ਅੰਤਰ-ਜ਼ਿਲ੍ਹਾ ਖੇਡਾਂ ’ਚ ਘਰਿਆਲਾ ਸਕੂਲ ਨੇ ਮੱਲਾਂ ਮਾਰੀਆਂ
ਪੱਤਰ ਪ੍ਰੇਰਕ
ਤਰਨ ਤਾਰਨ, 19 ਦਸੰਬਰ
44ਵੀਆਂ ਅੰਤਰ ਜ਼ਿਲ੍ਹਾ ਪ੍ਰਾਇਮਰੀ ਖੇਡਾਂ ਵਿੱਚ ਸਰਕਾਰੀ ਐਲੀਮੈਂਟਰੀ ਸਕੂਲ ਘਰਿਆਲਾ ਦੇ ਬੱਚਿਆਂ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ| ਸਕੂਲ ਦੇ ਸੈਂਟਰ ਹੈੱਡ ਟੀਚਰ ਗੁਰਵਿੰਦਰ ਸਿੰਘ ਬੱਬੂ ਨੇ ਅੱਜ ਇੱਥੇ ਦੱਸਿਆ ਕਿ ਸ੍ਰੀ ਆਨੰਦਪੁਰ ਸਾਹਿਬ ਵਿਖੇ ਸਕੂਲ ਦੇ ਲੜਕਿਆਂ ਦੀ ਫੁੱਟਬਾਲ ਟੀਮ ਅਤੇ ਸੰਗਰੂਰ ਵਿਖੇ ਰੱਸਾਕਸ਼ੀ ਦੇ ਮੁਕਾਬਲੇ ਵਿੱਚ ਸਕੂਲ ਦੀ ਟੀਮ ਨੇ ਕੁਆਰਟਰ ਫਾਈਨਲ ਤੱਕ ਦਾ ਸਫਰ ਤੈਅ ਕੀਤਾ। ਉਨ੍ਹਾਂ ਦੱਸਿਆ ਕਿ ਕੁਸ਼ਤੀ ਮੁਕਾਬਲਿਆਂ ਵਿੱਚ 28 ਕਿਲੋ ਭਾਰ ਵਰਗ ਵਿੱਚ ਕਾਂਸੇ ਦਾ ਤਗਮਾ ਅਤੇ 30 ਕਿਲੋ ਭਾਰ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਹੈ। ਸਰਕਾਰੀ ਐਲੀਮੈਂਟਰੀ ਸਕੂਲ ਘਰਿਆਲਾ (ਲੜਕੇ) ਦੇ 13 ਬੱਚਿਆਂ ਨੇ ਅੰਤਰ-ਜ਼ਿਲ੍ਹਾ ਖੇਡਾਂ ਵਿੱਚ ਹਿੱਸਾ ਲਿਆ। ਗੁਰਵਿੰਦਰ ਸਿੰਘ ਬੱਬੂ ਦੇ ਨਾਲ ਸਕੂਲ ਦੇ ਅਧਿਆਪਕ ਸੁਖਵਿੰਦਰ ਸਿੰਘ ਅਤੇ ਅਮਨਦੀਪ ਨੇ ਬੱਚਿਆਂ ਨੂੰ ਮਿਹਨਤ ਕਰਵਾਈ। ਬੱਚਿਆਂ ਦੀਆਂ ਇਨ੍ਹਾਂ ਪ੍ਰਾਪਤੀਆਂ ਤੋਂ ਖੁਸ਼ ਹੋ ਕੇ ਪਿੰਡ ਵਾਸੀ ਸਤਨਾਮ ਸਿੰਘ ਸਿੱਧੂ, ਗੁਰਦੇਵ ਸਿੰਘ ਲਹੌਰੀਆ, ਗੁਰਮੇਲ ਸਿੰਘ ਭੁੱਲਰ, ਗੁਰਸੇਵਕ ਸਿੰਘ ਤੇ ਸਮਾਈਲਪ੍ਰੀਤ ਸਿੰਘ ਆਦਿ ਨੇ ਬੱਚਿਆਂ ਨੂੰ ਨਕਦ ਇਨਾਮ ਦਿੱਤੇ। ਜ਼ਿਲ੍ਹਾ ਸਿੱਖਿਆ ਅਧਿਕਾਰੀ (ਐਲੀਮੈਂਟਰੀ) ਰਾਜੇਸ਼ ਕੁਮਾਰ, ਉਪ ਜ਼ਿਲ੍ਹਾ ਸਿੱਖਿਆ ਅਧਿਕਾਰੀ ਸੁਰਿੰਦਰ ਕੁਮਾਰ ਤੇ ਬਲਾਕ ਐਲੀਮੈਂਟਰੀ ਸਿੱਖਿਆ ਅਧਿਕਾਰੀ ਮਨਜਿੰਦਰ ਸਿੰਘ ਨੇ ਅਧਿਆਪਕਾਂ ਨੂੰ ਵਧਾਈ ਦਿੱਤੀ।