For the best experience, open
https://m.punjabitribuneonline.com
on your mobile browser.
Advertisement

ਗ਼ਦਰੀ ਸੂਰਮਾ ਸ਼ਹੀਦ ਕਰਤਾਰ ਸਿੰਘ ਸਰਾਭਾ

08:53 AM Nov 16, 2023 IST
ਗ਼ਦਰੀ ਸੂਰਮਾ ਸ਼ਹੀਦ ਕਰਤਾਰ ਸਿੰਘ ਸਰਾਭਾ
Advertisement

ਡਾ. ਗੁਰਤੇਜ ਸਿੰਘ

Advertisement

ਦੇਸ਼ ਦੇ ਗਲੋਂ ਗ਼ੁਲਾਮੀ ਦੀ ਪੰਜਾਲੀ ਉਤਾਰਨ ਵਾਲੇ ਦੇਸ਼ ਭਗਤਾਂ ਵਿੱਚ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਨਾਂ ਮੂਹਰਲੀ ਕਤਾਰ ਵਿੱਚ ਆਉਂਦਾ ਹੈ। ਉਸ ਨੇ ਬਹੁਤ ਛੋਟੀ ਉਮਰੇ ਦੇਸ਼ ਦੀ ਆਜ਼ਾਦੀ ਲਈ ਘਾਲਣਾ ਘਾਲ਼ੀ ਤੇ ਸ਼ਹੀਦੀ ਪ੍ਰਾਪਤ ਕੀਤੀ। ਉਹ ਬਹੁਤ ਦੂਰਅੰਦੇਸ਼, ਦਲੇਰ, ਉੱਚ ਕੋਟੀ ਦਾ ਨੀਤੀਵਾਨ ਅਤੇ ਅਣਥੱਕ ਮਿਹਨਤ ਕਰਨ ਵਾਲਾ ਸਿਰੜੀ ਯੋਧਾ ਸੀ। ਉਸ ਦਾ ਜਨਮ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਸਰਾਭਾ ਵਿੱਚ ਮਾਤਾ ਸਾਹਿਬ ਕੌਰ ਅਤੇ ਸ. ਮੰਗਲ ਸਿੰਘ ਦੇ ਘਰ 24 ਮਈ 1896 ਨੂੰ ਹੋਇਆ। ਨਿੱਕੀ ਉਮਰੇ ਹੀ ਮਾਪਿਆਂ ਦਾ ਸਾਇਆ ਸਿਰ ਤੋਂ ਉੱਠਣ ਕਾਰਨ ਉਸ ਦੀ ਪਰਵਰਿਸ਼ ਦਾਦਾ ਸ. ਬਦਨ ਸਿੰਘ ਨੇ ਕੀਤੀ। ਪ੍ਰਾਇਮਰੀ ਸਕੂਲ ਦੀ ਪੜ੍ਹਾਈ ਪਿੰਡ ਸਰਾਭਾ ਤੋਂ ਕੀਤੀ। ਇਸ ਤੋਂ ਬਾਅਦ ਮਾਲਵਾ ਸਕੂਲ ਲੁਧਿਆਣਾ ਤੋਂ ਪੜ੍ਹਾਈ ਕੀਤੀ ਤੇ ਦਸਵੀਂ ਜਮਾਤ ਆਪਣੇ ਚਾਚੇ ਕੋਲ ਉੜੀਸਾ ’ਚ ਕੀਤੀ। ਉਚੇਰੀ ਵਿੱਦਿਆ ਲਈ ਕਰਤਾਰ ਸਿੰਘ ਦੇ ਦਾਦਾ ਜੀ ਨੇ ਉਸ ਨੂੰ ਅਮਰੀਕਾ ਭੇਜਿਆ। ਜਨਵਰੀ 1912 ਵਿੱਚ ਉਹ ਅਮਰੀਕਾ ਦੇ ਸ਼ਹਿਰ ਸਾਂ ਫਰਾਂਸਿਸਕੋ ਬੰਦਰਗਾਹ ’ਤੇ ਉਤਰਿਆ। ਪੁੱਛਗਿੱਛ ਲਈ ਹੋਰ ਹਿੰਦੋਸਤਾਨੀਆਂ ਸਮੇਤ ਉਸ ਨੂੰ ਵੀ ਰੋਕਿਆ ਗਿਆ ਅਤੇ ਪੁੱਛਗਿੱਛ ਅਧਿਕਾਰੀ ਨੇ ਉਸ ਤੋਂ ਬੜੇ ਗੰਭੀਰ ਸਵਾਲ ਪੁੱਛੇ ਜਿਨ੍ਹਾਂ ਦੇ ਜਵਾਬ ਉਸ ਨੇ ਬੜੀ ਵਿਦਵਤਾ ਅਤੇ ਨਿਡਰਤਾ ਨਾਲ ਦਿੱਤੇ ਸਨ। ਉਸ ਤੋਂ ਪੁੱਛਿਆ ਗਿਆ, ‘‘ਤੂੰ ਇੱਥੇ ਕੀ ਕਰਨ ਆਇਆ ਹੈਂ?’’ ਸਰਾਭੇ ਨੇ ਕਿਹਾ, ‘‘ਪੜ੍ਹਾਈ ਕਰਨ।’’ ਫਿਰ ਅਧਿਕਾਰੀ ਨੇ ਪੁੱਛਿਆ, ‘‘ਤੂੰ ਇੰਨੀ ਦੂਰ ਪੜ੍ਹਨ ਕਿਉਂ ਆਇਆ ਹੈਂ? ਭਾਰਤ ਵਿੱਚ ਪੜ੍ਹਨ ਲਈ ਕੋਈ ਚੰਗੀ ਜਗ੍ਹਾ ਨਹੀਂ ਸੀ?’’ ਉਸ ਦਾ ਜਵਾਬ ਸੀ, ‘‘ਜਗ੍ਹਾ ਤਾਂ ਸੀ ਪਰ ਵਰਤਮਾਨ ਉਚੇਰੀ ਸਿੱਖਿਆ ਲਈ ਇੱਥੋਂ ਦੀ ਯੂਨੀਵਰਸਿਟੀ ’ਚ ਦਾਖਲਾ ਲੈਣ ਆਇਆ ਹਾਂ।’’ ਅਫ਼ਸਰ ਨੇ ਸਖ਼ਤ ਲਹਜਿੇ ’ਚ ਕਿਹਾ, ‘‘ਜੇਕਰ ਤੈਨੂੰ ਇੱਥੋਂ ਹੀ ਮੋੜ ਦਿੱਤਾ ਜਾਵੇ ਤਾਂ...?’’ ਉਸ ਨੇ ਜਵਾਬ ਦਿੱਤਾ, ‘‘ਇਹ ਬੜੀ ਵੱਡੀ ਬੇਇਨਸਾਫ਼ੀ ਹੋਵੇਗੀ ਕਿ ਪੜ੍ਹਨ ਆਏ ਇੱਕ ਵਿਦਿਆਰਥੀ ਨੂੰ ਵੀ ਰੋਕਿਆ ਜਾਵੇ। ਹੋ ਸਕਦਾ ਹੈ ਕਿ ਮੈਂ ਇੱਥੋਂ ਪੜ੍ਹ ਕੇ ਲੋਕਾਂ ਦੀ ਚੰਗੀ ਸੇਵਾ ਕਰ ਸਕਾਂ।’’ ਸਰਾਭੇ ਦੇ ਇਸ ਉੱਤਰ ਨੇ ਅਫ਼ਸਰ ਨੂੰ ਸੰਤੁਸ਼ਟ ਕਰ ਦਿੱਤਾ ਅਤੇ ਉਸ ਨੂੰ ਬਰਕਲੇ ਯੂਨੀਵਰਸਿਟੀ ਵਿੱਚ ਰਸਾਇਣ ਵਿਗਿਆਨ ਦੀ ਪੜ੍ਹਾਈ ’ਚ ਦਾਖ਼ਲਾ ਮਿਲ ਗਿਆ। ਉਨ੍ਹੀਂ ਦਿਨੀਂ ਵਿਦੇਸ਼ਾਂ ’ਚ ਹਿੰਦੋਸਤਾਨੀਆਂ ਨਾਲ ਮਾੜਾ ਸਲੂਕ ਕੀਤਾ ਜਾਂਦਾ ਸੀ। ਉਨ੍ਹਾਂ ਨੂੰ ਗ਼ੁਲਾਮ ਮੁਲਕ ਦੇ ਬਾਸ਼ਿੰਦੇ ਆਖ ਕੇ ਮਿਹਣੇ ਮਿਲਦੇ ਸਨ ਜਿਸ ਕਰਕੇ ਹਿੰਦੋਸਤਾਨੀਆਂ ਦੀ ਅਣਖ ਨੂੰ ਡੂੰਘੀ ਸੱਟ ਵੱਜਦੀ ਸੀ।
ਕੌਮਾ ਗਾਟਾਮਾਰੂ ਦੀ ਘਟਨਾ ਨੇ ਹੋਰ ਦੇਸ਼ ਵਾਸੀਆਂ ਦੇ ਨਾਲ ਨਾਲ ਕਰਤਾਰ ਸਿੰਘ ਸਰਾਭਾ ਦੇ ਮਨ ਨੂੰ ਝੰਜੋੜ ਦਿੱਤਾ। ਸਤੰਬਰ 1914 ’ਚ ਇਹ ਸਮੁੰਦਰੀ ਜਹਾਜ਼ ਕਲਕੱਤੇ ਕੋਲ ਬਜਬਜ ਘਾਟ ’ਤੇ ਪਹੁੰਚਿਆ ਸੀ। ਹਿੰਦੋਸਤਾਨ ਦੀ ਬਰਤਾਨਵੀ ਸਰਕਾਰ ਦੀਆਂ ਵਧੀਕੀਆਂ ਨੇ ਮੁਸਾਫ਼ਰਾਂ ਵਿੱਚ ਰੋਹ ਭਰ ਦਿੱਤਾ। ਪੁਲੀਸ ਝੜਪ ਦੌਰਾਨ ਕਾਫ਼ੀ ਮੁਸਾਫ਼ਿਰ ਮਾਰੇ ਗਏ। ਇਸ ਘਟਨਾ ਨੂੰ ਗ਼ਦਰ ਲਹਿਰ ਦੀ ਉਤਪਤੀ ਦਾ ਮੁੱਖ ਕਾਰਨ ਮੰਨਿਆ ਜਾਂਦਾ ਹੈ। ਕਰਤਾਰ ਸਿੰਘ ਸਰਾਭਾ ਕਿਸੇ ਮਿੱਤਰ ਦੀ ਮੱਦਦ ਨਾਲ ਹਿੰਦੀ ਐਸੋਸੀਏਸ਼ਨ ਆਫ ਪੈਸੀਫਿਕ ਕੋਸਟ ਸੰਸਥਾ ਦੀ ਮੀਟਿੰਗ ’ਚ ਗਿਆ। ਇੱਥੇ ਉਸ ਦੀ ਮੁਲਾਕਾਤ ਬਾਬਾ ਸੋਹਣ ਸਿੰਘ ਭਕਨਾ ਤੇ ਲਾਲਾ ਹਰਦਿਆਲ ਨਾਲ ਹੋਈ। ਉਨ੍ਹਾਂ ਨੇ ਇਸ ਸੰਸਥਾ ਦਾ ਨਾਮ ਬਦਲ ਕੇ ਗ਼ਦਰ ਪਾਰਟੀ ਰੱਖਿਆ। ਹਥਿਆਰਬੰਦ ਇਨਕਲਾਬ ਲਈ ਕਰਤਾਰ ਸਿੰਘ ਸਰਾਭਾ ਨੇ ਆਪਣੀ ਪੜ੍ਹਾਈ ਵਿਚਾਲੇ ਛੱਡ ਦਿੱਤੀ ਤੇ ਆਜ਼ਾਦੀ ਲਈ ਯਤਨ ਆਰੰਭੇ। ਗ਼ਦਰ ਪਾਰਟੀ ਦੀ ਸਥਾਪਨਾ ਤੋਂ ਬਾਅਦ ਲਾਲਾ ਹਰਦਿਆਲ ਹਿੰਦੋਸਤਾਨੀ ਲੋਕਾਂ ’ਚ ਜਾਗ੍ਰਿਤੀ ਲਿਆਉਣ ਲਈ ਅਖ਼ਬਾਰ ਕੱਢਣਾ ਚਾਹੁੰਦੇ ਸਨ ਪਰ ਕਈ ਕਾਰਨਾਂ ਕਰਕੇ ਸੰਭਵ ਨਹੀਂ ਹੋ ਸਕਿਆ ਸੀ। ਕਰਤਾਰ ਸਿੰਘ ਸਰਾਭਾ ਦੇ ਆਉਣ ਨਾਲ ਉਨ੍ਹਾਂ ਦੀ ਇਹ ਮੁਸ਼ਕਿਲ ਹੱਲ ਹੋ ਗਈ ਸਗੋਂ ਸਰਾਭੇ ਨੇ ਖ਼ੁਦ ਉਨ੍ਹਾਂ ਨੂੰ ਅਖ਼ਬਾਰ ਵਾਸਤੇ ਉਤਸ਼ਾਹਿਤ ਕੀਤਾ ਅਤੇ ਉਨ੍ਹਾਂ ਨੇ ਗ਼ਦਰ ਦੀ ਗੂੰਜ ਅਖ਼ਬਾਰ ਸ਼ੁਰੂ ਕੀਤਾ। ਪਹਿਲੀ ਨਵੰਬਰ 1913 ਨੂੰ ਗ਼ਦਰ ਦਾ ਪਹਿਲਾ ਪਰਚਾ ਉਰਦੂ ’ਚ ਪ੍ਰਕਾਸ਼ਿਤ ਹੋਇਆ। ਲੋਕਾਂ ਦੀ ਮੰਗ ਅਤੇ ਹੋਰ ਜ਼ੁਬਾਨਾਂ ਸਮਝਣ ਵਾਲੇ ਲੋਕਾਂ ਲਈ ਉਨ੍ਹਾਂ ਨੇ ਇੱਕ ਹੋਰ ਉਪਰਾਲਾ ਕੀਤਾ, ਇੱਕ ਜਨਵਰੀ 1914 ਵਿੱਚ ਇਹ ਅਖ਼ਬਾਰ ਗੁਰਮੁਖੀ, ਹਿੰਦੀ, ਗੁਜਰਾਤੀ, ਉਰਦੂ ’ਚ ਛਾਪਿਆ ਜਾਣ ਲੱਗਾ। ਇਸ ਵਿੱਚ ਲੇਖ ਲਿਖਣ ਦਾ ਜ਼ਿੰਮਾ ਕਰਤਾਰ ਸਿੰਘ ਸਰਾਭਾ ਅਤੇ ਲਾਲਾ ਹਰਦਿਆਲ ਦੇ ਸਿਰ ਸੀ ਤੇ ਦੇਸ਼ ਪ੍ਰੇਮ ਦੀਆਂ ਕਵਿਤਾਵਾਂ ਸ. ਹਰਨਾਮ ਸਿੰਘ ਟੁੰਡੀਲਾਟ ਲਿਖਦੇ ਸਨ। ਅਖ਼ਬਾਰ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਵੀਹ ਆਦਮੀ ਪੂਰੀ ਤਨਦੇਹੀ ਨਾਲ ਕੰਮ ਕਰਦੇ ਸਨ ਅਤੇ ਪੈਸੇ ਦੀ ਘਾਟ ਨੂੰ ਪੂਰਨ ਲਈ ਦਿਨੇ ਹੱਡ ਭੰਨਵੀਂ ਮਿਹਨਤ ਕਰਦੇ ਸਨ। ਆਪਣੇ ਖਾਣ-ਪੀਣ ’ਤੇ ਵੀ ਘੱਟ ਤੋਂ ਘੱਟ ਪੈਸੇ ਖਰਚਦੇ ਸਨ ਤਾਂ ਜੋ ਅਖ਼ਬਾਰ ਅਤੇ ਪਾਰਟੀ ਦੀਆਂ ਸਰਗਰਮੀਆਂ ’ਚ ਪੈਸੇ ਦੀ ਕਮੀ ਕਰਕੇ ਖੜੋਤ ਨਾ ਆਵੇ। ਕਰਤਾਰ ਸਿੰਘ ਸਰਾਭਾ ਅਖ਼ਬਾਰ ਛਾਪਣ ਅਤੇ ਵੰਡਣ ’ਚ ਰੁੱਝਿਆ ਰਹਿੰਦਾ ਸੀ ਤੇ ਖਾਣਾ ਪੀਣਾ ਵੀ ਭੁੱਲ ਜਾਂਦਾ ਸੀ। ਪਾਰਟੀ ਦਾ ਉਹ ਸਭ ਤੋਂ ਛੋਟੀ ਉਮਰ ਦਾ ਮੈਂਬਰ ਸੀ, ਪਰ ਜ਼ਿੰਮੇਵਾਰੀਆਂ ਬਹੁਤ ਵੱਡੀਆਂ ਸਨ। ਉਸ ਨੂੰ ਛੋਟੀ ਉਮਰ ਦਾ ਪੱਤਰਕਾਰ/ਸੰਪਾਦਕ ਕਹੀਏ ਤਾਂ ਕੋਈ ਅਤਿਕਥਨੀ ਨਹੀ ਹੋਵੇਗੀ।
ਉਨ੍ਹਾਂ ਦੇ ਅਣਥੱਕ ਯਤਨਾਂ ਕਾਰਨ ਗ਼ਦਰ ਦੀ ਗੂੰਜ ਦਿਨੋ-ਦਿਨ ਲੋਕਾਂ ’ਚ ਹਰਮਨ ਪਿਆਰਾ ਹੋ ਰਿਹਾ ਸੀ। ਇਸ ਦੇ ਮਜ਼ਮੂਨ ਇੰਨੇ ਪ੍ਰਭਾਵਸ਼ਾਲੀ ਹੁੰਦੇ ਸਨ ਕਿ ਇਸ ਨੂੰ ਇੱਕ ਵਾਰ ਪੜ੍ਹ ਲੈਣ ਵਾਲੇ ਵਿਅਕਤੀ ਨੂੰ ਵੀ ਆਜ਼ਾਦੀ ਦੀ ਲਗਨ ਲੱਗ ਜਾਂਦੀ ਸੀ ਜੋ ਗ਼ਦਰ ਦੀ ਸਫ਼ਲਤਾ ਲਈ ਲਾਜ਼ਮੀ ਸੀ। ਇਸ ਦਾ ਮੁੱਖ ਮਕਸਦ ਅੰਗਰੇਜ਼ਾਂ ਵਿਰੁੱਧ ਹਥਿਆਰਬੰਦ ਇਨਕਲਾਬ ਲਈ ਲੋਕਾਂ ਨੂੰ ਜਾਗ੍ਰਿਤ ਕਰਨਾ ਸੀ। ਕਰਤਾਰ ਸਿੰਘ ਸਰਾਭਾ ਇਹ ਸਤਰਾਂ ਅਕਸਰ ਗੁਣਗੁਣਾਉਂਦਾ ਸੀ:
ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ/ ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ।/ ਜਿਨ੍ਹਾਂ ਦੇਸ਼ ਸੇਵਾ ਵਿੱਚ ਪੈਰ ਪਾਇਆ ਉਨ੍ਹਾਂ ਲੱਖ ਮੁਸੀਬਤਾਂ ਝੱਲੀਆਂ ਨੇ।
ਪਹਿਲੀ ਆਲਮੀ ਜੰਗ ਸ਼ੁਰੂ ਹੁੰਦਿਆਂ ਹੀ ਗ਼ਦਰ ਪਾਰਟੀ ਦੇ ਕਾਰਕੁਨ ਅਤੇ ਆਗੂ ਹਿੰਦੋਸਤਾਨ ਆਉਣ ਲੱਗੇ ਸਨ ਤਾਂ ਜੋ ਦੇਸ਼ ਦੀ ਆਜ਼ਾਦੀ ਲਈ ਹਥਿਆਰਬੰਦ ਇਨਕਲਾਬ ਕੀਤਾ ਜਾ ਸਕੇ। ਉਨ੍ਹੀਂ ਦਿਨੀਂ ਅੰਗਰੇਜ਼ ਸਰਕਾਰ ਡਿਫੈਂਸ ਐਕਟ ਆਫ ਇੰਡੀਆ ਅਧੀਨ ਮੁਸਾਫ਼ਰਾਂ ਨੂੰ ਫੜ ਲੈਂਦੀ ਸੀ। ਬਹੁਤ ਸਾਰਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ, ਪਰ ਕਰਤਾਰ ਸਿੰਘ ਸਰਾਭਾ ਪੁਲੀਸ ਤੋਂ ਅੱਖ ਬਚਾ ਕੇ ਪੰਜਾਬ ਆ ਗਿਆ ਸੀ। ਇੱਥੇ ਆ ਕੇ ਪਤਾ ਲੱਗਿਆ ਕਿ ਉਨ੍ਹਾਂ ਦੇ ਜ਼ਿਆਦਾਤਰ ਸਾਥੀ ਜੇਲ੍ਹਾਂ ’ਚ ਬੰਦ ਹਨ ਜਾਂ ਫਿਰ ਸ਼ਹੀਦ ਹੋ ਗਏ ਹਨ।
ਉਸ ਨੇ ਫਿਰ ਪਾਰਟੀ ਨੂੰ ਸੰਗਠਿਤ ਕੀਤਾ ਅਤੇ ਰੋਜ਼ ਸਾਈਕਲ ’ਤੇ ਪੰਜਾਹ ਮੀਲ ਸਫ਼ਰ ਤੈਅ ਕਰ ਕੇ ਲੋਕਾਂ ਨੂੰ ਗ਼ਦਰ ਲਈ ਪ੍ਰੇਰਿਤ ਕਰਦਾ। ਇਸ ਤੋਂ ਬਾਅਦ ਸਚਿੰਦਰ ਨਾਥ ਸਾਨਿਆਲ ਦੀ ਮਦਦ ਨਾਲ ਰਾਸ ਬਿਹਾਰੀ ਬੋਸ ਨਾਲ ਸੰਪਰਕ ਕੀਤਾ ਅਤੇ ਗ਼ਦਰ ਦੀ ਯੋਜਨਾ ਦੱਸੀ। ਕਰਤਾਰ ਸਿੰਘ ਸਰਾਭਾ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਫ਼ੌਜੀਆਂ ਨੂੰ ਵੀ ਗ਼ਦਰ ਲਈ ਪ੍ਰੇਰਿਤ ਕੀਤਾ। ਇਸ ਲਈ ਉਹ ਮੇਰਠ, ਕਾਨਪਰ, ਫ਼ਿਰੋਜ਼ਪੁਰ ਆਦਿ ਫ਼ੌਜੀ ਛਾਉਣੀਆਂ ’ਚ ਵੀ ਗਏ। ਪਾਰਟੀ ਨੂੰ ਧਨ ਇਕੱਠਾ ਕਰ ਕੇ ਦੇਣ ਦੀ ਜ਼ਿੰਮੇਵਾਰੀ ਨਿਭਾਉਣ ਲਈ ਉਨ੍ਹਾਂ ਨੂੰ ਡਾਕੇ ਮਾਰਨੇ ਪਏ। ਸ਼ਾਹੂਕਾਰਾਂ ਨੂੰ ਲੁੱਟਣ ਤੋਂ ਪਹਿਲਾਂ ਉਨ੍ਹਾਂ ਨੂੰ ਸਮਝਾਉਂਦੇ ਕਿ ਇਹ ਸਭ ਤੁਹਾਡੀ ਤੇ ਲੋਕਾਂ ਦੀ ਭਲਾਈ ਲਈ ਹੀ ਕੀਤਾ ਜਾ ਰਿਹਾ ਹੈ। ਸਾਰੇ ਪ੍ਰਬੰਧਾਂ ਦੀ ਤਿਆਰੀ ਮਗਰੋਂ ਗ਼ਦਰ ਦੀ ਮਿਤੀ 21 ਫਰਵਰੀ 1915 ਨਿਯਤ ਕੀਤੀ ਗਈ। ਕਿਰਪਾਲ ਸਿੰਘ ਨੇ ਇਸ ਦੀ ਸੂਹ ਪੁਲੀਸ ਨੂੰ ਦੇ ਦਿੱਤੀ ਤੇ ਸਰਕਾਰ ਚੌਕੰਨੀ ਹੋ ਗਈ। ਗ਼ਦਰ ਦੀ ਯੋਜਨਾ ਅੱਗੇ ਪਾ ਦਿੱਤੀ ਗਈ, ਪਰ ਬਦਕਿਸਮਤੀ ਨਾਲ ਪੁਲੀਸ ਨੂੰ ਇਸ ਦਾ ਵੀ ਪਤਾ ਚੱਲ ਗਿਆ। ਕਿਰਪਾਲ ਸਿੰਘ ਦੀ ਗ਼ੱਦਾਰੀ ਕਾਰਨ ਦੇਸ਼ ਭਗਤਾਂ ਦਾ ਸੁਪਨਾ ਅਧੂਰਾ ਰਹਿ ਗਿਆ ਸੀ। ਗ਼ਦਰ ਦੇ ਆਗੂਆਂ ਅਤੇ ਕਾਰਕੁਨਾਂ ਦੀਆਂ ਗ੍ਰਿਫ਼ਤਾਰੀਆਂ ਸ਼ੁਰੂ ਹੋ ਗਈਆਂ। ਕਰਤਾਰ ਸਿੰਘ ਸਰਾਭਾ, ਹਰਨਾਮ ਸਿੰਘ ਟੁੰਡੀਲਾਟ ਅਤੇ ਜਗਤ ਸਿੰਘ ਕਾਬੁਲ ਜਾਣਾ ਚਾਹੁੰਦੇ ਸਨ, ਪਰ ਗ਼ੱਦਾਰਾਂ ਨੂੰ ਸੋਧਣ ਦੇ ਵਿਚਾਰ ਨਾਲ ਵਾਪਸ ਆ ਗਏ। ਦੋ ਮਾਰਚ 1915 ਨੂੰ ਸਰਗੋਧਾ ਦੇ ਚੱਕ ਨੰਬਰ ਪੰਜ ਪੁੱਜੇ ਅਤੇ ਹਥਿਆਰ ਲੈਣ ਲਈ ਰਸਾਲਦਾਰ ਗੰਢਾ ਸਿੰਘ ਕੋਲ ਗਏ ਜਿਸ ਨੇ ਧੋਖੇ ਨਾਲ ਇਨ੍ਹ੍ਵਾਂ ਤਿੰਨਾਂ ਨੂੰ ਗ੍ਰਿਫ਼ਤਾਰ ਕਰਵਾ ਦਿੱਤਾ। ਲਾਹੌਰ ਦੀ ਸੈਂਟਰਲ ਜੇਲ੍ਹ ’ਚ ਕਈ ਮਹੀਨੇ ਮੁਕੱਦਮਾ ਚਲਦਾ ਰਿਹਾ। ਕਰਤਾਰ ਸਿੰਘ ਸਰਾਭਾ ਨੇ ਗ਼ਦਰ ’ਚ ਸ਼ਮੂਲੀਅਤ ਅਤੇ ਹਥਿਆਰਬੰਦ ਇਨਕਲਾਬ ਦੀ ਗੱਲ ਕਬੂਲੀ ਸੀ। ਇਸੇ ਕਰਕੇ ਉਸ ਬਾਰੇ ਜੱਜ ਨੇ ਕਿਹਾ ਕਿ ਕਰਤਾਰ ਸਿੰਘ ਭਾਵੇਂ ਛੋਟੀ ਉਮਰ ਦਾ ਹੈ ਪਰ ਸਾਜ਼ਿਸ਼ੀ ਬਹੁਤ ਵੱਡਾ ਹੈ। ਇਸ ਕਾਰਨ ਉਸ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ। ਆਖ਼ਰ 16 ਨਵੰਬਰ 1915 ਨੂੰ ਕਰਤਾਰ ਸਿੰਘ ਸਰਾਭਾ ਨੂੰ ਛੇ ਸਾਥੀਆਂ ਸਮੇਤ ਫਾਂਸੀ ਦੇ ਦਿੱਤੀ ਗਈ। ਜਦੋਂ ਇਹ ਖ਼ਬਰ ਗ਼ਦਰ ਪਾਰਟੀ ਦੇ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ ਨੇ ਸੁਣੀ ਤਾਂ ਉਹ ਅਚਨਚੇਤ ਹੀ ਬੋਲੇ, ‘‘ਕਰਤਾਰ ਸਿੰਘ ਸਰਾਭਾ ਉਮਰ ’ਚ ਭਾਵੇਂ ਸਾਡੇ ਸਾਰਿਆਂ ਤੋਂ ਛੋਟਾ ਸੀ, ਪਰ ਕੁਰਬਾਨੀ ਵਿੱਚ ਸਾਰਿਆਂ ਤੋਂ ਅੱਗੇ ਲੰਘ ਗਿਆ ਹੈ।’’ ਮਹਜਿ਼ ਉੱਨੀ ਸਾਲ ਦੀ ਉਮਰ ਵਿੱਚ ਦੇਸ਼ ਦੀ ਖ਼ਾਤਰ ਜਾਨ ਵਾਰਨ ਕਰਕੇ ਉਹ ਨੌਜਵਾਨਾਂ ਦਾ ਪ੍ਰੇਰਨਾ ਸ੍ਰੋਤ ਬਣ ਗਿਆ। ਸ਼ਹੀਦ ਭਗਤ ਸਿੰਘ ਵੀ ਕਰਤਾਰ ਸਿੰਘ ਸਰਾਭਾ ਨੂੰ ਆਪਣਾ ਰਾਜਨੀਤਕ ਗੁਰੂੁ ਮੰਨਦਾ ਸੀ ਅਤੇ ਉਸ ਦੀ ਤਸਵੀਰ ਹਰ ਵੇਲੇ ਜੇਬ ’ਚ ਰੱਖਦਾ। ਸ਼ਹੀਦ ਭਗਤ ਸਿੰਘ ਅਕਸਰ ਕਹਿੰਦਾ ਸੀ: ਮੈਨੂੰ ਇਉਂ ਲੱਗਦਾ ਏ ਜਿਵੇਂ ਕਰਤਾਰ ਸਿੰਘ ਸਰਾਭਾ ਮੇਰਾ ਵੱਡਾ ਭਰਾ ਹੋਵੇ।

ਸੰਪਰਕ: 95173-96001

Advertisement
Author Image

sukhwinder singh

View all posts

Advertisement
Advertisement
×