ਮਨਿਸਟੀਰੀਅਲ ਕਾਮਿਆਂ ਵੱਲੋਂ ‘ਘੜਾ ਭੰਨ’ ਪ੍ਰਦਰਸ਼ਨ
ਸ਼ਗਨ ਕਟਾਰੀਆ
ਬਠਿੰਡਾ, 4 ਦਸੰਬਰ
ਸੰਘਰਸ਼ਕਾਰੀ ਪੰਜਾਬ ਸਟੇਟ ਮਨਿਸਟਰੀਅਲ ਸਰਵਿਸ ਯੂਨੀਅਨ ਨੇ ਅੱਜ ਇੱਥੇ ਮਿਨੀ ਸਕੱਤਰੇਤ ਅੱਗੇ ਰਾਜ ਸਰਕਾਰ ਖ਼ਿਲਾਫ਼ ‘ਘੜਾ ਭੰਨ’ ਪ੍ਰਦਰਸ਼ਨ ਕੀਤਾ। ਇਸ ਤੋਂ ਪਹਿਲਾਂ ਉਨ੍ਹਾਂ ਕਰੀਬ ਹੀ ਸਥਿਤ ਬੱਸ ਅੱਡੇ ਤੱਕ ਰੋਸ ਮਾਰਚ ਕੀਤਾ। ਜ਼ਿਲ੍ਹਾ ਪ੍ਰਧਾਨ ਰਾਜਵੀਰ ਸਿੰਘ ਮਾਨ ਅਤੇ ਜਨਰਲ ਸਕੱਤਰ ਸੁਰਜੀਤ ਸਿੰਘ ਖਿੱਪਲ ਦੀ ਅਗਵਾਈ ’ਚ ਇਕੱਠੇ ਹੋਏ ਕਰਮਚਾਰੀਆਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਇਕੱਠੇ ਹੋਏ। ਇੱਥੋਂ ਹੀ ਰੋਸ ਮਾਰਚ ਕੀਤਾ ਗਿਆ।
ਇਸ ਮੌਕੇ ਆਗੂਆਂ ਨੇ ਐਲਾਨ ਕੀਤਾ ਕਿ ਜਦੋਂ ਤਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ, ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਮੰਗ ਕੀਤੀ ਕਿ ਸਾਲ 2004 ਤੋਂ ਬਾਅਦ ਆਏ ਮੁਲਾਜ਼ਮਾਂ ਨੂੰ ਪੁਰਾਣੀ ਪੈਨਸ਼ਨ ਦਿੱਤੀ ਜਾਵੇ। ਤਨਖਾਹ ਕਮਿਸ਼ਨ ਦੀਆਂ ਤਰੁੱਟੀਆਂ ਦੂਰ ਕੀਤੀਆਂ ਜਾਣ, ਡੀਏ ਦੀ ਬਕਾਇਆ ਰਾਸ਼ੀ ਤੁਰੰਤ ਜਾਰੀ ਕੀਤੀ ਜਾਵੇ ਅਤੇ 200 ਰੁਪਏ ਦਾ ‘ਵਿਕਾਸ ਟੈਕਸ’ ਵਾਪਸ ਲਿਆ ਜਾਵੇ। ਗੌਰਤਲਬ ਹੈ ਕਿ ਮੁਲਾਜ਼ਮਾਂ ਦੀ ਹੜਤਾਲ ਕਾਰਨ ਸਰਕਾਰੀ ਸੇਵਾਵਾਂ ਪ੍ਰਭਾਵਿਤ ਹੋ ਰਹੀਆਂ ਹਨ ਅਤੇ ਸਰਕਾਰੀ ਦਫ਼ਤਰਾਂ ’ਚ ਆਪਣੇ ਕੰਮ ਆਏ ਲੋਕਾਂ ਨੂੰ ਨਿਰਾਸ਼ ਘਰੀਂ ਪਰਤਣਾ ਪੈ ਰਿਹਾ ਹੈ।
ਮਾਨਸਾ (ਜੋਗਿੰਦਰ ਸਿੰਘ ਮਾਨ): ਪੰਜਾਬ ਸਟੇਟ ਮਨਿਸਟਰੀਅਲ ਸਰਵਿਸਜ਼ ਯੂਨੀਅਨ ਦੇ ਸੱਦੇ ’ਤੇ ਮਾਨਸਾ ਜ਼ਿਲ੍ਹੇ ਦੇ ਸਮੂਹ ਦਫ਼ਤਰ ਦੇ ਮਨਿਸਟਰੀਅਲ ਕਾਮਿਆਂ ਨੇ 27ਵੇਂ ਦਿਨ ਮੁਕੰਮਲ ਕਲਮਛੋੜ ਹੜਤਾਲ ਕਰ ਕੇ ਸ਼ਹਿਰ ਵਿਚਲੇ ਬਾਰਾਂ ਹੱਟਾਂ ਚੌਕ ਵਿੱਚ ਹਕੂਮਤ ਦੀ ਝੂਠੇ ਵਾਅਦਿਆਂ ਦੀ ਪੋਲ ਖੋਲ੍ਹਦਿਆਂ ਪੰਜਾਬ ਸਰਕਾਰ ਖਿਲਾਫ਼ ਅਰਥੀ ਫੂਕ ਮੁਜ਼ਾਹਰਾ ਕੀਤਾ। ਇਸ ਮੌਕੇ ਅੱਜ ਪੰਜਾਬ ਸਟੇਟ ਸਿਵਲ ਮੈਡੀਕਲ ਸਰਵਿਸਿਜ਼ ਐਸੋਸੀਏਸ਼ਨ ਵੱਲੋਂ ਹੜਤਾਲ ਕਰ ਕੇ 2 ਘੰਟੇ ਕੰਮ ਬੰਦ ਕਰਦਿਆਂ ਇਸ ਸੰਘਰਸ਼ ਨੂੰ ਪੂਰਨ ਸਮਰਥਨ ਦਿੱਤਾ ਗਿਆ। ਦੂਜੇ ਪਾਸੇ, ਇਸ ਹੜਤਾਲ ਕਾਰਨ ਸਰਕਾਰੀ ਦਫ਼ਤਰਾਂ ’ਚ ਕੰਮ-ਕਾਜ ਲਈ ਆਉਂਦੇ ਆਮ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸ ਮੌਕੇ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਅਰਸ਼ਦੀਪ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਹੱਕੀ ਮੰਗਾਂ ਜਿਵੇ ਕਿ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ, ਡੀ.ਏ. ਅਤੇ ਏ.ਸੀ.ਪੀ ਅਤੇ ਹੋਰ ਮੰਗਾਂ ਪ੍ਰਤੀ ਸੁਹਿਰਦ ਨਹੀਂ ਹੈ, ਜਿਸ ਕਰਕੇ ਆਪਣੇ ਹੱਕਾਂ ਦੀ ਰਾਖੀ ਲਈ ਮੁਲਾਜ਼ਮ ਵਰਗ ਨੂੰ ਸੰਘਰਸ਼ ਦੇ ਰਾਹ ’ਤੇ ਤੁਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਪੀਐੱਸਐੱਮਐੱਸਯੂ ਦੇ ਜ਼ਿਲ੍ਹਾ ਪ੍ਰਧਾਨ ਪ੍ਰਤਾਪ ਸਿੰਘ ਅਤੇ ਡੀਸੀ ਦਫ਼ਤਰ ਕਰਮਚਾਰੀ ਯੂਨੀਅਨ ਦੇ ਸੂਬਾਈ ਆਗੂ ਜਸਵੰਤ ਸਿੰਘ ਮੌਜੋ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਡੀਏ ਦੀਆਂ ਤਿੰਨ ਕਿਸ਼ਤਾਂ ਰੋਕੀਆਂ ਹੋਈਆਂ ਹਨ। ਉਨ੍ਹਾਂ ਸੂਬਾ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਅਜੇ ਵੀ ਮਨਿਸਟੀਰੀਅਲ ਕਾਮਿਆਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਤਿੱਖਾ ਕੀਤਾ ਜਾਵੇਗਾ।
ਸਿਵਲ ਹਸਪਤਾਲ ਵਿੱਚ ਰੈਲੀ ਕੀਤੀ
ਬਠਿੰਡਾ: ਪੰਜਾਬ ਸਟੇਟ ਮਨਿਸਟਰੀਅਲ ਸਰਵਿਸ ਯੂਨੀਅਨ ਪੰਜਾਬ ਦੇ ਸੱਦੇ ’ਤੇ ਸਮੁੱਚੀਆਂ ਸਿਹਤ ਸੰਸਥਾਵਾਂ ਅਤੇ ਕਲੈਰੀਕਲ ਸਟਾਫ਼ ਨੇ ਵੀ ਅੱਜ ਇੱਥੇ ਰੋਸ ਪ੍ਰਦਰਸ਼ਨ ਕੀਤਾ। ਮੁਜ਼ਾਹਰੇ ਵਿੱਚ ਸਿਹਤ ਵਿਭਾਗ ਦੀ ਮਨਿਸਟਰੀਅਲ ਐਸੋਸੀਏਸ਼ਨ ਵਾਲੀਆਂ ਜਥੇਬੰਦੀਆਂ ਸ਼ਾਮਿਲ ਹਨ। ਉਨ੍ਹਾਂ ਸਥਾਨਕ ਸਿਵਲ ਹਸਪਤਾਲ ਅੰਦਰ ਦੋ ਘੰਟੇ ਕੰਮਕਾਜ ਠੱਪ ਕਰ ਕੇ ਰੋਸ ਜਤਾਇਆ ਅਤੇ ਰੈਲੀ ਕੀਤੀ। ਇਸ ਮੌਕੇ ਸੀਪੀਐੱਫ ਕਰਮਚਾਰੀ ਯੂਨੀਅਨ ਵੱਲੋਂ 9 ਦਸੰਬਰ ਨੂੰ ਮੁਹਾਲੀ ਵਿੱਚ ਰੈਲੀ ਕਰਨ ਦਾ ਐਲਾਨ ਵੀ ਕੀਤਾ ਗਿਆ। ਇਸ ਮੌਕੇ ਪੀਸੀਐੱਮਐੱਸ ਐਸੋਸੀਏਸ਼ਨ ਦੇ ਡਾ. ਜਗਰੂਪ ਸਿੰਘ, ਸਿਹਤ ਵਿਭਾਗ ਪੰਜਾਬ ਦੇ ਮੈਡੀਕਲ ਲੈਬਾਰਟਰੀ ਟੈਕਨੀਸ਼ੀਅਨ ਬਲਦੇਵ ਸਿੰਘ ਰੋਮਾਣਾ, ਰੇਡੀਓਗ੍ਰਾਫ਼ਰ ਕਰਮਚਾਰੀ ਯੂਨੀਅਨ ਸਿਹਤ ਵਿਭਾਗ ਪੰਜਾਬ ਦੇ ਸੰਜੀਵ ਕੁਮਾਰ, ਮਾਸ ਮੀਡੀਆ ਆਫੀਸਰਜ਼ ਐਸੋਸੀਏਸ਼ਨ ਪੰਜਾਬ ਯੂਨੀਅਨ ਦੇ ਮੈਂਬਰ ਵਿਨੋਦ ਕੁਮਾਰ ਅਤੇ ਹੈਲਥ ਮਨਿਸਟਰੀਅਲ ਯੂਨੀਅਨ ਦੇ ਮੈਂਬਰ ਜ਼ਿਲ੍ਹਾ ਪ੍ਰਧਾਨ ਅਮਿਤ ਕੁਮਾਰ ਟਾਂਕ ਨੇ ਸੰਬੋਧਨ ਕੀਤਾ। -ਨਿੱਜੀ ਪੱਤਰ ਪ੍ਰੇਰਕ
ਸੰਘਰਸ਼ ਦੀ ਹਮਾਇਤ ਵਿੱਚ ਗੇਟ ਰੈਲੀ
ਭਦੌੜ (ਰਾਜਿੰਦਰ ਵਰਮਾ): ਪੰਜਾਬ ਸਿਵਲ ਮੈਡੀਕਲ ਸਰਵਿਸਿਜ਼ ਐਸੋਸੀਏਸ਼ਨ ਦੇ ਸੱਦੇ ਉੱਤੇ ਅੱਜ ਸਿਵਲ ਹਸਪਤਾਲ ਭਦੌੜ ਵਿੱਚ ਮਨਿਸਟਰੀਅਲ ਸਟਾਫ਼ ਦੇ ਹੱਕ ਵਿੱਚ ਗੇਟ ਰੈਲੀ ਕਰ ਕੇ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਐੱਸਐੱਮਓ ਡਾ. ਰੂਬੀ, ਡਾ. ਸ਼ਬਦੀਪ ਚਹਿਲ, ਡਾ. ਰਵਨੀਤ ਬੁੱਟਰ, ਡਾ. ਬਾਂਕੇ ਬਿਹਾਰੀ, ਡਾ. ਮਨਦੀਪ ਸ਼ਰਮਾ, ਡਾ. ਸੈਮ ਸਿੱਧੂ, ਖੁਸ਼ਦੇਵ ਬਾਂਸਲ ਫਾਰਮਾਸਿਸਟ, ਸੁਲੱਖਣ ਸਿੰਘ, ਬਲਜਿੰਦਰ ਪਾਲ, ਬਲਜੀਤ ਕੌਰ, ਹਰਪ੍ਰੀਤ ਕੌਰ, ਨੇ ਦੱਸਿਆ ਕਿ ਪੰਜਾਬ ਮਨਿਸਟਰੀਅਲ ਸਟਾਫ਼ ਪਿਛਲੇ ਇੱਕ ਮਹੀਨੇ ਤੋਂ ਆਪਣੀਆਂ ਹੱਕੀ ਮੰਗਾਂ ਜਿਵੇਂ ਪੁਰਾਣੀ ਪੈਨਸ਼ਨ ਸਕੀਮ ਬਹਾਲੀ, ਡੀਏ ਦੀਆਂ ਬਕਾਇਆ ਕਿਸ਼ਤਾਂ ਜਾਰੀ ਕਰਨ, 4-9-14 ਤਰੱਕੀ ਨੂੰ ਦੁਬਾਰਾ ਲਾਗੂ ਕਰਨ ਅਤੇ ਪਰਖ ਕਾਲ ਸਮੇਂ ਨਵੇਂ ਰੱਖੇ ਜਾਂਦੇ ਮੁਲਾਜ਼ਮਾਂ ਨੂੰ ਪੂਰੀ ਤਨਖਾਹ ਦੇਣ ਲਈ ਕਲਮ ਛੋੜ ਹੜਤਾਲ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਥੇਬੰਦੀ ਵੱਲੋਂ ਇਸ ਸੰਘਰਸ਼ ਦੀ ਹਮਾਇਤ ਕੀਤੀ ਜਾਂਦੀ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਮੁਲਾਜ਼ਮਾਂ ਦੀਆਂ ਮੰਗਾਂ ’ਤੇ ਗੌਰ ਕੀਤੀ ਜਾਵੇ। ਇਸ ਮੌਕੇ ਸਟਾਫ਼ ਨਰਸ ਮਨਪ੍ਰੀਤ ਕੌਰ, ਇੰਦਰਜੀਤ ਕੌਰ ਕਸ਼ਿਸ਼ ਤੇ ਪਰਮਜੀਤ ਕੌਰ ਹਾਜ਼ਰ ਸਨ।