ਗ਼ਦਰ: ਖ਼ਾਮੋਸ਼ ਹੋ ਗਈ ਲੋਕ ਆਵਾਜ਼
ਕ੍ਰਿਸ਼ਨ ਕੁਮਾਰ ਰੱਤੂ
“ਇਹ ਭੁੱਖੇ ਪੇਟ ਦੀ ਅੱਗ ਹੈ
ਸਾਨੂੰ ਸੂਰਜ ਨੂੰ ਜਗਾਉਣਾ ਪਵੇਗਾ
ਅਸੀਂ ਉਹ ਹਾਂ
ਜੋ ਸੂਰਜ ਨੂੰ ਜਗਾਉਂਦੇ ਹਾਂ
ਜਿੰਨਾ ਚਿਰ ਮਨੁੱਖ ਭੁੱਖਾ ਹੈ
ਭੁੱਖੇ ਪੇਟ ਦੀ ਅੱਗ
ਇਸ ਦੇਸ਼ ਵਿੱਚ ਜਦੋਂ
ਹਰ ਕੋਈ ਅਨਾਜ ’ਤੇ ਨਿਰਭਰ ਹੈ
ਕਾਣੀ ਵੰਡ ਕਿਉਂ?
ਆਓ ਦੋਸਤੋ
ਇਕੱਠੇ ਆਏ
ਉਸਦੀ ਕਹਾਣੀ ਸੁਣੋ
ਹੁਣ ਇਸ ਦੇਸ਼ ਵਿੱਚ ਰੋਟੀ ਮਹਿੰਗੀ ਹੋ ਗਈ ਹੈ।
ਆਦਮੀ ਸਸਤਾ ਹੈ
ਇਹ ਗਦਰ, ਭਾਵ ਗੁੰਮਡੀ ਵਿਟਲ ਰਾਓ ਦੇ ਸ਼ਬਦ ਹਨ ਜੋ ਉਸ ਨੇ ਆਪਣੇ ਹੁਨਰ ਦੇ ਜਾਦੂ ਨਾਲ ਹਰ ਸਟੇਜ ’ਤੇ ਗਾਏ। ਗਦਰ ਆਪਣੇ ਜਾਦੂਈ ਗੀਤ ਤੇ ਸੰਗੀਤ ਸਦਕਾ ਹੀ ਜ਼ਿੰਦਗੀ ਲਈ ਲੜ ਰਹੇ ਲੋਕਾਂ ਦੀ ਆਵਾਜ਼ ਸੀ। ਉਸ ਨੇ ਆਪਣੇ ਗੀਤਾਂ ਰਾਹੀਂ ਲੋਕ ਸੱਭਿਆਚਾਰਕ ਕ੍ਰਾਂਤੀ ਦੀ ਸ਼ੁਰੂਆਤ ਕੀਤੀ ਸੀ।
ਉਹ ਆਂਧਰਾ ਅਤੇ ਤੇਲੰਗਾਨਾ ਭਾਵ ਤੈਲਗੂ ਭਾਸ਼ਾ ਦਾ ਪ੍ਰਸਿੱਧ ਲੋਕ ਗਾਇਕ ਅਤੇ ਗੀਤਕਾਰ ਸੀ। ਉਸ ਦਾ ਹੈਦਰਾਬਾਦ ਦੇ ਇੱਕ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਉਸ ਦੀ ਮੌਤ ਦੀ ਖ਼ਬਰ ਸਾਰੇ ਭਾਰਤ ਵਿੱਚ ਜੰਗਲ ਦੀ ਅੱਗ ਵਾਂਗ ਫੈਲ ਗਈ। ਉਸ ਦੀ ਪ੍ਰਸਿੱਧੀ ਲੋਕ ਆਵਾਜ਼ ਦੇ ਮੰਚ ’ਤੇ ਇੱਕ ਕ੍ਰਾਂਤੀਕਾਰੀ ਲੋਕ ਗਾਇਕ ਵਜੋਂ ਸੀ ਜਿਸ ਨੇ ਆਪਣੇ ਦਮ ’ਤੇ ਲੋਕਾਂ ਨੂੰ ਬੋਲਣ ਦੇ ਯੋਗ ਬਣਾਇਆ। ਉਸ ਵਿੱਚ ਆਮ ਆਦਮੀ ਦੀ ਆਵਾਜ਼ ਬੁਲੰਦ ਕਰਨ ਦਾ ਜਜ਼ਬਾ ਆਖ਼ਰੀ ਸਾਹ ਤੱਕ ਜ਼ਿੰਦਾ ਰਿਹਾ।
ਗਦਰ ਦੇ ਨਾਂ ਨਾਲ ਮਸ਼ਹੂਰ ਗੁੰਮਡੀ ਵਿਟਲ ਰਾਓ ਪਿਛਲੇ ਦਿਨਾਂ ਤੋਂ ਕਈ ਬਿਮਾਰੀਆਂ ਤੋਂ ਪੀੜਤ ਸੀ। ਅਚਾਨਕ ਸਦੀਵੀ ਚੁੱਪ ਹੋ ਗਏ ਇਸ ਕਲਾਕਾਰ ਨੂੰ ਤੇਲੰਗਾਨਾ ਦਾ ਚੜ੍ਹਦਾ ਸੂਰਜ ਕਿਹਾ ਜਾਂਦਾ ਸੀ। 1980ਵਿਆਂ ਮਗਰੋਂ ਗਦਰ ਨੇ ਖੱਬੇ ਪੱਖੀ ਲਹਿਰ ਲਈ ਸਟੇਜ ਅਤੇ ਸੱਭਿਆਚਾਰਕ ਸਰਗਰਮੀਆਂ ਸ਼ੁਰੂ ਕੀਤੀਆਂ ਅਤੇ ਫਿਰ ਪਿੱਛੇ ਮੁੜ ਕੇ ਨਹੀਂ ਦੇਖਿਆ।
ਤੇਲੰਗਾਨਾ ਰਾਜ ਅੰਦੋਲਨ ਦੌਰਾਨ ਇਨਕਲਾਬੀ ਗੀਤਾਂ ਦੀ ਉਸ ਦੀ ਆਵਾਜ਼ ਬਹੁਤ ਮਸ਼ਹੂਰ ਰਹੀ ਹੈ।
ਉਹ 1949 ਵਿੱਚ ਟੋਪਰਾਨ ਮੇਂਡੁਕ ਵਿੱਚ ਪੈਦਾ ਹੋਇਆ ਸੀ। ਉਸ ਨੇ ਇੰਜੀਨੀਅਰਿੰਗ ਦੀ ਪੜ੍ਹਾਈ ਕੀਤੀ, ਪਰ ਸਿਸਟਮ ਵਿੱਚ ਤਬਦੀਲੀ ਦੀ ਤਾਂਘ ਕਾਰਨ ਨਕਸਲਬਾੜੀ ਅੰਦੋਲਨ ਵਿੱਚ ਸ਼ਾਮਲ ਹੋ ਗਿਆ, ਫਿਰ ਮਾਓਵਾਦੀਆਂ ਨਾਲ ਵੀ ਰਿਹਾ ਅਤੇ ਆਖ਼ਰਕਾਰ ਖੱਬੇਪੱਖੀ ਪਾਰਟੀਆਂ ਦੇ ਸੰਪਰਕ ਵਿੱਚ ਆਇਆ ਅਤੇ ਜ਼ਮੀਨੀ ਪੱਧਰ ’ਤੇ ਕੰਮ ਕੀਤਾ। ਉਹ ਮਗਰੋਂ ਇਸ ਤੋਂ ਨਿਰਾਸ਼ ਹੋ ਕੇ ਤੇਲੰਗਾਨਾ ਅੰਦੋਲਨ ਨਾਲ ਜੁੜ ਗਿਆ ਅਤੇ ਆਖ਼ਰ ਪਿਛਲੇ 10 ਸਾਲਾਂ ਤੋਂ ਅੰਬੇਡਕਰ ਦਰਸ਼ਨ ਅੰਦੋਲਨ ਨਾਲ ਜੁੜਿਆ ਰਿਹਾ।
ਇਨ੍ਹੀਂ ਦਿਨੀਂ ਉਨ੍ਹਾਂ ਨੂੰ ਮਹਿਸੂਸ ਹੋਣ ਲੱਗਾ ਸੀ ਕਿ ਡਾ. ਅੰਬੇਡਕਰ ਦੇ ਸੰਵਿਧਾਨਕ ਇਨਸਾਫ਼ ਮਾਰਗ ’ਤੇ ਚੱਲ ਕੇ ਹੀ ਦਲਿਤ ਦੱਬੇ-ਕੁਚਲੇ ਲੋਕਾਂ ਦੀ ਆਵਾਜ਼ ਬੁਲੰਦ ਕੀਤੀ ਜਾ ਸਕਦੀ ਹੈ।
ਗੁੰਮਡੀ ਵਿਟਲ ਰਾਓ ਨੇ ਲੱਖਾਂ ਲੋਕਾਂ ਦੀ ਭੀੜ ਦੇ ਸਾਹਮਣੇ ਹਜ਼ਾਰਾਂ ਗੀਤ ਗਾਏ ਜਿਨ੍ਹਾਂ ਵਿੱਚ ਉਹ ਭੁੱਖੇ ਢਿੱਡ ਅਤੇ ਭ੍ਰਿਸ਼ਟ ਤੰਤਰ ਦੀ ਗੱਲ ਕਰਦਾ ਸੀ। ਇਸੇ ਕਰਕੇ ਉਸ ਨੂੰ ਲੋਕ ਗਾਇਕਾਂ ਦਾ ਸਾਥ ਮਿਲਿਆ ਜੋ ਸਮੇਂ ਦੇ ਨਾਲ ਬਦਲਣਾ ਚਾਹੁੰਦੇ ਸਨ। ਉਸ ਨੇ ਆਪਣੇ ਲਾਲ ਸਾਫੇ ਅਤੇ ਹੱਥ ਵਿੱਚ ਇੱਕ ਵੱਡੀ ਸੋਟੀ ਲੈ ਕੇ ਆਪਣੀ ਉਮਰ ਦੀ ਪਛਾਣ ਬਣਾਈ ਰੱਖੀ। ਭਾਵੇਂ ਬਾਅਦ ਵਿੱਚ ਉਸ ਨੇ ਇਹ ਪਛਾਣ ਬਦਲ ਲਈ, ਪਰ ਉਹ ਖੱਬੇਪੱਖੀਆਂ ਦੀ ਆਵਾਜ਼ ਲਈ ਲੜਦਾ ਰਿਹਾ।
ਉਸ ਦੇ 77 ਸਾਲ ਦੀ ਉਮਰ ਵਿੱਚ ਇਸ ਦੁਨੀਆਂ ਨੂੰ ਅਲਵਿਦਾ ਕਹਿ ਜਾਣ ਨਾਲ ਤੈਲਗੂ ਫਿਲਮ ਸਨਅਤ ਦਾ ਇੱਕ ਉਮਦਾ ਕਲਾਕਾਰ ਗੁਆਚ ਗਿਆ ਹੈ। ਇਹ ਜ਼ਿਕਰਯੋਗ ਹੈ ਕਿ ਗਾਇਕ ਗਦਰ ਬਣਨ ਤੋਂ ਪਹਿਲਾਂ ਉਹ ਕੱਟੜ ਨਕਸਲੀ ਸੀ ਜੋ ਜੰਗਲਾਂ ਸਮੇਤ ਹੋਰ ਥਾਵਾਂ ’ਤੇ ਰੂਪੋਸ਼ ਰਿਹਾ। 2018 ਵਿੱਚ ਗਦਰ ਨੇ ਆਪਣੀ ਜ਼ਿੰਦਗੀ ਵਿੱਚ ਪਹਿਲੀ ਵਾਰ ਵਿਧਾਨ ਸਭਾ ਦੀਆਂ ਚੋਣਾਂ ਲਈ ਵੋਟ ਪਾਈ ਸੀ ਜਦੋਂਕਿ ਇਸ ਤੋਂ ਪਹਿਲਾਂ ਉਸ ਨੇ ਹਮੇਸ਼ਾ ਚੋਣਾਂ ਦਾ ਬਾਈਕਾਟ ਕੀਤਾ ਸੀ।
ਗਦਰ ਨੇ ਸਭ ਪਾਸਿਉਂ ਨਿਰਾਸ਼ ਹੋ ਕੇ ਆਪਣੀ ਸਿਆਸੀ ਪਾਰਟੀ ਤੇਲੰਗਾਨਾ ਪ੍ਰਜਾ ਫਰੰਟ ਬਣਾਈ ਜਿਸ ਖ਼ਾਤਰ ਉਹ ਇਸ ਸਮੇਂ ਕੰਮ ਕਰ ਰਿਹਾ ਸੀ। ਸ਼ੁਰੂਆਤੀ ਦੌਰ ਵਿੱਚ ਉਸ ਨੇ ਭਾਰਤੀ ਕਮਿਊਨਿਸਟ ਪਾਰਟੀ ਐਮ ਐਲ ਅਤੇ ਪੀਪਲਜ਼ ਵਾਰ ਵਿੱਚ ਵੀ ਕੰਮ ਕੀਤਾ। ਇਸ ਸਦਕਾ ਉਹ ਭੀੜ ਨੂੰ ਆਕਰਸ਼ਿਤ ਕਰਨ ਦੀ ਆਪਣੀ ਜਾਦੂਈ ਕਲਾ ਲਈ ਪ੍ਰਸਿੱਧ ਹੋ ਗਿਆ। ਉਹ ਕਈ ਵਾਰ ਗੋਲੀਆਂ ਲੱਗਣ ਤੋਂ ਬਚਿਆ, ਪਰ 1997 ਵਿੱਚ ਰੀੜ੍ਹ ਦੀ ਹੱਡੀ ਵਿੱਚ ਲੱਗੀਆਂ ਗੋਲੀਆਂ ਵਿੱਚੋਂ ਇੱਕ ਗੋਲੀ ਉਸ ਦੇ ਸਰੀਰ ਵਿੱਚ ਹੀ ਰਹਿ ਗਈ ਸੀ।
2010 ਤੱਕ ਉਹ ਨਕਸਲੀ ਲਹਿਰ ਵਿੱਚ ਸਰਗਰਮ ਰਿਹਾ। ਬਾਅਦ ਵਿੱਚ ਉਹ ਡਾ. ਅੰਬੇਡਕਰ ਦੇ ਫਲਸਫ਼ੇ ਦੇ ਪ੍ਰਭਾਵ ਵਿੱਚ ਆਇਆ। ਦਲਿਤ ਹੋਣ ਨਾਤੇ ਉਹ ਚੰਗੀ ਤਰ੍ਹਾਂ ਜਾਣਦਾ ਸੀ ਕਿ ਜ਼ਿੰਦਗੀ ਦਾ ਸੰਘਰਸ਼ ਅਤੇ ਬਦਲਾਅ ਕੀ ਹੋ ਸਕਦਾ ਹੈ।
ਉਸ ਨੇ ਤੈਲਗੂ ਭਾਸ਼ਾ ਦੀਆਂ ਕਈ ਅਜਿਹੀਆਂ ਫਿਲਮਾਂ ਵਿੱਚ ਕੰਮ ਕੀਤਾ ਜੋ ਬਹੁਤ ਪ੍ਰਸਿੱਧ ਹੋਈਆਂ। 1979 ਵਿੱਚ ਆਈ ਤੈਲਗੂ ਫਿਲਮ ਮਾਬੂਮੀ ਵਿੱਚ ਗਾਇਆ ਉਸ ਦਾ ਇੱਕ ਗੀਤ ਲੋਕਾਂ ਨੇ ਕਾਫ਼ੀ ਪਸੰਦ ਕੀਤਾ ਸੀ। ਉਸ ਨੇ ਫਿਲਮਾਂ ਵਿੱਚ ਪਿੱਠਵਰਤੀ ਗਾਇਕ ਵਜੋਂ ਕੰਮ ਕੀਤਾ।
ਸਟੇਜ ’ਤੇ ਉਸ ਦੀ ਪੇਸ਼ਕਾਰੀ ਇੰਨੀ ਜ਼ਬਰਦਸਤ ਹੁੰਦੀ ਸੀ ਕਿ ਦਰਸ਼ਕ ਦੂਰ-ਦੂਰ ਤੋਂ ਦੇਖਣ ਆਉਂਦੇ।
ਉਨ੍ਹਾਂ ਨੂੰ ਸਰਵੋਤਮ ਆਵਾਜ਼ ਕਲਾਕਾਰ ਦੇ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਉਹ ਕਹਿੰਦਾ ਸੀ ਕਿ ਉਸ ਦਾ ਕਿਸੇ ਐਵਾਰਡ ਵਿੱਚ ਕੋਈ ਕੰਮ ਨਹੀਂ, ਪਰ 1995 ਵਿੱਚ ਉਸ ਨੂੰ ਤੈਲਗੂ ਫਿਲਮਾਂ ਵਿੱਚ ਸਰਵੋਤਮ ਗੀਤਕਾਰ ਦਾ ਨੰਦੀ ਪੁਰਸਕਾਰ ਦਿੱਤਾ ਗਿਆ। ਉਸ ਨੂੰ ਜੈ ਬੋਲੋ ਤੇਲੰਗਾਨਾ ਲਈ 2011 ਵਿੱਚ ਸਰਵੋਤਮ ਪਿੱਠਵਰਤੀ ਗਾਇਕ ਦੇ ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ। ਉਹ ਅੰਗਰੇਜ਼ੀ, ਤੈਲਗੂ, ਹਿੰਦੀ ਅਤੇ ਕੰਨੜ ਭਾਸ਼ਾਵਾਂ ਵਿੱਚ ਨਾਲੋ-ਨਾਲ ਗਾ ਸਕਦਾ ਸੀ। ਇੱਕ ਵਾਰ ਉਸ ਨੇ ਕਿਹਾ ਸੀ ਕਿ ਉਹ ਪੰਜਾਬੀ ਕ੍ਰਾਂਤੀਕਾਰੀ ਗੀਤ ਵੀ ਗਾਉਣਾ ਚਾਹੁੰਦਾ ਹੈ, ਪਰ ਉਸ ਦੀ ਇੱਛਾ ਪੂਰੀ ਨਹੀਂ ਹੋ ਸਕੀ।
ਅਜੋਕੇ ਦੌਰ ਵਿੱਚ ਹਰ ਕਿਸੇ ਦਾ ਸਿਆਸੀ ਪਾਰਟੀਆਂ ਤੋਂ ਵਿਸ਼ਵਾਸ ਉੱਠ ਰਿਹਾ ਹੈ, ਪਰ ਗਦਰ ਦੀ ਆਵਾਜ਼ ਲੋਕਾਂ ਨੂੰ ਸੱਚ ਅਤੇ ਇਸ ਲਈ ਸੰਘਰਸ਼ ਦਾ ਅਹਿਸਾਸ ਕਰਵਾਉਂਦੀ ਸੀ। ਉਹ ਤੇਲੰਗਾਨਾ ਲਈ ਇੱਕ ਪਛਾਣ ਸੀ। ਅਜਿਹੇ ਲੋਕ ਕਲਾਕਾਰ, ਸੰਘਰਸ਼ਸ਼ੀਲ ਸ਼ਖ਼ਸ ਅਤੇ ਲੋਕਾਂ ਦੇ ਹਮਦਰਦ ਨੂੰ ਸਿਜਦਾ ਕਰਨਾ ਬਣਦਾ ਹੈ।
* ਲੇਖਕ ਹਿੰਦੀ ਪੰਜਾਬੀ ਦਾ ਪ੍ਰਸਿੱਧ ਲੇਖਕ ਅਤੇ ਭਾਰਤੀ ਦੂਰਦਰਸ਼ਨ ਦਾ ਡਿਪਟੀ ਡਾਇਰੈਕਟਰ ਜਨਰਲ ਰਿਹਾ ਹੈ।
ਸੰਪਰਕ: 94787-30156