For the best experience, open
https://m.punjabitribuneonline.com
on your mobile browser.
Advertisement

ਘੱਗਰ ਦੀ ਮਾਰ: ਖਨੌਰੀ ਨੇੜਲੇ ਕਈ ਪਿੰਡਾਂ ਵਿੱਚ ਪਾਣੀ ਭਰਿਆ

08:35 AM Jul 14, 2023 IST
ਘੱਗਰ ਦੀ ਮਾਰ  ਖਨੌਰੀ ਨੇੜਲੇ ਕਈ ਪਿੰਡਾਂ ਵਿੱਚ ਪਾਣੀ ਭਰਿਆ
ਖਨੌਰੀ ਵਿੱਚ ਦਿੱਲੀ-ਲੁਧਿਆਣਾ ਕੌਮੀ ਮਾਰਗ ’ਤੇ ਵਗ ਰਿਹਾ ਮੀਂਹ ਦਾ ਪਾਣੀ।
Advertisement

ਗੁਰਦੀਪ ਸਿੰਘ ਲਾਲੀ/ਹਰਜੀਤ ਸਿੰਘ
ਸੰਗਰੂਰ/ਖਨੌਰੀ, 13 ਜੁਲਾਈ
ਜ਼ਿਲ੍ਹਾ ਸੰਗਰੂਰ ਦੇ ਪੰਜਾਬ-ਹਰਿਆਣਾ ਹੱਦ ’ਤੇ ਪੈਂਦੇ ਕਸਬਾ ਖਨੌਰੀ ਦੇ ਆਲੇ-ਦੁਆਲੇ ਦੇ ਖੇਤਰ ਨੂੰ ਘੱਗਰ ਨੇ ਆਪਣੀ ਲਪੇਟ ਵਿਚ ਲੈ ਲਿਆ ਹੈ। ਇਸ ਕਾਰਨ ਹਜ਼ਾਰਾਂ ਏਕੜ ਝੋਨੇ ਦੀ ਫ਼ਸਲ ਪਾਣੀ ਵਿਚ ਡੁੱਬ ਗਈ ਹੈ। ਖਨੌਰੀ ’ਚੋਂ ਲੰਘਦਾ ਦਿੱਲੀ-ਲੁਧਿਆਣਾ ਕੌਮੀ ਮਾਰਗ ਵੀ ਪਾਣੀ ਦੀ ਮਾਰ ਹੇਠ ਆਉਣ ਕਾਰਨ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ। ਇਸ ਹਾਈਵੇਅ ਤੋਂ ਲੰਘ ਰਹੇ ਦੋ ਟਰੱਕ ਪਲਟ ਗਏ, ਜਨਿ੍ਹਾਂ ਦੇ ਚਾਲਕਾਂ ਨੂੰ ਲੋਕਾਂ ਨੇ ਸੁਰੱਖਿਅਤ ਬਚਾਅ ਲਿਆ। ਪੁਲੀਸ ਦਾ ਇੱਕ ਸੇਵਾਮੁਕਤ ਇੰਸਪੈਕਟਰ ਪੈਰ ਤਿਲਕਣ ਕਾਰਨ ਪਾਣੀ ਦੇ ਵਹਾਅ ’ਚ ਰੁੜ੍ਹ ਗਿਆ।
ਘੱਗਰ ਦੇ ਤੇਜ਼ ਵਹਾਅ ਕਾਰਨ ਸ਼ਹਿਰ ਖਨੌਰੀ ਵਿਚ ਵੀ ਪਾਣੀ ਦੇ ਦਾਖਲ਼ ਹੋਣ ਦਾ ਖ਼ਤਰਾ ਹੈ, ਜਿਸ ਨੂੰ ਮੁੱਖ ਰੱਖਦਿਆਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਖਨੌਰੀ ਵਾਸੀਆਂ ਨੂੰ ਸੁਚੇਤ ਰਹਿਣ ਲਈ ਅਨਾਊਂਸਮੈਂਟ ਕਰਵਾਈ ਗਈ ਹੈ। ਅਨਾਊਂਸਮੈਂਟ ਮਗਰੋਂ ਸ਼ਹਿਰ ਦੇ ਲੋਕਾਂ ਨੇ ਆਪਣਾ ਸਾਮਾਨ ਮਕਾਨਾਂ ਦੀਆਂ ਉਪਰਲੀਆਂ ਮੰਜ਼ਿਲਾਂ ’ਤੇ ਸੰਭਾਲਣਾ ਸ਼ੁਰੂ ਕਰ ਦਿੱਤਾ। ਉਥੇ ਹੀ ਲੋਕ ਦੁਕਾਨਾਂ ਤੋਂ ਰਾਸ਼ਨ ਅਤੇ ਹੋਰ ਲੋੜੀਂਦਾ ਸਾਮਾਨ ਖਰੀਦਦੇ ਵੀ ਨਜ਼ਰ ਆਏ। ਖਨੌਰੀ ਦੇ ਆਲੇ ਦੁਆਲੇ ਦੇ ਖੇਤਰ ਵਿਚ ਪੈਂਦੇ ਪਿੰਡ ਚਾਂਦੂ, ਬੌਪੁਰ, ਬਨਾਰਸੀ, ਅੰਨਦਾਨਾ, ਹੋਤੀਪੁਰ, ਨਵਾਂਗਾਓਂ, ਗੁਰਨਾਨਕਪੁਰਾ, ਸ਼ੇਰਗੜ੍ਹ, ਢਾਬੀ ਗੁੱਜਰਾਂ, ਕਾਂਗਥਲਾ, ਮਤੋਲੀ ਆਦਿ ਪਿੰਡ ਘੱਗਰ ਦੇ ਪਾਣੀ ਦੀ ਲਪੇਟ ਵਿਚ ਆ ਗਏ ਹਨ ਅਤੇ ਹਜ਼ਾਰਾਂ ਏਕੜ ਫਸਲ ਪਾਣੀ ਦੀ ਮਾਰ ਹੇਠ ਆ ਗਈ ਹੈ।

Advertisement

ਸਰਹਿੰੰਦ ਚੋਅ ’ਚ ਪਾਣੀ ਆਉਣ ਕਾਰਨ ਸੁਨਾਮ-ਸੰਗਰੂਰ ਮਾਰਗ ਬੰਦ

ਸੁਨਾਮ ਊਧਮ ਸਿੰਘ ਵਾਲਾ (ਬੀਰ ਇੰਦਰ ਬਨਭੌਰੀ): ਸੁਨਾਮ-ਸੰਗਰੂਰ ਨੂੰ ਜੋੜਦੀ ਮੁੱਖ ਸੜਕ ਅੱਜ ਬੰਦ ਕਰ ਦਿੱਤੀ ਗਈ ਹੈ। ਇਸ ਮਾਰਗ ’ਤੇ ਪੈਂਦੇ ਸਰਹਿੰਦ ਚੋਅ ਵਿਚ ਪਾਣੀ ਆਉਣ ਕਾਰਨ ਚੋਅ ਦੇ ਪੁਰਾਣੇ ਪੁਲ ਵਿਚ ਦਰਾੜਾਂ ਆ ਗਈਆਂ ਹਨ। ਇਸ ਚੋਏ ਵਿੱਚ ਪਿੱਛੋਂ ਆਉਣ ਵਾਲੇ ਪਾਣੀ ਦੀ ਮਾਤਰਾ ਰਾਤੋ-ਰਾਤ ਕਾਫੀ ਵੱਧ ਗਈ ਹੈ। ਪ੍ਰਸ਼ਾਸਨ ਨੇ ਕਿਸੇ ਅਣਸੁਖਾਵੀਂ ਘਟਨਾ ਦੇ ਮੱਦੇਨਜ਼ਰ ਸੰਗਰੂਰ-ਮਾਰਗ ਨੂੰ ਬੰਦ ਕਰ ਦਿੱਤਾ ਹੈ। ਇਸ ਸਬੰਧੀ ਐੱਸਡੀਐੱਮ ਜਸਪ੍ਰੀਤ ਨੇ ਕਿਹਾ ਕਿ ਪੁਲ ਕਾਫੀ ਪੁਰਾਣਾ ਹੋਣ ਕਰ ਕੇ ਦਰਾੜਾਂ ਆਈਆਂ ਹਨ। ਉਨ੍ਹਾਂ ਦੱਸਿਆ ਕਿ ਸੰਗਰੂਰ ਤੋਂ ਆਉਣ ਵਾਲੇ ਜਾਂ ਸੰਗਰੂਰ ਨੂੰ ਜਾਣ ਵਾਲੇ ਰਾਹੀ ਵਾਇਆ ਭਰੂਰ ਹੋ ਕੇ ਆ-ਜਾ ਸਕਦੇ ਹਨ। ਦੱਸਣਯੋਗ ਹੈ ਕਿ ਪਿੰਡ ਘਰਾਚੋਂ ਨੇੜੇ ਸਰਹਿੰਦ ਚੋਅ ਵਿਚ ਪਾੜ ਪੈਣ ਕਾਰਨ ਪਾਣੀ ਨੇ ਘਰਾਚੋਂ ਦੇ ਖੇਤਾਂ ਵੱਲ ਮਾਰ ਕਰਨੀ ਸ਼ੁਰੂ ਕਰ ਦਿੱਤੀ ਹੈ।

Advertisement
Tags :
Author Image

joginder kumar

View all posts

Advertisement
Advertisement
×