ਵਰਤਮਾਨ ਚੁਣੌਤੀਆਂ ਨੂੰ ਸਮਰਪਿਤ ਹੋਵੇਗਾ ਮੇਲਾ ਗ਼ਦਰੀ ਬਾਬਿਆਂ ਦਾ
ਪੱਤਰ ਪ੍ਰੇਰਕ
ਜਲੰਧਰ, 26 ਅਕਤੂਬਰ
ਗ਼ਦਰੀ ਬਾਬਿਆਂ ਦੀ ਵਿਰਾਸਤ ਅਤੇ ਵਰਤਮਾਨ ਚੁਣੌਤੀਆਂ ਨੂੰ ਸਮਰਪਿਤ 32ਵਾਂ ‘ਮੇਲਾ ਗ਼ਦਰੀ ਬਾਬਿਆਂ ਦਾ’ ਸਾਹਿਤ, ਸਮਾਜ, ਕਲਾ ਅਤੇ ਸੰਗਰਾਮ ਦੇ ਰਿਸ਼ਤੇ ਦਾ ਯਾਦਗਾਰੀ ਇਤਿਹਾਸਕ ਉਤਸਵ ਹੋਵੇਗਾ। ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ, ਸਹਾਇਕ ਸਕੱਤਰ ਚਰੰਜੀ ਲਾਲ ਕੰਗਣੀਵਾਲ, ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਅਤੇ ਕਮੇਟੀ ਮੈਂਬਰ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਇਸ ਮੇਲੇ ਵਿੱਚ ਗ਼ਦਰੀ ਬਾਬਿਆਂ ਦੀ ਵਿਰਾਸਤ, ਆਜ਼ਾਦੀ, ਬਰਾਬਰੀ ਅਤੇ ਧਰਮ-ਨਿਰਪੱਖਤਾ ਉੱਪਰ ਸਾਮਰਾਜੀ, ਮੁਲਕ ਦੇ ਕਾਰਪੋਰੇਟ ਘਰਾਣਿਆਂ ਅਤੇ ਫ਼ਿਰਕੂ ਤਾਕਤਾਂ ਦੀਆਂ ਮੌਜੂਦਾ ਚੁਣੌਤੀਆਂ ਨੂੰ ਪਛਾੜਨ ਲਈ ਸਮੂਹ ਲੋਕਾਂ ਨੂੰ ਇਕਜੁੱਟ ਹੋਣ ਦਾ ਹੋਕਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਦੇਸ਼ ਭਗਤ ਯਾਦਗਾਰ ਹਾਲ ਦੇ ਮੁੱਖ ਦਾਖ਼ਲਾ ਗੇਟ ਨੂੰ ਗ਼ਦਰ ਪਾਰਟੀ ਦੇ ਬਾਨੀਆਂ ’ਚ ਸ਼ੁਮਾਰ ਪ੍ਰੋ. ਬਰਕਤ ਉੱਲਾ ਨਗਰ ਅਤੇ ਮੇਲੇ ਦਾ ਪ੍ਰਮੁੱਖ ਪੰਡਾਲ ਗ਼ਦਰੀ ਗੁਲਾਬ ਬੀਬੀ ਗੁਲਾਬ ਕੌਰ ਦੇ ਨਾਂ ਹੋਵੇਗਾ।ਕਮੇਟੀ ਆਗੂਆਂ ਨੇ ਕਿਹਾ ਕਿ ‘30 ਅਕਤੂਬਰ ਦੀ ਸ਼ਾਮ ਪੁਸਤਕ ਸੱਭਿਆਚਾਰ ਦੇ ਨਾਮ’ ਨਾਲ਼ ਮੇਲੇ ਦਾ ਆਗਾਜ਼ ਹੋਵੇਗਾ। 31 ਅਕਤੂਬਰ ਕੁਇਜ਼ ਅਤੇ ਪੇਂਟਿੰਗ ਮੁਕਾਬਲਾ ਹੋਵੇਗਾ। 31 ਅਕਤੂਬਰ ਦੁਪਹਿਰ 1.30 ਵਜੇ ਵਿਚਾਰ-ਚਰਚਾ ’ਚ ਤੀਸਤਾ ਸੀਤਲਵਾੜ (ਮਹਾਰਾਸ਼ਟਰ), ਹਿੰਦੀ ਕਵੀ, ਆਲੋਚਕ, ‘ਵਸੁਧਾ’ ਹਿੰਦੀ ਪੱਤ੍ਰਿਕਾ ਦੇ ਸੰਪਾਦਕ ਵਨਿੀਤ ਤਿਵਾੜੀ (ਮੱਧ ਪ੍ਰਦੇਸ਼) ਮੁੱਖ ਵਕਤਾ ਹੋਣਗੇ। ਪਹਿਲੀ ਨਵੰਬਰ ਨੂੰ ਸਵੇਰੇ 10 ਵਜੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਸੀਨੀਅਰ ਟਰੱਸਟੀ ਸੁਰਿੰਦਰ ਕੁਮਾਰੀ ਕੋਛੜ ਗ਼ਦਰ ਪਾਰਟੀ ਦਾ ਝੰਡਾ ਲਹਿਰਾਉਣਗੇ।