ਖਨੌਰੀ ਅਤੇ ਮੂਨਕ ਨੂੰ ਘੱਗਰ ਨੇ ਘੇਰਿਆ, ਖਨੌਰੀ ’ਚ ਦਿੱਲੀ-ਲੁਧਿਆਣਾ ਨੈਸ਼ਨਲ ਹਾਈਵੇਅ ਬੰਦ
ਗੁਰਦੀਪ ਸਿੰਘ ਲਾਲੀ/ਹਰਜੀਤ ਸਿੰਘ
ਸੰਗਰੂਰ/ ਖਨੌਰੀ, 13 ਜੁਲਾਈ
ਘੱਗਰ ’ਚ ਪਾੜ ਕਾਰਨ ਜਿੱਥੇ ਹਜ਼ਾਰਾਂ ਏਕੜ ਝੋਨੇ ਦੀ ਫ਼ਸਲ ਪਾਣੀ ਦੀ ਮਾਰ ਹੇਠ ਆ ਗਈ ਹੈ, ਉਥੇ ਮੂਨਕ ਅਤੇ ਖਨੌਰੀ ਸ਼ਹਿਰ ਵਿਚ ਵੀ ਪਾਣੀ ਦਾਖ਼ਲ ਹੋਣ ਦਾ ਖ਼ਤਰਾ ਵੱਧ ਗਿਆ ਹੈ। ਲਗਾਤਾਰ ਪਾਣੀ ਦਾ ਵਹਾਅ ਇਨ੍ਹਾਂ ਸ਼ਹਿਰਾਂ ਵੱਲ ਵੱਧ ਰਿਹਾ ਹੈ। ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਸੁਚੇਤ ਰਹਿਣ ਲਈ ਮੁਨਿਆਦੀ ਕਰਵਾ ਦਿੱਤੀ ਗਈ ਹੈ।
ਖਨੌਰੀ ਵਿਖੇ ਲੰਘਦੇ ਨੈਸ਼ਨਲ ਹਾਈਵੇ 52 ਉੱਪਰ ਪਾਣੀ ਆਉਣ ਕਾਰਨ ਇਸ ’ਤੇ ਆਵਾਜਾਈ ਬੰਦ ਕਰ ਦਿੱਤੀ ਹੈ। ਹਾਈਵੇਅ ’ਤੇ ਦੋ ਟਰੱਕ ਪਾਣੀ ਕਾਰਨ ਉਲਟ ਗਏ ਪਰ ਲੋਕਾਂ ਨੇ ਟਰੱਕ ਚਾਲਕਾਂ ਨੂੰ ਬਚਾਅ ਲਿਆ ਹੈ।ਮੂਨਕ ਦੇ ਦਰਜਨਾਂ ਪਿੰਡ ਘੱਗਰ ਦੀ ਲਪੇਟ ਵਿਚ ਹਨ। ਥਲ ਸੈਨਾ ਅਤੇ ਐੱਨਡੀਆਰਐੱਫ ਦੀਆਂ ਟੀਮਾਂ ਲਗਾਤਾਰ ਲੋਕਾਂ ਦੀ ਮਦਦ ਨਾਲ ਘੱਗਰ ਵਿਚ ਪਾੜ ਪੂਰ ਰਹੀਆਂ ਹਨ। ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਅਤੇ ਐੱਸਐੱਸਪੀ ਸੁਰਿੰਦਰ ਲਾਂਬਾ ਸਮੇਤ ਸਾਰਾ ਪ੍ਰਸ਼ਾਸਨ ਮੌਕੇ ’ਤੇ ਮੌਜੂਦ ਹਨ। ਸੰਗਰੂਰ ਤੋਂ ਖਨੌਰੀ, ਕੈਥਲ, ਦਿੱਲੀ, ਹਿਸਾਰ ਲਈ ਚੱਲਣ ਵਾਲੇ ਪੀਆਰਟੀਸੀ ਅਤੇ ਰੋਡਵੇਜ ਦੇ ਰੂਟ ਬੰਦ ਕਰ ਦਿੱਤੇ ਹਨ। ਮੁੱਖ ਮੰਤਰੀ ਭਗਵੰਤ ਮਾਨ ਅੱਜ ਮੂਨਕ ਵਿਖੇ ਹਾਲਾਤ ਦਾ ਜਾਇਜ਼ਾ ਲੈਣ ਪੁੱਜ ਰਹੇ ਹਨ।