For the best experience, open
https://m.punjabitribuneonline.com
on your mobile browser.
Advertisement

ਗ਼ਦਰੀ ਬੀਬੀ ਗੁਲਾਬ ਕੌਰ

08:40 AM Jul 28, 2024 IST
ਗ਼ਦਰੀ ਬੀਬੀ ਗੁਲਾਬ ਕੌਰ
Advertisement

ਅਮੋਲਕ ਸਿੰਘ

ਗ਼ਦਰੀ ਬੀਬੀ ਗੁਲਾਬ ਕੌਰ 35 ਵਰ੍ਹਿਆਂ ਦੇ ਸੰਗਰਾਮੀ ਜੀਵਨ ਸਫ਼ਰ ਦੀਆਂ ਅਮਿੱਟ ਪੈੜਾਂ ਆਉਣ ਵਾਲੀਆਂ ਪੀੜ੍ਹੀਆਂ ਲਈ ਛੱਡ ਗਈ। ਸੰਗਰੂਰ ਜ਼ਿਲ੍ਹੇ ਦੇ ਕਸਬਾ ਸੁਨਾਮ ਲਾਗੇ ਪਿੰਡ ਬਖ਼ਸ਼ੀਵਾਲਾ ਵਿਖੇ 1890 ’ਚ ਜਨਮੀ ਗੁਲਾਬ ਕੌਰ 28 ਜੁਲਾਈ 1925 ਨੂੰ ਆਜ਼ਾਦੀ ਘੁਲਾਟੀਆਂ ਦੇ ਪਿੰਡ ਕੋਟਲਾ ਨੌਧ ਸਿੰਘ (ਹੁਸ਼ਿਆਰਪੁਰ) ਵਿਖੇ ਆਜ਼ਾਦੀ ਦੇ ਨਾਮ ਆਖ਼ਰੀ ਸਾਹ ਸਮਰਪਿਤ ਕਰ ਗਈ।
ਗ਼ਦਰ ਲਹਿਰ ਅੰਦਰ ਗੌਰਵਮਈ ਇਤਿਹਾਸ ਸਿਰਜਣ ਵਾਲੇ ਹਾਫ਼ਿਜ਼ ਅਬਦੁੱਲਾ, ਜੀਵਨ ਸਿੰਘ ਦੌਲਾ ਸਿੰਘ ਵਾਲਾ, ਸ਼ਹੀਦ ਬਖਸ਼ੀਸ਼ ਸਿੰਘ ਖ਼ਾਨਪੁਰ (ਲੁਧਿਆਣਾ), ਸ਼ਹੀਦ ਧਿਆਨ ਸਿੰਘ ਉਮਰਪੁਰਾ, ਸ਼ਹੀਦ ਰਹਿਮਤ ਅਲੀ ਵਜੀਦਕੇ (ਨੇੜੇ ਬਰਨਾਲਾ), ਸ਼ਹੀਦ ਧਿਆਨ ਸਿੰਘ ਬੰਗਸੀਪੁਰਾ, ਚੰਦਾ ਸਿੰਘ ਵੜੈਚ, ਬਾਬਾ ਅਮਰ ਸਿੰਘ ਕੋਟਲਾ ਨੌਧ ਸਿੰਘ, ਸ਼ਹੀਦ ਕਰਤਾਰ ਸਿੰਘ ਸਰਾਭਾ ਵਰਗੇ ਅਨੇਕਾਂ ਗ਼ਦਰੀ ਦੇਸ਼ ਭਗਤਾਂ ਦੇ ਜਥਿਆਂ ਵਿੱਚ ਜਾਣੀ-ਪਛਾਣੀ ਸ਼ਖ਼ਸੀਅਤ ਗੁਲਾਬ ਕੌਰ ਦਾ ਸੁਨਹਿਰੀ ਇਤਿਹਾਸ ਸਾਡੀ ਸ਼ਾਨਾਂਮੱਤੀ ਵਿਰਾਸਤ ਦਾ ਅਹਿਮ ਹਿੱਸਾ ਹੈ। ਜੇਕਰ ਔਰਤ ਵਰਗ ਮੋਢੇ ਨਾਲ ਮੋਢਾ ਜੋੜ ਕੇ ਨਾ ਤੁਰੇ ਤਾਂ ਕੋਈ ਵੀ ਸਮਾਜ ਸੁਧਾਰਕ, ਦੇਸ਼ਭਗਤ ਅਤੇ ਇਨਕਲਾਬੀ ਲਹਿਰ ਸਫ਼ਲਤਾ ਦਾ ਮੱਥਾ ਨਹੀਂ ਚੁੰਮ ਸਕਦੀ। ਅੱਜ ਤੋਂ ਸੌ ਵਰ੍ਹੇ ਪਹਿਲਾਂ ਤਾਂ ਔਰਤ ਦੇ ਪੈਰਾਂ ਵਿੱਚ ਅਣਦਿਸਦੀਆਂ ਮਜ਼ਬੂਤ ਬੇੜੀਆਂ ਸਨ। ਮਾਪਿਆਂ, ਪਤੀ, ਬੱਚਿਆਂ ਅਤੇ ਸਮਾਜ ਦੀਆਂ ਅੱਜ ਨਾਲੋਂ ਵੀ ਕਿਤੇ ਜ਼ਿਆਦਾ, ਬੇਹਿਸਾਬ ਰੋਕਾਂ ਟੋਕਾਂ ਨੂੰ ਝੱਲਦੀਆਂ ਔਰਤਾਂ ਵਿੱਚੋਂ ਇੱਕ ਗੁਲਾਬ ਕੌਰ ਨੇ ਆਪਣੀ ਜਿੰਦੜੀ ਲੋਕਾਂ ਲੇਖੇ ਲਗਾ ਕੇ ਇਤਿਹਾਸ ਵਿੱਚ ਨਵਾਂ ਨਕੋਰ ਵਰਕਾ ਜੜ ਦਿੱਤਾ।
ਉਨ੍ਹਾਂ ਸਮਿਆਂ ਦੀਆਂ ਰਹੁ-ਰੀਤਾਂ ਵਿੱਚ ਬੱਧੀ ਗੁਲਾਬ ਕੌਰ ਦਾ ਵਿਆਹ ਮਾਪਿਆਂ ਨੇ ਜਖੇਪਲ ਪਿੰਡ ਦੇ ਮਾਨ ਸਿੰਘ ਨਾਲ ਕਰ ਦਿੱਤਾ। ਮਾਨ ਸਿੰਘ ਮਨੀਲਾ ਤੋਂ ਆਇਆ ਸੀ। ਉਸ ਵੇਲੇ ਸ਼ੰਘਾਈ, ਬਰਮਾ, ਹਾਂਗਕਾਂਗ, ਮਲਾਇਆ, ਸਿੰਗਾਪੁਰ, ਫਿਲਪਾਈਨ ਆਦਿ ਮੁਲਕਾਂ ਵਿੱਚ ਦਰਬਾਨ, ਚੌਕੀਦਾਰ ਅਤੇ ਪੁਲੀਸ ਦੀ ਨੌਕਰੀ ਮਿਲ ਜਾਇਆ ਕਰਦੀ ਸੀ। ਗ਼ਰੀਬੀ, ਕਰਜ਼ੇ, ਥੁੜਾਂ ਅਤੇ ਤੰਗੀਆਂ ਦੇ ਭੰਨੇ ਪੰਜਾਬੀ ਪਰਦੇਸੀ ਹੋ ਜਾਂਦੇ। ਇਉਂ ਹੀ ਮਾਨ ਸਿੰਘ ਵਿਆਹ ਮਗਰੋਂ ਗੁਲਾਬ ਕੌਰ ਨੂੰ ਮਨੀਲਾ ਲੈ ਗਿਆ। ਮਾਨ ਸਿੰਘ ਵੀ ਹੋਰਨਾਂ ਵਾਂਗ ਮਨੀਲਾ ਤੋਂ ਅਮਰੀਕਾ ਜਾਣ ਦੀ ਤਾਂਘ ਰੱਖਦਾ ਸੀ। ਇਸ ਤਾਂਘ ਦੀ ਪੂਰਤੀ ਲਈ ਟੱਕਰਾਂ ਮਾਰਦੇ ਮਾਨ ਸਿੰਘ ਅਤੇ ਗੁਲਾਬ ਕੌਰ ਨੂੰ ਹਾਲਾਤ ਦੇ ਝਟਕਿਆਂ ਨੇ ਇਹ ਟਣਕਾ ਦਿੱਤਾ ਕਿ ਇਸ ਦਮ ਘੁੱਟਵੇਂ ਵਾਤਾਵਰਣ ਵਿੱਚ ਗ਼ੁਲਾਮਾਂ ਦੀਆਂ ਸੱਧਰਾਂ ਤੇ ਉਮੰਗਾਂ ਦੇ ਫੁੱਲ ਕਦੇ ਨਹੀਂ ਖਿੜਦੇ। ਅਮਰੀਕਾ ਨੇ ਆਨੇ-ਬਹਾਨੇ ਸ਼ਰਤਾਂ ਮੜ੍ਹ ਕੇ ਅਮਰੀਕਾ ਪੁੱਜਣ ਦੇ ਰਾਹ ਬੰਦ ਕਰ ਦਿੱਤੇ। ਇਨ੍ਹਾਂ ਰੋਕਾਂ ਕਾਰਨ ਮਨੀਲਾ ਅਤੇ ਹੋਰ ਥਾਵਾਂ ’ਤੇ ਰਹਿੰਦਿਆਂ ਮਜਬੂਰੀਆਂ ਅਤੇ ਬੰਦਸ਼ਾਂ ਦੇ ਕੌੜੇ ਘੁੱਟ ਭਰਦੇ ਲੋਕਾਂ ਦੇ ਮਨਾਂ ਅੰਦਰ ਚੇਤਨਾ ਦੇ ਝਰਨੇ ਵਹਿ ਤੁਰੇ।
ਉਨ੍ਹਾਂ ਨੂੰ ਅਨੁਭਵ ਹੋਇਆ ਕਿ ਸਾਡੇ ਨਾਲ ਜੋ ਜੱਗੋਂ ਤੇਰ੍ਹਵੀਂ ਹੋ ਰਹੀ ਹੈ, ਇਸ ਦਾ ਕਾਰਨ ਗ਼ੁਲਾਮੀ ਹੈ। ਉਨ੍ਹਾਂ ਸੋਚਿਆ ਕਿ ਜ਼ਿੰਦਗੀ ਦੀ ਪਰਵਾਜ਼ ਭਰਨ ਲਈ ਸਾਡੇ ਪੈਰਾਂ ਅਤੇ ਖੰਭਾਂ ਨੂੰ ਡਾਢਿਆਂ ਨੇ ਜਕੜ ਪੰਜਾ ਮਾਰ ਰੱਖਿਆ ਹੈ ਜਿਸ ਨੂੰ ਤੋੜਨ ਲਈ ਆਜ਼ਾਦੀ ਲਹਿਰ ਦੀ ਲੋੜ ਹੈ।
ਅਜਿਹੀ ਲਹਿਰ ਉਸਾਰਨ ਵੱਲ ਉਡਾਰੀ ਭਰਨ ਲਈ ਸੁਸਾਇਟੀ ਫਿਲਪਾਈਨ ਬਣੀ। ਕੌਮਾ ਗਾਟਾਮਾਰੂ ਜਹਾਜ਼ ਨੂੰ ਵੈਨਕੂਵਰ ਸਮੁੰਦਰ ਦੇ ਵਿਚਕਾਰ ਰੋਕਾਂ ਮੜ੍ਹ ਕੇ, ਲੋਕਾਂ ਨੂੰ ਮਰਨ ਲਈ ਮਜਬੂਰ ਕਰ ਕੇ ਅਤੇ ਅਖੀਰ ਉਸ ਜਹਾਜ਼ ਨੂੰ ਪਿੱਛੇ ਮੋੜ ਕੇ ਮਾਨਵਤਾ ਖ਼ਿਲਾਫ਼ ਅਪਰਾਧ ਕਰਨ ਅਤੇ ਲੋਕਾਂ ਦੀ ਸੰਘੀ ਨੱਪਣ ਦੇ ਯਤਨ ਕੀਤੇ ਗਏ। ਇਨ੍ਹਾਂ ਖ਼ਿਲਾਫ਼ ਲੋਕਾਂ ਵਿੱਚ ਵਿਆਪਕ ਰੋਸ ਜਾਗਿਆ।
ਵੱਖੋ-ਵੱਖਰੇ ਜਹਾਜ਼ਾਂ ਰਾਹੀਂ ‘ਦੇਸ਼ ਨੂੰ ਚੱਲੋ’ ਦੇ ਨਾਅਰੇ ਲਾਉਂਦੇ ਅਤੇ ਗ਼ਦਰੀ ਗੂੰਜਾਂ ਗਾਉਂਦੇ ਦੇਸ਼ਭਗਤ ਆਪਣੀਆਂ ਨੌਕਰੀਆਂ, ਘਰ-ਬਾਰ, ਜਾਇਦਾਦ - ਗੱਲ ਕੀ, ਤਨ ਮਨ ਧਨ ਸਭ ਕੁਝ ਕੁਰਬਾਨ ਕਰਨ ਲਈ ਸਿਦਕਦਿਲੀ ਨਾਲ ਸੁੱਤੇ ਪਾਣੀਆਂ ਵਿੱਚ ਸੁਨਾਮੀ ਲਿਆਉਣ ਨਿਕਲ ਤੁਰੇ।
ਇਨ੍ਹਾਂ ਬਾਗ਼ੀ ਪੌਣਾਂ ਵਿੱਚ ਗੁਲਾਬ ਕੌਰ ਅਤੇ ਉਸ ਦਾ ਪਤੀ ਮਾਨ ਸਿੰਘ ਵੀ ਭਿੱਜ ਗਏ। ਉਨ੍ਹਾਂ ਨੇ ਵੀ ਆਪਣੀ ਨਵੀਂ ਜ਼ਿੰਦਗੀ ਦਾ ਮਾਰਗ ਚੁਣਦਿਆਂ ਦੇਸ਼ ਵੱਲ ਚਾਲੇ ਪਾਉਣ ਵਾਲੇ ਨਵੇਂ ਕਾਫ਼ਲਿਆਂ ਵਿੱਚ ਆਪਣਾ ਨਾਂ ਦਰਜ ਕਰਵਾ ਦਿੱਤਾ। ਕੈਨੇਡਾ ਦੀਆਂ ਭਰੀਆਂ ਕਚਹਿਰੀਆਂ ਵਿੱਚ ਭਾਈ ਮੇਵਾ ਸਿੰਘ ਵੱਲੋਂ ਹਾਪਕਿਨਸਨ ਨੂੰ ਗੋਲੀਆਂ ਮਾਰ ਦੇਣ ਦੀ ਖ਼ਬਰ ਜੰਗਲ ਦੀ ਅੱਗ ਵਾਂਗ ਫੈਲ ਗਈ।
ਫਿਲਪਾਈਨ ਸਮੇਤ ਅਨੇਕਾਂ ਥਾਵਾਂ ’ਤੇ ਗ਼ਦਰੀ ਗੂੰਜ ਪਈ। ਗੁਲਾਬ ਕੌਰ ਲਈ ਅਗਨ ਪ੍ਰੀਖਿਆ ਦੀ ਘੜੀ ਉਸ ਵੇਲੇ ਆਈ ਜਦੋਂ ਜਹਾਜ਼ ’ਤੇ ਚੜ੍ਹਨ ਵੇਲੇ ਉਸ ਦੇ ਪਤੀ ਮਾਨ ਸਿੰਘ ਦਾ ਮਨ ਡੋਲ ਗਿਆ। ਉਸ ਨੇ ਗੁਲਾਬ ਕੌਰ ਨੂੰ ਵੀ ਰੋਕਣ ਲਈ ਪੂਰਾ ਤਾਣ ਲਾਇਆ। ਗੁਲਾਬ ਕੌਰ ਨੇ ਉਸ ਨੂੰ ਸਾਫ਼ ਸ਼ਬਦਾਂ ਵਿੱਚ ਸੁਣਾਉਣੀ ਕਰ ਦਿੱਤੀ ਕਿ ਤੂੰ ਜੇ ਆਜ਼ਾਦੀ ਲਈ ਭਾਰਤ ਜਾ ਰਹੇ ਜਥਿਆਂ ਨਾਲ ਨਹੀਂ ਜਾਣਾ ਤਾਂ ਤੇਰੀ ਮਰਜ਼ੀ, ਪਰ ਤੂੰ ਮੇਰੀ ਜ਼ਿੰਦਗੀ ਦੇ ਫ਼ੈਸਲਿਆਂ ਵਿੱਚ ਪਤੀ ਹੋਣ ਦੇ ਜ਼ੋਰ ਕੋਈ ਰੋਕਾਂ ਨਹੀਂ ਮੜ੍ਹ ਸਕਦਾ। ਮਾਈ ਭਾਗੋ ਦੇ ਇਤਿਹਾਸ ਦੀ ਵਾਰਿਸ ਗੁਲਾਬ ਕੌਰ ਗ਼ਦਰੀ ਦੇਸ਼ਭਗਤਾਂ ਦੇ ਕਾਫ਼ਲੇ ਦੀ ਸਾਥਣ ਬਣ ਕੇ ਆਪਣੇ ਵਤਨ ਨੂੰ ਤੁਰ ਪਈ। ਮਨੀਲਾ ਦੇ ਗੁਰਦੁਆਰਾ ਸਾਹਿਬ ਨੇ ਆਪਣੀ ਬੁੱਕਲ ਵਿੱਚ ਆਜ਼ਾਦੀ ਦਾ ਇਹ ਵਰਕਾ ਸੰਭਾਲ ਲਿਆ। ਗੁਲਾਬ ਕੌਰ ਨੂੰ ਮਾਨ ਸਿੰਘ ਤੋਂ ਕੀ ਕੀ ਸੁਣਨਾ ਪਿਆ ਹੋਵੇਗਾ, ਇਸ ਦਾ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਗੁਲਾਬ ਕੌਰ ਅਮਰੀਕਾ ਜਾਣ ਦੇ ਸੁਪਨਿਆਂ ਨੂੰ ਵਗਾਹ ਮਾਰ ਕੇ ਆਪਣੇ ਮੁਲਕ ਨੂੰ ਆਜ਼ਾਦ ਕਰਵਾਉਣ ਲਈ ਤੁਰ ਪਈ। ਗ਼ਦਰੀ ਬਾਬਾ ਜਵਾਲਾ ਸਿੰਘ ਠੱਠੀਆਂ, ਕੇਸਰ ਸਿੰਘ ਠੱਠਗੜ੍ਹ, ਪ੍ਰਿਥਵੀ ਸਿੰਘ, ਜਗਤ ਰਾਮ ਵਰਗੇ ਦੇਸ਼ਭਗਤ ਅਤੇ ਬੀਬੀ ਗੁਲਾਬ ਕੌਰ ਵਰਗੀਆਂ ਸੰਗਰਾਮਣਾਂ ਨੇ ਖੜ੍ਹੇ ਪਾਣੀਆਂ ਵਿੱਚ ਕੁਹਰਾਮ ਮਚਾ ਦਿੱਤਾ।
ਬੀਬੀ ਗੁਲਾਬ ਕੌਰ ਨਾਲ ਮਨੀਲਾ ਦੀ ਗ਼ਦਰ ਪਾਰਟੀ ਦੇ ਜਾਣੇ ਪਛਾਣੇ ਚਿਹਰੇ ਸਨ।
ਬੀਬੀ ਗੁਲਾਬ ਕੌਰ ਜਥਿਆਂ ਨੂੰ ਸੰਬੋਧਨ ਕਰਦੀ ਕਹਿੰਦੀ, ‘‘ਬੀਬੀਓ ਭੈਣੋਂ, ਮੈਂ ਤੁਹਾਨੂੰ ਕਹਿਣਾ ਚਾਹੁੰਦੀ ਹਾਂ ਕਿ ਔਰਤ ਅਤੇ ਮਰਦ ਬਰਾਬਰ ਹਨ। ਕਿਹਾ ਜਾਂਦਾ ਹੈ ਕਿ ਪੰਥ ਵਿੱਚ ਸਭ ਬਰਾਬਰ ਹਨ ਪਰ ਪੰਥ ਦੇ ਅਸੂਲਾਂ ਨੂੰ ਮੰਨਦਾ ਕੌਣ ਹੈ? ਇੱਥੇ ਹਾਲਤ ਇਹ ਹੈ ਕਿ ਔਰਤ ਪਹਿਲਾਂ ਬਾਪ ਦੇ ਡੰਡੇ ਹੇਠ ਹੈ, ਫੇਰ ਪਤੀ ਦੇ ਵੱਸ ਹੈ ਉਹ ਭਾਵੇਂ ਸ਼ਰਾਬੀ ਕਬਾਬੀ, ਬੁਜ਼ਦਿਲ ਕਿਉਂ ਨਾ ਹੋਵੇ। ਮੇਰੇ ਮਾਪਿਆਂ ਨੇ ਮੇਰੇ ਲਈ ਵਰ ਲੱਭ ਕੇ ਚਾਰ ਭੁਆਟਣੀਆਂ ਦੇ ਦਿੱਤੀਆਂ। ਮੈਂ ਆਪਣੇ ਆਦਮੀ ਆਖੇ ਲੱਗ ਕੇ ਟਾਪੂਆਂ ਨੂੰ ਤੁਰ ਪਈ। ਉਸ ਕਿਹਾ ਚੀਨ ਜਾਵਾਂਗੇ, ਮੈਂ ਕਿਹਾ ਸਤਿ ਬਚਨ। ਫੇਰ ਕਹਿੰਦਾ, ਲੋਕ ਅਮਰੀਕਾ ਜਾ ਰਹੇ ਆਪਾਂ ਵੀ ਜਾਣਾ, ਮੈਂ ਸਭ ਗੱਲਾਂ ਮੰਨਦੀ ਰਹੀ। ਆਖ਼ਰ ਹੋਇਆ ਕੀ, ਪਤੀ ਨੇ ਪਹਿਲਾਂ ਦੇਸ਼ ਜਾਣ ਦਾ, ਗ਼ਦਰ ਦਾ ਸਾਥੀ ਬਣਨ ਦਾ ਵਾਅਦਾ ਕੀਤਾ ਸੀ ਪਰ ਉਹ ਪੈਰ ’ਤੇ ਮੁੱਕਰ ਗਿਆ।’’
ਅਜਿਹੇ ਹਾਲਾਤ ਵਿੱਚ ਗੁਲਾਬ ਕੌਰ ਨੂੰ ਕਿੰਨੀਆਂ ਹੀ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪਿਆ। ਇਤਿਹਾਸ ਬੋਲਦਾ ਹੈ ਕਿ ਜਹਾਜ਼ ਤੋਂ ਉਤਰਨ ਵੇਲੇ ਸੂਹੀਆਂ ਏਜੰਸੀਆਂ ਦੀ ਨਜ਼ਰ ਤੋਂ ਬਚਣ ਲਈ ਜੀਵਨ ਸਿੰਘ ਦੌਲੇਵਾਲਾ ਨੂੰ ਗੁਲਾਬ ਕੌਰ ਦਾ ਪਤੀ ਹੋਣ ਦਾ ਪ੍ਰਪੰਚ ਰਚਣਾ ਪਿਆ।
ਬੀਬੀ ਗੁਲਾਬ ਕੌਰ ਨੇ ਅੰਮ੍ਰਿਤਸਰ ਅਤੇ ਲਾਹੌਰ ਗ਼ਦਰ ਪਾਰਟੀ ਦੇ ਦਫ਼ਤਰਾਂ ਵਿੱਚ ਸੇਵਾਵਾਂ ਦਿੱਤੀਆਂ। ਉਹ ਚਰਖਾ ਕੱਤਣ ਦਾ ਵਿਖਾਵਾ ਕਰਦੀ ਅਤੇ ਪੂਣੀਆਂ ਹੇਠ ਗ਼ਦਰੀ ਸਾਹਿਤ ਲੁਕਾ ਕੇ ਰੱਖਦੀ। ਸ਼ਹੀਦ ਕਰਤਾਰ ਸਿੰਘ ਸਰਾਭਾ ਵਰਗੇ ਸਾਈਕਲਾਂ ਉਪਰ ਜਾ ਕੇ ਫ਼ੌਜੀ ਛਾਉਣੀਆਂ ਅਤੇ ਲੋਕਾਂ ਵਿੱਚ ਗ਼ਦਰ ਦਾ ਹੋਕਾ ਦਿੰਦੇ ਅਤੇ ਗੁਲਾਬ ਕੌਰ ਇਨ੍ਹਾਂ ਉੱਡਦੇ ਪੰਖੇਰੂਆਂ ਨੂੰ ਸੰਭਾਲਣ ਦਾ ਕੰਮ ਕਰਦੀ। ਉਹ ਗੁਲਾਬ ਦੇਵੀ, ਬਸੰਤ ਕੌਰ ਤੇ ਕਿਰਪੋ ਨਾਵਾਂ ਹੇਠ ਵਿਚਰੀ ਤਾਂ ਜੋ ਹਕੂਮਤ ਦੀ ਨਜ਼ਰ ਤੋਂ ਬਚ ਕੇ ਆਜ਼ਾਦੀ ਲਈ ਜੂਝਦੇ ਪ੍ਰਵਾਨਿਆਂ ਦੀ ਮਦਦ ਕੀਤੀ ਜਾ ਸਕੇ। ਉਹ ਕੋਟਲਾ ਨੌਧ ਸਿੰਘ ਤੋਂ ਪਹਿਲੀ ਮਾਰਚ 1915 ਨੂੰ ਕੋਟਲਾ ਨੌਧ ਸਿੰਘ ਦੇ ਹੀ ਜ਼ੈਲਦਾਰ ਨਰਿੰਦਰ ਸਿੰਘ ਦੀ ਸੂਹ ’ਤੇ ਫੜੀ ਗਈ। ਜਦੋਂ ਉਹ ਜੇਲ੍ਹ ਤੋਂ ਰਿਹਾਅ ਹੋ ਕੇ ਆਈ ਤਾਂ ਅੰਗਰੇਜ਼ ਹਕੂਮਤ ਦੇ ਝੋਲੀ ਚੁੱਕ ਨਰਿੰਦਰ ਸਿੰਘ ਜ਼ੈਲਦਾਰ ਨੇ ਸ਼ਰਤ ਰੱਖੀ ਕਿ ਇਹ ਜਿਸ ਅਮਰ ਸਿੰਘ ਦੇਸ਼ਭਗਤ ਦੇ ਘਰ ਰਹਿੰਦੀ ਹੈ ਜੇ ਇਹ ਉਸ ਦੀ ਪਤਨੀ ਹੋਣ ਦੇ ਕਾਗਜ਼ ਬਣਾਏਗੀ ਫਿਰ ਹੀ ਪਿੰਡ ਵਿੱਚ ਰੱਖ ਸਕਦੇ ਹਾਂ। ਅਜਿਹਾ ਹੀ ਕਰਨਾ ਪਿਆ। ਅਮਰ ਸਿੰਘ ਕੋਟਲਾ ਨੌਧ ਸਿੰਘ (ਹੁਸ਼ਿਆਰਪੁਰ) ਨਾਲ ਚਾਦਰਦਾਰੀ ਵੀ ਕਰਨੀ ਪਈ। ਉਨ੍ਹਾਂ ਦਾ ਰਿਸ਼ਤਾ ਗ਼ਦਰ ਦੇ ਸਾਥੀਆਂ ਵਾਲਾ ਰਿਹਾ।
ਚੰਦਰਾ ਨਿਜ਼ਾਮ ਬਹੁਤ ਕੁਝ ਬੋਲਦਾ ਰਿਹਾ। ਆਖ਼ਰ ਅਮਰ ਸਿੰਘ ਨੇ ਆਪਣਾ ਚੁਬਾਰਾ ਬੀਬੀ ਗੁਲਾਬ ਕੌਰ ਦੇ ਨਾਂ ਕਰਵਾ ਦਿੱਤਾ ਅਤੇ ਆਪ ਵੱਖਰਾ ਰਹਿਣ ਲੱਗਾ।
ਗੁਲਾਬ ਕੌਰ ਕਰਤਾਰ ਸਿੰਘ ਸਰਾਭਾ ਵਰਗੇ ਫਾਂਸੀ ਚੜ੍ਹਨ, ਜੇਲ੍ਹ ਵਿੱਚ ਬੰਦ ਦੇਸ਼ਭਗਤਾਂ ਨੂੰ ਯਾਦ ਕਰਦੀ ਰਹਿੰਦੀ। ਅਜਿਹੀ ਹਾਲਤ ਵਿੱਚ ਉਹਦੇ ਸੀਨੇ ਵਿੱਚ ਨਾਸੂਰ ਬਣ ਗਿਆ। ਇਹ ਨਾਸੂਰ ਕੈਂਸਰ ਦਾ ਰੂਪ ਧਾਰ ਗਿਆ। ਇੱਕ ਦਿਨ ਬੀਬੀ ਗੁਲਾਬ ਕੌਰ ਆਪਣਾ ਜੀਵਨ ਸਫ਼ਰ ਗ਼ਦਰ, ਆਜ਼ਾਦੀ ਅਤੇ ਲੋਕ-ਪੱਖੀ ਰਾਜ ਅਤੇ ਸਮਾਜ ਦੀ ਸਿਰਜਣਾ ਦੇ ਨਾਮ ਕਰਦੀ ਹੋਈ ਸਦੀਵੀ ਵਿਛੋੜਾ ਦੇ ਗਈ।
28 ਜੁਲਾਈ 1925 ਨੂੰ ਵਿਛੜੀ ਗੁਲਾਬ ਕੌਰ ਨੂੰ ਦੂਜੇ ਦਿਨ ਅੰਤਿਮ ਵਿਦਾਇਗੀ ਦਿੱਤੀ ਗਈ। ਇਤਿਹਾਸ ਕਦੇ ਮਰਦਾ ਨਹੀਂ। ਸੌ ਵਰ੍ਹਿਆਂ ਮਗਰੋਂ ਵੀ ਬੀਬੀ ਗੁਲਾਬ ਕੌਰ ਦਿੱਲੀ ਕਿਸਾਨ ਘੋਲ ਮੌਕੇ ਕਿਸਾਨਾਂ ਮਜ਼ਦੂਰਾਂ ਦੇ ਸੰਗਰਾਮ ਵਿੱਚ ਸਮੋਈ ਰਹੀ ਹੈ। ਉਸ ਦੀ ਯਾਦ ’ਚ ਟਿੱਕਰੀ ਬਾਰਡਰ ’ਤੇ ਗ਼ਦਰੀ ਗੁਲਾਬ ਬੀਬੀ ਗੁਲਾਬ ਕੌਰ ਨਗਰ ਵਸਾਇਆ ਗਿਆ ਜਿੱਥੇ ਹਰ ਰੋਜ਼ ਭਾਸ਼ਣ, ਨਾਟਕ, ਗੀਤ ਸੰਗੀਤ ਪੂਰੇ ਕਿਸਾਨ ਘੋਲ ਦੌਰਾਨ ਚੱਲਦਾ ਰਿਹਾ।

Advertisement

ਸੰਪਰਕ: 98778-68710

Advertisement
Author Image

sukhwinder singh

View all posts

Advertisement
Advertisement
×