ਲਾਹੌਰ ਸਾਜ਼ਿਸ਼ ਮੁਕੱਦਮੇ ਦੇ ਗਦਰੀ ਸ਼ਹੀਦ
ਗੁਰਦੇਵ ਸਿੰਘ ਸਿੱਧੂ
ਪਹਿਲੀ ਆਲਮੀ ਜੰਗ ਦੌਰਾਨ ਗਦਰ ਪਾਰਟੀ ਦੇ ਝੰਡੇ ਹੇਠ ਹਥਿਆਰਬੰਦ ਅੰਦੋਲਨ ਦੁਆਰਾ ਦੇਸ਼ ਨੂੰ ਬਰਤਾਨਵੀ ਗ਼ੁਲਾਮੀ ਤੋਂ ਮੁਕਤ ਕਰਵਾਉਣ ਦੀ ਯੋਜਨਾ ਬਣਾ ਕੇ ਵਿਦੇਸ਼ਾਂ ਤੋਂ ਦੇਸ਼ ਪਰਤੇ ਗਦਰੀ ਦੇਸ਼ਭਗਤਾਂ ਦਾ ਉਪਰਾਲਾ ਸਰਕਾਰੀ ਸੂਹੀਏ ਵੱਲੋਂ ਅਧਿਕਾਰੀਆਂ ਨੂੰ ਸੂਚਨਾ ਦੇ ਦਿੱਤੇ ਜਾਣ ਕਾਰਨ ਨਿਹਫਲ ਹੋ ਗਿਆ। ਪੁਲੀਸ ਨੇ ਗਦਰੀਆਂ ਦੇ ਟਿਕਾਣੇ ਉੱਤੋਂ ਸੱਤ ਗਦਰੀ ਜਵੰਦ ਸਿੰਘ, ਕਾਲਾ ਸਿੰਘ, ਗੁਰਦਿੱਤ ਸਿੰਘ ਤਿੰਨੇ ਪਿੰਡ ਸੁਰ ਸਿੰਘ ਦੇ, ਅਮਰ ਸਿੰਘ ਰਾਜਪੂਤ, ਖੜਕ ਸਿੰਘ, ਬਲਵੰਤ ਸਿੰਘ ਸਠਿਆਲਾ ਅਤੇ ਹਿਰਦੇ ਰਾਮ ਗ੍ਰਿਫ਼ਤਾਰ ਕਰ ਲਏ। ਇਨ੍ਹਾਂ ਦੀ ਪੁੱਛ-ਪੜਤਾਲ ਦੇ ਆਧਾਰ ’ਤੇ 82 ਦੇਸ਼ਭਗਤਾਂ ਵਿਰੁੱਧ ‘ਲਾਹੌਰ ਸਾਜ਼ਿਸ਼ ਮੁਕੱਦਮਾ’ ਚੱਲਿਆ। ਲਹਿਰ ਨੂੰ ਏਨੀ ਵੱਡੀ ਸੱਟ ਵੱਜਣ ਦੇ ਬਾਵਜੂਦ ਪੁਲੀਸ ਦੇ ਸ਼ਿਕੰਜੇ ਤੋਂ ਬਚੇ ਗਦਰੀ ਲੁਕ ਕੇ ਨਹੀਂ ਬੈਠੇ ਸਗੋਂ ਆਪਣੇ ਮਨੋਰਥ ਦੀ ਪ੍ਰਾਪਤੀ ਵਾਸਤੇ ਸਰਗਰਮੀਆਂ ਵਿਚ ਜੁਟੇ ਰਹੇ।
ਅੰਗਰੇਜ਼ ਹਕੂਮਤ ਖ਼ਿਲਾਫ਼ ਜੰਗ ਕਰਨ ਵਾਸਤੇ ਹਥਿਆਰ ਪਹਿਲੀ ਲੋੜ ਸਨ। ਇਸ ਲਈ ਗਦਰੀਆਂ ਦਾ ਇੱਕੋ ਇੱਕ ਨਿਸ਼ਾਨਾ ਕਿਵੇਂ ਨਾ ਕਿਵੇਂ ਹਥਿਆਰ ਪ੍ਰਾਪਤ ਕਰਨਾ ਸੀ। ਫਿਰੋਜ਼ਪੁਰ ਵਿਖੇ ਗਦਰ ਕਰਨ ਦੀ ਯੋਜਨਾ ਅਸਫ਼ਲ ਹੋਣ ਤੋਂ ਅਗਲੇ ਹੀ ਦਿਨ ਭਾਈ ਉੱਤਮ ਸਿੰਘ ਹਾਂਸ ਅਤੇ ਭਾਈ ਗਾਂਧਾ ਸਿੰਘ ਨੇ ਦੋਰਾਹੇ ਦੇ ਪੁਲ ’ਤੇ ਤਾਇਨਾਤ ਸੁਰੱਖਿਆ ਗਾਰਦ ਦੇ ਹਥਿਆਰ ਖੋਹਣ ਦੀ ਵਿਉਂਤ ਬਣਾਈ ਅਤੇ ਗਦਰੀਆਂ ਨੂੰ ਉੱਥੇ ਪਹੁੰਚਣ ਦਾ ਸੱਦਾ ਦਿੱਤਾ। ਵੀਹ ਬਾਈ ਗਦਰੀ ਇਕੱਠੇ ਵੀ ਹੋ ਗਏ। ਉਹ 22 ਫਰਵਰੀ ਦੀ ਰਾਤ ਨੂੰ ਗਾਰਦ ਉੱਤੇ ਹਮਲਾ ਕਰਨ ਗਏ ਪਰ ਗਾਰਦ ਕਰਮੀਆਂ ਨੂੰ ਚੌਕੰਨੇ ਵੇਖ ਕੇ ਬਿਨਾਂ ਕੋਈ ਕਾਰਵਾਈ ਕੀਤਿਆਂ ਖਿੰਡ ਗਏ। ਕੁਝ ਦਿਨਾਂ ਪਿੱਛੋਂ ਭਾਈ ਗਾਂਧਾ ਸਿੰਘ ਪੁਲੀਸ ਦੇ ਹੱਥ ਲੱਗ ਗਿਆ ਅਤੇ ਉਸ ਨੂੰ ਪਹਿਲੇ ਲਾਹੌਰ ਸਾਜ਼ਿਸ਼ ਮੁਕੱਦਮੇ ਵਿਚ ਮੁਲਜ਼ਮ ਬਣਾ ਕੇ ਜੇਲ੍ਹ ਵਿਚ ਬੰਦ ਕਰ ਦਿੱਤਾ ਗਿਆ।
ਦੁਆਬੇ ਦੇ ਗਦਰੀਆਂ ਨੇ ਰਿਆਸਤ ਕਪੂਰਥਲਾ ਦਾ ਅਸਲਾਖਾਨਾ ਲੁੱਟਣ ਦੀ ਯੋਜਨਾ ਬਣਾ ਕੇ ਗਦਰੀਆਂ ਨੂੰ ਸੱਦਿਆ। ਇਹ ਸੁਨੇਹਾ ਗਦਰੀਆਂ ਦੇ ਢੁੱਡੀਕੇ ਵਾਲੇ ਕੇਂਦਰ ਨੂੰ ਵੀ ਮਿਲਿਆ। ਢੁੱਡੀਕੇ ਵਾਲੇ ਗਦਰੀਆਂ ਨੇ ਰਾਤ ਸਮੇਂ ਪਿੰਡ ਦੇ ਨੇੜੇ ਕੱਸੀ ਦੀ ਡਾਂਗੀਆਂ ਪਿੰਡ ਵਾਲੀ ਪੁਲੀ ਉੱਤੇ ਕੀਤੀ ਗੁਪਤ ਮੀਟਿੰਗ ਵਿਚ ਇਸ ਸੱਦੇ ਉੱਤੇ ਵਿਚਾਰ ਕੀਤੀ। ਪਾਖਰ ਸਿੰਘ ਨੇ ਬਿਮਾਰੀ ਕਾਰਨ ਜਾਣ ਤੋਂ ਅਸਮਰੱਥਾ ਪ੍ਰਗਟਾਈ ਪਰ ਤਿੰਨ ਹੋਰ ਗਦਰੀ ਇਸ ਮੁਹਿੰਮ ਵਿਚ ਸ਼ਾਮਲ ਹੋਣ ਲਈ ਤਿਆਰ ਹੋ ਗਏ। ਇਹ ਸਨ ਈਸ਼ਰ ਸਿੰਘ ਪਿੰਡ ਢੁੱਡੀਕੇ, ਬਚਨ ਸਿੰਘ ਪਿੰਡ ਢੁੱਡੀਕੇ ਅਤੇ ਰੂੜ ਸਿੰਘ ਪਿੰਡ ਤਲਵੰਡੀ ਦੁਸਾਂਝ ਜ਼ਿਲ੍ਹਾ ਫਿਰੋਜ਼ਪੁਰ। ਈਸ਼ਰ ਸਿੰਘ ਉਰਫ਼ ਪੂਰਨ ਸਿੰਘ, ਉਮਰ ਲਗਭਗ 27 ਸਾਲ, ਦੇ ਪਿਤਾ ਦਾ ਨਾਉਂ ਸੱਜਨ ਸਿੰਘ ਸੀ ਅਤੇ ਉਹ ਹੋਰਨਾਂ ਗਦਰੀਆਂ ਨਾਲ ਹੀ ਅਮਰੀਕਾ ਤੋਂ ਸ਼ੰਘਾਈ ਅਤੇ ਕੋਲੰਬੋ ਹੁੰਦਾ ਹੋਇਆ ਮੱਧ ਦਸੰਬਰ 1914 ਦੌਰਾਨ ਹਿੰਦੋਸਤਾਨ ਆਇਆ ਸੀ। ਪਿੰਡ ਪਹੁੰਚੇ ਈਸ਼ਰ ਸਿੰਘ ਨੂੰ ਪੁਲੀਸ ਨੇ ਕੁਝ ਦਿਨ ਪੁੱਛ-ਪੜਤਾਲ ਲਈ ਆਪਣੇ ਕੋਲ ਰੱਖਿਆ ਅਤੇ ਫਿਰ ਜੂਹਬੰਦੀ ਦੀ ਸ਼ਰਤ ਲਾ ਕੇ ਪਿੰਡ ਭੇਜ ਦਿੱਤਾ। ਈਸ਼ਰ ਸਿੰਘ ਉਸ ਜਥੇ ਵਿਚ ਸ਼ਾਮਲ ਸੀ ਜੋ 19 ਫਰਵਰੀ 1915 ਨੂੰ ਫਿਰੋਜ਼ਪੁਰ ਛਾਉਣੀ ਵਿਚ ਗਦਰ ਕਰਵਾਉਣ ਲਈ ਉੱਥੇ ਗਿਆ ਸੀ। ਪੁਲੀਸ ਨੇ ਉਸ ਪਾਸੋਂ ਪੁੱਛ-ਪੜਤਾਲ ਕਰਨੀ ਸ਼ੁਰੂ ਕੀਤੀ ਤਾਂ ਉਹ ਰੂਪੋਸ਼ ਹੋ ਕੇ ਗਦਰੀਆਂ ਨੂੰ ਜਥੇਬੰਦ ਕਰਨ ਲੱਗਿਆ। ਰੂੜ ਸਿੰਘ, ਉਮਰ ਲਗਭਗ 40 ਸਾਲ, ਪੁੱਤਰ ਸਮੁੰਦ ਸਿੰਘ ਦੇ ਪਿੰਡ ਢੁੱਡੀਕੇ ਵਿਚ ਨਾਨਕੇ ਸਨ। ਉਹ ਕਿਸੇ ਕਾਰਨ ਆਪਣੇ ਨਾਨਕੇ ਘਰ ਰਹਿ ਰਿਹਾ ਸੀ। ਉਹ ਅੱਖੋਂ ਕਾਣਾ ਸੀ ਅਤੇ ਕੰਨੋਂ ਬੋਲਾ। ਉਸ ਦਾ ਉੱਠਣ ਬੈਠਣ ਗਦਰੀ ਪਾਖਰ ਸਿੰਘ ਨਾਲ ਸੀ ਅਤੇ ਪਾਖਰ ਸਿੰਘ ਉਸ ਉੱਤੇ ਵਿਸ਼ਵਾਸ ਵੀ ਕਰਦਾ ਸੀ। ਫਲਸਰੂਪ ਉਹ ਵੀ ਗਦਰੀਆਂ ਵਿਚ ਸ਼ਾਮਲ ਸੀ।
ਪੰਜ ਜੂਨ ਨੂੰ ਕਪੂਰਥਲੇ ਇਕੱਠੇ ਹੋਏ ਗਦਰੀਆਂ ਨੇ ਮਹਿਸੂਸ ਕੀਤਾ ਕਿ ਕੀਤੇ ਜਾਣ ਵਾਲੇ ਹਮਲੇ ਦੇ ਮੁਕਾਬਲੇ ਉਨ੍ਹਾਂ ਦੀ ਤਿਆਰੀ ਘੱਟ ਹੈ, ਇਸ ਲਈ ਇਹ ਕਾਰਵਾਈ 12 ਜੂਨ ਨੂੰ ਕਰਨ ਦਾ ਫ਼ੈਸਲਾ ਹੋਇਆ। ਗਦਰੀ ਪ੍ਰੇਮ ਸਿੰਘ ਨੇ ਤਜਵੀਜ਼ ਪੇਸ਼ ਕੀਤੀ ਕਿ ਅਸਲਾਖਾਨੇ ਉੱਤੇ ਹਮਲਾ ਕਰਨ ਲਈ ਲੋੜੀਂਦੇ ਹਥਿਆਰ ਪ੍ਰਾਪਤ ਕਰਨ ਵਾਸਤੇ 12 ਜੂਨ ਤੋਂ ਪਹਿਲਾਂ ਅੰਮ੍ਰਿਤਸਰ ਨੇੜੇ ਵੱਲਾ ਪਿੰਡ ਵਾਲੇ ਨਹਿਰ ਦੇ ਪੁਲ ਦੀ ਰਾਖੀ ਕਰਦੀ ਸੁਰੱਖਿਆ ਗਾਰਦ ਤੋਂ ਹਥਿਆਰ ਖੋਹੇ ਜਾਣ। ਫਲਸਰੂਪ 11-12 ਜੂਨ ਦੀ ਰਾਤ ਵੱਡੇ ਤੜਕੇ ਸੁਰੱਖਿਆ ਗਾਰਦ ਉੱਤੇ ਹਮਲਾ ਕੀਤਾ ਗਿਆ ਜਿਸ ਵਿਚ ਇੱਕ ਸੰਤਰੀ ਅਤੇ ਇੱਕ ਹੌਲਦਾਰ ਨੂੰ ਮਾਰ ਕੇ ਗਦਰੀ ਉਨ੍ਹਾਂ ਦੀਆਂ ਵਰਦੀਆਂ ਅਤੇ ਰਫਲਾਂ ਲੈ ਕੇ ਪੱਤਰਾ ਵਾਚ ਗਏ। ਰੌਲਾ ਪੈ ਗਿਆ ਤਾਂ ਪੁਲੀਸ ਗਦਰੀਆਂ ਦੇ ਪਿੱਛੇ ਲੱਗ ਗਈ। ਗਦਰੀ ਦੋ ਟੋਲੀਆਂ ਬਣਾ ਕੇ ਵੱਖੋ-ਵੱਖ ਦਿਸ਼ਾ ਵਿਚ ਚੱਲ ਪਏ। ਇਕ ਟੋਲੀ ਵਿਚ ਬਚਨ ਸਿੰਘ, ਰੂੜ ਸਿੰਘ ਆਦਿ ਸਨ ਜੋ ਪੁਲੀਸ ਨੂੰ ਝਕਾਨੀ ਦੇ ਕੇ ਨਿਕਲ ਗਏ ਪਰ ਪੁਲੀਸ ਨੇ ਦੂਜੀ ਟੋਲੀ ਦਾ ਪਿੱਛਾ ਕਰਨਾ ਜਾਰੀ ਰੱਖਿਆ। ਦੋਵਾਂ ਪਾਸਿਆਂ ਤੋਂ ਹੋ ਰਹੀ ਗੋਲੀਬਾਰੀ ਦਰਮਿਆਨ ਗਦਰੀ ਬਿਆਸ ਦਰਿਆ ਦੇ ਗੋਇੰਦਵਾਲ ਪੱਤਣ ਤੋਂ ਬੇੜੀ ਵਿਚ ਸਵਾਰ ਹੋ ਕੇ ਦਰਿਆ ਪਾਰ ਕਰਨ ਲੱਗੇ ਤਾਂ ਪੁਲੀਸ ਵੱਲੋਂ ਚਲਾਈਆਂ ਗੋਲੀਆਂ ਵਿਚ ਮਲਾਹ ਮਾਰਿਆ ਗਿਆ। ਪੁਲੀਸ ਨੇ ਇਸ ਬਾਰੇ ਕਪੂਰਥਲਾ ਪੁਲੀਸ ਨੂੰ ਅਗਾਊਂ ਸੂਚਨਾ ਭੇਜ ਦਿੱਤੀ ਤਾਂ ਉਸ ਨੇ ਬੇਟ ਦੇ ਪਿੰਡਾਂ ਵਿਚ ਸਰਕਾਰਪ੍ਰਸਤਾਂ ਨੂੰ ਸਰਗਰਮ ਕਰ ਦਿੱਤਾ। ਫਲਸਰੂਪ ਚਾਰ ਗਦਰੀ ਭਾਈ ਚੰਨਣ ਸਿੰਘ, ਭਾਈ ਕਾਲਾ ਸਿੰਘ, ਭਾਈ ਹਰਨਾਮ ਸਿੰਘ ਅਤੇ ਭਾਈ ਆਤਮਾ ਸਿੰਘ ਫੜ ਲਏ ਗਏ।
ਬਚਨ ਸਿੰਘ ਅਤੇ ਰੂੜ ਸਿੰਘ ਵਾਰਦਾਤ ਪਿੱਛੋਂ ਕੁਝ ਦਿਨ ਇਧਰ ਉਧਰ ਘੁੰਮਦੇ ਰਹੇ ਅਤੇ ਜਦ ਸਮਝਿਆ ਕਿ ਵਾਰਦਾਤ ਦੀ ਗੱਲ ਮੱਠੀ ਪੈ ਗਈ ਹੈ ਤਾਂ ਉਹ ਪਿੰਡ ਆ ਗਏ। ਜਦ ਗ੍ਰਿਫ਼ਤਾਰ ਵਿਅਕਤੀਆਂ ਨੇ ਉਨ੍ਹਾਂ ਦੇ ਵੱਲਾ ਦੇ ਨਹਿਰੀ ਪੁਲ ਉੱਤੇ ਕੀਤੇ ਹਮਲੇ ਵਿਚ ਸ਼ਾਮਲ ਹੋਣ ਬਾਰੇ ਦੱਸਿਆ ਤਾਂ ਪੁਲੀਸ ਨੇ ਉਨ੍ਹਾਂ ਨੂੰ 5 ਅਗਸਤ 1915 ਨੂੰ ਪਿੰਡ ਢੁੱਡੀਕੇ ਤੋਂ ਗ੍ਰਿਫ਼ਤਾਰ ਕੀਤਾ। ਈਸ਼ਰ ਸਿੰਘ ਪਹਿਲਾਂ ਹੀ ਰੂਪੋਸ਼ ਸੀ। ਇਸ ਵਾਰਦਾਤ ਪਿੱਛੋਂ ਉਹ ਇੱਕ ਹੋਰ ਗਦਰੀ ਉੱਤਮ ਸਿੰਘ ਹਾਂਸ ਨਾਲ ਰਿਆਸਤ ਫ਼ਰੀਦਕੋਟ ਦੇ ਪਿੰਡ ਮਹਿਮਾ ਭਗਵਾਨਾ ਵਿਚ ਇਕ ਸਾਧ ਦੀ ਕੁਟੀਆ ’ਚ ਰਹਿਣ ਲੱਗਾ। ਪੁਲੀਸ ਨੂੰ ਸੂਹੀਆਂ ਦੁਆਰਾ ਇਸ ਬਾਰੇ ਜਾਣਕਾਰੀ ਮਿਲੀ ਤਾਂ ਪੁਲੀਸ ਨੇ 19 ਸਤੰਬਰ 1915 ਨੂੰ ਉਨ੍ਹਾਂ ਨੂੰ ਕੁਟੀਆ ਨੇੜੇ ਖੇਤਾਂ ਵਿਚ ਫਿਰਦਿਆਂ ਗ੍ਰਿਫ਼ਤਾਰ ਕਰ ਲਿਆ। ਗ੍ਰਿਫ਼ਤਾਰੀ ਸਮੇਂ ਈਸ਼ਰ ਸਿੰਘ ਦੀ ਜੇਬ ਵਿਚੋਂ ਕੁਟੀਆ ਦੇ ਬੂਹੇ ਨੂੰ ਲੱਗੇ ਜਿੰਦੇ ਦੀ ਚਾਬੀ ਮਿਲੀ। ਚਾਬੀ ਲਾ ਕੇ ਜਿੰਦਾ ਖੋਲ੍ਹਿਆ ਗਿਆ ਤਾਂ ਕੁਟੀਆ ਵਿਚੋਂ ਪਿਸਤੌਲ ਬਰਾਮਦ ਹੋਇਆ। ਈਸ਼ਰ ਸਿੰਘ ਨੇ ਗ੍ਰਿਫ਼ਤਾਰੀ ਸਮੇਂ ਗਦਰ ਗੂੰਜਾਂ ਵਿਚਲੀਆਂ ਕਵਿਤਾਵਾਂ ਦਾ ਗਾਇਨ ਕੀਤਾ ਅਤੇ ਅਫ਼ਸੋਸ ਪ੍ਰਗਟਾਇਆ ਕਿ ਉਹ ਨਿਹੱਥਾ ਹੋਣ ਕਾਰਨ ਪੁਲੀਸ ਦੇ ਕਾਬੂ ਆ ਗਿਆ ਹੈ। ਈਸ਼ਰ ਸਿੰਘ ਦੇ ਨਾਲ ਹੀ ਫੜਿਆ ਗਿਆ ਉੱਤਮ ਸਿੰਘ ਹਾਂਸ ਉਸ ਦੇ ਨਾਲ ਹੀ ਵਿਦੇਸ਼ੋਂ ਪਰਤਿਆ ਸੀ। ਉਹ ਗਦਰੀਆਂ ਦੇ ਭਾਈ ਨਿਧਾਨ ਸਿੰਘ ਚੁੱਘਾ ਵਾਲੇ ਜਥੇ ਵਿਚ ਸ਼ਾਮਲ ਸੀ। 19 ਫਰਵਰੀ 1915 ਨੂੰ ਫਿਰੋਜ਼ਪੁਰ ਵਿਚ ਗਦਰ ਕਰਨ ਗਏ ਭਾਈ ਰਣਧੀਰ ਸਿੰਘ ਹੋਰਾਂ ਦੇ ਜਥੇ ਵਿਚ ਸ਼ਾਮਲ ਹੋਣ ਕਾਰਨ ਉਸ ਨੂੰ ‘ਲਾਹੌਰ ਸਾਜ਼ਿਸ਼ ਮੁਕੱਦਮੇ’ ਵਿਚ ਦੋਸ਼ੀ ਨਾਮਜ਼ਦ ਕੀਤਾ ਗਿਆ ਸੀ ਪਰ ਉਹ ਪੁਲੀਸ ਦੇ ਕਾਬੂ ਨਹੀਂ ਸੀ ਆਇਆ। ਉਹ ਸਰਹੱਦ ਤੋਂ ਪਾਰ ਜਾਣ ਵਾਸਤੇ ਜੂਨ ਮਹੀਨੇ ਇਕ ਹੋਰ ਗਦਰੀ ਰੰਗਾ ਸਿੰਘ ਨਾਲ ਹੋਤੀ ਮਰਦਾਨ ਗਿਆ ਪਰ ਕਿਸੇ ਕਾਰਨ ਸਰਹੱਦ ਪਾਰ ਜਾਣ ਦੀ ਥਾਂ ਪੰਜਾਬ ਪਰਤ ਆਇਆ। ਉਹ ਗਦਰੀ ਈਸ਼ਰ ਸਿੰਘ ਨਾਲ ਰਹਿ ਕੇ ਰਿਆਸਤ ਫ਼ਰੀਦਕੋਟ ਦੇ ਪਿੰਡ ਮਹਿਮਾ ਭਗਵਾਨਾ ਵਿਚ ਦਿਨ ਗੁਜ਼ਾਰਨ ਲੱਗਾ ਜਿੱਥੋਂ ਪੁਲੀਸ ਉਸ ਨੂੰ ਗ੍ਰਿਫ਼ਤਾਰ ਕਰਨ ਵਿਚ ਸਫ਼ਲ ਹੋ ਗਈ। ਫਲਸਰੂਪ ਗ੍ਰਿਫ਼ਤਾਰੀ ਪਿੱਛੋਂ ਪੁਲੀਸ ਨੇ ਉਸ ਨੂੰ ਵੀ ‘ਲਾਹੌਰ ਸਾਜ਼ਿਸ਼ ਪੂਰਕ ਮੁਕੱਦਮੇ’ ਵਿਚ ਮੁਲਜ਼ਮ ਬਣਾਇਆ।
ਰੰਗਾ ਸਿੰਘ ਉਰਫ਼ ਰੋਡਾ ਸਿੰਘ ਪੁੱਤਰ ਗੁਰਦਿੱਤ ਸਿੰਘ ਪਿੰਡ ਖੁਰਦਪੁਰ ਡਾਕਖਾਨਾ ਕਰਤਾਰਪੁਰ ਜ਼ਿਲ੍ਹਾ ਜਲੰਧਰ, ਉਮਰ ਲਗਭਗ 30 ਸਾਲ ਵੀ ਈਸ਼ਰ ਸਿੰਘ ਦੇ ਨਾਲ ਹੀ ਅਮਰੀਕਾ ਤੋਂ ਆਸਟਰੇਲੀਅਨ ਜਹਾਜ਼ ਉੱਤੇ ਹਿੰਦੋਸਤਾਨ ਪਰਤਿਆ ਗਦਰੀ ਸੀ। ਉਹ ਛੇ ਸਾਲ ਵਿਦੇਸ਼ ਰਹਿ ਕੇ 21 ਦਸੰਬਰ 1914 ਨੂੰ ਪਿੰਡ ਪਰਤਿਆ ਸੀ। ਮਹੀਨਾ ਕੁ ਘਰ ਰਹਿਣ ਪਿੱਛੋਂ ਉਹ ਘਰੋਂ ਚਲਾ ਗਿਆ ਅਤੇ ਗਦਰੀ ਕਾਰਵਾਈਆਂ ਵਿਚ ਭਾਗ ਲੈਣ ਲੱਗਾ। ਵੱਲਾ ਵਾਲੀ ਵਾਰਦਾਤ ਵਿਚ ਭਾਗ ਲੈਣ ਪਿੱਛੋਂ ਉਹ ਅੰਗਰੇਜ਼ੀ ਰਸਾਲੇ ਵਿਚ ਘੋੜਸਵਾਰ ਆਪਣੇ ਭਰਾ ਪਰਤਾਪ ਸਿੰਘ ਕੋਲ ਹੋਤੀ ਮਰਦਾਨ ਚਲਾ ਗਿਆ। ਉਹ 25 ਜੂਨ ਨੂੰ ਇੱਥੇ ਪੁੱਜਾ। ਕਮਾਂਡ ਅਫਸਰ ਨੂੰ ਕਿਸੇ ਓਪਰੇ ਆਦਮੀ ਦੇ ਬੈਰਕਾਂ ਵਿਚ ਹੋਣ ਦੀ ਜਾਣਕਾਰੀ ਮਿਲੀ ਤਾਂ ਉਸ ਨੇ ਪੁਲੀਸ ਨੂੰ ਸੂਚਨਾ ਦਿੱਤੀ। ਪੁਲੀਸ ਨੇ ਉਸ ਨੂੰ 27 ਜੂਨ 1915 ਨੂੰ ਗ੍ਰਿਫ਼ਤਾਰ ਕਰ ਲਿਆ। ਪੁੱਛ-ਪੜਤਾਲ ਦੌਰਾਨ ਉਸ ਕੋਲੋਂ ਇਕ ਸਾਈਕਲੋ ਸਟਾਈਲ ਮਸ਼ੀਨ ਵੀ ਫੜੀ ਗਈ।
ਬੀਰ ਸਿੰਘ ਉਰਫ਼ ਵੀਰ ਸਿੰਘ ਪੁੱਤਰ ਬੂਟਾ ਸਿੰਘ ਪਿੰਡ ਬਾਹੋਵਾਲ ਜ਼ਿਲ੍ਹਾ ਹੁਸ਼ਿਆਰਪੁਰ 22 ਅਗਸਤ 1914 ਨੂੰ ਵਿਕਟੋਰੀਆ ਤੋਂ ਚੱਲ ਕੇ ਕਲਕੱਤੇ ਉਤਰਿਆ ਅਤੇ ਪੁਲੀਸ ਤੋਂ ਬਚ ਕੇ ਪੰਜਾਬ ਪਹੁੰਚ ਗਿਆ ਸੀ। ਉਸ ਨੇ ਘਰ ਜਾਣ ਦੀ ਥਾਂ ਗਦਰੀ ਸਰਗਰਮੀਆਂ ਵਿਚ ਭਾਗ ਲੈਣਾ ਸ਼ੁਰੂ ਕੀਤਾ। ਉਹ ਪਿੰਡ ਚੱਬਾ ਵਿਚ ਮਾਰੇ ਗਏ ਡਾਕੇ ਵਿਚ ਸ਼ਾਮਲ ਸੀ। ਡਾਕੇ ਸਮੇਂ ਇਕੱਠੇ ਹੋਏ ਪਿੰਡ ਦੇ ਲੋਕਾਂ ਨੂੰ ਡਰਾਉਣ ਲਈ ਸੁੱਟੇ ਬੰਬ ਵਿਚ ਉਹ ਵੀ ਜ਼ਖ਼ਮੀ ਹੋ ਗਿਆ ਸੀ ਪਰ ਨਰੋਆ ਹੋ ਕੇ ਫਿਰ ਸਰਗਰਮ ਹੋ ਗਿਆ। ਉਹ 5 ਜੂਨ 1915 ਨੂੰ ਕਪੂਰਥਲੇ ਹੋਈ ਮੀਟਿੰਗ ਵਿਚ ਹਾਜ਼ਰ ਸੀ ਅਤੇ ਇਸ ਮੀਟਿੰਗ ਤੋਂ ਅਗਲੇ ਦਿਨ ਪਿੰਡ ਚਿੱਟੀ ਜ਼ਿਲ੍ਹਾ ਜਲੰਧਰ ਦੇ ਗੁਰਦੁਆਰੇ ਵਿਚੋਂ ਗਦਰੀਆਂ ਅਰਜਨ ਸਿੰਘ, ਕਪੂਰ ਸਿੰਘ ਅਤੇ ਬੂਟਾ ਸਿੰਘ ਦੇ ਨਾਲ ਫੜਿਆ ਗਿਆ। ਪੁਲੀਸ ਨੇ ਉਸ ਨੂੰ ਵੀ ‘ਲਾਹੌਰ ਸਾਜ਼ਿਸ਼ ਪੂਰਕ ਮੁਕੱਦਮੇ’ ਵਿਚ ਮੁਲਜ਼ਮ ਨਾਮਜ਼ਦ ਕੀਤਾ।
‘ਲਾਹੌਰ ਸਾਜ਼ਿਸ਼ ਮੁਕੱਦਮੇ’ ਦੌਰਾਨ ਹੋਈਆਂ ਗਵਾਹੀਆਂ ਅਤੇ ਹੋਰ ਵਸੀਲਿਆਂ ਤੋਂ ਮਿਲੀ ਜਾਣਕਾਰੀ ਦੀ ਰੋਸ਼ਨੀ ਵਿਚ ਸਰਕਾਰ ਨੇ 102 ਵਿਅਕਤੀਆਂ ਖਿਲਾਫ਼ ‘ਲਾਹੌਰ ਸਾਜ਼ਿਸ਼ ਪੂਰਕ ਮੁਕੱਦਮਾ’ ਦਰਜ ਕੀਤਾ ਜਿਸ ਦੀ ਸੁਣਵਾਈ ਸਪੈਸ਼ਲ ਟ੍ਰਿਬਿਊਨਲ ਵਿਚ 29 ਅਕਤੂਬਰ 1915 ਨੂੰ ਸ਼ੁਰੂ ਹੋਈ। ਮੁਕੱਦਮਾ ਸ਼ੁਰੂ ਹੋਣ ਤੱਕ 11 ਮੁਲਜ਼ਮ ਅਜੇ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਸਨ, 6 ਦੇ ਖ਼ਿਲਾਫ਼ ਸਰਕਾਰ ਨੇ ਦੋਸ਼ ਵਾਪਸ ਲੈ ਲਏ ਅਤੇ 11 ਸੁਲਤਾਨੀ ਗਵਾਹ ਬਣ ਗਏ। ਫਲਸਰੂਪ 74 ਮੁਲਜ਼ਮਾਂ ਵਿਰੁੱਧ ਮੁਕੱਦਮਾ ਚੱਲਿਆ। ਟ੍ਰਿਬਿਊਨਲ ਨੇ 30 ਮਾਰਚ 1916 ਨੂੰ ਸੁਣਾਏ ਫ਼ੈਸਲੇ ਵਿਚ ਬਹੁਤੇ ਮੁਲਜ਼ਮਾਂ ਨੂੰ ਉਮਰ ਕੈਦ ਜਾਂ ਘੱਟ ਸਮੇਂ ਦੀ ਕੈਦ ਦੀ ਸਜ਼ਾ ਸੁਣਾਈ ਪਰ 5 ਗਦਰੀਆਂ- ਰੂੜ ਸਿੰਘ, ਈਸ਼ਰ ਸਿੰਘ (ਦੋਵੇਂ ਵਸਨੀਕ ਢੁੱਡੀਕੇ ਜ਼ਿਲ੍ਹਾ ਫਿਰੋਜ਼ਪੁਰ), ਬੀਰ ਸਿੰਘ ਉਰਫ਼ ਵੀਰ ਸਿੰਘ ਪੁੱਤਰ ਬੂਟਾ ਸਿੰਘ ਪਿੰਡ ਬਾਹੋਵਾਲ ਜ਼ਿਲ੍ਹਾ ਹੁਸ਼ਿਆਰਪੁਰ, ਰੰਗਾ ਸਿੰਘ ਉਰਫ਼ ਰੋਡਾ ਸਿੰਘ ਪੁੱਤਰ ਗੁਰਦਿੱਤ ਸਿੰਘ ਪਿੰਡ ਖੁਰਦਪੁਰ ਡਾਕਖਾਨਾ ਕਰਤਾਰਪੁਰ ਜ਼ਿਲ੍ਹਾ ਜਲੰਧਰ ਅਤੇ ਉੱਤਮ ਸਿੰਘ ਉਰਫ਼ ਰਾਘੋ ਸਿੰਘ ਪਿੰਡ ਹਾਂਸ ਥਾਣਾ ਜਗਰਾਉਂ ਜ਼ਿਲ੍ਹਾ ਲੁਧਿਆਣਾ ਨੂੰ ਫਾਂਸੀ ਦੀ ਸਜ਼ਾ ਦਿੱਤੀ। ਰਾਸ ਬਿਹਾਰੀ ਬੋਸ ਦੀ ਲਿਖੀ ਇਕ ਪਰਚੀ ਉੱਤੇ ਭਾਈ ਰਣਧੀਰ ਸਿੰਘ ਦੇ ਨਾਲ ਉੱਤਮ ਸਿੰਘ ਦਾ ਨਾਉਂ ਲਿਖਿਆ ਵੀ ਮਿਲਿਆ ਸੀ। ਸ਼ਾਇਦ ਇਸੇ ਕਾਰਨ ਟ੍ਰਿਬਿਊਨਲ ਨੇ ਉਸ ਬਾਰੇ ਇਹ ਵਿਸ਼ੇਸ਼ ਟਿੱਪਣੀ ਕੀਤੀ ਕਿ ‘‘ਇਹ ਮੁਲਜ਼ਮ ਇਸ ਮੁਕੱਦਮੇ ਵਿਚ ਖਾਸੁਲਖਾਸ ਮੁਲਜ਼ਮਾਂ ਵਿਚੋਂ ਇਕ ਹੈ ਜਿਸ ਦੀ ਗੁਪਤ ਫਾਈਲ ਬੜੀ ਭਾਰੀ ਹੈ।’’ ਟ੍ਰਿਬਿੂਨਲ ਨੇ ਇਨ੍ਹਾਂ ਨੂੰ ਹਿੰਦ ਦੰਡਾਵਲੀ ਦੀਆਂ ਹੋਰਨਾਂ ਧਾਰਾਵਾਂ ਹੇਠ ਛੋਟੀਆਂ ਸਜ਼ਾਵਾਂ ਦੇਣ ਦੇ ਨਾਲ ਨਾਲ ਧਾਰਾ 121 ਅਧੀਨ ਸ਼ਹਿਨਸ਼ਾਹ ਖ਼ਿਲਾਫ਼ ਜੰਗ ਛੇੜਨ ਦਾ ਦੋਸ਼ੀ ਐਲਾਨ ਕੇ ਫਾਂਸੀ ਅਤੇ ਚੱਲ-ਅਚੱਲ ਜਾਇਦਾਦ ਦੀ ਜ਼ਬਤੀ ਦੀ ਸਜ਼ਾ ਸੁਣਾਈ ਸੀ। ਇਨ੍ਹਾਂ ਵਿਚ ਰੂੜ ਸਿੰਘ ਤੋਂ ਬਿਨਾਂ ਬਾਕੀ ਚਾਰੇ ਹੀ ਵਿਦੇਸ਼ਾਂ ਤੋਂ ਪਰਤੇ ਗਦਰੀ ਸਨ।
ਇਨ੍ਹਾਂ ਪੰਜਾਂ ਦੇਸ਼ਭਗਤਾਂ ਨੂੰ 18 ਜੂਨ 1916 ਨੂੰ ਲਾਹੌਰ ਜੇਲ੍ਹ ਵਿਚ ਫਾਂਸੀ ਲਾ ਕੇ ਸ਼ਹੀਦ ਕੀਤਾ ਗਿਆ।
ਸੰਪਰਕ: 94170-49417