ਘੱਗਰ ਡੀਸਿਲਟਿੰਗ: ਰਾਮਪੁਰ ਕਲਾਂ ਵਾਸੀਆਂ ਨੇ ਰੇਤਾ ਢੋਅ ਰਹੇ ਟਿੱਪਰ ਰੋਕੇ
ਕਰਮਜੀਤ ਸਿੰਘ ਚਿੱਲਾ
ਬਨੂੜ, 8 ਅਗਸਤ
ਪਿੰਡ ਰਾਮਪੁਰ ਕਲਾਂ ਦੇ ਵਸਨੀਕਾਂ ਨੇ ਅੱਜ ਬਾਅਦ ਦੁਪਹਿਰ ਰਾਜਪੁਰਾ ਹਲਕੇ ਦੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਦੀ ਅਗਵਾਈ ਹੇਠ ਘੱਗਰ ਦਰਿਆ ਵਿੱਚੋਂ ਮਿੱਟੀ ਤੇ ਰੇਤਾ ਢੋਅ ਰਹੇ ਟਿੱਪਰਾਂ ਨੂੰ ਰੋਕ ਲਿਆ। ਉਨ੍ਹਾਂ ਤਿੰਨ ਟਿੱਪਰਾਂ ਵਿੱਚੋੋਂ ਮਿੱਟੀ ਅਤੇ ਰੇਤਾ ਰਾਹ ਉੱਤੇ ਢੇਰੀ ਕਰਵਾ ਲਿਆ। ਇਸ ਮਗਰੋਂ ਘੱਗਰ ਦਰਿਆ ਵਿੱਚੋਂ ਦੋ ਪੋਕਲੇਨ ਮਸ਼ੀਨਾਂ ਅਤੇ ਕਈ ਜੇਸੀਬੀ ਮਸ਼ੀਨਾਂ ਨਾਲ ਮਿੱਟੀ ਤੇ ਰੇਤੇ ਦੇ ਭਰੇ ਜਾ ਰਹੇ ਟਿੱਪਰ ਘੱਗਰ ਵਿਚ ਹੀ ਰੁਕ ਗਏ। ਖ਼ਬਰ ਲਿਖਣ ਤੱਕ ਰਾਮਪੁਰ ਕਲਾਂ ਵੱਲ ਟਿੱਪਰਾਂ ਦਾ ਆਉਣਾ ਬੰਦ ਸੀ।
ਸ੍ਰੀ ਕੰਬੋਜ ਨੇ ਪੰਜਾਬ ਸਰਕਾਰ ਉੱਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਖਣਨ ਮਾਫ਼ੀਆ ਵੱਲੋਂ ਤਿੰਨ ਮਹੀਨਿਆਂ ਤੋਂ ਦਿਨ ਰਾਤ ਖਣਨ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਡੀਸਿਲਟਿੰਗ ਦਾ ਟੈਂਡਰ ਸਿਰਫ਼ ਬਨੂੜ ਨਹਿਰ ਦੇ ਡੈਮ ਦੇ ਆਲੇ-ਦੁਆਲੇ ਦਾ ਹੈ ਪਰ ਪੁਟਾਈ ਦੂਰ ਤੋਂ ਵੀ ਕੀਤੀ ਜਾ ਰਹੀ ਹੈ।
ਸ੍ਰੀ ਕੰਬੋਜ ਨੇ ਕਿਹਾ ਕਿ ਡੀਸਿਲਟਿੰਗ ਸਬੰਧੀ ਕੋਈ ਸ਼ਰਤ ਲਾਗੂ ਨਹੀਂ ਹੋ ਰਹੀ। ਉਨ੍ਹਾਂ ਕਿਹਾ ਕਿ ਓਵਰਲੋਡ ਟਿੱਪਰਾਂ ਨੇ ਕਿਸਾਨਾਂ ਦੇ ਖੇਤਾਂ ਨੂੰ ਜਾਂਦੇ ਰਾਹ ਖ਼ਰਾਬ ਕਰ ਦਿੱਤੇ ਹਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਇੱਥੋਂ ਨਾਜਾਇਜ਼ ਖਣਨ ਬੰਦ ਨਾ ਹੋਈ ਤਾਂ ਕਾਂਗਰਸ ਪਾਰਟੀ ਲੋਕਾਂ ਦੇ ਸਹਿਯੋਗ ਨਾਲ ਇੱਥੇ ਪੱਕਾ ਮੋਰਚਾ ਲਾਉਣ ਤੋਂ ਗੁਰੇਜ਼ ਨਹੀਂ ਕਰੇਗੀ।
ਇਸ ਮੌਕੇ ਨਗਰ ਕੌਂਸਲ ਬਨੂੜ ਦੇ ਪ੍ਰਧਾਨ ਜਗਤਾਰ ਸਿੰਘ ਕੰਬੋਜ, ਸੁਰਜੀਤ ਸਿੰਘ ਗੋਗਾ, ਸੁਰਿੰਦਰ ਸਿੰਘ, ਬਲਜਿੰਦਰ ਸਿੰਘ, ਜੋਗਿੰਦਰ ਸਿੰਘ ਨੰਬਰਦਾਰ ਆਦਿ ਹਾਜ਼ਰ ਸਨ।
ਇਸ ਬਾਰੇ ਵਿਭਾਗ ਦੇ ਐਕਸੀਅਨ ਗੁਰਤੇਜ ਸਿੰਘ ਗਰਚਾ ਦਾ ਪੱਖ ਜਾਣਨ ਲਈ ਕਈ ਵਾਰ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਫੋਨ ਨਹੀਂ ਚੁੱਕਿਆ।