ਘਨੌਲੀ: ਟਾਵਰ ਡਿੱਗਣ ਦੇ ਮਾਮਲੇ ਵਿੱਚ ਜੇਈ ਖ਼ਿਲਾਫ਼ ਕੇਸ ਦਰਜ
ਜਗਮੋਹਨ ਸਿੰਘ
ਘਨੌਲੀ, 13 ਜੂਨ
ਪਿੰਡ ਅਵਾਨਕੋਟ ਨੇੜੇ ਟਾਵਰ ਡਿੱਗਣ ਦੇ ਮਾਮਲੇ ਸਬੰਧੀ ਪੁਲੀਸ ਚੌਕੀ ਭਰਤਗੜ੍ਹ ਵੱਲੋਂ ਮ੍ਰਿਤਕ ਲਾਈਨਮੈਨ ਦੇ ਨਜ਼ਦੀਕੀ ਰਿਸ਼ਤੇਦਾਰ ਦੇ ਬਿਆਨਾਂ ਦੇ ਆਧਾਰ ‘ਤੇ ਪੀਐੱਸਟੀਸੀਐੱਲ ਦੇ ਜੇਈ ਹਰਵਿੰਦਰ ਸਿੰਘ ਖ਼ਿਲਾਫ਼ ਧਾਰਾ 304 ਏ ਅਧੀਨ ਕੇਸ ਦਰਜ ਕੀਤਾ ਗਿਆ ਹੈ। ਇਸ ਸਬੰਧੀ ਤਫਤੀਸ਼ੀ ਅਧਿਕਾਰੀ ਏਐੱਸਆਈ ਸੁਸ਼ੀਲ ਕੁਮਾਰ ਨੇ ਦੱਸਿਆ ਕਿ ਹਰਜੀਤ ਸਿੰਘ ਵਾਸੀ ਮਟੌਰ ਨੇ ਦੱਸਿਆ ਕਿ ਉਸ ਦੀ ਭੂਆ ਦਾ ਲੜਕਾ ਹਰਨੇਕ ਸਿੰਘ (53) ਵਾਸੀ ਮਟੌਰ ਮਹਿਕਮਾ ਪੀਐੱਸਟੀਸੀਐੱਲ ਵਿੱਚ ਲਾਈਨਮੈਨ ਸੀ ਅਤੇ ਸਾਲ 2020 ਵਿੱਚ ਹਾਦਸੇ ਬਾਅਦ ਉਸ ਦੇ ਪੱਟ ਵਿੱਚ ਪਲੇਟ ਪਈ ਹੋਈ ਸੀ। ਇਸ ਲਈ ਹਰਨੇਕ ਸਿੰਘ ਨੇ ਆਪਣੇ ਮਹਿਕਮੇ ਨੂੰ ਲਿਖਤੀ ਦਰਖਾਸਤ ਦੇ ਕੇ ਟਾਵਰਾਂ ‘ਤੇ ਚੜ੍ਹ ਕੇ ਕੰਮ ਕਰਾਉਣ ਦੀ ਥਾਂ ਕੋਈ ਹੋਰ ਡਿਊਟੀ ਦੇਣ ਸਬੰਧੀ ਦਰਖਾਸਤ ਦਿੱਤੀ ਹੋਈ ਸੀ। ਸ਼ਿਕਾਇਤਕਰਤਾ ਅਨੁਸਾਰ ਦੋ ਦਿਨ ਪਹਿਲਾਂ ਉਸ ਦੇ ਭਰਾ ਨੇ ਦੱਸਿਆ ਸੀ ਕਿ ਜੇਈ ਹਰਵਿੰਦਰ ਸਿੰਘ ਨੂੰ ਕਈ ਵਾਰ ਜ਼ੁਬਾਨੀ ਤੌਰ ‘ਤੇ ਹਲਕਾ ਕੰਮ ਦੇਣ ਲਈ ਕਿਹਾ ਹੈ ਪਰ ਜੇਈ ਉਸ ਦੀ ਗੱਲ ਨਹੀਂ ਸੁਣਦਾ। ਸ਼ਿਕਾਇਤਕਰਤਾ ਅਨੁਸਾਰ ਉਹ ਹਾਲੇ ਪੀਐੱਸਟੀਸੀਐੱਲ ਦੇ ਉੱਚ ਅਧਿਕਾਰੀਆਂ ਨਾਲ ਸੰਪਰਕ ਕਰਨ ਬਾਰੇ ਸੋਚ ਹੀ ਰਿਹਾ ਸੀ ਕਿ ਹਰਨੇਕ ਸਿੰਘ ਤੇ ਉਸ ਦੇ ਇੱਕ ਹੋਰ ਲਾਈਨਮੈਨ ਸਾਥੀ ਸੰਤੋਖ ਸਿੰਘ ਦੀ ਟਾਵਰ ਡਿੱਗਣ ਕਾਰਨ ਮੌਤ ਹੋ ਗਈ। ਉਸ ਨੇ ਦੋਸ਼ ਲਗਾਇਆ ਕਿ ਉਸ ਦੇ ਭਰਾ ਤੇ ਉਸ ਦੇ ਸਾਥੀ ਦੀ ਮੌਤ ਜੇਈ ਹਰਵਿੰਦਰ ਸਿੰਘ ਦੀ ਲਾਪ੍ਰਵਾਹੀ ਕਾਰਨ ਹੋਈ ਹੈ। ਏਐੱਸਆਈ ਸੁਸ਼ੀਲ ਕੁਮਾਰ ਨੇ ਦੱਸਿਆ ਕਿ ਪੁਲੀਸ ਵੱਲੋਂ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਐੱਸਡੀਓ ਮਨਪ੍ਰੀਤ ਸਿੰਘ ਨੇ ਕਿਹਾ ਕਿ ਹਰਨੇਕ ਸਿੰਘ ਵੱਲੋਂ ਹਲਕੀ zwnj;ਡਿਊਟੀ ਦੇਣ ਸਬੰਧੀ ਉਨ੍ਹਾਂ ਕੋਲ ਕੋਈ ਦਰਖਾਸਤ ਨਹੀਂ ਆਈ।