For the best experience, open
https://m.punjabitribuneonline.com
on your mobile browser.
Advertisement

ਘੱਲੂਘਾਰਾ ਦਿਵਸ: ਦਮਦਮੀ ਟਕਸਾਲ ਤੇ ਸ਼੍ਰੋਮਣੀ ਕਮੇਟੀ ਵਿਚਾਲੇ ਮੀਟਿੰਗ ਬੇਸਿੱਟਾ

10:02 PM Jun 02, 2025 IST
ਘੱਲੂਘਾਰਾ ਦਿਵਸ  ਦਮਦਮੀ ਟਕਸਾਲ ਤੇ ਸ਼੍ਰੋਮਣੀ ਕਮੇਟੀ ਵਿਚਾਲੇ ਮੀਟਿੰਗ ਬੇਸਿੱਟਾ
Advertisement

ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 2 ਜੂਨ

Advertisement

ਘੱਲੂਘਾਰਾ ਦਿਵਸ ਮੌਕੇ 6 ਜੂਨ ਨੂੰ ਸ੍ਰੀ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਸਿੱਖ ਕੌਮ ਦੇ ਨਾਮ ਦਿੱਤੇ ਜਾਣ ਵਾਲੇ ਸੰਦੇਸ਼ ਦਾ ਵਿਰੋਧ ਕੀਤੇ ਜਾਣ ਦੇ ਐਲਾਨ ਮਗਰੋਂ ਪੈਦਾ ਹੋਏ ਪੰਥਕ ਸੰਕਟ ਨੂੰ ਹੱਲ ਕਰਨ ਲਈ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਹੇਠ ਇੱਕ ਵਫਦ ਨੇ ਚੌਂਕ ਮਹਿਤਾ ਸਥਿਤ ਦਮਦਮੀ ਟਕਸਾਲ ਦੇ ਹੈੱਡ ਕੁਆਰਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਵਿਖੇ ਬਾਬਾ ਹਰਨਾਮ ਸਿੰਘ ਖਾਲਸਾ ਨਾਲ ਮੁਲਾਕਾਤ ਕੀਤੀ ਹੈ। ਇਹ ਮੁਲਾਕਾਤ ਭਾਵੇਂ ਸੁਖਾਵੇਂ ਮਾਹੌਲ ਵਿੱਚ ਹੋਈ ਅਤੇ ਦੋਵਾਂ ਧਿਰਾਂ ਨੇ ਕਰੀਬ ਡੇਢ ਘੰਟਾ ਬੰਦ ਕਮਰਾ ਮੀਟਿੰਗ ਕੀਤੀ ਹੈ ਪਰ ਮੀਟਿੰਗ ਫਿਲਹਾਲ ਬੇਸਿੱਟਾ ਰਹੀ ਹੈ।

Advertisement
Advertisement

ਮੀਟਿੰਗ ਤੋਂ ਬਾਅਦ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਨੇ ਮੀਡੀਆ ਨਾਲ ਗੱਲ ਕਰਦਿਆਂ ਸਪਸ਼ਟ ਕੀਤਾ ਹੈ ਕਿ ਜੇਕਰ 6 ਜੂਨ ਨੂੰ ਸ੍ਰੀ ਅਕਾਲ ਤਖਤ ਦੀ ਫਸੀਲ ਤੋਂ ਕੋਈ ਗ਼ੈਰ-ਪ੍ਰਵਾਨਿਤ ਜਥੇਦਾਰ ਸਿੱਖ ਕੌਮ ਦੇ ਨਾਂ ਸੰਦੇਸ਼ ਦਿੰਦਾ ਹੈ ਤਾਂ ਉਸ ਦਾ ਵਿਰੋਧ ਹੋਣਾ ਸੁਭਾਵਿਕ ਹੈ ਅਤੇ ਜੇਕਰ ਵਿਰੋਧ ਹੁੰਦਾ ਹੈ ਤਾਂ ਸਥਿਤੀ ਵਿਗੜ ਸਕਦੀ ਹੈ। ਉਨ੍ਹਾਂ ਕਿਹਾ ਕਿ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਸਮੁੱਚੀ ਸਿੱਖ ਕੌਮ ਨੇ ਮਾਨਤਾ ਨਹੀਂ ਦਿੱਤੀ ਹੈ ਅਤੇ ਉਹ ਕੌਮ ਦੇ ਪ੍ਰਵਾਨਿਤ ਜਥੇਦਾਰ ਨਹੀਂ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੂੰ ਚਾਹੀਦਾ ਹੈ ਕਿ ਉਹ ਸਿੱਖ ਕੌਮ ਦੇ ਪ੍ਰਵਾਨਤ ਜਥੇਦਾਰ ਨੂੰ ਹੀ ਸ੍ਰੀ ਅਕਾਲ ਤਖਤ ਦੇ ਜਥੇਦਾਰ ਵਜੋਂ ਸੇਵਾ ਸੌਂਪੇ। ਉਨ੍ਹਾਂ ਸਪਸ਼ਟ ਕੀਤਾ ਕਿ ਦਮਦਮੀ ਟਕਸਾਲ 6 ਜੂਨ ਨੂੰ ਘੱਲੂਘਾਰਾ ਦਿਵਸ ਮੌਕੇ ਕਿਸੇ ਵੀ ਤਰ੍ਹਾਂ ਦੇ ਟਕਰਾਅ ਦੇ ਹੱਕ ਵਿੱਚ ਨਹੀਂ ਹੈ ਅਤੇ ਸ਼੍ਰੋਮਣੀ ਕਮੇਟੀ ਨਾਲ ਕਦੇ ਵੀ ਟਕਰਾਅ ਨਹੀਂ ਚਾਹੁੰਦੀ ਹੈ।

ਇਸ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦਮਦਮੀ ਟਕਸਾਲ ਦੇ ਮੁਖੀ ਨੂੰ ਭਰੋਸਾ ਦਿੱਤਾ ਕਿ ਇਸ ਮਸਲੇ ਦਾ ਇੱਕ ਦੋ ਦਿਨਾਂ ਵਿੱਚ ਸਾਰਥਿਕ ਹੱਲ ਲੱਭ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਦਮਦਮੀ ਟਕਸਾਲ ਸਿੱਖ ਕੌਮ ਦੀ ਸਤਿਕਾਰਤ ਜਥੇਬੰਦੀ ਹੈ ਅਤੇ ਸ਼੍ਰੋਮਣੀ ਕਮੇਟੀ ਕਦੇ ਵੀ ਉਸ ਨਾਲ ਟਕਰਾਅ ਨਹੀਂ ਚਾਹੁੰਦੀ ਹੈ। ਉਨ੍ਹਾਂ ਕਿਹਾ ਹੈ ਕਿ ਅੱਜ ਮੀਟਿੰਗ ਦੌਰਾਨ ਸੁਖਾਵੇਂ ਮਾਹੌਲ ਵਿੱਚ ਗੱਲ ਹੋਈ ਹੈ ਅਤੇ ਉਮੀਦ ਹੈ ਕਿ ਮੌਜੂਦਾ ਸਥਿਤੀ ਦਾ ਸੁਖਾਵਾਂ ਹੱਲ ਨਿਕਲ ਆਵੇਗਾ।
ਦੱਸਣਯੋਗ ਹੈ ਕਿ ਦਮਦਮੀ ਟਕਸਾਲ ਦੇ ਮੁਖੀ ਵੱਲੋਂ ਸੁਝਾਅ ਦਿੱਤਾ ਗਿਆ ਸੀ ਕਿ ਜਥੇਦਾਰ ਗੜਗੱਜ ਦੀ ਥਾਂ ਤੇ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਾਹਿਬਾਨ ਅਤੇ ਸ੍ਰੀ ਅਕਾਲ ਤਖਤ ਦੇ ਮੁੱਖ ਗ੍ਰੰਥੀ ਵੱਲੋਂ ਵੀ ਸਿੱਖ ਕੌਮ ਦੇ ਨਾਂ ਸੰਦੇਸ਼ ਜਾਰੀ ਕੀਤਾ ਜਾ ਸਕਦਾ ਹੈ ਅਤੇ ਸ਼ਹੀਦ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਜਾ ਸਕਦਾ ਹੈ। ਅਜਿਹਾ ਕਰਨ ਨਾਲ ਸਥਿਤੀ ਟਕਰਾਅ ਵਾਲੀ ਬਣਨ ਤੋਂ ਬਚ ਸਕਦੀ ਹੈ। ਜੇਕਰ ਸ਼੍ਰੋਮਣੀ ਕਮੇਟੀ ਵੱਲੋਂ ਦਮਦਮੀ ਟਕਸਾਲ ਵੱਲੋਂ ਦਿੱਤੇ ਸੁਝਾਅ ’ਤੇ ਕੋਈ ਕਾਰਵਾਈ ਹੁੰਦੀ ਹੈ ਤਾਂ 6 ਜੂਨ ਦਾ ਦਿਨ ਸੁਖਾਵੇਂ ਮਾਹੌਲ ਵਿੱਚ ਲੰਘਣ ਦੀ ਸੰਭਾਵਨਾ ਬਣ ਜਾਵੇਗੀ। ਫਿਲਹਾਲ ਇਸ ਮਾਮਲੇ ਸਬੰਧੀ ਅਗਲਾ ਫੈਸਲਾ ਸ਼੍ਰੋਮਣੀ ਕਮੇਟੀ ਵੱਲੋਂ ਹੀ ਕੀਤਾ ਜਾਣਾ ਹੈ।

Advertisement
Author Image

Advertisement