For the best experience, open
https://m.punjabitribuneonline.com
on your mobile browser.
Advertisement

ਘੱਗਰ: ਪਾਣੀ ਘਟਿਆ, ਲੋਕਾਂ ਨੇ ਲਿਆ ਸੁੱਖ ਦਾ ਸਾਹ

08:35 AM Jul 27, 2023 IST
ਘੱਗਰ  ਪਾਣੀ ਘਟਿਆ  ਲੋਕਾਂ ਨੇ ਲਿਆ ਸੁੱਖ ਦਾ ਸਾਹ
ਘੱਗਰ ਨਦੀ ਵਿੱਚ ਘਟਿਆ ਪਾਣੀ ਦਾ ਪੱਧਰ।
Advertisement

ਜਗਤਾਰ ਸਮਾਲਸਰ
ਏਲਨਾਬਾਦ, 26 ਜੁਲਾਈ
ਘੱਗਰ ਨਦੀ ਵਿੱਚ ਹੁਣ ਪਾਣੀ ਦਾ ਪੱਧਰ ਨਿਰੰਤਰ ਘੱਟ ਰਿਹਾ ਹੈ ਜਿਸ ਕਾਰਨ ਇਲਾਕੇ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ। ਘੱਗਰ ਦੇ ਬੰਨ੍ਹ ਤੇ ਪਿਛਲੇ ਕਰੀਬ 10 ਦਨਿ ਤੋਂ ਲਗਾਤਾਰ ਪਹਿਰਾ ਦੇ ਰਹੇ ਲੋਕ ਹੁਣ ਆਪਣੇ-ਆਪਣੇ ਘਰਾਂ ਨੂੰ ਜਾ ਚੁੱਕੇ ਹਨ। ਜਨਿ੍ਹਾਂ ਕਿਸਾਨਾਂ ਦੇ ਝੋਨੇ ਦੀ ਫ਼ਸਲ ਇਸ ਪਾਣੀ ਨਾਲ ਬਰਬਾਦ ਹੋ ਚੁੱਕੀ ਹੈ ਉਨ੍ਹਾਂ ਵੱਲੋਂ ਹੁਣ ਫਿਰ ਝੋਨੇ ਦੀ ਨਵੇਂ ਸਿਰੇ ਤੋਂ ਬਿਜਾਈ ਕਰਨ ਲਈ ਵਿਉਂਤਬੰਦੀ ਕੀਤੀ ਜਾ ਰਹੀ ਹੈ। ਪੀੜਤ ਕਿਸਾਨਾਂ ਨੂੰ ਰਾਹਤ ਦੇਣ ਲਈ ਅਨੇਕ ਕਿਸਾਨਾਂ ਅਤੇ ਸਮਾਜਸੇਵੀ ਜਥੇਬੰਦੀਆਂ ਵੱਲੋਂ ਆਪਣੇ ਪੱਧਰ ’ਤੇ ਝੋਨੇ ਦੀ ਪਨੀਰੀ ਬੀਜੀ ਜਾ ਚੁੱਕੀ ਹੈ ਜੋ ਮੁਫ਼ਤ ਵਿੱਚ ਪੀੜਤ ਕਿਸਾਨਾਂ ਨੂੰ ਮੁਹੱਈਆ ਕਰਵਾਈ ਜਾਵੇਗੀ। ਦੂਜੇ ਪਾਸੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹੜ੍ਹ ਪ੍ਰਭਾਵਿਤ ਖੇਤਰ ਵਿੱਚ ਆਮ ਲੋਕਾਂ ਨੂੰ ਬਿਮਾਰੀਆਂ ਆਦਿ ਤੋਂ ਬਚਾਉਣ ਲਈ ਸਿਹਤ ਵਿਭਾਗ ਦੀਆਂ ਟੀਮਾਂ ਵੀ ਲਗਾਤਾਰ ਪਹੁੰਚ ਰਹੀਆਂ ਹਨ ਜੋ ਲੋਕਾਂ ਨੂੰ ਮੈਡੀਕਲ ਕਿੱਟਾਂ ਵੰਡ ਰਹੀਆਂ ਹਨ।
ਵਿਭਾਗ ਦੀਆਂ ਟੀਮਾਂ ਵਲੋਂ ਹੁਣ ਤੱਕ 1881 ਲੋਕਾਂ ਦੀ ਸਿਹਤ ਜਾਂਚ ਕੀਤੀ ਜਾ ਚੁੱਕੀ ਹੈ ਅਤੇ ਘੱਗਰ ਨਦੀ ਦੇ ਨਾਲ ਲੱਗਦੇ ਸੰਵੇਦਨਸ਼ੀਲ ਖੇਤਰਾਂ ’ਤੇ ਐਬੂਲੈਂਸ ਵੀ ਤਾਇਨਾਤ ਕੀਤੀ ਗਈ ਹੈ। ਪਸ਼ੂ ਪਾਲਣ ਅਤੇ ਡੇਅਰੀ ਵਿਭਾਗ ਵਲੋਂ ਪਸ਼ੂਆਂ ਦਾ ਟੀਕਾਕਰਨ ਕੀਤਾ ਜਾ ਰਿਹਾ ਹੈ। ਵਿਭਾਗ ਦੇ ਉਪ-ਨਿਰਦੇਸ਼ਕ ਡਾਕਟਰ ਵਿੱਦਿਆ ਸਾਗਰ ਬਾਂਸਲ ਨੇ ਦੱਸਿਆ ਕਿ ਹੜ੍ਹ ਪ੍ਰਭਾਵਿਤ ਖੇਤਰ ਲਈ 34 ਟੀਮਾਂ ਬਣਾਈਆ ਗਈਆ ਹਨ ਜੋ ਪਸ਼ੂਆਂ ਦੀ ਦੇਖਭਾਲ ਕਰ ਰਹੀਆਂ ਹਨ। ਏਲਨਾਬਾਦ ਦੇ ਐੱਸਡੀਐੱਮ ਵੇਦ ਪ੍ਰਕਾਸ਼ ਬੈਨੀਵਾਨ ਨੇ ਦੱਸਿਆ ਕਿ ਸਰਦੂਲਗੜ੍ਹ ਵਿੱਚ 30 ਹਜ਼ਾਰ ਕਿਊਸਕ ਪਾਣੀ ਚੱਲ ਰਿਹਾ ਹੈ ਜਦੋਂ ਉਹ 25 ਹਜ਼ਾਰ ਕਿਊਸਕ ਤੋਂ ਹੇਠਾਂ ਆ ਜਾਵੇਗਾ ਤਾਂ ਏਲਨਾਬਾਦ-ਰਾਣੀਆ ਖੇਤਰ ਖਤਰੇ ਤੋਂ ਬਾਹਰ ਹੋਵੇਗਾ ਅਜੇ ਵੀ ਸਾਵਧਾਨੀ ਰੱਖਣ ਦੀ ਲੋੜ ਹੈ। ਓਟੂ ਹੈੱਡ ਤੇ 26 ਹਜ਼ਾਰ ਕਿਊਸਕ ਪਾਣੀ ਚੱਲ ਰਿਹਾ ਅਤੇ ਇਸ ਖੇਤਰ ਵਿੱਚ 22 ਹਜ਼ਾਰ ਕਿਊਸਕ ਦੇ ਆਸਪਾਸ ਪਾਣੀ ਘੱਗਰ ਨਦੀ ਵਿੱਚ ਚੱਲ ਰਿਹਾ ਹੈ।
ਏਲਨਾਬਾਦ ਦੇ ਨਾਇਬ ਤਹਿਸੀਲਦਾਰ ਇਬਰਾਹੀਮ ਖਾਨ ਨੇ ਦੱਸਿਆ ਕਿ ਘੱਗਰ ਵਿੱਚ ਪਾਣੀ ਦਾ ਪੱਧਰ ਕਰੀਬ 4 ਫੁੱਟ ਘਟਿਆ ਹੈ। ਪਰ ਘੱਗਰ ਵਿੱਚ ਲੱਗੇ ਮੋਘਿਆਂ ਨੂੰ ਅਜੇ ਖੋਲ੍ਹੇ ਜਾਣ ਦੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮਨਾਹੀ ਹੈ। ਇਸ ਲਈ ਉਹ ਲਗਾਤਾਰ ਘੱਗਰ ਦੇ ਬੰਨ੍ਹਾਂ ਦਾ ਦੌਰਾ ਕਰ ਰਹੇ ਹਨ। ਜਿਉਂ ਹੀ ਮੋਘੇ ਖੋਲ੍ਹਣ ਦੇ ਹੁਕਮ ਜਾਰੀ ਹੋਣਗੇ ਤਾਂ ਕਿਸਾਨਾਂ ਨੂੰ ਜਾਣਕਾਰੀ ਦੇ ਦਿੱਤੀ ਜਾਵੇਗੀ।

Advertisement

ਨੁਕਸਾਨੀਆਂ ਫ਼ਸਲਾਂ ਦੇ ਮੁਆਵਜ਼ੇ ਲਈ ਰਜਿਸਟਰੇਸ਼ਨ ਜ਼ਰੂਰੀ ਕਰਾਰ

Advertisement

ਸਿਰਸਾ (ਪ੍ਰਭੂ ਦਿਆਲ): ਘੱਗਰ ਦਰਿਆ ਤੇ ਰੰਗੋਈ ਨਾਲੇ ’ਚ ਪਾਣੀ ਦਾ ਪੱਧਰ ਘੱਟਣ ਮਗਰੋਂ ਇਨ੍ਹਾਂ ਕੰਢੇ ਵਸੇ ਪਿੰਡਾਂ ਦੇ ਲੋਕਾਂ ਨੇ ਸੁੱਖ ਦਾ ਸਾਹ ਲਿਆ ਹੈ। ਘੱਗਰ ਦਰਿਆ ਦੇ ਅੰਦਰਲੇ ਬੰਨ੍ਹ ਟੁੱਟਣ ਕਾਰਨ ਸਿਰਸਾ ਜ਼ਿਲ੍ਹੇ ਦੇ ਕਿਸਾਨਾਂ ਦੀ ਕਰੀਬ 15 ਹਜ਼ਾਰ ਤੋਂ ਜ਼ਿਆਦਾ ਏਕੜ ਫ਼ਸਲ ਦੇ ਨੁਕਸਾਨ ਹੋਣ ਦਾ ਖਦਸ਼ਾ ਹੈ ਜਦੋਂ ਕਿ ਰੰਗੋਈ ਨਾਲੇ ਦੇ ਟੁੱਟੇ ਬੰਨ੍ਹਾਂ ਕਾਰਨ ਸੈਂਕੜੇ ਕਿੱਲੇ ਫ਼ਸਲ ਨੁਕਸਾਨੇ ਜਾਣ ਦਾ ਅੰਦਾਜ਼ਾ ਲਾਇਆ ਗਿਆ ਹੈ। ਨੁਕਸਾਨੀ ਫ਼ਸਲ ਦੇ ਮੁਆਵਜ਼ੇ ਲਈ ਹਰਿਆਣਾ ਸਰਕਾਰ ਵੱਲੋਂ ‘ਮੇਰੀ ਫ਼ਸਲ ਮੇਰਾ ਬਿਓਰਾ’ ਉੱਤੇ ਫ਼ਸਲ ਦਾ ਰਜਿਸਟਰੇਸ਼ਨ ਕਰਵਾਉਣ ਜ਼ਰੂਰੀ ਕੀਤਾ ਗਿਆ ਹੈ। ਘੱਗਰ ਦਰਿਆ ਤੇ ਰੰਗੋਈ ਨਾਲੇ ’ਚ ਪਾਣੀ ਦਾ ਪੱਧਰ ਪਿਛਲੇ ਦੋ ਦਨਿਾਂ ਤੋਂ ਲਗਾਤਾਰ ਘੱਟ ਰਿਹਾ ਹੈ। ਕਿਸਾਨ ਸਭਾ ਨੇ ਨੁਕਸਾਨੀਆਂ ਫ਼ਸਲਾਂ ਦਾ ਫੌਰੀ ਮੁਆਵਜ਼ਾ ਦਿੱਤੇ ਜਾਣ ਦੀ ਮੰਗ ਕੀਤੀ ਹੈ। ਕਿਸਾਨ ਸਭਾ ਦੇ ਜ਼ਿਲ੍ਹਾ ਸਹਿ ਸਕੱਤਰ ਭਜਨ ਲਾਲ ਬਾਜੇਕਾ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਤੁਰੰਤ ਨੁਕਸਾਨੀਆਂ ਫ਼ਸਲਾਂ ਦਾ ਮੁਆਵਜ਼ਾ ਦਿੱਤਾ ਜਾਏ ਤੇ ਜਿਹੜੇ ਕਿਸਾਨਾਂ ਦੇ ਟਿਊਬਵੈੱਲ ਬੋਰ ਨੁਕਸਾਨੇ ਗਏ ਹਨ, ਉਨ੍ਹਾਂ ਦੀ ਭਰਪਾਈ ਕੀਤੀ ਜਾਏ ਤਾਂ ਜੋ ਕਿਸਾਨ ਆਪਣੀ ਮੁੜ ਤੋਂ ਫ਼ਸਲ ਦੀ ਬਿਜਾਈ ਕਰ ਸਕਣ। ਉਧਰ, ਪ੍ਰਸ਼ਾਸਨਿਕ ਅਧਿਕਾਰੀਆਂ ਨੇ ਦੱਸਿਆ ਹੈ ਕਿ ਨੁਕਸਾਨੀਆਂ ਫ਼ਸਲਾਂ ਦੇ ਮੁਆਵਜ਼ੇ ਲਈ ‘ਮੇਰੀ ਫ਼ਸਲ ਮੇਰਾ ਬਿਓਰਾ’ ਉੱਤੇ ਫ਼ਸਲ ਦਾ ਵੇਰਵਾ ਦਰਜ ਕਰਨਾ ਲਾਜ਼ਮੀ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਹੈ ਕਿ ਕਿਸਾਨ 29 ਜੁਲਾਈ ਤੱਕ ‘ਮੇਰੀ ਫ਼ਸਲ ਮੇਰਾ ਬਿਓਰਾ’ ਉੱਤੇ ਆਪਣੀ ਫ਼ਸਲ ਦਾ ਵੇਰਵਾ ਦਰਜ ਕਰਵਾ ਸਕਦੇ ਹਨ।

ਚਾਂਦਪੁਰਾ ਬੰਨ੍ਹ ਪੂਰਨ ਦਾ ਕੰਮ ਜਾਰੀ

ਬਰੇਟਾ (ਸੱਤ ਪ੍ਰਕਾਸ਼ ਸਿੰਗਲਾ): ਇੱਥੋਂ ਨੇੜਲੇ ਚਾਂਦਪੁਰਾ ਬੰਨ੍ਹ ’ਤੇ ਪਾਣੀ ਦੀ ਸਥਿਤੀ ਸਾਂਤਮਈ ਹੋ ਗਈ ਹੈ। ਬੰਨ੍ਹ ਨੂੰ ਪੂਰਨ ਦਾ ਕੰਮ ਲਗਾਤਾਰ ਚੱਲ ਰਿਹਾ ਹੈ। ਇਸ ਦੀ ਨਾਜ਼ੁਕ ਸਥਿਤੀ ਮੌਕੇ ਇੱਥੇ ਲਗਾਈ ਫੌਜ ਵਾਪਸ ਜਾ ਚੁੱਕੀ ਹੈ। ਪ੍ਰਸ਼ਾਸਨ ਵੱਲੋਂ ਲਗਾਏ ਗਏ ਅਫਸਰ ਤੇ ਅਧਿਕਾਰੀ, ਅਮਲੇ ਸਮੇਤ ਪੁਲੀਸ ਸਣੇ ਵਾਪਸ ਆਪਣੇ ਦਫਤਰਾਂ ਨੂੰ ਚਲੇ ਗਏ ਹਨ। ਘੱਗਰ ਭਾਖੜਾ ਸਾਈਫਨ ’ਤੇ ਘੱਗਰ ਦਾ ਪਾਣੀ ਸ਼ਾਂਤ ਹੋ ਚੁੱਕਿਆ ਹੈ ਅਤੇ ਲੋਕੀ ਰਾਹਤ ਮਹਿਸੂਸ ਕਰ ਰਹੇ ਹਨ ਅਤੇ ਆਪੋ ਆਪਣੇ ਖੇਤਾਂ ਵਿੱਚ ਬੀਜੀ ਫਸਲ ਦੀ ਸੰਭਾਲ ਵਿੱਚ ਲੱਗ ਗਏ ਹਨ। ਉਧਰ, ਪ੍ਰਭਾਵਿਤ ਹੋਣ ਵਾਲੇ ਲੋਕ ਆਪਣੇ ਭਵਿਖ ਪ੍ਰਤੀ ਚਿੰਤਤ ਦਿਖਾਈ ਦੇ ਰਹੇ ਹਨ। ਪਾਣੀ ਦੇ ਸ਼ਾਤ ਹੋਣ ਮਗਰੋਂ ਤਬਾਹੀ ਵਾਲੀਆਂ ਜ਼ਮੀਨਾਂ ਵਿੱਚ ਲੋਕ ਦੁਬਾਰਾ ਝੋਨੇ ਦੀ ਫ਼ਸਲ ਲਗਾਉਣ ਵਿੱਚ ਰੁਝ ਗਏ ਹਨ। ਭਾਵੇਂ ਕਿ ਬੀਰੇਵਾਲਾ ਡੋਗਰਾ ਦੇ ਲੋਕ ਨੀਵੇਂ ਥਾਂ ’ਤੇ ਹੋਣ ਕਾਰਨ ਵਧੇਰੇ ਪ੍ਰੇਸ਼ਾਨ ਦਿਖਾਈ ਦੇ ਰਹੇ ਹਨ। ਉਨ੍ਹਾਂ ਪ੍ਰਸਾਸਨ ਤੋ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਖੇਤਾਂ ’ਤੇ ਪਿੰਡ ਦੇ ਪਾਣੀ ਦਾ ਨਿਕਾਸ ਕਰਕੇ ਰਾਹਤ ਦਿਵਾਈ ਜਾਵੇ।

Advertisement
Author Image

sukhwinder singh

View all posts

Advertisement