ਘਨੌਲੀ: ਪਿੰਡ ਬਿੱਕੋਂ ’ਚ ਐੱਸਡੀਐੱਮ ਨੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ, ਪਰਾਲੀ ਨਾ ਸਾੜਨ ਲਈ ਮੰਗਿਆ ਸਹਿਯੋਗ
ਜਗਮੋਹਨ ਸਿੰਘ
ਘਨੌਲੀ, 27 ਸਤੰਬਰ
ਅੱਜ ਇਥੋਂ ਨੇੜਲੇ ਪਿੰਡ ਬਿੱਕੋਂ ਵਿਖੇ ਐੱਸਡੀਐੱਮ ਰੂਪਨਗਰ ਹਰਬੰਸ ਸਿੰਘ ਵੱਲੋਂ ਪਿੰਡ ਵਾਸੀਆਂ ਨਾਲ ਮੀਟਿੰਗ ਕਰਕੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਗਈਆਂ ਤੇ ਪਰਾਲੀ ਨਾ ਸਾੜਨ ਲਈ ਕਿਸਾਨਾਂ ਤੋਂ ਸਹਿਯੋਗ ਦੀ ਮੰਗ ਕੀਤੀ ਗਈ। ਇਸ ਮੌਕੇ ਪਿੰਡ ਦੇ ਸਰਪੰਚ ਸਰਬਣ ਸਿੰਘ ਅਤੇ ਨੰਬਰਦਾਰ ਕਰਮ ਸਿੰਘ ਨੇ ਐੱਸਡੀਐੱਮ ਨੂੰ ਦੱਸਿਆ ਕਿ ਹਿਮਾਚਲ ਪ੍ਰਦੇਸ਼ ਸਰਕਾਰ ਵੱਲੋਂ ਸਿਰਸਾ ਨਦੀ ਨੂੰ ਪੰਜਾਬ ਦੀ ਸਰਹੱਦ ਤੱਕ ਚੈਨਾਲਾਇਜ਼ ਕਰ ਦਿੱਤਾ ਗਿਆ ਹੈ, ਜਿਸ ਨਾਲ ਬਿੱਕੋਂ , ਸੈਣੀਮਾਜਰਾ, ਜੱਟ ਪੱਤੀ ਅਤੇ ਇੰਦਰਪੁਰਾ ਪਿੰਡ ਦੇ ਲੋਕਾਂ ਦੀਆਂ ਮੁਸ਼ਕਲਾਂ ਵੱਧ ਗਈਆਂ ਹਨ। ਇਸ ਮੌਕੇ ਹਾਜ਼ਰ ਅਗਾਂਹਵਧੂ ਕਿਸਾਨਾਂ ਬਹਾਦਰ ਸਿੰਘ ਅਤੇ ਰਾਜਿੰਦਰ ਸਿੰਘ ਨੇ ਮੰਗ ਕੀਤੀ ਕਿ ਇੱਕ ਤਾਂ ਪਰਾਲੀ ਸੁੱਟਣ ਲਈ ਕਿਸੇ ਸਾਂਝੀ ਜਾਂ ਸਰਕਾਰੀ ਜਗ੍ਹਾ ਦਾ ਪ੍ਰਬੰਧ ਕੀਤਾ ਜਾਵੇ ਤੇ ਦੂਜਾ ਸਹਿਕਾਰੀ ਸਭਾਵਾਂ ਰਾਹੀਂ ਜਾ ਕਿਸੇ ਹੋਰ ਸਰਕਾਰੀ ਮਹਿਕਮੇ ਰਾਹੀਂ ਸੁਪਰਸੀਡਰ ਮਸ਼ੀਨ ਦਾ ਪ੍ਰਬੰਧ ਕੀਤਾ ਜਾਵੇ। ਇਸ ਤੋਂ ਇਲਾਵਾ ਕਿਸਾਨਾਂ ਨੇ ਹੋਰ ਸੁਝਾਅ ਵੀ ਦਿੱਤੇ। ਕਿਸਾਨਾਂ ਨੇ ਐੱਸਡੀਐੱਮ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੇ ਪਿੰਡ ਦਾ ਕੋਈ ਵੀ ਕਿਸਾਨ ਪਰਾਲੀ ਨੂੰ ਅੱਗ ਨਹੀਂ ਲਗਾਵੇਗਾ। ਇਸ ਮੌਕੇ ਐੱਸਡੀਐੱਮ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੀ ਸਹੁੰ ਵੀ ਚੁਕਾਈ। ਇਸ ਮੌਕੇ ਪੰਚਾਇਤ ਸਕੱਤਰ ਕਰਮਵੀਰ ਸਿੰਘ, ਪਟਵਾਰੀ ਰਾਜਪਾਲ ਸਿੰਘ ਤੇ ਬਚਿੱਤਰ ਸਿੰਘ ਹਾਜ਼ਰ ਸਨ।