ਸਿਰਸਾ ਜ਼ਿਲ੍ਹੇ ’ਚ ਘੱਗਰ ਦਾ ਕਹਿਰ: ਅੱਧੀ ਦਰਜਨ ਪਿੰਡਾਂ ਦੇ ਲੋਕ ਆਹਮੋ-ਸਾਹਮਣੇ, ਝੜਪ ’ਚ 3 ਜ਼ਖ਼ਮੀ
ਪ੍ਰਭੂ ਦਿਆਲ
ਸਿਰਸਾ, 18 ਜੁਲਾਈ
ਘੱਗਰ ਨਾਲੀ ’ਚ ਵੱਧ ਰਹੇ ਪਾਣੀ ਨਾਲ ਜਿਥੇ ਸਿਰਸਾ ਜ਼ਿਲ੍ਹੇ ਦੇ ਦਰਜਨਾਂ ਪਿੰਡਾਂ ਦੀ ਹਜ਼ਾਰਾਂ ਕਿੱਲੇ ਫ਼ਸਲ ਪਾਣੀ ’ਚ ਡੁੱਬ ਗਈ ਹੈ ਉਥੇ ਹੀ ਹੁਣ ਪਾਣੀ ਕਾਰਨ ਪਿੰਡਾਂ ਵਿੱਚ ਤਣਾਅ ਪੈਦਾ ਹੋ ਗਿਆ ਹੈ। ਪਿੰਡਾਂ ਨੂੰ ਪਾਣੀ ਤੋਂ ਬਚਾਉਣ ਲਈ ਪਾਣੀ ਨੂੰ ਖੇਤਾਂ ਵੱਲ ਛੱਡਣ ਨੂੰ ਲੈ ਕੇ ਅੱਧੀ ਦਰਜਨ ਪਿੰਡਾਂ ਦੇ ਲੋਕ ਆਹਮੋ-ਸਾਹਮਣੇ ਹੋ ਗਏ। ਇਸ ਦੌਰਾਨ ਤਿੰਨ ਵਿਅਕਤੀਆਂ ਦੇ ਸੱਟਾਂ ਲੱਗਣ ਦੀ ਵੀ ਸੂਚਨਾ ਮਿਲੀ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਸਥਿਤੀ ਨੂੰ ਸ਼ਾਂਤੀਪੂਰਨ ਦੱਸਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਘੱਗਰ ’ਚ ਪਏ ਪਾੜ੍ਹਾਂ ਕਾਰਨ ਪਿੰਡ ਫਰਵਾਈ, ਬੁਰਜ ਕਰਮਗੜ੍ਹ, ਪਨਿਹਾਰੀ ਤੇ ਇਨ੍ਹਾਂ ਪਿੰਡਾਂ ਨਾਲ ਲੱਗਦੀਆਂ ਤਿੰਨ ਦਰਜਨ ਤੋਂ ਵੱਧ ਢਾਣੀਆਂ ਪਾਣੀ ਨਾਲ ਘਿਰ ਗਈਆਂ ਹਨ। ਪਿੰਡ ਪਨਿਹਾਰੀ ਤੇ ਇਸ ਦੇ ਨਾਲ ਲਗਦੇ ਪਿੰਡ ਫਰਵਾਈ ਕਲਾਂ, ਨੇਜਾਡੇਲਾ ਕਲਾਂ ਦੇ ਲੋਕ ਉਸ ਵੇਲੇ ਆਹਮੋ- ਸਾਹਮਣੇ ਹੋ ਗਏ, ਜਦੋਂ ਪਿੰਡ ਪਨਿਹਾਰੀ ਦੇ ਕੁਝ ਲੋਕ ਸਿਰਸਾ-ਬਰਨਾਲਾ ਰੋਡ ਹੇਠ ਬਣੀਆਂ ਪੁਲੀਆਂ ਨੂੰ ਖੋਲ੍ਹਣ ਦੀ ਕੋਸ਼ਿਸ਼ ਕੀਤੀ। ਇਸੇ ਦੌਰਾਨ ਪਿੰਡਾਂ ਦੇ ਲੋਕਾਂ ਵਿੱਚ ਗੱਲ ਡਾਂਗ-ਸੋਟੇ ਤੱਕ ਪਹੁੰਚ ਗਈ ਤੇ ਤਿੰਨ ਜਣਿਆਂ ਦੇ ਸੱਟਾਂ ਲੱਗ ਗਈਆਂ। ਸਥਿਤੀ ਨੂੰ ਵੇਖਦੇ ਹੋਏ ਵੱਡੀ ਗਿਣਤੀ ’ਚ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਨੂੰ ਜ਼ਿਆਦਾ ਵਿਗੜਣ ਤੋਂ ਬਚਾਅ ਲਿਆ। ਪੁਲੀਸ ਨੇ ਪਿੰਡਾਂ ਦੇ ਲੋਕਾਂ ਨੂੰ ਇਕ ਵਾਰ ਵੱਖ-ਵੱਖ ਕਰ ਦਿੱਤਾ ਪਰ ਸਥਿਤੀ ਹਾਲੇ ਤਣਾਅ ਪੂਰਨ ਬਣੀ ਹੋਈ ਹੈ। ਉਧਰ ਮੌਕੇ ’ਤੇ ਪਹੁੰਚੇ ਐੱਸਡੀਐੱਮ ਰਾਜਿੰਦਰ ਕੁਮਾਰ ਨੇ ਦੱਸਿਆ ਹੈ ਕਿ ਫਿਲਹਾਲ ਸਥਿਤੀ ਸ਼ਾਂਤੀਪੂਰਨ ਬਣੀ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਕਾਨੂੰਨ ਵਿਵਸਥਾ ਨੂੰ ਵਿਗਾੜਨ ਵਾਲੇ ਵਿਅਕਤੀਆਂ ਖ਼ਿਲਾਫ਼ ਪ੍ਰਸ਼ਾਸਨ ਸਖ਼ਤੀ ਨਾਲ ਪੇਸ਼ ਆਵੇਗਾ। ਉਧਰ ਪਿੰਡ ਚਾਮਲ, ਬਣਸੁਧਾਰ ਤੇ ਝੋਰੜਨਾਲੀ ’ਚ ਵੀ ਹਜ਼ਾਰਾਂ ਕਿੱਲੇ ਫ਼ਸਲ ਪਾਣੀ ’ਚ ਡੁੱਬ ਗਈ ਹੈ। ਇਨ੍ਹਾਂ ਪਿੰਡਾਂ ਦੇ ਕੁਝ ਲੋਕਾਂ ਵਿੱਚ ਵੀ ਬੰਨ੍ਹਾਂ ਨੂੰ ਲੈ ਕੇ ਤਣਾਅ ਦੀ ਸਥਿਤੀ ਬਣੀ ਹੋਈ ਹੈ।