For the best experience, open
https://m.punjabitribuneonline.com
on your mobile browser.
Advertisement

ਘੱਗਰ: ਪਾਣੀ ਘਟਣ ਮਗਰੋਂ ਸਾਹਮਣੇ ਆਉਣ ਲੱਗੀਆਂ ਸਮੱਸਿਆਵਾਂ

07:19 AM Jul 19, 2023 IST
ਘੱਗਰ  ਪਾਣੀ ਘਟਣ ਮਗਰੋਂ ਸਾਹਮਣੇ ਆਉਣ ਲੱਗੀਆਂ ਸਮੱਸਿਆਵਾਂ
ਪਿੰਡ ਸ਼ੇਰਗੜ੍ਹ ਵਿੱਚ ਹੜ੍ਹ ਕਾਰਨ ਨੁਕਸਾਨਿਆ ਬੋਰ ਦਿਖਾਉਂਦਾ ਹੋਇਆ ਕਿਸਾਨ।
Advertisement

ਗੁਰਦੀਪ ਸਿੰਘ ਲਾਲੀ/ਹਰਜੀਤ ਸਿੰਘ
ਸੰਗਰੂਰ/ਖਨੌਰੀ, 18 ਜੁਲਾਈ
ਮੂਨਕ ਅਤੇ ਖਨੌਰੀ ਇਲਾਕੇ ’ਚ ਤਬਾਹੀ ਮਚਾਉਣ ਤੋਂ ਬਾਅਦ ਭਾਵੇਂ ਘੱਗਰ ਹੁਣ ਸ਼ਾਂਤ ਹੋਣ ਲੱਗਿਆ ਹੈ ਪਰ ਹੜ੍ਹਾਂ ਦੇ ਪਾਣੀ ਦੀ ਮਾਰ ਹੇਠ ਆਏ ਪਿੰਡਾਂ ਦੇ ਲੋਕਾਂ ਅੱਗੇ ਮੁਸੀਬਤਾਂ ਅਜੇ ਵੀ ਜਿਉਂ ਦੀ ਤਿਉਂ ਬਰਕਰਾਰ ਹਨ ਅਤੇ ਪਾਣੀ ਘਟਣ ਤੋਂ ਬਾਅਦ ਹੋਰ ਵੀ ਨਵੀਆਂ ਮੁਸ਼ਕਲਾਂ ਆਣ ਖੜ੍ਹੀਆਂ ਹਨ।
ਹੜ੍ਹ ਪ੍ਰਭਾਵਿਤ ਪਿੰਡਾਂ ’ਚ ਪਾਣੀ ਖੜ੍ਹਨ ਨਾਲ ਬਿਮਾਰੀਆਂ ਫੈਲਣ ਦਾ ਖ਼ਦਸ਼ਾ ਹੈ। ਹੁਣ ਮੋਟਰ ਦੇ ਕੋਠਿਆਂ ਅਤੇ ਬੋਰਾਂ ਆਦਿ ਦੇ ਨੁਕਸਾਨ ਵੀ ਸਾਹਮਣੇ ਆਉਣ ਲੱਗੇ ਹਨ। ਵੱਖ-ਵੱਖ ਪਿੰਡਾਂ ’ਚੋ ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਫੂਲਦ ’ਚ ਗਰੀਬ ਪਰਿਵਾਰਾਂ ਦੇ ਕਰੀਬ ਅੱਧੀ ਦਰਜਨ ਤੋਂ ਵੱਧ ਘਰਾਂ ਦਾ ਨੁਕਸਾਨ ਹੋਇਆ ਹੈ ਜਨਿ੍ਹਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿੰਡ ਦੇ ਸਰਪੰਚ ਹਰਜੀਤ ਸਿੰਘ ਦਾ ਕਹਿਣਾ ਹੈ ਕਿ ਪਿੰਡ ਦੇ ਆਲੇ ਦੁਆਲੇ ਖੜ੍ਹੇ ਪਾਣੀ ਵਿਚੋਂ ਬਦਬੂ ਆ ਰਹੀ ਹੈ ਜਿਸ ਨਾਲ ਬਿਮਾਰੀਆਂ ਫੈਲਣ ਦਾ ਖ਼ਤਰਾ ਬਣਿਆ ਹੋਇਆ ਹੈ ਪਰ ਮੈਡੀਕਲ ਟੀਮ ਨਹੀਂ ਪੁੱਜੀ। ਪਿੰਡ ਮੰਡਵੀਂ ’ਚ ਡੇਂਗੂ ਪੈਰ ਪਸਾਰਨ ਲੱਗਿਆ ਹੈ। ਪਿੰਡ ਦੇ ਸਰਪੰਚ ਜੋਗਿੰਦਰ ਸਿੰਘ ਦਾ ਕਹਿਣਾ ਹੈ ਕਿ ਡੇਂਗੂ ਦੇ ਕਰੀਬ ਡੇਢ ਦਰਜਨ ਕੇਸ ਸਾਹਮਣੇ ਆਏ ਹਨ ਪਰ 24 ਘੰਟੇ ਮੈਡੀਕਲ ਸੇਵਾਵਾਂ ਮਿਲ ਰਹੀਆਂ ਹਨ। ਪਿੰਡ ’ਚ ਹਰੇ ਚਾਰੇ ਦੀ ਘਾਟ ਹੈ। ਭਾਕਿਯੂ ਏਕਤਾ ਉਗਰਾਹਾਂ ਦੇ ਆਗੂ ਰਿੰਕੂ ਮੂਨਕ ਨੇ ਦੱਸਿਆ ਕਿ ਜਿਹੜੇ ਪਿੰਡ ਪਾਣੀ ’ਚ ਘਿਰੇ ਹੋਏ ਹਨ, ਉਨ੍ਹਾਂ ਦੀਆਂ ਲਿੰਕ ਸੜਕਾਂ ਟੁੱਟ ਗਈਆਂ ਹਨ। ਪਿੰਡਾਂ ’ਚ ਰਾਹਤ ਸਮੱਗਰੀ ਤੇ ਚਾਰੇ ਦੀ ਘਾਟ ਹੈ। ਪਿੰਡਾਂ ’ਚ ਮਕਾਨਾਂ ਦਾ ਨੁਕਸਾਨ ਹੋਇਆ ਹੈ। ਫਰਸ਼ ਦੱਬ ਗਏ ਹਨ ਅਤੇ ਕੰਧਾਂ ਤੇ ਛੱਤਾਂ ’ਚ ਤਰੇੜਾਂ ਆ ਗਈਆਂ ਹਨ। ਪਿੰਡ ਹਾਂਡਾ ’ਚ ਦਵਾਈਆਂ ਦੀ ਲੋੜ ਹੈ। ਪਿੰਡ ਬਨਾਰਸੀ ਦੇ ਮੋਹਤਬਰ ਕਿਸਾਨ ਪਵਨ ਸਿੰਘ ਦਾ ਕਹਿਣਾ ਹੈ ਕਿ ਲੋਕਾਂ ਨੇ ਖੁਦ ਬਨਾਰਸੀ ਦਾ ਬੰਨ੍ਹ ਭਰਿਆ ਹੈ ਜਦੋਂ ਕਿ ਦੂਜਾ ਪਾੜ੍ਹ ਪੂਰਿਆ ਜਾ ਰਿਹਾ ਹੈ। ਪਿੰਡ ਬੌਪੁਰ ਦੇ ਰਾਜਪਾਲ ਨੇ ਦੱਸਿਆ ਕਿ ਪਿੰਡ ’ਚ ਮੌਜੂਦਾ ਸਮੇਂ ਡਾਕਟਰ, ਦਵਾਈਆਂ ਤੇ ਮੱਛਰਦਾਨੀਆਂ ਦੀ ਲੋੜ ਹੈ। ਘਰਾਂ ਦੇ ਮੋਟਰਾਂ ਵਾਲੇ ਕੋਠੇ ਤੇ ਬੋਰ ਨੁਕਸਾਨੇ ਗਏ ਹਨ।

Advertisement

ਪੰਜਾਬ ਵਿੱਚ 38 ਲੋਕਾਂ ਦੀ ਮੌਤ ਤੇ 15 ਜ਼ਖਮੀ
ਚੰਡੀਗੜ੍ਹ (ਟ੍ਰਬਿਿਊਨ ਨਿਊਜ਼ ਸਰਵਿਸ): ਪੰਜਾਬ ’ਚ ਹੁਣ ਤੱਕ 19 ਜ਼ਿਲ੍ਹਿਆਂ ਦੇ 1432 ਪਿੰਡ ਹੜ੍ਹਾਂ ਨਾਲ ਪ੍ਰਭਾਵਿਤ ਹੋ ਚੁੱਕੇ ਹਨ। ਇਸ ਦੇ ਨਾਲ ਹੀ ਸੂਬੇ ’ਚ ਹੜ੍ਹਾਂ ਕਰਕੇ 38 ਲੋਕਾਂ ਦੀ ਮੌਤ ਤੇ 15 ਜਣੇ ਜ਼ਖ਼ਮੀ ਹੋ ਗਏ ਹਨ। ਉਧਰ ਸੂਬੇ ’ਚ 155 ਰਾਹਤ ਕੈਂਪ ਸਥਾਪਿਤ ਕੀਤੇ ਗਏ ਹਨ, ਜਨਿ੍ਹਾਂ ਵਿੱਚ 3828 ਲੋਕ ਠਹਿਰੇ ਹੋਏ ਹਨ। ਇਸੇ ਦੌਰਾਨ ਪੰਜਾਬ ਦੇ ਤਿੰਨ ਡੈਮਾਂ ਵਿੱਚ ਵੀ ਪਾਣੀ ਦਾ ਪੱਧਰ ਵਧਦਾ ਜਾ ਰਿਹਾ ਹੈ। ਰਣਜੀਤ ਸਾਗਰ ਡੈਮ ’ਚ ਪਾਣੀ 523.64 ਮੀਟਰ ’ਤੇ ਹੈ, ਜਦੋਂ ਕਿ ਖਤਰੇ ਦਾ ਨਿਸ਼ਾਨ 527.91 ਮੀਟਰ ’ਤੇ ਹੈ। ਇਸੇ ਤਰ੍ਹਾਂ ਪੌਂਗ ਡੈਮ ਵਿੱਚ ਪਾਣੀ 1373.02 ਫੁੱਟ ਹੈ ਅਤੇ ਖਤਰੇ ਦਾ ਨਿਸ਼ਾਨ 1390 ਫੁੱਟ ’ਤੇ ਹੈ। ਭਾਖੜਾ ਡੈਮ ਵਿੱਚ ਪਾਣੀ 1644.92 ਫੁੱਟ ਦਰਜ ਕੀਤਾ ਹੈ, ਜਦੋਂ ਕਿ ਖਤਰੇ ਦਾ ਨਿਸ਼ਾਨ 1680 ਫੁੱਟ ਹੈ।

Advertisement
Tags :
Author Image

sukhwinder singh

View all posts

Advertisement
Advertisement
×