For the best experience, open
https://m.punjabitribuneonline.com
on your mobile browser.
Advertisement

ਘੱਗਰ ਨੇ ਚਾਂਦਪੁਰਾ ’ਤੇ ਬੰਨ੍ਹੇ ਪੰਜਾਬ ਤੇ ਹਰਿਆਣਾ

07:54 AM Jul 15, 2023 IST
ਘੱਗਰ ਨੇ ਚਾਂਦਪੁਰਾ ’ਤੇ ਬੰਨ੍ਹੇ ਪੰਜਾਬ ਤੇ ਹਰਿਆਣਾ
ਚਾਂਦਪੁਰਾ ਬੰਨ੍ਹ ’ਤੇ ਘੱਗਰ ਵਿੱਚੋਂ ਕਰੇਨ ਨਾਲ ਕੱਢੀ ਜਾ ਰਹੀ ਬੂਟੀ ਅਤੇ ਦਰੱਖ਼ਤ ਦੇ ਟਾਹਣੇ।
Advertisement

ਜੋਗਿੰਦਰ ਸਿੰਘ ਮਾਨ
ਮਾਨਸਾ, 14 ਜੁਲਾਈ
ਪੰਜਾਬ ਤੇ ਹਰਿਆਣਾ ਦੀਆਂ ਸਰਕਾਰਾਂ ਹੁਣ ਚਾਂਦਪੁਰਾ ਬੰਨ੍ਹ ਟੁੱਟਣ ਤੋਂ ਬਚਾਉਣ ਲਈ ਦਨਿ-ਰਾਤ ਦੀ ਪਹਿਰੇਦਾਰੀ ਕਰਨ ਲੱਗੀਆਂ ਹਨ। ਇੱਥੇ ਪੁਲ ਨੀਵਾਂ ਹੋਣ ਕਾਰਨ ਦਰੱਖਤਾਂ ਦੇ ਟਾਣੇ ਤੇ ਬੂਟੀ ਆਦਿ ਫਸ ਜਾਂਦੀ ਹੈ। ਇਸ ਕਾਰਨ ਪਿੱਛੇ ਪਾਣੀ ਦਾ ਪੱਧਰ ਉੱਪਰ ਚੜ੍ਹਨਾ ਸ਼ੁਰੂ ਹੋ ਜਾਂਦਾ ਹੈ ਜਿਸ ਕਾਰਨ ਦੋਵੇਂ ਕਨਿਾਰਿਆਂ ’ਤੇ ਦਬਾਅ ਵਧਣ ਕਾਰਨ ਟੁੱਟਣ ਦਾ ਖ਼ਦਸ਼ਾ ਖੜ੍ਹਾ ਹੋ ਜਾਂਦਾ ਹੈ।
ਪੰਜਾਬ ਸਰਕਾਰ ਵੱਲੋਂ ਚਾਂਦਪੁਰਾ ਬੰਨ੍ਹ ਨੂੰ ਮਾਨਸਾ ਜ਼ਿਲ੍ਹੇ ਵਾਲੇ ਪਾਸੇ ਟੁੱਟਣ ਤੋਂ ਬਚਾਉਣ ਲਈ ਪੁਲੀਸ ਅਤੇ ਸਿਵਲ ਅਫ਼ਸਰਸ਼ਾਹੀ ਨੂੰ ਚੱਤੋ-ਪਹਿਰ ਲਈ ਕਾਇਮ ਕੀਤਾ ਹੋਇਆ। ਦੂਜੇ ਪਾਸੇ, ਗੁਆਂਢੀ ਸੂਬੇ ਦੀ ਹਰਿਆਣਾ ਵੱਲੋਂ ਫ਼ਤਿਆਬਾਦ ਜ਼ਿਲ੍ਹੇ ਦੇ ਅਧਿਕਾਰੀਆਂ ਨੂੰ ਤਾਇਨਾਤ ਕੀਤਾ ਹੋਇਆ ਹੈ। ਦੋਵਾਂ ਸੂਬਿਆਂ ਵਿਚਾਲੇ ਵਗਦੇ ਘੱਗਰ ਵਿੱਚ ਹੜ੍ਹਾਂ ਦਾ ਪਾਣੀ ਖ਼ਤਰੇ ਦੇ ਨਿਸ਼ਾਨ ਤੋਂ ਲੰਘ ਰਿਹਾ ਹੈ। ਜੇ ਇਹ ਬੰਨ੍ਹ ਟੁੱਟਦਾ ਹੈ ਤਾਂ ਦੋਵੇਂ ਪਾਸੇ ਵੱਡਾ ਨੁਕਸਾਨ ਹੋਵੇਗਾ।
ਅੱਜ ਚਾਂਦਪੁਰਾ ਬੰਨ੍ਹ ਦੇ ਮਾਨਸਾ ਵਾਲੇ ਪਾਸੇ ਡਿਪਟੀ ਕਮਿਸ਼ਨਰ ਰਿਸੀਪਾਲ ਸਿੰਘ ਸਣੇ ਐੱਸਐੱਸਪੀ ਡਾ. ਨਾਨਕ ਸਿੰਘ ਹੋਰ ਸਰਕਾਰੀ ਅਮਲੇ ਨੂੰ ਲੈ ਕੇ ਜ਼ਿਲ੍ਹੇ ਦੇ ਲੋਕਾਂ ਨੂੰ ਆਪਣੇ ਖੇਤਰ ਦੇ ਬੰਨ੍ਹ ਨੂੰ ਮਜ਼ਬੂਤ ਕਰਨ ਲਈ ਹੌਸਲਾ ਦਿੰਦੇ ਰਹੇ। ਪੁਲੀਸ ਨੇ ਉੱਥੇ ਆਰਜ਼ੀ ਚੌਕੀ ਕਾਇਮ ਕੀਤੀ ਹੋਈ ਹੈ ਤੇ ਰੌਸ਼ਨੀ ਦਾ ਬੰਦੋਬਸ਼ਤ ਕਰ ਦਿੱਤਾ ਹੈ। ਉਧਰ, ਹਰਿਆਣਾ ਵਾਲੇ ਪਾਸੇ ਅੱਜ ਫ਼ਤਿਆਬਾਦ ਜ਼ਿਲ੍ਹੇ ਦੇ ਡੀਸੀ ਮਨਦੀਪ ਕੌਰ ਅਤੇ ਜ਼ਿਲ੍ਹਾ ਪੁਲੀਸ ਮੁਖੀ ਆਸਥਾ ਮੋਦੀ, ਆਪਣੇ ਐਸਡੀਐਮ ਸਣੇ ਹੋਰ ਉਚ ਅਧਿਕਾਰੀਆਂ ਨਾਲ ਬੈਠੇ ਰਹੇ। ਹਰਿਆਣਾ ਦੇ ਲੋਕ ਆਪਣੇ ਹਿੱਸੇ ਨੂੰ ਮਜ਼ਬੂਤ ਕਰ ਰਹੇ ਹਨ। ਹਰਿਆਣੇ ਵਾਲੇ ਪਾਸੇ ਅੱਜ ਰਤੀਆ ਦੇ ਸੱਤਾਧਾਰੀ ਧਿਰ ਭਾਜਪਾ ਦੇ ਵਿਧਾਇਕ ਲਛਮਣ ਨਾਪਾ ਅਤੇ ਫ਼ਤਿਆਬਾਦ ਦੇ ਵਿਧਾਇਕ ਦੂੜਾ ਰਾਮ ਸਣੇ ਹੋਰ ਰਾਜਨੀਤਿਕ ਆਗੂ ਬੰਨ੍ਹ ਦਾ ਦੌਰਾ ਕਰ ਕੇ ਗਏ ਹਨ।
ਪੰਜਾਬ ਵਾਲੇ ਪਾਸੇ ਇਸ ਬੰਨ੍ਹ ਸਬੰਧੀ ਰਾਜਨੀਤੀ ਸਰਗਰਮ ਹੋ ਗਈ ਹੈ। ਇਸ ਬੰਨ੍ਹ ’ਤੇ ਕੱਲ੍ਹ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਦੇ ਗੇੜਾ ਮਾਰਨ ਤੋਂ ਬਾਅਦ ਅੱਜ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਕਾਂਗਰਸੀ ਵਰਕਰਾਂ ਨੂੰ ਨਾਲ ਲੈ ਕੇ ਪੁੱਜੇ। ਉਨ੍ਹਾਂ ਇਸ ਬੰਨ੍ਹ ’ਤੇ ਕੀਤੇ ਪ੍ਰਬੰਧਾਂ ਨੂੰ ਨਾਕਾਫ਼ੀ ਦੱਸਦਿਆਂ ਪੰਜਾਬ ਸਰਕਾਰ ਤੇ ਮਾਨਸਾ ਜ਼ਿਲ੍ਹਾ ਪ੍ਰਸ਼ਾਸਨ ਦੀ ਨਿਖੇਧੀ ਕੀਤੀ।
ਇਸੇ ਦੌਰਾਨ ‘ਆਪ’ ਦੇ ਸੂਬਾ ਕਾਰਜਕਾਰੀ ਪ੍ਰਧਾਨ ਪ੍ਰਿੰਸੀਪਲ ਬੁੱਧਰਾਮ ਨੇ ਚਾਂਦਪੁਰਾ ਦਾ ਦੌਰਾ ਕਰਨ ਤੋਂ ਬਾਅਦ ਦੱਸਿਆ ਕਿ ਪੰਜਾਬ ਸਰਕਾਰ ਅਤੇ ਮਾਨਸਾ ਪ੍ਰਸ਼ਾਸਨ ਵੱਲੋਂ ਲੋਕਾਂ ਦੀ ਜਾਨ-ਮਾਲ ਲਈ ਦਨਿ-ਰਾਤ ਦੀ ਪਹਿਰੇਦਾਰੀ ਕਾਇਮ ਹੈ ਤੇ ਪਿੱਛੋਂ ਆ ਰਹੇ ਪਾਣੀ ਲਈ ਲਗਾਤਾਰ ਨਜ਼ਰਸਾਨੀ ਕੀਤੀ ਜਾ ਰਹੀ ਹੈ।
ਬੋਹਾ (ਪੱਤਰ ਪ੍ਰੇਰਕ): ਘੱਗਰ ਦਰਿਆ ਵਿਚ ਪਾਣੀ ਦਾ ਪੱਧਰ ਵਧਣ ਕਾਰਨ ਬੋਹਾ-ਬਰੇਟਾ ਦੇ ਲੋਕਾਂ ਵਿੱਚ ਸਹਿਮ ਬਣਿਆ ਹੋਇਆ ਹੈ। ਇਸ ਲਈ ਉਹ ਚਾਂਦਪੁਰ-ਕਾਲੀਆਂ ਬੰਨ੍ਹ ਨੂੰ ਉੱਚਾ ਤੇ ਮਜ਼ਬੂਤ ਕਰਨ ਲਈ ਸਰਗਰਮ ਹੋ ਗਏ ਹਨ। ਪਹਿਲਾਂ ਇਸ ਬੰਨ੍ਹ ’ਤੇ ਮਿੱਟੀ ਪਾਉਣ ਦਾ ਕੰਮ ਕੇਵਲ ਕੁਲਰੀਆਂ ਪਿੰਡ ਦੇ ਕਿਸਾਨ ਹੀ ਕਰ ਰਹੇ ਸਨ ਪਰ ਹੁਣ ਕਿਸਾਨ ਜਥੇਬੰਦੀਆਂ ਦੇ ਸੱਦੇ ’ਤੇ ਇਸ ਖੇਤਰ ਦੇ ਹੋਰ ਪਿੰਡਾਂ ਦੇ ਲੋਕ ਵੀ ਉਨ੍ਹਾਂ ਦੀ ਮਦਦ ਕਰਨ ਲਈ ਆਪਣੀਆਂ ਟਰੈਕਟਰ ਟਰਾਲੀਆਂ ਸਣੇ ਪਹੁੰਚ ਰਹੇ ਹਨ।
ਪੰਜਾਬ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਚਾਰ ਸਕੱਤਰ ਸਿਮਰਨਜੀਤ ਸਿੰਘ ਠਾਣਾ ਤੇ ਸਰਕਲ ਬੋਹਾ ਦੇ ਮੀਤ ਪ੍ਰਧਾਨ ਦਰਸ਼ਨ ਸਿੰਘ ਮੰਘਾਣੀਆਂ ਨੇ ਖੇਤਰ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਹੋਰ ਵੀ ਵੱਧ ਤੋਂ ਵੱਧ ਗਿਣਤੀ ਵਿਚ ਪਹੁੰਚ ਕੇ ਇਸ ਬੰਨ੍ਹ ਨੂੰ ਮਜ਼ਬੂਤ ਕਰਨ ਵਿੱਚ ਸਹਿਯੋਗ ਕਰਨ।

Advertisement

ਘੱਗਰ ਵਿੱਚ ਪਾਣੀ ਦਾ ਪੱਧਰ ਵਧਿਆ

ਏਲਨਾਬਾਦ (ਜਗਤਾਰ ਸਮਾਲਸਰ): ਘੱਗਰ ਵਿੱਚ ਲਗਾਤਾਰ ਪਾਣੀ ਦਾ ਪੱਧਰ ਵਧ ਰਿਹਾ ਹੈ ਤੇ ਪ੍ਰਸ਼ਾਸਨ ਹਰ ਤਰ੍ਹਾਂ ਦੇ ਪੁਖ਼ਤਾ ਪ੍ਰਬੰਧ ਕੀਤੇ ਜਾਣ ਦੇ ਦਾਅਵੇ ਕਰ ਰਿਹਾ ਹੈ। ਪਿੰਡ ਮਿਰਜ਼ਾਪੁਰ ਦੇ ਕਿਸਾਨਾਂ ਜੋਗਿੰਦਰ ਸਿੰਘ, ਮਹਿੰਦਰਪਾਲ, ਮਨੀਸ਼ ਕੁਮਾਰ, ਹਰੀਸ਼ ਕੁਮਾਰ, ਨੇਕਰਾਜ ਆਦਿ ਨੇ ਦੱਸਿਆ ਕਿ ਕੱਲ੍ਹ ਤਿੰਨ ਵਜੇ ਤੋਂ ਲੈ ਕੇ ਹੁਣ ਤੱਕ ਕਰੀਬ 2 ਫੁੱਟ ਪਾਣੀ ਵਧ ਚੁੱਕਾ ਹੈ। ਝੋਨਾ ਡੁੱਬਣ ਕਾਰਨ ਕਿਸਾਨਾਂ ਦਾ ਕਰੀਬ 20 ਹਜ਼ਾਰ ਪ੍ਰਤੀ ਏਕੜ ਨੁਕਸਾਨ ਹੋ ਗਿਆ ਹੈ। ਕੱਚਾ ਕੱਟਿਆ ਝੋਨਾ ਕਿਸਾਨ ਅੱਧ ਤੋਂ ਵੀ ਹੇਠ ਭਾਅ ’ਤੇ ਵੇਚਣ ਲਈ ਮਜਬੂਰ ਹਨ। ਲੋਕਾਂ ਨੇ ਆਖਿਆ ਕਿ ਪ੍ਰਸ਼ਾਸਨ ਕੇਵਲ ਬੰਨ੍ਹ ’ਤੇ ਗੇੜੇ ਮਾਰ ਕੇ ਖਾਨਾਪੂਰਤੀ ਕਰ ਰਿਹਾ ਹੈ। ਪਿੰਡ ਅੰਮ੍ਰਿਤਸਰ ਤੋਂ ਲੈ ਕੇ ਹਾਰਨੀ ਪੁਲ ਤੱਕ ਕਰੀਬ ਚਾਰ ਕਿਲੋਮੀਟਰ ਦੇ ਏਰੀਏ ਵਿੱਚ ਸਿਰਫ਼ ਚਾਰ ਬੱਲਬ ਲਗਾਏ ਗਏ ਹਨ। ਮਨਰੇਗਾ ਮਜ਼ਦੂਰ ਬੰਨ੍ਹ ’ਤੇ ਮਿੱਟੀ ਦੇ ਗੱਟੇ ਭਰਨ ਲਈ ਲਗਾਏ ਗਏ ਹਨ ਪਰ ਥੋੜ੍ਹੀ-ਥੋੜ੍ਹੀ ਦੂਰੀ ’ਤੇ 20-20 ਗੱਟੇ ਮਿੱਟੀ ਦੇ ਭਰ ਕੇ ਰੱਖੇ ਜਾ ਰਹੇ ਹਨ, ਜੋ ਕਾਫ਼ੀ ਨਹੀਂ ਹਨ। ਇੱਥੇ ਘੱਗਰ ਵਿੱਚ ਕਰੀਬ 10 ਹਜ਼ਾਰ ਕਿਊਸਕ ਪਾਣੀ ਚੱਲ ਰਿਹਾ ਹੈ। ਘੱਗਰ ਦੇ ਬੰਨ੍ਹ ਦਾ ਦੌਰਾ ਕਰ ਰਹੇ ਏਲਨਾਬਾਦ ਦੇ ਤਹਿਸੀਲਦਾਰ ਇਬਰਾਹੀਮ ਖਾਨ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਪੂਰੇ ਪ੍ਰਬੰਧ ਕੀਤੇ ਗਏ ਹਨ। ਓਟੂ ਹੈੱਡ ’ਤੇ ਕਰੀਬ 21 ਹਜ਼ਾਰ ਕਿਊਸਕ ਪਾਣੀ ਹੈ। ਲੋਕਾਂ ਨੂੰ ਘਬਰਾਉਣ ਦੀ ਜ਼ਰੂਰਤ ਨਹੀ ਹੈ ਅਤੇ ਅਫ਼ਵਾਹਾਂ ਤੋਂ ਵੀ ਚੌਕਸ ਰਹਿਣਾ ਚਾਹੀਦਾ ਹੈ। ਹਾਰਨੀ ਪਿੰਡ ਨੇੜੇ ਪੁਲ ਵਿੱਚੋਂ ਕੇਲੀ ਕਢਵਾ ਰਹੇ ਪੰਚਾਇਤ ਸਕੱਤਰ ਜੰਗੀਰ ਸਿੰਘ ਨੇ ਆਖਿਆ ਕਿ ਇੱਥੇ ਕੇਲੀ ਕੱਢਣ ਲਈ ਜੇਸੀਬੀ ਚਲਾਈ ਜਾ ਰਹੀ ਹੈ। ਨਿੰਮ ਵਾਲੀ ਢਾਣੀ ਅਤੇ ਰਾਜਸਥਾਨ ਸਾਈਫ਼ਨ ’ਤੇ ਮਸ਼ੀਨਾਂ ਨਾਲ ਕੇਲੀ ਕੱਢੀ ਜਾ ਰਹੀ ਹੈ।

ਸਰਦੂਲਗੜ੍ਹ ਦਾ ਫੱਟਿਆਂ ਵਾਲਾ ਪੁਲ ਤੋੜਿਆ

ਮਾਨਸਾ (ਪੱਤਰ ਪ੍ਰੇਰਕ): ਘੱਗਰ ਦਰਿਆ ਵਿੱਚ ਵਧ ਰਹੇ ਪਾਣੀ ਕਾਰਨ ਸਰਦੂਲਗੜ੍ਹ ਦੇ ਫੱਟਿਆਂ ਵਾਲੇ ਨੀਵੇਂ ਪੁਲ ਵਿੱਚ ਦਰੱਖ਼ਤਾਂ ਦੇ ਟਾਹਣੇ ਅਤੇ ਬੂਟੀ ਫਸਣ ਕਾਰਨ ਵੱਡੇ ਅੜਿੱਕੇ ਨੂੰ ਦੂਰ ਕਰਦਿਆਂ ਅੱਜ ਦੇਰ ਸ਼ਾਮ ਇਸ ਪੁਲ ਨੂੰ ਤੋੜਿਆ ਗਿਆ। ਇਹ ਪੁਲ ਬਹੁਤ ਸਮਾਂ ਪਹਿਲਾਂ ਲੱਕੜ ਦੇ ਫੱਟਿਆਂ ਦਾ ਬਣਿਆ ਹੋਇਆ ਸੀ। ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਲੋਕਾਂ ਅਤੇ ਡੇਰੇ ਦੇ ਸੰਤ ਮਹਾਤਮਾ ਬਹਾਲ ਦਾਸ ਨੂੰ ਭਰੋਸੇ ਵਿੱਚ ਲੈ ਕੇ ਪੁਲ ਤੋੜਨ ਦਾ ਫ਼ੈਸਲਾ ਲਿਆ ਗਿਆ ਤਾਂ ਕਿ ਘੱਗਰ ਕਨਿਾਰੇ ਰਹਿੰਦੇ ਲੋਕਾਂ ਨੂੰ ਰਾਹਤ ਪਹੁੰਚਾਉਣ ਦਾ ਯਤਨ ਕੀਤਾ ਜਾ ਸਕੇ। ਇਸ ਮੌਕੇ ਉਨ੍ਹਾਂ ਨਾਲ ਐਸਡੀਐਮ ਅਮਰਿੰਦਰ ਸਿੰਘ ਮੱਲ੍ਹੀ ਅਤੇ ਇਲਾਕੇ ਦੀਆਂ ਪੰਚਾਇਤਾਂ ਦੇ ਆਗੂ ਮੌਜੂਦ ਸਨ।

ਸੱਪ ਦੇ ਡੱਸੇ ਮਰੀਜ਼ਾਂ ਲਈ ਟੀਕੇ ਉਪਲੱਬਧ: ਸਿਵਲ ਸਰਜਨ

ਫ਼ਿਰੋਜ਼ਪੁਰ (ਸੰਜੀਵ ਹਾਂਡਾ): ਸਿਹਤ ਵਿਭਾਗ ਵੱਲੋਂ ਸੱਪ ਦੇ ਡੱਸੇ ਮਰੀਜ਼ਾਂ ਦੇ ਇਲਾਜ ਲਈ ਹਸਪਤਾਲਾਂ ਵਿੱਚ ਟੀਕੇ ਉਪਲੱਬਧ ਕਰਵਾਏ ਗਏ ਹਨ। ਸਿਵਲ ਸਰਜਨ ਡਾ. ਰਜਿੰਦਰ ਪਾਲ ਨੇ ਦੱਸਿਆ ਕਿ ਹੜ੍ਹ ਦੇ ਪਾਣੀ ਨਾਲ ਭਰੇ ਇਲਾਕਿਆਂ ਵਿਚ ਸੱਪਾਂ ਦਾ ਖ਼ਤਰਾ ਵਧ ਜਾਂਦਾ ਹੈ। ਹਾਲਾਂਕਿ ਸਾਰੇ ਸੱਪ ਜ਼ਹਿਰੀਲੇ ਨਹੀਂ ਹੁੰਦੇ ਪਰ ਫਿਰ ਵੀ ਜ਼ਿਲ੍ਹੇ ਦੇ ਸਾਰੇ ਮੁੱਖ ਹਸਪਤਾਲਾਂ ਵਿੱਚ ਇਸ ਦੇ ਇਲਾਜ ਲਈ ਪੁਖ਼ਤਾ ਇੰਤਜ਼ਾਮ ਕਰ ਦਿੱਤੇ ਗਏ ਹਨ।

Advertisement
Tags :
Author Image

joginder kumar

View all posts

Advertisement
Advertisement
×