ਮੇਲਾ ਗ਼ਦਰੀ ਬਾਬਿਆਂ ਦਾ: ਦੁਨੀਆ ਨੂੰ ਤੀਜੀ ਵਿਸ਼ਵ ਜੰਗ ਵੱਲ ਧੱਕਿਆ ਜਾ ਰਿਹੈ: ਅਰੁੰਧਤੀ
ਪਾਲ ਸਿੰਘ ਨੌਲੀ
ਜਲੰਧਰ, 9 ਨਵੰਬਰ
ਦੇਸ਼ ਭਗਤ ਯਾਦਗਾਰ ਹਾਲ ਵਿੱਚ ਚੱਲ ਰਹੇ ਗਦਰੀ ਬਾਬਿਆਂ ਦੇ 33ਵੇਂ ਮੇਲੇ ਵਿੱਚ ਉੱਘੀ ਲੇਖਿਕਾ ਅਰੁੰਧਤੀ ਰਾਏ ਨੇ ਕਿਹਾ ਕਿ ਦੁਨੀਆਂ ਨੂੰ ਤੀਜੀ ਵਿਸ਼ਵ ਜੰਗ ਵੱਲ ਧੱਕਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਵੀ ਅਮਰੀਕਾ ਮੰਦਹਾਲੀ ਦੇ ਦੌਰ ਵਿੱਚੋਂ ਲੰਘਦਾ ਹੈ ਤਾਂ ਉਹ ਦੁਨੀਆਂ ਦੇ ਮੁਲਕਾਂ ਨੂੰ ਵਿਸ਼ਵ ਜੰਗ ਵੱਲ ਧੱਕ ਦਿੰਦਾ ਹੈ। ਅਰੁੰਧਤੀ ਰਾਏ ਨੇ ਕਿਹਾ ਕਿ ਜੰਗ ਨਾਲ ਲੋਕਾਂ ਲਈ ਵੱਡੀਆਂ ਸਮੱਸਿਆਵਾਂ ਪੈਦਾ ਹੋ ਜਾਣਗੀਆਂ ਅਤੇ ਬਹੁਤ ਕੁਝ ਬਦਲ ਜਾਵੇਗਾ।
ਹੁਣ ਵੀ ਇਕ ਪਾਸੇ ਇਜ਼ਰਾਈਲ ਤੇ ਫਲਸਤੀਨ ਵਿਚਾਲੇ ਲੜਾਈ ਚੱਲ ਰਹੀ ਹੈ, ਯੂਕਰੇਨ ਤੇ ਰੂਸ ਵਿਚਾਲੇ ਜੰਗ ਚੱਲ ਰਹੀ ਹੈ ਅਤੇ ਇਰਾਨ ’ਤੇ ਹਮਲੇ ਹੋ ਰਹੇ ਹਨ।
ਉਨ੍ਹਾਂ ਕਿਹਾ ਕਿ ਭਾਰਤ ਕਿਸੇ ਵੇਲੇ ਫਲਸਤੀਨ ਦਾ ਦੋਸਤ ਸੀ, ਜੋ ਕਿ ਹੁਣ ਹਥਿਆਰ ਵੇਚਣ ਦੇ ਰਾਹ ਪੈ ਗਿਆ ਹੈ। ਉਨ੍ਹਾਂ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਇਕਜੁੱਟ ਹੋਣ ਕਿਉਂਕਿ ਲੋਕ ਜਦੋਂ ਇਕਜੁੱਟ ਹੁੰਦੇ ਹਨ ਤਾਂ ਉਹ ਵੱਡੀ ਤੋਂ ਵੱਡੀ ਲੜਾਈ ਜਿੱਤ ਲੈਂਦੇ ਹਨ। ਕਿਸਾਨ ਅੰਦੋਲਨ ਨੇ ਇਹ ਸਾਰਾ ਕੁਝ ਕਰ ਕੇ ਦਿਖਾਇਆ ਹੈ ਜਿਸ ਨੂੰ ਦੁਨੀਆਂ ਭਰ ਦੇ ਮੁਲਕਾਂ ਨੇ ਰੀਝ ਨਾਲ ਦੇਖਿਆ ਹੈ।
ਮੇਲੇ ਦੇ ਦੂਸਰੇ ਮੁੱਖ ਬੁਲਾਰੇ ਡਾ. ਪ੍ਰਬੀਰ ਨੇ ਕਿਹਾ ਕਿ ਮੀਡੀਆ ਨਿਊਜ਼ ਕਲਿੱਕ ਦੀ ਆਵਾਜ਼ ਬੰਦ ਕਰਨ ਦੀ ਕੋਸ਼ਿਸ਼ ਇਸ ਕਰ ਕੇ ਕੀਤੀ ਗਈ ਕਿਉਂਕਿ ਉਹ ਲੋਕਾਂ ਦੀ ਆਵਾਜ਼ ਬਣਨ ਲਈ ਹਮੇਸ਼ਾ ਸੁਹਿਰਦ ਰਿਹਾ ਹੈ। ਹੁਕਮਰਾਨਾਂ ਨੂੰ ਅਕਸਰ ਇਹ ਭੁਲੇਖਾ ਹੁੰਦਾ ਹੈ ਕਿ ਮੀਡੀਆ ਉਹੀ ਕਹੇ ਜੋ ਉਨ੍ਹਾਂ ਨੂੰ ਪ੍ਰਵਾਨ ਹੁੰਦਾ ਹੈ। ਪਹਿਲਾਂ ਐਮਰਜੈਂਸੀ ਦੇ ਦੌਰ ਵਿੱਚ ਵੀ ਲੋਕ ਹਕੂਮਤੀ ਹੱਲੇ ਦਾ ਸ਼ਿਕਾਰ ਹੋਏ ਅਤੇ ਹੁਣ ਵਾਲੀ ਹਕੂਮਤ ਨੇ ਵੀ ਉਨ੍ਹਾਂ ਦੀ ਕਲਮ ਨੂੰ ਨਿਸ਼ਾਨਾ ਬਣਾਇਆ ਹੈ। ਇਹ ਵਰਤਾਰਾ ਦਰਸਾਉਂਦਾ ਹੈ ਕਿ ਮੋਦੀ ਹਕੂਮਤ ਦਾ ਬਦਲ ਕੋਈ ਵੀ ਹਾਕਮ ਜਮਾਤੀ ਗੱਠਜੋੜ ਨਹੀਂ ਸਿਰਫ਼ ਲੋਕ ਹੀ ਇਸ ਦਾ ਬਦਲ ਹੋ ਸਕਦੇ ਹਨ। ਇਸ ਤੋਂ ਪਹਿਲਾਂ ਅੱਜ ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੈਂਬਰ ਹਰਦੇਵ ਅਰਸ਼ੀ ਵੱਲੋਂ ਗ਼ਦਰੀ ਪਾਰਟੀ ਦਾ ਝੰਡਾ ਲਹਿਰਾਇਆ ਗਿਆ।
ਇਸ ਮੌਕੇ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ, ਮੀਤ ਪ੍ਰਧਾਨ ਕੁਲਵੰਤ ਸਿੰਘ ਸੰਧੂ, ਸਹਾਇਕ ਸਕੱਤਰ ਚਰੰਜੀ ਲਾਲ ਕੰਗਣੀਵਾਲ, ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਮੌਜੂਦ ਸਨ। ਕਮੇਟੀ ਦੇ ਜਨਰਲ ਸਕੱਤਰ ਮਾੜੀਮੇਘਾ ਨੇ ਕਿਹਾ ਕਿ ਦੇਸ਼ ਭਗਤ ਯਾਦਗਾਰ ਹਾਲ ਲੋਕਾਂ ਦਾ ਹੈ। ਇਹ ਮੇਲਾ ਵੀ ਲੋਕਾਂ ਵੱਲੋਂ ਤੇ ਲੋਕਾਂ ਲਈ ਹੈ। ਇਹ ਮੇਲਾ ਹਰ ਸਾਲ ਨਵੀਆਂ ਪਿਰਤਾਂ ਪਾ ਰਿਹਾ ਹੈ।
ਵਾਤਾਵਰਨ ਦੀ ਸੰਭਾਲ ਤੇ ਕਿਸਾਨੀ ਸੰਕਟ ’ਤੇ ਚਰਚਾ
ਬਾਬਾ ਜਵਾਲਾ ਸਿੰਘ ਆਡੀਟੋਰੀਅਮ ਵਿੱਚ ਖੇਤੀ, ਪਾਣੀ ਅਤੇ ਵਾਤਾਵਰਨ ਸੰਕਟ ’ਤੇ ਕਮੇਟੀ ਪ੍ਰਧਾਨ ਅਜਮੇਰ ਸਿੰਘ ਦੀ ਪ੍ਰਧਾਨਗੀ ਹੇਠ ਵਿਚਾਰ ਚਰਚਾ ਹੋਈ। ਚਿੰਤਕਾਂ ਨੇ ਪੰਜਾਬ ਦੇ ਡੂੰਘੇ ਹੁੰਦੇ ਜਾ ਰਹੇ ਕਿਸਾਨੀ ਦੇ ਸੰਕਟ ਅਤੇ ਕਾਰਪੋਰੇਟ ਘਰਾਣਿਆਂ ਦੇ ਹੱਥੀਂ ਚੜ੍ਹੀ ਸਰਕਾਰ ਦੇ ਨਾਂਹ-ਪੱਖੀ ਰਵੱਈਏ ’ਤੇ ਚਿੰਤਾ ਪ੍ਰਗਟਾਈ ਅਤੇ ਧਰਤੀ ਹੇਠਲੇ ਪਾਣੀ ਦੀ ਲੋੜ ਤੋਂ ਜ਼ਿਆਦਾ ਹੋ ਰਹੀ ਖ਼ਪਤ ਤੇ ਸਰਕਾਰ ਵੱਲੋਂ ਨਹਿਰੀ ਪਾਣੀ ਮੁਹੱਈਆ ਨਾ ਕਰਵਾਏ ਜਾਣ ਦੀ ਨਿਖੇਧੀ ਕੀਤੀ। ਉਨ੍ਹਾਂ ਜ਼ਹਿਰੀਲੀ ਹੁੰਦੀ ਜਾ ਰਹੀ ਮਿੱਟੀ ਤੋਂ ਇਨਸਾਨੀ ਸਿਹਤ ’ਤੇ ਪੈਂਦੇ ਪ੍ਰਭਾਵ ਨੂੰ ਉਭਾਰਦਿਆਂ ਵਾਤਾਵਰਨ ਦੀ ਸੰਭਾਲ ਲਈ ਜ਼ਿੰਮੇਵਾਰ ਸੰਸਥਾਵਾਂ ਨੂੰ ਵਧੇਰੇ ਸੰਵੇਦਨਸ਼ੀਲ ਹੋਣ ਲਈ ਕਿਹਾ।