ-ਕਸਬੇ ਦੀ ਕਿਸੇ ਰਿਸ਼ਤੇਦਾਰੀ ’ਚ ਛੱਡ ਕੇ ਪੜ੍ਹਾਉਂਦੇ। ਜਦੋਂ ਪੜ੍ਹ ਕੇ ਆਈ ਕੁੜੀ ਘਰੇ ਆਉਂਦੀ, ਸਾਰੀ ਕਬੀਲਦਾਰੀ ਉਹਨੂੰ ਦੇ ਦਿੰਦੇ। ਜ਼ਮੀਨ ਵੇਚਣੀ। ਜ਼ਮੀਨ ਗਹਿਣੇ ਲੈਣ ਵੇਲੇ ਕੁੜੀ ਤੋਂ ਪੁੱਛਿਆ ਜਾਂਦਾ। ਫ਼ਸਲ ਕਿੰਨੀ ਹੋਈ? ਕੀ ਲੈਣਾ-ਦੇਣਾ ਹੈ? ਸਾਰਾ ਹਿਸਾਬ ਮੁੰਡਿਆਂ ਵਾਂਗ ਪਾਲ਼ੀ ਕੁੜੀ ਰੱਖਦੀ। ਪੇਟੀ ਦੀ ਕੁੰਜੀ ਉਹਦੇ ਕੋਲ ਹੁੰਦੀ। ਅਜਿਹੀ ਸੁਹੁਨਰੀ ਕੁੜੀ ਦਾ ਸਾਕ ਲੈਣ ਲਈ ਵਿਚੋਲੇ ਵਿਹੜੇ ਨੀਵੇਂ ਕਰ ਦਿੰਦੇ। ਬਿਗਾਨਾ ਧਨ ਬਿਗਾਨੇ ਘਰੇ ਤੋਰਨਾ ਹੁੰਦਾ। ਤੁਰਨ ਵੇਲ਼ੇ ਦੇ ਛਿਣਾਂ ਨੂੰ ਜੈਤੋਈ ਨੇ ਆਪਣੇ ਗੀਤ ’ਚ ਸਾਂਭਿਆ ਹੈ। ਨਰਿੰਦਰ ਬੀਬਾ ਨੇ ਆਵਾਜ਼ ਦੇ ਕੇ ਆਉਣ ਵਾਲੀਆਂ ਸਦੀਆਂ ’ਚ ਵਗਣ ਵਾਲੀ ਹਵਾ ਦੇ ਪੱਲੇ ਪਾ ਦਿੱਤਾ। ਇਹ ਗੀਤ ਪਹਿਲਾਂ ਵੀ ਸੁਣਿਆ ਜਾਂਦਾ ਸੀ। ਹੁਣ ਵੀ ਸੁਣਿਆ ਜਾਂਦਾ ਹੈ। ਯੂਟਿਊਬ ’ਤੇ ਸੁਣ ਕੇ ਵੇਖੋ। ਲਗਾਤਾਰ ਗਿਣਤੀ ਚੈੱਕ ਕਰ ਲਉ। ਮਹੀਨੇ-ਵੀਹ ਦਿਨਾਂ ’ਚ ਤੁਹਾਨੂੰ ਯਕੀਨ ਹੋ ਜਾਵੇਗਾ ਕਿ ਇਹ ਗੀਤ ਹੁਣ ਵੀ ਸੁਣਿਆ ਜਾ ਰਿਹਾ ਹੈ।
ਜੈਤੋਈ ਨੇ ਕੁਝ ਚਲਵੇਂ ਗੀਤ ਵੀ ਲਿਖੇ ਜੋ ਰਿਕਾਰਡ ਵੀ ਹੋਏ, ਪਰ ਸਮੇਂ ਮੁਤਾਬਿਕ ਹੋਰਾਂ ਗੀਤਾਂ ਵਾਂਗ ਮੁੰਡੇ-ਕੁੜੀਆਂ ਦੇ ਗੀਤ ਲਿਖਣ ਵੇਲ਼ੇ ਮੰਨੀ ਝਿਜਕ ਕਾਰਨ ਗੀਤ ਉਨ੍ਹਾਂ ਲਈ ਵਰਦਾਨ ਨਾ ਬਣ ਸਕੇ। ਸ਼ਰਮ ਦੀ ਲੋਈ ਲਾਹ ਕੇ ਕਿੱਲੇ ਟੰਗਣੀ ਪੈਣੀ ਸੀ। ਉਹ ਜੈਤੋਈ ਤੋਂ ਟੰਗੀ ਨਾ ਗਈ। ਇੱਕ ਪਾਸੇ ਨਿਵਾਣ ਸੀ, ਇੱਕ ਪਾਸੇ ਉਚਾਣ। ਉਚਾਣ ਦੇ ਝੱਖੜ-ਝੋਲੇ ਸੀ। ਨਿਵਾਣ ’ਤੇ ਲਹਿਰਾਂ-ਬਹਿਰਾਂ। ਉਨ੍ਹਾਂ ਸਮੇਂ ਦੀ ਲੋਕ-ਲੱਜ ਕਾਰਨ ਝੱਖੜ-ਝੋਲੇ ਝੱਲਣੇ ਬਿਹਤਰ ਸਮਝੇ।
ਜੈਤੋਈ ਦੀ ਅਦਾਇਗੀ ਕਮਾਲ ਦੀ ਸੀ। ਗਵੱਈਏ ਵਾਂਗ ਉਨ੍ਹਾਂ ਦਾ ਗਲ਼ ਪੱਕਿਆ ਹੋਇਆ ਸੀ। ਅੱਖਰ-ਅੱਖਰ ਟੁਣਕਾਰ ਪੈਦਾ ਕਰਦਾ। ਸਰੋਤੇ ਦੀ ਆਤਮਾ ’ਚ ਵਸਦਾ। ਲੋਕ ਵਾਹ-ਵਾਹ ਕਰਦੇ। ਜੇਬਾਂ ’ਚ ਹੱਥ ਵੀ ਪਾਉਂਦੇ।
ਪਰ ਸਮੇਂ ਦਾ ਕੋਈ ਕੀ ਕਰੇ? ਪੱਛਮੀ ਹਨੇਰੀ ਸਾਡਾ ਪੁਰਾਣਾ ਸਾਰਾ ਕੁਝ ਹੂੰਝ ਕੇ ਲੈ ਗਈ। ਫਿਲਮਾਂ ਆ ਗਈਆਂ। ਰੇਡੀਓ-ਟੀ.ਵੀ. ਆ ਗਏ। ਕਵੀ ਦਰਬਾਰ ਹੋਣੇ, ਲੋਕਾਂ ਨੇ ਹਜ਼ਾਰਾਂ ਦੀ ਗਿਣਤੀ ’ਚ ਸੁਣਨ ਜਾਣਾ, ਬੀਤੇ ਦੀ ਗੱਲ ਬਣ ਕੇ ਰਹਿ ਗਿਆ। ਜਦੋਂ ਬਾਜ਼ਾਰ ਹੀ ਉੱਜੜ ਗਿਆ, ਹੱਟਾਂ ਵਾਲੇ ਕੀ ਕਰਨ?
ਜੈਤੋਈ ਨਾਲ ਵੀ ਇਸੇ ਤਰ੍ਹਾਂ ਹੋਇਆ। ਸਟੇਜਾਂ ਲੜ ਛੁਡਾ ਗਈਆਂ। ਸਭਾਵਾਂ ਕੋਲ ਦੇਣ ਲਈ ਕੀ ਸੀ? ਸੌ ਤੋਂ ਗੱਲ ਚੱਲ ਕੇ ਪੰਜ ਸੌ ਤੱਕ ਜਾ ਕੇ ਮੁੱਕ ਜਾਂਦੀ। ਭਾਸ਼ਾ ਵਿਭਾਗ ਥੋੜ੍ਹੇ-ਬਹੁਤੇ ਵੱਧ ਵੀ ਦੇ ਦਿੰਦਾ। ਅੰਤ ਕਬੀਲਦਾਰੀ ਦੀ ਇੱਕ ਲੋੜ ਪੂਰੀ ਕਰਦੇ, ਦੂਜੀ ਕਾਲ਼ੇ ਨਾਗ ਵਾਂਗ ਫਣ ਚੁੱਕ ਲੈਂਦੀ, ਪਰ ਉਨ੍ਹਾਂ ਦੇ ਦਰਦੀ ਆਉਂਦੇ-ਜਾਂਦੇ ਬਹੁੜਦੇ ਰਹਿੰਦੇ। ਯਥਾ-ਯੋਗ ਮਾਣ-ਸਨਮਾਨ ਕਰਦੇ।
ਇੱਕ ਵਾਰ ਮੈਂ ਉਨ੍ਹਾਂ ਨੂੰ ਬਰਨਾਲੇ ਬੁਲਾਇਆ- ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ’ਚ। ਦੋ ਕਵੀ ਨਾਲ ਵੀ ਆਏ ਸਨ, ਜਿਵੇਂ ਕਿਸੇ ਸੰਤ ਨਾਲ ਗੜਵਈ ਹੋਣ। ਨਾਲ ਆਉਂਦੇ ਇਉਂ ਵੀ ਲਗਦੇ, ਜਿਵੇਂ ਕਿਸੇ ਹਰੇ ਦਰੱਖ਼ਤ ਦੀਆਂ ਸੁੱਕੀਆਂ ਟਾਹਣੀਆਂ ਹੋਣ।
ਸਿਆਲ਼ ਦਾ ਮਹੀਨਾ ਸੀ। ਵਿਦਿਆਰਥੀ ਅੰਗਰੇਜ਼ੀ ਘਾਹ ’ਤੇ ਵਿਸ਼ਾਲ ਲਾਅਨ ’ਚ ਬੈਠੇ ਸਨ। ਕਾਲਜ ਦੀ ਪ੍ਰਬੰਧਕੀ ਕਮੇਟੀ ਕੁਰਸੀਆਂ ’ਤੇ। ਜੈਤੋਈ ਦਾ ਹੀ ਪ੍ਰੋਗਰਾਮ ਸੀ। ਹੋਰ ਕਿਸੇ ਨੇ ਨਹੀਂ ਸੀ ਬੋਲਣਾ। ਉਨ੍ਹਾਂ ਨੇ ਸਟੇਜ ’ਤੇ ਜਾਂਦਿਆਂ ਹੀ ਟੁਣਕਵੀਂ ਤੇ ਭਾਰੀ ਆਵਾਜ਼ ’ਚ ਆਪਣਾ ਸ਼ਿਅਰ ਪੜ੍ਹਿਆ:
ਉਹ ਜਾਣ ਵਾਲ਼ੇ ਸੁਣ ਜਾ
ਇੱਕ ਗੱਲ ਮੇਰੀ ਖਲੋ ਕੇ
ਚੱਲੀਏ ਕਿਸੇ ਦੇ ਬਣ ਕੇ
ਰਹੀਏ ਕਿਸੇ ਦੇ ਹੋ ਕੇ
ਜਦੋਂ ਉਨ੍ਹਾਂ ਨੇ ਸਤਰ ਦੇ ਆਖ਼ਰੀ ਸ਼ਬਦ ‘ਖਲੋ ਕੇ’ ਤੇ ‘ਹੋ ਕੇ’ ਦੁਹਰਾਏ, ਬਰਮੇ ਵਾਂਗ ਖੁਭੇ ਸੀ ਸੁਣਨ ਵਾਲਿਆਂ ਦੇ ਮਨਾਂ ’ਚ। ਇੱਕ ਸ਼ਿਅਰ ਦੇ ਅੰਤਰ ’ਚ ‘ਰੋ ਕੇ’ ਸ਼ਬਦ ਆਉਂਦਾ ਸੀ। ਜਦੋਂ ‘ਰੋ ਕੇ’ ਸ਼ਬਦ ਲਮਕਾ ਕੇ ਪੂਰੇ ਦਰਦੀਲੇ ਰੌਂਅ ’ਚ ਦੁਹਰਾਇਆ, ਸੁਣਨ ਵਾਲਿਆਂ ਦੇ ਮਨ ਹੁੰਗਾਲ਼ ਦਿੱਤੇ। ਹੇਠਲੀ ਉੱਤੇ ਲਿਆ ਦਿੱਤੀ।
ਇੱਕ ਗ਼ਜ਼ਲ ਦਾ ਹੋਰ ਸ਼ਿਅਰ ਪੜ੍ਹਿਆ:
ਜੋ ਇਹ ਕਹਿੰਦੈ ਕਿ ਇਸ ਬਸਤੀ
ਦੇ ਵਿੱਚ ਧਨਵਾਨ ਵਸਦੇ ਨੇ
ਵਿਖਾਓ ਖਾਂ ਜ਼ਰਾ ਉਹਨੂੰ
ਤੁਸੀਂ ਬੂਹਾ ਮੇਰੇ ਘਰ ਦਾ
ਇਸ ਸ਼ਿਅਰ ਨੂੰ ਕਾਲਜ ਦੇ ਪ੍ਰਧਾਨ ਸੰਤ ਮਾਧਵਾ ਨੰਦ ਨੇ ਸੌ ਦਾ ਨੋਟ ਦੇ ਕੇ ਦੁਬਾਰਾ ਸੁਣਾਉਣ ਦੀ ਫ਼ਰਮਾਇਸ਼ ਕੀਤੀ। ਫੇਰ ਜੈਤੋਈ ਨੇ ਸ਼ਹੀਦ ਭਗਤ ਸਿੰਘ ਬਾਰੇ ਬੈਂਤ ਛੰਦ ’ਚ ਲਿਖੀ ਲੰਮੀ ਕਵਿਤਾ ਸੁਣਾਈ। ਮਾਧਵਾ ਨੰਦ ਨੇ ਫੇਰ ਸੌ ਦਾ ਨੋਟ ਦਿੱਤਾ। ਵੇਖੋ-ਵੇਖ ਦੋ ਕੁ ਜਣਿਆਂ ਨੇ ਹੋਰ ਦਿੱਤੇ। ਦੋ-ਤਿੰਨ ਨੇ ਪੰਜਾਹ-ਪੰਜਾਹ। ਕੁਝ ਕੁ ਨੇ ਵੀਹ-ਵੀਹ। ਜ਼ਮਾਨਾ ਤੰਗੀ ਦਾ ਸੀ। ਵੀਹਵੀਂ ਸਦੀ ਦੇ ਅਖ਼ੀਰਲੇ ਸਾਲ ਸੀ। ਹੁਣ ਵਾਂਗ ਪੈਸੇ ਦੀ ਬਹੁਤਾਤ ਨਹੀਂ ਸੀ। ਪੈਸੇ ਦਾ ਬੋਲ-ਬਾਲਾ ਵੀ ਬਹੁਤਾ ਨਹੀਂ ਸੀ।
ਕਾਲਜ ਵਾਲਿਆਂ ਨੇ ਜਾਂਦਿਆਂ ਨੂੰ ਇੱਕ ਚਿੱਟਾ ਲਿਫ਼ਾਫ਼ਾ ਵੀ ਦਿੱਤਾ। ਸਨਮਾਨ ਵੀ ਕੀਤਾ, ਪਰ ਲਿਫ਼ਾਫ਼ੇ ’ਚ ਪਾਏ ਤੇ ਸਟੇਜ ’ਤੇ ਬਣੇ ਪੈਸੇ ਜੈਤੋਈ ਦੇ ਘਰ ਦੀ ਦੇਹਲ਼ੀ ਟੱਪੇ ਜਾਂ ਨਾ। ਰਾਹ ’ਚ ਹੀ ਖੱਖਰ-ਭੱਖਰ ਹੋ ਗਏ। ਠੇਕਾ ਉਨ੍ਹਾਂ ਨੂੰ ਮਹਿਬੂਬ ਵਾਂਗ ਖਿੱਚ ਪਾਉਂਦਾ ਸੀ। ਪਤਾ ਨਹੀਂ ਕਿੰਨਾ ਕੁ ਜ਼ਹਿਰ ਸੀ ਉਨ੍ਹਾਂ ਦੀ ਥੁੜਾਂ ਮਾਰੀ ਜ਼ਿੰਦਗੀ ’ਚ?
ਉਹ ਖ਼ੁੱਦਾਰ ਸ਼ਾਇਰ ਸਨ। ਗੱਲੀਂ-ਬਾਤੀਂ ਇਸ ਗੱਲ ਦਾ ਅਹਿਸਾਸ ਵੀ ਕਰਵਾਉਂਦੇ। ਅਮਲ ’ਚ ਵੀ ਲਿਆਉਂਦੇ।
ਬਰਨਾਲੇ ਦਾ ਪਬਲਿਕ ਰਿਲੇਸ਼ਨ ਵਿਭਾਗ ਦਾ ਡੀ.ਪੀ.ਆਰ.ਓ. ਸੀ ਨਛੱਤਰ ਸਿੰਘ ਸ਼ਾਦ। ਉਹ ਜਿੱਥੇ ਬਦਲ ਕੇ ਜਾਂਦਾ, ਜਾਣ ਸਾਰ ਕਵੀ ਦਰਬਾਰ ਕਰਵਾਉਂਦਾ। ਪਤਾ ਨਹੀਂ ਉਹਦੀਆਂ ਏਨੀਆਂ ਬਦਲੀਆਂ ਕਿਉਂ ਹੁੰਦੀਆਂ ਸਨ? ਸਾਨੂੰ ਪੰਜਾਬ ਦੇ ਦਸ-ਬਾਰਾਂ ਸ਼ਾਇਰਾਂ ਨੂੰ ਉਹਨੇ ਅੱਧਾ ਪੰਜਾਬ ਘੁਮਾ ਦਿੱਤਾ ਸੀ।
ਇੱਕ ਵਾਰੀ ਉਸ ਦੀ ਬਦਲੀ ਬਠਿੰਡੇ ਦੀ ਹੋ ਗਈ। ਉਹਨੇ ਜੈਤੋ ਕਵੀ ਦਰਬਾਰ ਰੱਖ ਲਿਆ। ਨਾ ਸਰਦੀ, ਨਾ ਗਰਮੀ। ਵਿਚਕਾਰਲੇ ਜਿਹੇ ਦਿਨ ਸਨ। ਇੱਕ ਸਕੂਲ ਦੇ ਵਿਹੜੇ ’ਚ ਕਵੀ ਦਰਬਾਰ ਸੀ। ਖਾੜਕੂਵਾਦ ਸ਼ੁਰੂ ਹੋਣ ਦੇ ਦਿਨ ਸੀ। ਸਹਿਮ ਅਜੇ ਬਹੁਤਾ ਨਹੀਂ ਸੀ।
ਜੈਤੋਈ ਦੀ ਪ੍ਰਧਾਨਗੀ ਸੀ, ਪਰ ਕਵੀ ਦਰਬਾਰ ਸ਼ੁਰੂ ਨਹੀਂ ਸੀ ਹੋ ਰਿਹਾ। ਸਮਾਂ ਲੰਘ ਰਿਹਾ ਸੀ। ਮਸਾਂ ਪੰਜ-ਸੱਤ ਬੰਦੇ ਆਏ ਸਨ। ਹੋਰ ਕਵੀ ਵੀ ਆ ਗਏ ਸਨ। ਤਪੇ ਤੋਂ ਮੈਂ ਤੇ ਮਾਰਕੰਡਾ ਗਏ ਸੀ।
ਨਛੱਤਰ ਸਿੰਘ ਸ਼ਾਦ ਨੇ ਜਿਸ ਏ.ਪੀ.ਆਰ.ਓ. ਦੀ ਕਵੀ ਦਰਬਾਰ ’ਚ ਇਕੱਠ ਲਈ ਡਿਊਟੀ ਲਾਈ ਸੀ, ਜਾਂ ਤਾਂ ਉਹ ਦਿਨ ਭੁੱਲ ਗਿਆ ਸੀ ਜਾਂ ਕਿਤੇ ਚਲਿਆ ਗਿਆ ਸੀ, ਕਵੀ ਦਰਬਾਰ ਦੀ ਹਾਲਤ ਮੂੰਹ ’ਚ ਪਾਏ ਖੰਡ ਦੇ ਲੱਛੇ ਵਰਗੀ ਹੋ ਗਈ ਸੀ।
ਨਛੱਤਰ ਸਿੰਘ ਸ਼ਾਦ ਨੇ ਦੀਪਕ ਜੈਤੋਈ ਨੂੰ ਅੱਡ ਕੀਤਾ। ਅਸੀਂ ਵੀ ਕੋਲ ਚਲੇ ਗਏ। ਸ਼ਾਦ ਕਹਿੰਦਾ, ‘‘ਜੈਤੋਈ ਸਾਹਬ! ਸਾਡੇ ਮੁੰਡੇ ਦੀ ਅਣਗਹਿਲੀ ਕਰਕੇ ਕਵੀ ਦਰਬਾਰ ਨਹੀਂ ਹੋ ਸਕਦਾ। ਤੁਸੀਂ ਐਂ ਕਰੋ, ਆਹ ਰਸੀਦੀ ਟਿਕਟ ਲਾ ਕੇ ਫਾਰਮ ਭਰ ਕੇ ਦਸਤਖ਼ਤ ਕਰ ਦਿਓ।’’ ਉਹਨੇ ਪੈਸੇ ਕੱਢਣ ਲਈ ਪੈਂਟ ਦੀ ਮਗਰਲੀ ਜੇਬ ’ਚ ਹੱਥ ਪਾਉਣ ਦਾ ਯਤਨ ਕੀਤਾ।
ਜੈਤੋਈ ਕਹਿੰਦਾ, ‘‘ਸ਼ਾਦ! ਮੈਂ ਸ਼ਾਇਰ ਵੀ ਹਾਂ। ਖ਼ੁੱਦਾਰ ਸ਼ਾਇਰ ਵੀ। ਕਵੀ ਦਰਬਾਰ ਸ਼ੁਰੂ ਕਰ। ਮਜ਼ਦੂਰ ਵੀ ਦਿਹਾੜੀ ਲਾ ਕੇ ਪੈਸੇ ਲੈਂਦੇ। ਮੈਂ ਵੀ ਕਵਿਤਾ ਪੜ੍ਹ ਕੇ ਪੈਸੇ ਲਊਂ। ਨਹੀਂ ਰਹਿਣ ਦੇ, ਮੈਂ ਚੱਲਿਆਂ।’’
ਜਦੋਂ ਉਹ ਜਾਣ ਲੱਗੇ, ਸ਼ਾਦ ਦਾ ਰੰਗ ਉੱਡ ਗਿਆ। ਉਹ ਹੱਸਦਾ ਬਹੁਤ ਸੀ। ਗੱਲ-ਗੱਲ ’ਤੇ ਠਹਾਕਾ ਮਾਰਦਾ। ਖਸਿਆਣਾ ਜਿਹਾ ਹੱਸ ਕੇ ਉਹਨੇ ਕਿਹਾ, ‘‘ਜੈਤੋਈ ਸਾਹਬ! ਕੋਈ ਸੁਣਨ ਵਾਲਾ ਵੀ ਹੋਵੇ!’’
‘‘ਤੂੰ ਇਹਤੋਂ ਕੀ ਲੈਣੈ? ਤੂੰ ਕਵੀ ਦਰਬਾਰ ਸ਼ੁਰੂ ਕਰ।’’
ਸ਼ਾਦ ਫੇਰ ਝਿਜਕਿਆ। ਜੈਤੋਈ ਨੇ ਸਟੇਜ ਵੱਲ ਇਸ਼ਾਰਾ ਕੀਤਾ। ਦੋ ਤਖ਼ਤਪੋਸ਼ ਲਾ ਕੇ ਉੱਤੇ ਦਰੀ ਵਿਛੀ ਹੋਈ ਸੀ। ਮਾਈਕ ਲੱਗਿਆ ਹੋਇਆ। ਸ਼ਾਦ ਅਣਮੰਨੇ ਮਨ ਨਾਲ ਗਿਆ। ਕਵੀ ਦਰਬਾਰ ਬਾਰੇ ਦੱਸਣ ਲੱਗਿਆ। ਫੇਰ ਜੈਤੋਈ ਨੂੰ ਪੇਸ਼ ਕਰ ਦਿੱਤਾ। ਜੈਤੋਈ ਕਵਿਤਾ ਪੜ੍ਹਨ ਲੱਗਿਆ। ਸਕੂਲ ਅੱਗੋਂ ਦੀ ਲੰਘਦੇ ਸੈਰ ਕਰਨ ਵਾਲਿਆਂ ’ਚੋਂ ਅੱਠ-ਦਸ ਬੰਦੇ ਆ ਗਏ। ਮੈਂ ਕੌਮੀ ਏਕਤਾ ਬਾਰੇ ਗੀਤ ਪੜ੍ਹਿਆ:
ਸਾਂਝੀ ਹੈ ਇਹ ਭੋਂਇੰ ਸਾਡੀ
ਸਾਂਝੀਆਂ ਨੇ ਧੁੱਪਾਂ ਛਾਵਾਂ
ਸਾਂਝੇ ਪੌਣ-ਪਾਣੀ ਦਰਿਆ
ਸਾਂਝੇ ਦੁੱਖ-ਸੁੱਖ ਰਹੁ-ਰੀਤ ਟੱਪੇ ਲੋਰੀਆਂ ਨੇ
ਕਿੰਝ ਅਸੀਂ ਹੋਵਾਂਗੇ ਜੁਦਾ
ਤਿੰਨ-ਚਾਰ ਬੰਦੇ ਮੈਂ ਖਿੱਚੇ। ਫੇਰ ਪਤਾ ਨਹੀਂ ਕਿਹੜਾ ਖੁੱਲ੍ਹੀ ਕਵਿਤਾ ਵਾਲਾ ਲੱਗਿਆ। ਪੰਡਾਲ ’ਚ ਬਹੁਕਰ ਫੇਰ ਦਿੱਤੀ। ਕਵੀ ਦਰਬਾਰ ਹੋਇਆ। ਅਸੀਂ ਛਪੇ ਫਾਰਮਾਂ ’ਤੇ ਰਸੀਦੀ ਟਿਕਟਾਂ ਲਾ ਕੇ ਦਸਤਖ਼ਤ ਕੀਤੇ।
ਸ਼ਾਦ ਨੇ ਪਹਿਲਾਂ ਜੈਤੋਈ ਨੂੰ ਪੈਸੇ ਦਿੱਤੇ। ਉਹਨੇ ਗੀਜੇ ’ਚ ਨਹੀਂ ਪਾਏ। ਆਪਣੇ ਸ਼ਾਗਿਰਦ ਹਰਦਮ ਸਿੰਘ ਮਾਨ ਨੂੰ ਫੜਾਉਂਦਾ ਹੋਇਆ ਕਹਿੰਦਾ, ‘‘ਹਰਦਮ! ਆਹ ਚੱਕ! ਚੱਲ...।’’
ਇਹ ਕਹਿ ਕੇ ਜੈਤੋਈ ਸਕੂਲ ਦੇ ਇੱਟਾਂ ਵਾਲੇ ਫ਼ਰਸ਼ ’ਤੇ ਸੋਟੀ ਖੜਕਾਉਂਦਾ ਔਹ ਗਿਆ-ਔਹ ਗਿਆ!
ਜੈਤੋਈ ਦੀ ਕਵਿਤਾ ’ਚ ਵੀ ਤਨਜ਼ ਹੁੰਦੀ। ਗੱਲਬਾਤ ’ਚ ਵੀ। ਉਨ੍ਹਾਂ ਦਾ ਇੱਕ ਭਾਈ ਸੀ ਗੁਰਬਚਨ ਸਿੰਘ ਪਤੰਗਾ। ਜੈਤੋਈ ਦਾ ਉਹਦੇ ਨਾਲ ਕੋਈ ਮੱਤਭੇਦ ਸੀ ਜਾਂ ਕੋਈ ਰੌਲ਼ਾ ਸੀ। ਬੋਲ-ਚਾਲ ਬੰਦ ਸੀ। ਉਂਝ ਦੋਵੇਂ ਜੈਤੋ ’ਚ ਭਾਜਪਾ ਦੇ ਬੀਜ ਬੀਜਣ ਵਾਲੇ ਮੋਢੀਆਂ ’ਚੋਂ ਸੀ। ਪਏ ਵਿਗਾੜ ਦੀ ਗੱਲ ਦੇਹਲ਼ੀਆਂ ਟੱਪ ਕੇ ਲੋਕਾਂ ਦੇ ਕੰਨਾਂ ’ਚ ਜਾ ਪਈ। ਜੈਤੋਈ ਨੂੰ ਕੋਈ ਪੁੱਛਦਾ, ‘‘ਦੀਪਕ ਜੀ! ਥੋਡੀ ਪਤੰਗੇ ਨਾਲ ਕਿਉਂ ਨਹੀਂ ਬਣਦੀ?’’’
ਜੈਤੋਈ ਕਹਿੰਦਾ, ‘‘ਦੀਵੇ ਤੇ ਪਤੰਗੇ ਦੀ ਬਣੀ ਐਂ ਕਦੇ? ਜੇ ਬਣੀ ਐਂ ਤਾਂ ਦੱਸ?’’
ਗੱਲ ਹਾਸੇ ’ਚ ਪੈ ਜਾਂਦੀ। ਪੁੱਛਣ ਵਾਲੇ ਨੂੰ ਨਿਰ-ਉੱਤਰ ਕਰ ਦਿੰਦਾ। ਗੱਲ ਦੀ ਤਹਿ ਤੱਕ ਜਾਣ ਜੋਗਰਾ ਨਾ ਛੱਡਦੇ।
ਉਹ ਸ਼ਾਗਿਰਦਾਂ ਦੇ ਵਫ਼ਾਦਾਰ ਸਨ। ਦਿਲੋਂ ਪੁੱਛੇ ਸਵਾਲ ਦਾ ਜਵਾਬ ਦਿੰਦੇ। ਇਹ ਨਹੀਂ ਸੀ ਕਹਿੰਦੇ ਕਿ ਗ਼ਜ਼ਲ ਲਿਖਣੀ ਔਖੀ ਬਹੁਤ ਐ, ਸਗੋਂ ਸ਼ਾਗਿਰਦ ਦੀ ਸਮਝ ਦੇ ਪੱਧਰ ’ਤੇ ਜਾ ਕੇ ਗ਼ਜ਼ਲ ਲਿਖਣੀ ਦੱਸਦੇ। ਜਦੋਂ ਕਿਸੇ ਮੁੰਡੇ ਜਾਂ ਬੰਦੇ ਨੂੰ ਸ਼ਾਗਿਰਦ ਬਣਾਉਂਦਾ, ਅਗਲਾ ਗੁਰੂ ਮੰਨਣ ਲੱਗਿਆ ਪੱਗ ਦਿੰਦਾ। ਜੇਬ ਦਾ ਪੂਰਾ ਹੁੰਦਾ, ਪੱਗ ’ਤੇ ਸਰਦੀ-ਪੁਜਦੀ ਮਾਇਆ ਵੀ ਧਰਦਾ। ਗੱਲਾਂ ਕਰਨ ਵੇਲੇ ਜੈਤੋਈ ਨੂੰ ਜੇ ਉਹ ਬੇ-ਗੁਰਾ ਲਗਦਾ, ਆਪਣੀ ਹਥੇਲ਼ੀ ’ਤੇ ਧਰ ਕੇ ਲੂਣ ਵੀ ਚਟਾਉਂਦਾ।
ਬਠਿੰਡਾ ਨੇੜੇ ਹੋਣ ਕਰਕੇ ਉਨ੍ਹਾਂ ਦਾ ਗੇੜਾ ਅਕਸਰ ਬਠਿੰਡੇ ਵਜਦਾ। ਆਪਣੇ ਸ਼ਾਗਿਰਦ ਰਣਵੀਰ ਰਾਣੇ ਕੋਲ ਡੁੱਬਦੇ ਸੂਰਜ ਨੂੰ ਲਾਲ ਅਰਗ ਚੜ੍ਹਾ ਕੇ ਛਿਪਾਉਂਦਾ। ਉਹ ਰਾਤ ਨੂੰ ਸੁੱਤੇ ਪਏ-ਪਏ ਬਰੜਾਉਂਦੇ। ਉੱਚੀ-ਉੱਚੀ ਲਗਾਤਾਰ ‘ਸਰਦਾਰਨੀਏ-ਸਰਦਾਰਨੀਏ’ ਕਹਿ ਕੇ ਪਤਨੀ ਨੂੰ ਹਾਕਾਂ ਮਾਰਦੇ। ਰਾਣਾ ਹਲੂਣ ਕੇ ਜਗਾਉਂਦਾ, ‘‘ਦੀਪਕ ਸਾਹਬ! ਤੁਸੀਂ ਜੈਤੋ ਨੀ, ਬਠਿੰਡੇ ਓਂ।’’
ਇੱਕ ਦਿਨ ਉਹ ਬਠਿੰਡੇ ਆਪਣੇ ਸ਼ਾਗਿਰਦ ਅਰਜਨ ਦਾਸ ਅਰਜਨ ਕੋਲ ਠਹਿਰੇ। ਉਹ ਨਰਮ ਤਾਸੀਰ ਦਾ ਆਦਮੀ ਸੀ। ਖਾਂਦਾ-ਪੀਂਦਾ ਵੀ ਨਹੀਂ ਸੀ। ਫ਼ੱਕਰ ਸੀ। ਜਦੋਂ ਰਾਤ ਨੂੰ ਜੈਤੋਈ ਦਾ ‘ਸਰਦਾਰਨੀਏ-ਸਰਦਾਰਨੀਏ’ ਦੇ ਪਾਠ ਦਾ ਨਿਰੰਤਰ ਪ੍ਰਵਾਹ ਚੱਲਿਆ ਤਾਂ ਉਹ ਘਬਰਾਇਆ ਹੋਇਆ ਦੋ ਕਿਲੋਮੀਟਰ ਦੂਰ ਰਾਣੇ ਦੇ ਘਰੇ ਆਇਆ। ਸਮੱਸਿਆ ਦੱਸੀ। ਰਾਣਾ ਗਿਆ। ਹਲੂਣ ਕੇ ਕਹਿ ਕੇ ਆਇਆ, ‘‘ਜੈਤੋਈ ਸਾਹਬ! ਤੁਸੀਂ ਜੈਤੋ ਨੀ, ਬਠਿੰਡੇ ਓਂ।’’
ਇਤਫ਼ਾਕ ਦੀ ਗੱਲ ਹੈ ਕਿ ਡਾ. ਸਾਧੂ ਸਿੰਘ ਹਮਦਰਦ ਦੀ ਯਾਦ ’ਚ ਸ਼ੁਰੂ ਕੀਤਾ ਐਵਾਰਡ ਵੀ ਦੀਪਕ ਜੈਤੋਈ ਦੇ ਹਿੱਸੇ ਆਇਆ। ਉਹਨੂੰ ਭਾਸ਼ਾ ਵਿਭਾਗ ਵੱਲੋਂ ‘ਸ਼੍ਰੋਮਣੀ ਪੰਜਾਬੀ ਕਵੀ ਐਵਾਰਡ’ ਵੀ ਮਿਲਿਆ। ਬਹੁਤ ਸਾਰੀਆਂ ਸਾਹਿਤ ਸਭਾਵਾਂ ਵੱਲੋਂ ਵੀ ਸਨਮਾਨ ਮਿਲੇ। ਬਹੁਤਿਆਂ ’ਚ ਨਕਦ ਰਾਸ਼ੀ ਵੀ ਸ਼ਾਮਿਲ ਸੀ। ਕਬੀਲਦਾਰੀ ਵੱਡੀ ਸੀ। ਸਨਮਾਨਾਂ ਦੀ ਰਾਸ਼ੀ ਤੇਜ਼ ਵਹਿਣ ’ਚ ਰੇਤੇ ਵਾਂਗ ਖ਼ੁਰ ਜਾਂਦੀ।
ਜੈਤੋਈ ਦੇ ਜੀਵਨ ’ਚ ਇਮਤਿਹਾਨ ਦੀਆਂ ਘੜੀਆਂ ਵੀ ਆਈਆਂ। ਇੱਕ ਧੀ ਦਾ ਵਿਆਹ ਸੀ। ਹੱਥ ਤੰਗ ਸੀ। ਐਨ ਮੌਕੇ ’ਤੇ ਜਗਦੇਵ ਸਿੰਘ ਜੱਸੋਵਾਲ ਨੇ ਆ ਕੇ ਬਾਂਹ ਫੜੀ। ਲੱਜ ਰੱਖ ਦਿੱਤੀ। ਜੈਤੋਈ ਨੇ ਖ਼ੁਸ਼ ਹੋ ਕੇ ਕੰਨਿਆ-ਦਾਨ ਕੀਤਾ। ਜੇ ਦੁੱਖਾਂ ਦੀ ਕਮੀ ਨਹੀਂ ਸੀ, ਢੋਈ ਦੇਣ ਵਾਲਿਆਂ ਦੀ ਵੀ ਬਹੁਤਾਤ ਸੀ।
ਜੈਤੋਈ ਸਾਹਿਤਕ ਸਫ਼ਰ ਦੇ ਮੁੱਢਲੇ ਪੜਾਅ ’ਤੇ ਗੀਤਕਾਰ ਨੰਦ ਲਾਲ ਨੂਰਪੁਰੀ ਦੇ ਸੰਪਰਕ ’ਚ ਆ ਗਿਆ ਸੀ। ਚਿੱਠੀਆਂ ਹੀ ਉਦੋਂ ਦੋਸਤੀ ਦੇ ਪੁਲ਼ ਉਸਾਰਦੀਆਂ। ਇੱਕ-ਦੂਜੇ ਨੂੰ ਮਨ ਦੇ ਨੇੜੇ ਕਰਦੀਆਂ।
ਇੱਕ ਵਾਰ ਨੂਰਪੁਰੀ ਨੇ ਹਰਿਆਣੇ ’ਚ ਕਵੀ ਦਰਬਾਰ ’ਤੇ ਜਾਣਾ ਸੀ। ਕਈ ਦਿਨ ਪਹਿਲਾਂ ਜੈਤੋਈ ਨੂੰ ਚਿੱਠੀ ਲਿਖ ਕੇ ਦੱਸ ਦਿੱਤਾ ਸੀ ਕਿ ਉਹ ਕਿਹੜੇ ਦਿਨ, ਕਿਹੜੀ ਗੱਡੀ ਮੁੜਦੇ ਹੋਏ ਜੈਤੋ ਆਉਣਗੇ।
ਮੈਨੂੰ ਜੈਤੋਈ ਨੇ ਇਹ ਗੱਲ ਦੱਸੀ ਸੀ। ਅਸੀਂ ਅਕਸਰ ਹੀ ਪਬਲਿਕ ਰਿਲੇਸ਼ਨ ਦੇ ਕਵੀ ਦਰਬਾਰਾਂ ’ਚ ਇਕੱਠੇ ਹੁੰਦੇ। ਇੱਕੋ ਥਾਂ ਰਾਤ ਵੀ ਕੱਟਦੇ। ਸਾਹਿਤ ਸਭਾਵਾਂ ਦੇ ਸਮਾਗਮਾਂ ’ਚ ਵੀ ਮਿਲਦੇ।
ਨੂਰਪੁਰੀ ਆਏ ਤਾਂ ਜੈਤੋਈ ਦੇ ਚਾਅ ਦਾ ਕੋਈ ਅੰਤ ਨਹੀਂ ਸੀ। ਮਨ ਦੀ ਖ਼ੁਸ਼ੀ ਚਾਂਭੜਾਂ ਪਾ ਰਹੀ ਸੀ, ਪਰ ਖ਼ੁਸ਼ੀ ’ਚ ਇੱਕ ਚੀਸ ਵੀ ਪੈਂਦੀ ਸੀ। ਗੱਡੀ ਆਉਣ ਤੋਂ ਪਹਿਲਾਂ ਉਹ ਕਈ ਜਾਣਕਾਰਾਂ ਕੋਲ ਗਿਆ। ਜੇਬ ਦੀ ਤੰਗੀ ਸੀ। ਕਿਸੇ ਨੇ ਬਾਂਹ ਨਾ ਫੜੀ। ਮਹਿਬੂਬ ਗੀਤਕਾਰ ਦੀ ਸੇਵਾ ਵੀ ਕਰਨੀ ਸੀ। ਜਦੋਂ ਕਿਸੇ ਪਾਸੇ ਹੱਥ ਨਾ ਪਿਆ, ਜੈਤੋਈ ਨੇ ਸਹੁਰਿਆਂ ਦੀ ਪਾਈ ਹੋਈ ਮੁੰਦਰੀ ਵੇਚ ਦਿੱਤੀ।
ਜੈਤੋਈ ਨੂੰ ਭਾਸ਼ਾ ਵਿਭਾਗ ਨੇ ਪੈਨਸ਼ਨ ਲਾਈ ਹੋਈ ਸੀ। ਪੈਨਸ਼ਨ ਕਾਹਦੀ ਸੀ? ਪੈਨਸ਼ਨ ਦੇ ਨਾਂ ’ਤੇ ਚਹੇਡ ਕੀਤੀ ਹੋਈ ਸੀ। ਚਾਦਰ ਦੀ ਥਾਂ ਪਟਕਾ ਦਿੱਤਾ ਸੀ- ਉੱਤੇ ਲੈਣ ਲਈ।
ਪੈਸਾ ਘਰੇ ਰੋਜ਼ ਨਹੀਂ ਸੀ ਆਉਂਦਾ। ਚੁੱਲ੍ਹਾ ਅੱਗ ਮੰਗਦਾ ਸੀ। ਪਰਾਂਤ ਆਟਾ। ਪਤੀਲਾ ਦਾਲ਼-ਸਬਜ਼ੀ। ਮਰਨ ਵਰਗੇ ਹਾਲਤ ’ਚ ਜਿਉਂ ਕੇ ਗਿਆ ਹੈ ਦੀਪਕ ਜੈਤੋਈ।
ਸੰਪਰਕ: 98143-80749