ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਗ਼ਦਰ ਪਾਰਟੀ ਦੇ ਗੜ੍ਹ ਢੁੱਡੀਕੇ ਦੇ ਗ਼ਦਰੀ

06:14 AM Nov 24, 2023 IST

ਅਮੋਲਕ ਸਿੰਘ

110 ਵਰ੍ਹੇ ਬੀਤ ਜਾਣ ’ਤੇ ਵੀ ਗ਼ਦਰ ਪਾਰਟੀ ਦੇ ਮੁੱਖ ਕੇਂਦਰ ਰਹੇ ਢੁੱਡੀਕੇ ਦੇ ਗ਼ਦਰੀ ਮੁਲਕ ਦੀ ਜੁਆਨੀ ਲਈ ਅੱਜ ਵੀ ਪ੍ਰੇਰਨਾ ਸ੍ਰੋਤ ਹਨ। ਇਤਿਹਾਸ ਦੇ ਸੁਨਹਿਰੀ ਪੰਨੇ ਕਦੇ ਬੁੱਢੇ ਨਹੀਂ ਹੁੰਦੇ। ਲੋਕ ਸਰੋਕਾਰਾਂ ਨੂੰ ਪ੍ਰਨਾਇਆ, ਲੋਕਾਂ ਦੁਆਰਾ ਸਿਰਜਿਆ ਇਤਿਹਾਸ, ਵਕਤ ਬੀਤਣ ’ਤੇ ਹੋਰ ਵੀ ਪ੍ਰਸੰਗਕ ਅਤੇ ਸਾਰਥਕ ਹੋ ਨਬਿੜਦਾ ਹੈ। ਬਲ ਅਤੇ ਛਲ ਦੇ ਸਾਰੇ ਓਹੜ-ਪੋਹੜ ਕਰਦੀ ਸਥਾਪਤੀ, ਇਨ੍ਹਾਂ ਬੀਜਾਂ ਦੇ ਮੁੜ ਮੁੜ ਪੁੰਗਰਨ ਅਤੇ ਮੌਲਣ ਨੂੰ ਤੱਕ ਕੇ ਹੱਕੀ ਬੱਕੀ ਰਹਿ ਜਾਂਦੀ ਹੈ।
ਇਤਿਹਾਸ ਦੀ ਅੱਖ ਸਭ ਕੁਝ ਦੀ ਨਿਰਖ-ਪਰਖ ਕਰ ਰਹੀ ਹੁੰਦੀ ਹੈ। ਹਰ ਯੁੱਗ ਅੰਦਰ ਜ਼ੋਰਾਵਰਾਂ ਨੂੰ ਇਹ ਭਰਮ ਰਿਹਾ ਹੈ ਕਿ ਵਕਤ ਉਨ੍ਹਾਂ ਦੀਆਂ ਉਂਗਲਾਂ ’ਤੇ ਨੱਚਦਾ ਰਹੇਗਾ ਪਰ ਸੱਚ ਵੀ ਭਲਾ ਕਦੇ ਦਫ਼ਨ ਹੋਇਆ ਹੈ। ਲੋਕ ਆਵਾਜ਼, ਲੋਕ ਰੋਹ ਦੇ ਜਵਾਰਭਾਟੇ ਸਮਾਂ ਪੈਣ ’ਤੇ ਹੇਠਲੀ ਉਪਰ ਕਰ ਦਿੰਦੇ ਨੇ। ਪਿੰਡ ਢੁੱਡੀਕੇ ਦੀ ਵੀ ਇਹੋ ਕਹਾਣੀ ਹੈ। ਅਸਲ ਵਿਚ, ਇਹ ਗ਼ਦਰੀ ਮਹਿਜ਼ ਬਾਤਾਂ ਨਹੀਂ ਸੁਣਾਉਂਦੇ, ਉਪਦੇਸ਼ ਨਹੀਂ ਦਿੰਦੇ ਸਗੋਂ ਮਹਿੰਗੇ ਮੁੱਲ ਤਾਰ ਕੇ ਇਤਿਹਾਸ ਦੀ ਝੋਲੀ ਪਾਏ ਅਮੁੱਲੇ ਸਬਕਾਂ ਦੀ ਲੋਅ ਵਿਚੋਂ ਗ਼ਦਰੀ ਅਤੇ ਸਮੂਹ ਦੇਸ਼ ਭਗਤ ਬੋਲਦੇ ਹਨ। ਢੁੱਡੀਕੇ ਅਤੇ ਇਸ ਦੀ ਜੂਹ ਅੰਦਰ ਗ਼ਦਰੀਆਂ ਦੀ ਪੈੜ-ਚਾਲ ਅੱਜ ਵੀ ਮਹਿਸੂਸ ਹੁੰਦੀ ਹੈ। ਜਾਪਦਾ ਹੈ ਜਿਵੇਂ ਉਹ ਅੱਜ ਵੀ ਆਪਣੇ ਧੀਆਂ-ਪੁੱਤਰਾਂ ਅਤੇ ਪੋਤਰੀਆਂ-ਪੋਤਿਆਂ ਨੂੰ ਥਾਪੀ ਦੇ ਕੇ ਦਿੱਲੀ ਕਿਸਾਨ ਮੋਰਚੇ ਸਮੇਤ ਹਰ ਹੱਕੀ ਸੰਗਰਾਮ ਵਿਚ ਤੋਰ ਰਹੇ ਹੋਣ।
1907-10 ਦੇ ਸਮਿਆਂ ਵਿਚ ਮੁਲਕ ਭੁੱਖਾਂ, ਦੁੱਖਾਂ, ਕਰਜ਼ਿਆਂ, ਕੰਗਾਲੀ, ਮੰਦਹਾਲੀ ’ਚ ਮਧੋਲਿਆ ਗਿਆ। ਰੋਟੀ-ਰੋਜ਼ੀ ਦੀ ਭਾਲ ਵਿਚ ਇਥੋਂ ਦੀ ਜੁਆਨੀ ਨੇ ਫੌਜਾਂ ਵਿਚ ਭਰਤੀ ਹੋਣ ਅਤੇ ਪਰਦੇਸਾਂ ਵੱਲ ਚਾਲੇ ਪਾਏ। ਦੁਸ਼ਵਾਰੀਆਂ ਨਾਲ ਮੱਥਾ ਲੱਗਾ। ਉਹ ਗਹਿਰੀਆਂ ਸੋਚਾਂ ਵਿਚ ਪੈ ਗਏ: ‘ਕੀ ਖੱਟਿਆ ਵਿਦੇਸ਼ ਵਿਚ ਆ ਕੇ...’। ਇੱਕ ਦੂਜੇ ਨਾਲ ਪਰਵਾਸ ਅਤੇ ਆਪਣੇ ਵਤਨ ਪਿੱਛੇ ਛੱਡ ਆਏ ਘਰਾਂ ਦੀ ਹਾਲਤ ਬਾਰੇ ਵਿਚਾਰਾਂ ਕਰਨ ਲੱਗੇ। ਗਹਿਰ-ਗੰਭੀਰ ਸਵੈ-ਮੰਥਨ ਨੇ ਸਿਰ ਜੋੜਨ ਅਤੇ ਜੱਥੇਬੰਦ ਹੋਣ ਦੀ ਅਣਸਰਦੀ ਲੋੜ ਨੂੰ ਜਰਬਾਂ ਦਿੱਤੀਆਂ। ‘ਹਿੰਦੀ ਐਸੋਸੀਏਸ਼ਨ ਆਫ ਪੈਸੇਫਿਕ ਕੋਸਟ’ ਨਾਂ ਦੀ ਜੱਥੇਬੰਦੀ ਅਮਰੀਕਾ ਦੀ ਧਰਤੀ ’ਤੇ ਖੜ੍ਹੀ ਕੀਤੀ। ਇਸ ਨੇ ਪਹਿਲੀ ਨਵੰਬਰ 1913 ਨੂੰ ‘ਗ਼ਦਰ’ ਅਖ਼ਬਾਰ ਕੱਢਿਆ। ‘ਗ਼ਦਰ’ ਦੀ ਮਕਬੂਲੀਅਤ ਕਾਰਨ ਇਹ ਜੱਥੇਬੰਦੀ ਗ਼ਦਰ ਪਾਰਟੀ ਵਜੋਂ ਹੀ ਲੋਕਾਂ ਦੀ ਮਹਬਿੂਬ ਜੱਥੇਬੰਦੀ ਬਣ ਗਈ। ‘ਗ਼ਦਰ’ ਨੇ ਨਗਾਰੇ ਦੀ ਅਜਿਹੀ ਚੋਟ ਲਾਈ ਕਿ ਆਪਣੇ ਮੁਲਕ ਅੰਦਰਲੀ ਗ਼ੁਲਾਮੀ ਦੇ ਭੰਨੇ, ਵਿਦੇਸ਼ਾਂ ਵਿਚ ਸੁੱਖ ਭਾਲਣ ਆਏ, ਦੂਹਰੀ ਤੀਹਰੀ ਗ਼ੁਲਾਮੀ ਭੋਗ ਰਹੇ ਪਰਵਾਸੀ ਭਾਰਤੀਆਂ, ਵਿਸ਼ੇਸ਼ ਕਰ ਕੇ ਪੰਜਾਬੀਆਂ ਨੂੰ ‘ਦੇਸ਼ ਨੂੰ ਚੱਲੋ, ਆਜ਼ਾਦੀ ਲਈ ਗ਼ਦਰ ਕਰੋ’ ਦੀਆਂ ਗ਼ਦਰੀ ਗੂੰਜਾਂ ਨੇ ਝੰਜੋੜ ਕੇ ਰੱਖ ਦਿੱਤਾ। ਇਸ ਵਰਤਾਰੇ ਦੀਆਂ ਲੜੀਆਂ ਅਤੇ ਕੜੀਆਂ ਵਿਚ ਜਿੱਥੇ ਪਿੰਡ ਸੁਰ ਸਿੰਘ (ਅੰਮ੍ਰਿਤਸਰ), ਸੰਘਵਾਲ (ਜਲੰਧਰ) ਕੇਂਦਰ ਬਣ ਕੇ ਉੱਭਰੇ ਉੱਥੇ ਢੁੱਡੀਕੇ ਮੁੱਖ ਕੇਂਦਰ ਵਜੋਂ ਸਾਹਮਣੇ ਆਇਆ। ਇਸ ਨਗਰ ਦੇ ਗ਼ਦਰੀਆਂ ਦੀ ਕਹਾਣੀ ਲੰਮੀ ਹੈ। ਇਸ ਦੇ ਕੁਝ ਅੰਸ਼ ਹੀ ਵਿਰਾਟ ਅਤੇ ਅਦੁੱਤੀ ਤਸਵੀਰ ਦੇ ਦੀਦਾਰ ਕਰਵਾ ਦਿੰਦੇ ਹਨ। ਢੁੱਡੀਕੇ ਅਤੇ ਵੰਨੇ-ਚੰਨੇ ਦੇ ਸਾਰੇ ਪਿੰਡਾਂ ’ਚੋਂ ਜੁਆਨੀ ਗ਼ਦਰ ਲਹਿਰ ’ਚ ਸ਼ੁਮਾਰ ਹੋ ਗਈ। ਢੁੱਡੀਕੇ ਬਾਰੇ ਦੂਜੇ ਸਪਲੀਮੈਂਟਰੀ ਸਾਜ਼ਿਸ਼ ਕੇਸ ਦੇ ਜੱਜ ਨੇ ਲਿਖਿਆ: “ਢੁੱਡੀਕੇ ਵਿਚ ਇੱਕ ਜੱਥਾ ਹੈ ਜਿਸ ਦਾ ਖ਼ਤਰਨਾਕ ਹੋਣਾ, ਕਪੂਰਥਲੇ ਅਸਲ੍ਹਾਖਾਨੇ ’ਤੇ ਹਮਲੇ ਅਤੇ ਵੱਲੇ ਪੁਲ ਦੇ ਕਤਲਾਂ ਤੋਂ ਸਿੱਧ ਹੋ ਜਾਵੇਗਾ।”
ਇਤਿਹਾਸ ਦੀਆਂ ਪੈੜਾਂ ਗਵਾਹੀ ਭਰਦੀਆਂ ਹਨ ਕਿ ਢੁੱਡੀਕੇ ਗ਼ਦਰੀ ਦੇਸ਼ ਭਗਤਾਂ ਦਾ ਗੜ੍ਹ ਸੀ। ਇਸ ਪਿੰਡ ਨਾਲ ਉੱਤਮ ਸਿੰਘ ਹਾਂਸ, ਗਾਂਧਾ ਸਿੰਘ, ਕਰਤਾਰ ਸਿੰਘ ਸਰਾਭਾ ਵਰਗੇ ਗ਼ਦਰੀ ਯੋਧੇ ਢੁੱਡੀਕੇ ਪਿੰਡ ਦੀਆਂ ਹਵਾਵਾਂ ਨਾਲ ਗੱਲਾਂ ਕਰਦੇ ਰਹੇ ਹਨ। ਗ਼ਦਰੀ ਪਾਖ਼ਰ ਸਿੰਘ ਢੁੱਡੀਕੇ ਦੇ ਖੂਹ ’ਤੇ ਅਕਸਰ ਮੀਟਿੰਗਾਂ ਹੁੰਦੀਆਂ। ਢੁੱਡੀਕੇ ਦੀ ਧੁਰੀ ਦੁਆਲੇ ਚੂਹੜ ਚੱਕ, ਦੌਧਰ, ਲੰਮੇ ਜੱਟਪੁਰਾ, ਹਾਂਸ ਕਲਾਂ, ਜਗਰਾਓ, ਰੂਮੀ, ਸੰਗਤਪੁਰਾ, ਗ਼ਦਰੀ ਬਾਬਾ ਭਾਨ ਸਿੰਘ ਸੁਨੇਤ, ਹਰੀ ਸਿੰਘ ਉਸਮਾਨ ਬੱਦੋਵਾਲ, ਬਾਬਾ ਗੁਰਮੁੱਖ ਸਿੰਘ ਲਲਤੋਂ, ਸਰਾਭਾ, ਗੁੱਜਰਵਾਲ, ਚਮਿੰਡਾ, ਦੁਸਾਂਝ, ਬਿੰਜਲ, ਅੱਚਰਵਾਲ, ਜਲਾਲਦੀਵਾਲ ਆਦਿ ਪਿੰਡਾਂ ਤੱਕ ਗ਼ਦਰ ਲਹਿਰ ਦੇ ਬੋਹੜ ਦੀਆਂ ਜੜ੍ਹਾਂ ਫੈਲੀਆਂ ਹੋਈਆਂ ਸਨ। ਗ਼ਦਰੀ ਬਾਬਾ ਅਰਜਨ ਸਿੰਘ ਜਗਰਾਓ, ਬਾਬਾ ਪਾਲਾ ਸਿੰਘ ਢੁੱਡੀਕੇ, ਬਾਬਾ ਪਾਲਾ ਸਿੰਘ ਢੁੱਡੀਕੇ ਪੁੱਤਰ ਸ੍ਰੀ ਕਾਲਾ ਸਿੰਘ, ਬਾਬਾ ਪਾਖਰ ਸਿੰਘ ਢੁੱਡੀਕੇ, ਮਾਸਟਰ ਫੇਰਾ ਸਿੰਘ ਢੁੱਡੀਕੇ ਸਕੂਲ ਦੇ ਅਧਿਆਪਕ, ਮਹਿੰਦਰ ਸਿੰਘ ਢੁੱਡੀਕੇ, ਸ਼ਾਮ ਸਿੰਘ ਢੁੱਡੀਕੇ ਅਤੇ ਇਸ ਦੀ ਦੁਆਬੇ ਦੀ ਪਿੰਡ ਸੰਘਵਾਲ ’ਚ ਗ਼ਦਰੀ ਕੇਂਦਰ ਦੇ ਸ਼ਹੀਦ ਬੰਤਾ ਸਿੰਘ ਸੰਘਵਾਲ ਨਾਲ ਅੰਗਲੀ ਸੰਗਲੀ ਜੁੜਦੀ ਹੈ। ਚੰਦ ਗ਼ਦਰੀ ਨਾਇਕਾਂ ਬਾਰੇ ਪੰਛੀ-ਝਾਤ ਮਾਰ ਰਹੇ ਹਾਂ:
ਸ਼ਹੀਦ ਈਸ਼ਰ ਸਿੰਘ ਢੁੱਡੀਕੇ: ਧਰਮ ਕੌਰ ਅਤੇ ਸੱਜਣ ਸਿੰਘ ਦੇ ਘਰ ਢੁੱਡੀਕੇ 1881 ਵਿਚ ਜਨਮੇ ਈਸ਼ਰ ਸਿੰਘ 20 ਸਾਲ ਦੀ ਉਮਰ ਤੱਕ ਪਿਤਾ ਨਾਲ ਖੇਤੀ ਕਰਦੇ ਰਹੇ। ਫਿਰ 1907 ਵਿਚ ਪਿੰਡ ਦੇ ਹੋਰ ਸਾਥੀਆਂ ਨਾਲ ਕੈਨੇਡਾ ਪੁੱਜੇ। ਦੋ ਭਰਾਵਾਂ ਦੇ ਵਿਛੋੜੇ ਕਾਰਨ ਆਪ ਮਾਪਿਆਂ ਕੋਲ ਵਾਪਸ ਪਰਤ ਆਏ। ਦੂਜੀ ਵਾਰ 1912 ਵਿਚ ਕੈਨੇਡਾ ਗਏ। ਉਥੇ ਬਾਬਾ ਸੋਹਣ ਸਿੰਘ ਭਕਨਾ ਅਤੇ ਕਰਤਾਰ ਸਿੰਘ ਸਰਾਭਾ ਨਾਲ ਕੰਮ ਕੀਤਾ। ‘ਦੇਸ਼ ਨੂੰ ਚੱਲੋ ਆਜ਼ਾਦੀ ਲਈ’ ਦੀ ਆਵਾਜ਼ ਪੈਣ ’ਤੇ ਕੈਨੇਡਾ ਛੱਡ ਕੇ 1915 ਵਿਚ ਵਾਪਸ ਆ ਗਏ। ਸਾਰਾ ਸਮਾਂ ਆਜ਼ਾਦੀ ਲਈ ਭੇਂਟ ਕੀਤਾ। ਉਨ੍ਹਾਂ ਨੂੰ 18 ਜੂਨ 1916 ਨੂੰ ਕੇਂਦਰੀ ਜੇਲ੍ਹ ਲਾਹੌਰ ਵਿਚ ਫਾਂਸੀ ਲਗਾ ਦਿੱਤਾ ਗਿਆ।
ਸ਼ਹੀਦ ਰੂੜ ਸਿੰਘ ਢੁੱਡੀਕੇ: ਇਨ੍ਹਾਂ ਦਾ ਜਨਮ ਤਲਵੰਡੀ ਦੁਸਾਂਝ ਹੋਇਆ ਪਰ ਇਹ ਰਹਿੰਦੇ ਢੁੱਡੀਕੇ ਸਨ। ਇਥੇ ਇਹ ਦੇਸ਼ ਭਗਤ ਜੱਥੇ ਦੇ ਜੋਟੀਦਾਰ ਬਣ ਗਏ। ਇਨ੍ਹਾਂ ਨੇ ਵੱਲੇ ਪੁੱਲ ਵਾਲੇ ਸਾਕੇ ’ਚ ਸਰਗਰਮ ਹਿੱਸਾ ਲਿਆ। 18 ਜੂਨ 1916 ਨੂੰ ਕੇਂਦਰੀ ਜੇਲ੍ਹ ਲਾਹੌਰ ਫਾਂਸੀ ਲਗਾਇਆ ਗਿਆ।
ਸ਼ਹੀਦ ਕਰਤਾਰ ਸਿੰਘ ਸਰਾਭਾ: ਗ਼ਦਰੀਆਂ ਦੇ ਗੜ੍ਹ ਢੁੱਡੀਕੇ ਪਿੰਡ ’ਚ ਦੇਸ਼ ਭਗਤਾਂ ਦੀਆਂ ਮੀਟਿੰਗਾਂ ਕਰਾਉਣ, ਸਰਗਰਮੀਆਂ ਦੀ ਵਿਉਂਤਬੰਦੀ ਕਰਨ ਵਿਚ ਸੂਤਰਧਾਰ ਦਾ ਕੰਮ ਕਰਨ ਵਾਲੇ ਸਨ ਕਰਤਾਰ ਸਿੰਘ ਸਰਾਭਾ। ਇਨ੍ਹਾਂ ਦੇ ਹਵਾਲੇ ਬਗੈਰ ਢੁੱਡੀਕੇ ਦੇ ਗ਼ਦਰੀਆਂ ਦੀ ਕਹਾਣੀ ਅਧੂਰੀ ਹੈ। 16 ਨਵੰਬਰ 1915 ਨੂੰ ਕੇਂਦਰੀ ਜੇਲ੍ਹ ਲਾਹੌਰ ਵਿਚ ਫਾਂਸੀ ਲਗਾਇਆ ਗਿਆ।
ਸ਼ਹੀਦ ਰੰਗਾ ਸਿੰਘ ਖੁਰਦਪੁਰ: ਭਾਈ ਰੰਗਾ ਸਿੰਘ ਉਰਫ਼ ਰੋਡਾ ਸਿੰਘ ਦਾ ਜਨਮ 1885 ਨੂੰ ਗੁਰਦਿੱਤ ਸਿੰਘ ਦੇ ਘਰ ਖੁਰਦਪੁਰ (ਜਲੰਧਰ) ਵਿਚ ਹੋਇਆ। ਉਨ੍ਹਾਂ ਭਰ ਜੁਆਨੀ ਵਿਚ ਅਮਰੀਕਾ ਦੇ ਜੰਗਲ ਕੱਟਦਿਆਂ ਬਹੁਤ ਕੁਝ ਸੋਚਿਆ ਕਿ ਸਾਡੀ ਇਹ ਹਾਲਤ ਕਿਉਂ ਹੈ। ਕਪੂਰਥਲੇ ਅਸਲ੍ਹਾਖਾਨੇ ’ਚੋਂ ਹਥਿਆਰ ਕਾਬੂ ਕੀਤੇ। ਇਹ ਸੂਰਮਾ ਢੁੱਡੀਕੇ ਦੇ ਗ਼ਦਰੀਆਂ ਨਾਲ ਲਗਾਤਾਰ ਜੁੜਿਆ ਰਿਹਾ। 18 ਜੂਨ 1916 ਨੂੰ ਫਾਂਸੀ ਦੇ ਤਖ਼ਤੇ ਤੋਂ ਸ਼ਹੀਦੀ ਜਾਮ ਪੀ ਗਿਆ।
ਸ਼ਹੀਦ ਉੱਤਮ ਸਿੰਘ ਹਾਂਸ: ਗ਼ਦਰੀ ਉੱਤਮ ਸਿੰਘ ਹਾਂਸ ਦਾ ਜਨਮ ਜੀਤਾ ਸਿੰਘ ਦੇ ਘਰ 1880 ਵਿਚ ਹਾਂਸ ਕਲਾਂ ਵਿਚ ਹੋਇਆ। ਉਹ ਕਪੂਰਥਲਾ ਹਥਿਆਰਾਂ ਦੀ ਪ੍ਰਾਪਤੀ ਲਈ ਅਸਲ੍ਹਾਖਾਨੇ ’ਤੇ ਧਾਵਾ ਬੋਲਣ ਵਾਲਿਆਂ ਵਿਚ ਸ਼ਾਮਲ ਸੀ। ਉਸ ਨੂੰ 18 ਜੂਨ 1916 ਨੂੰ ਫਾਂਸੀ ਲਗਾ ਦਿੱਤਾ ਗਿਆ।
ਬਾਬਾ ਪਾਖਰ ਸਿੰਘ ਢੁੱਡੀਕੇ: ਭਾਨ ਸਿੰਘ ਢੁੱਡੀਕੇ ਦੇ ਘਰ 1885 ਵਿਚ ਪੈਦਾ ਹੋਏ ਪਾਖਰ ਸਿੰਘ ਵੀ ਰੋਟੀ ਦੀ ਭਾਲ ’ਚ ਬਾਹਰ ਗਏ। ਧੱਕੇ ਧੋੜੇ ਖਾਂਦੀ ਉਨ੍ਹਾਂ ਦੀ ਜ਼ਿੰਦਗੀ ਨੇ ਗ਼ਦਰੀ ਝੰਡੇ ਨੂੰ ਹੱਥ ਪਾਇਆ। ਸਾਰੀ ਜ਼ਿੰਦਗੀ ਲੋਕਾਂ ਹਵਾਲੇ ਕੀਤੀ। ਉਹ 90 ਸਾਲ ਦੇ ਹੋ ਕੇ 1968 ਵਿਚ ਸਦੀਵੀ ਵਿਛੋੜਾ ਦੇ ਗਏ।
ਅੱਜ ਜਦੋਂ ਗ਼ਦਰੀਆਂ ਦੇ ਗੜ੍ਹ ਕਰ ਕੇ ਜਾਣੇ ਜਾਂਦੇ ਪਿੰਡਾਂ ਦੇ ਪਿੰਡ ਪਰਵਾਸ ਕਾਰਨ ਖਾਲੀ ਹੋ ਰਹੇ ਹਨ ਤਾਂ ਫਿਜ਼ਾ ’ਚ ਇਹ ਸੁਆਲ ਗੂੰਜਦਾ ਹੈ ਕਿ ਘਰਾਂ ਨੂੰ ਲੱਗੇ ਉਦਾਸ ਅਤੇ ਖ਼ਾਮੋਸ਼ ਤਾਲੇ ਕਦੋਂ ਬੋਲਣਗੇ। ਆਪਣੇ ਨਗਰ ਆਪਣੇ ਮੁਲਕ ਦੀ ਹੀ ਨਵੀਂ ਤਸਵੀਰ ਵਿਚ ਨਵੇਂ ਰੰਗ ਭਰਨੇ ਪੈਣਗੇ। ਇਹ ਰੰਗ ਭਰਨ ਲਈ ਨਵੀਂ ਗੁਲਾਮੀ ਦੇ ਸੰਗਲ ਵਗਾਹ ਮਾਰਨ ਲਈ ਗੰਭੀਰ ਵਿਚਾਰਾਂ ਕਰੇਗਾ 24 ਨਵੰਬਰ ਨੂੰ ਢੁੱਡੀਕੇ ਵਿਖੇ ਹੋ ਰਿਹਾ ਯਾਦਗਾਰੀ ਸਮਾਗਮ।
ਸੰਪਰਕ: 98778-68710

Advertisement

Advertisement