ਘੱਗਰ ਦੀ ਮਾਰ: ਪੱਕੇ ਘਰਾਂ ’ਚ ਤਰੇੜਾਂ ਆਈਆਂ, ਤੰਬੂ ਬਣੇ ਆਸਰਾ
ਜੋਗਿੰਦਰ ਸਿੰਘ ਮਾਨ
ਮਾਨਸਾ, 2 ਅਗਸਤ
ਜ਼ਿਲ੍ਹੇ ਵਿੱਚ ਬਰੇਟਾ ਨੇੜੇ ਘੱਗਰ ਦਰਿਆ ਦਾ ਚਾਂਦਪੁਰਾ ਬੰਨ੍ਹ ਟੁੱਟਣ ਕਾਰਨ ਆਏ ਹੜ੍ਹਾਂ ਤੋਂ ਬਾਅਦ ਲੋਕਾਂ ਦੀਆਂ ਮੁਸੀਬਤਾਂ ਵਿੱਚ ਵਾਧਾ ਹੋਣ ਲੱਗਾ ਹੈ। ਜਾਣਕਾਰੀ ਅਨੁਸਾਰ ਹੜ੍ਹਾਂ ਦੀ ਮਾਰ ਹੇਠ ਆਏ ਰਿਹਾਇਸ਼ੀ ਇਲਾਕਿਆਂ ਵਿਚਲੇ ਘਰਾਂ ਵਿੱਚ ਤਰੇੜਾਂ ਆਉਣੀਆਂ ਆਰੰਭ ਹੋ ਗਈਆਂ ਹਨ। ਇਸ ਤੋਂ ਇਲਾਵਾ ਖੜ੍ਹੇ ਪਾਣੀ ’ਚੋਂ ਪੈਦਾ ਹੋਏ ਮੱਛਰ ਤੋਂ ਮਲੇਰੀਆ ਅਤੇ ਡੇਂਗੂ ਦਾ ਕਹਿਰ ਵਧਣ ਦਾ ਖ਼ਦਸ਼ਾ ਹੈ। ਹੜ੍ਹ ਦੀ ਮਾਰ ਹੇਠ ਆਏ ਪਿੰਡ ਗੋਰਖਨਾਥ, ਕੁਲਰੀਆਂ, ਰਿਉਂਦ ਕਲਾਂ, ਬੀਰੇਵਾਲਾ ਡੋਗਰਾ, ਰਿਉਂਦ ਖੁਰਦ, ਗੰਢੂ ਖੁਰਦ, ਗੰਢੂ ਕਲਾਂ, ਹਾਕਮਵਾਲਾ, ਚੱਕ ਅਲੀਸ਼ੇਰ, ਬੱਬਨਪੁਰ, ਬਾਦਲਗੜ੍ਹ, ਪਿੰਡ ਫੂਸ ਮੰਡੀ, ਸਾਧੂਵਾਲਾ, ਭੱਲਣਵਾੜਾ ਸਮੇਤ ਹੋਰ ਕਈ ਪਿੰਡਾਂ ਵਿੱਚ ਨੀਵੀਆਂ ਥਾਵਾਂ ’ਤੇ ਖੜ੍ਹਾ ਪਾਣੀ ਕੱਢਣਾ ਕਿਸੇ ਚੁਣੌਤੀ ਤੋਂ ਘੱਟ ਨਹੀਂ। ਵੇਰਵਿਆਂ ਅਨੁਸਾਰ ਹੜ੍ਹਾਂ ਕਾਰਨ ਜ਼ਿਲ੍ਹੇ ਦੇ 700 ਤੋਂ ਜ਼ਿਆਦਾ ਘਰਾਂ ਵਿਚ ਤਰੇੜਾਂ ਆ ਗਈਆਂ ਹਨ। ਪਿੰਡ ਸਾਧੂਵਾਲਾ ਦੇ ਡਾ. ਬਿੱਕਰਜੀਤ ਸਿੰਘ ਨੇ ਦੱਸਿਆ ਕਿ ਪਿੰਡ ਵਿੱਚ ਕੋਈ ਅਜਿਹਾ ਘਰ ਨਹੀਂ ਬਚਿਆ, ਜਿਸ ਵਿੱਚ ਤਰੇੜਾਂ ਨਾ ਆਈਆਂ ਹੋਣ। ਉਨ੍ਹਾਂ ਕਿਹਾ ਕਿ ਕਈ ਘਰਾਂ ਵਿੱਚ ਮਕਾਨ ਡਿੱਗਣ ਦੇ ਡਰੋਂ ਲੋਕ ਟੈਂਟ ਲਗਾਕੇ ਜ਼ਿੰਦਗੀ ਬਸਰ ਕਰ ਰਹੇ ਹਨ। ਪਿੰਡ ਚੱਕ ਅਲੀਸ਼ੇਰ ਦੇ ਸਰਦੂਲ ਸਿੰਘ, ਪਿੰਡ ਗੰਢੂ ਖੁਰਦ ਦੇ ਪ੍ਰੀਤਮ ਸਿੰਘ ਨੇ ਦੱਸਿਆ ਕਿ ਹੜ੍ਹਾਂ ਦੇ ਪਾਣੀ ਕਾਰਨ ਘਰਾਂ ਦੀ ਕੰਧਾਂ ਦਾ ਪਲੱਸਤਰ ਡਿੱਗਣਾ ਸ਼ੁਰੂ ਹੋ ਗਿਆ ਹੈ। ਜ਼ਿਲਾ ਪਰਿਸ਼ਦ ਮਾਨਸਾ ਦੇ ਚੇਅਰਮੈਨ ਬਿਕਰਮ ਸਿੰਘ ਮੋਫਰ ਨੇ ਦੱਸਿਆ ਕਿ ਧੁੱਪ ਨਿੱਕਲਣ ਤੋਂ ਬਾਅਦ ਹੜ੍ਹਾਂ ਦੇ ਪਾਣੀ ਵਿਚ ਘਿਰੇ ਮਕਾਨ ਤਿੜਕ ਗਏ ਹਨ। ਲੋਕ ਛੱਤ ਹੇਠਾਂ ਰਹਿਣ ਤੋਂ ਘਬਰਾ ਰਹੇ ਹਨ, ਕਿਉਂਕਿ ਇਹ ਮਕਾਨ ਵੀ ਕਿਸੇ ਵੀ ਸਮੇਂ ਡਿੱਗ ਸਕਦੇ ਹਨ। ਸਰਦੂਲਗੜ੍ਹ ਦੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਕਿਹਾ ਕਿ ਸਰਕਾਰ ਆਪਣੇ ਤੌਰ ’ਤੇ ਮੈਡੀਕਲ ਕੈਂਪ ਲਗਾਕੇ ਸਿਹਤ ਵਿਭਾਗ ਦੀਆਂ ਵਿਸ਼ੇਸ਼ ਟੀਮਾਂ ਬਣਾਕੇ ਲੋਕਾਂ ਨੂੰ ਦਵਾਈ ਦੇਣ ਅਤੇ ਉਨ੍ਹਾਂ ਨੂੰ ਜ਼ਰੂਰਤ ਦੀਆਂ ਚੀਜਾਂ ਮੁਹੱਈਆ ਕਰਵਾ ਰਹੀ ਹੈ।
ਸਰਕਾਰ ਵੱਲੋਂ ਨੁਕਸਾਨ ਦੇ ਵੇਰਵੇ ਇਕੱਠੇ ਕਰਨ ਦਾ ਕੰਮ ਸ਼ੁਰੂ: ਬੁੱਧਰਾਮ
ਬੁਢਲਾਡਾ ਦੇ ਵਿਧਾਇਕ ਪ੍ਰਿੰਸੀਪਲ ਬੁੱਧਰਾਮ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਬਕਾਇਦਾ ਹੜ੍ਹਾਂ ਦੀ ਮਾਰ ਹੇਠ ਆਏ ਖੇਤਾਂ, ਘਰਾਂ, ਪਸ਼ੂਆਂ ਸਮੇਤ ਹੋਏ ਹੋਰ ਨੁਕਸਾਨ ਦੇ ਵੇਰਵੇ ਹਾਸਲ ਕਰਨੇ ਸ਼ੁਰੂ ਕਰ ਦਿੱਤੇ ਹਨ ਅਤੇ ਲੋਕਾਂ ਨੂੰ 15 ਅਗਸਤ ਤੱਕ ਮੁਆਵਜ਼ਾ ਦੇਣ ਦਾ ਮੁੱਖ ਮੰਤਰੀ ਭਗਵੰਤ ਮਾਨ ਦਾ ਕੀਤਾ ਹੋਇਆ ਵਾਅਦਾ ਪੂਰਾ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਦਵਾਈ-ਬੂਟੀ ਸਮੇਤ ਪਿੰਡਾਂ ਵਿੱਚ ਲਗਾਤਾਰ ਮੱਛਰ ਮਾਰਨ ਵਾਲੀ ਦਵਾਈ ਦਾ ਛਿੜਕਾਅ ਕਰਵਾਇਆ ਜਾ ਰਿਹਾ ਹੈ।