For the best experience, open
https://m.punjabitribuneonline.com
on your mobile browser.
Advertisement

ਪੁਸਤਕ ਸਭਿਆਚਾਰ ਨੂੰ ਉਸਾਰਨ ਦਾ ਹੋਕਾ ਦਿੰਦਿਆਂ ਮੇਲਾ ਗ਼ਦਰੀ ਬਾਬਿਆਂ ਦਾ ਸ਼ੁਰੂ

07:27 AM Oct 31, 2023 IST
ਪੁਸਤਕ ਸਭਿਆਚਾਰ ਨੂੰ ਉਸਾਰਨ ਦਾ ਹੋਕਾ ਦਿੰਦਿਆਂ ਮੇਲਾ ਗ਼ਦਰੀ ਬਾਬਿਆਂ ਦਾ ਸ਼ੁਰੂ
ਮੇਲੇ ਦੌਰਾਨ ਲੱਗੀ ਪੁਸਤਕ ਪ੍ਰਦਰਸ਼ਨੀ ਦੇਖਦੇ ਹੋਏ ਲੋਕ। -ਫੋਟੋ: ਸਰਬਜੀਤ ਸਿੰਘ
Advertisement

ਨਿੱਜੀ ਪੱਤਰ ਪ੍ਰੇਰਕ
ਜਲੰਧਰ, 30 ਅਕਤੂਬਰ
ਪੁਸਤਕ ਸਭਿਆਚਾਰ ਨੂੰ ਪੰਜਾਬ ਦੀ ਧਰਤੀ ’ਤੇ ਮੁੜ ਉਸਾਰਨ ਦਾ ਸੱਦਾ ਦਿੰਦਿਆਂ ਮੇਲਾ ਗ਼ਦਰੀ ਬਾਬਿਆਂ ਦਾ ਅੱਜ ਦੇਸ਼ ਭਗਤ ਯਾਦਗਾਰ ਵਿਚ ਸ਼ੁਰੂ ਹੋਇਆ। ਇਹ ਮੇਲਾ ਬੀਤੇ ਸਮੇਂ ਵਿਛੜੇ ਲੇਖਕਾਂ, ਕਵੀਆਂ, ‘ਗ਼ਦਰ’, ਹਰਭਜਨ ਹੁੰਦਲ, ਬਾਰੂ ਸਤਵਰਗ, ਮਾਸਟਰ ਤਰਲੋਚਨ ਸਮਰਾਲਾ, ਦੇਸ ਰਾਜ ਕਾਲੀ, ਜਸਵੰਤ ਬੇਗੋਵਾਲ, ਡਾ. ਸੁਰਜੀਤ ਲੀ, ਸ਼ਿਵ ਨਾਥ, ਪ੍ਰੋ. ਅਨੂਪ ਵਿਰਕ ਅਤੇ ਸੁਰਜਨ ਜ਼ੀਰਵੀ ਨੂੰ ਸਜਿਦਾ ਕਰਨ ਨਾਲ ਸ਼ੁਰੂ ਹੋਇਆ।
ਕਮੇਟੀ ਦੇ ਜਨਰਲ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ ਨੇ ਕਿਹਾ ਕਿ ਲੋਕਾਂ ਦੇ ਮਿਲੇ ਸਹਿਯੋਗ ਦੇ ਸਿਰ ’ਤੇ ਇਹ ਮੇਲਾ ਨਵੀਆਂ ਪੁਲਾਂਘਾਂ ਭਰਦਾ ਸਿਖਰਾਂ ਛੂਹੇਗਾ। ਇਸ ਮੌਕੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਵਿਛੜੇ ਸਾਹਤਿਕਾਰਾਂ, ਲੇਖਕਾਂ, ਕਵੀਆਂ ਨੂੰ ਕਮੇਟੀ ਵੱਲੋਂ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਕਿਹਾ ਕਿ 2 ਨਵੰਬਰ ਸਰਘੀ ਵੇਲੇ ਤੱਕ ਚੱਲਣ ਵਾਲਾ ਤਿੰਨ ਰੋਜ਼ਾ ‘ਮੇਲਾ ਗ਼ਦਰੀ ਬਾਬਿਆਂ ਦਾ’, ਗ਼ਦਰੀ ਬਾਬਿਆਂ ਦੀ ਵਿਰਾਸਤ ਅਤੇ ਅਜੋਕੀਆਂ ਚੁਣੌਤੀਆਂ ਨੂੰ ਸਮਰਪਤਿ ਹੋਣ ਕਾਰਨ ਸਾਡੇ ਸਮਿਆਂ ਦੇ ਭਖ਼ਦੇ ਮਸਲਿਆਂ ਨੂੰ ਉਭਾਰਨ ਵਿੱਚ ਅਹਿਮ ਯੋਗਦਾਨ ਪਾਏਗਾ। ਜਗਸੀਰ ਮਹਿਰਾਜ ਨੇ ਬਾਰੂ ਸਤਵਰਗ ਦੀ ਰਚਨਾ ਹੋਕਾ, ‘ਇਹ ਪੰਧ ਲੰਮੇਰਾ ਮੰਜ਼ਿਲ ਦਾ, ਕੰਡਿਆਂ ’ਤੇ ਤੁਰਨਾ ਪੈਂਦਾ ਏ’ ਬੁਲੰਦ ਆਵਾਜ਼ ਵਿੱਚ ਪੇਸ਼ ਕੀਤੀ। ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੈਂਬਰ ਅਤੇ ਇਤਿਹਾਸ ਕਮੇਟੀ ਦੇ ਕਨਵੀਨਰ ਹਰਵਿੰਦਰ ਭੰਡਾਲ ਨੇ ਮੰਚ ਸੰਚਾਲਨ ਕੀਤਾ। ਇਸ ਮੌਕੇ ਪੁਸਤਕ ਸਭਿਆਚਾਰ ਦੇ ਨਾਮ ’ਤੇ ਵਿਚਾਰ-ਚਰਚਾ ਹੋਈ। ਜਗਵਿੰਦਰ ਜੋਧਾ ਤੇ ਅਰਸ਼ ਨੇ ਸੋਸ਼ਲ ਮੀਡੀਆ ਦੇ ਹੱਲੇ ਨਾਲ ਜੁੜੇ ਸਵਾਲ ਕੀਤੇ। ਇਸ ਵਿਚਾਰ ਚਰਚਾ ’ਚ ਜਸਬੀਰ ਬੇਗ਼ਮਪੁਰੀ, ਅੰਮ੍ਰਤਿਦੀਪ ਕੌਰ, ਕੇਸਰ, ਅਰੁਣ ਤੋਂ ਇਲਾਵਾ ਡਾ. ਹਰਜਿੰਦਰ ਸਿੰਘ ਅਟਵਾਲ ਨੇ ਪੁਸਤਕ ਰਚਨਾ, ਵਿਸ਼ਾ-ਵਸਤੂ, ਪਾਠਕ ਵਰਗ ਬਾਰੇ ਵਿਚਾਰਾਂ ਕੀਤੀਆਂ। ਉਨ੍ਹਾਂ ਕਿਹਾ ਕਿ ਪੁਸਤਕ ਸਭਿਆਚਾਰ ਦਾ ਕੋਈ ਬਦਲ ਨਹੀਂ। ਅਨੇਕਾਂ ਦੁਸ਼ਵਾਰੀਆਂ ਦੇ ਬਾਵਜੂਦ ਜੇ ਇਸ ਧਰਤੀ ’ਤੇ ਅਨਿਆਂ ਰਹੇਗਾ ਅਤੇ ਮਨੁੱਖ ਦੀ ਆਜ਼ਾਦੀ ਨੂੰ ਗ੍ਰਹਿਣ ਲਾਉਣ ਦਾ ਯਤਨ ਕੀਤਾ ਜਾਏਗਾ ਤਾਂ ਚੇਤਨਾ ਦੀਆਂ ਮੋਮਬੱਤੀਆਂ ਬਣ ਕੇ ਕਤਿਾਬਾਂ ਵੀ ਜਗਦੀਆਂ ਰਹਿਣਗੀਆਂ। ਅਖੀਰ ’ਚ ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ ਨੇ ਪੁਸਤਕ ਸਭਿਆਚਾਰ ’ਚ ਵਿਸ਼ੇ ਦੇ ਤੱਤ ਅਤੇ ਕਲਾਤਮਕ ਪੱਖ ਦੇ ਸੁਮੇਲ ਦੀ ਮਹੱਤਤਾ ਬਾਰੇ ਜ਼ੋਰ ਦਿੱਤਾ। ਇਸ ਮੌਕੇ ਕਮੇਟੀ ਦੇ ਸਹਾਇਕ ਸਕੱਤਰ ਚਰੰਜੀ ਲਾਲ ਕੰਗਣੀਵਾਲ, ਖ਼ਜ਼ਾਨਚੀ ਸੀਤਲ ਸਿੰਘ ਸੰਘਾ, ਕਮੇਟੀ ਮੈਂਬਰ ਸੁਰਿੰਦਰ ਕੁਮਾਰੀ ਕੋਛੜ, ਮੰਗਤ ਰਾਮ ਪਾਸਲਾ, ਡਾ. ਪਰਮਿੰਦਰ, ਰਾਮਿੰਦਰ ਪਟਿਆਲਾ ਹਾਜ਼ਰ ਸਨ।

Advertisement

Advertisement
Author Image

joginder kumar

View all posts

Advertisement
Advertisement
×