For the best experience, open
https://m.punjabitribuneonline.com
on your mobile browser.
Advertisement

ਉਠੋ ਕਿ ਹਮੇਂ ਵਕਤ ਕੀ ਗਰਦਿਸ਼ ਨੇ ਪੁਕਾਰਾ

10:36 AM Aug 20, 2023 IST
ਉਠੋ ਕਿ ਹਮੇਂ ਵਕਤ ਕੀ ਗਰਦਿਸ਼ ਨੇ ਪੁਕਾਰਾ
Advertisement

ਜ਼ਾਹਿਦ ਖ਼ਾਨ

Advertisement

ਸਾਹਿਤ ਤੇ ਸਾਹਿਤਕਾਰ

Advertisement

ਪ੍ਰਗਤੀਸ਼ੀਲ ਲੇਖਕ ਸੰਘ ਦਾ ਇਜਲਾਸ ਅੱਜ ਤੋਂ ਜਬਲਪੁਰ ਵਿਚ ਹੋ ਰਿਹਾ ਹੈ। ਪ੍ਰਗਤੀਸ਼ੀਲ ਲੇਖਕਾਂ ਨੇ ਦੇਸ਼ ਦੀ ਆਜ਼ਾਦੀ ਦੇ ਸੰਘਰਸ਼ ਅਤੇ ਸਾਹਿਤਕ-ਸੱਭਿਆਚਾਰਕ ਨਵ-ਨਿਰਮਾਣ ਵਿਚ ਵੱਡੀ ਭੂਮਿਕਾ ਨਿਭਾਈ। 1936 ਵਿਚ ਸਥਾਪਿਤ ਹੋਈ ਇਸ ਜਥੇਬੰਦੀ ਦੀ ਵਿਚਾਰਧਾਰਾ ’ਚ ਸਮਾਜਿਕ ਅਨਿਆਂ ਵਿਰੁੱਧ ਲੜਣ ਦਾ ਵਿਚਾਰ ਕੇਂਦਰੀ ਹੈ।

ਪ੍ਰਗਤੀਸ਼ੀਲ ਲੇਖਕ ਸੰਘ ਦਾ ਪਹਿਲਾ ਕੌਮੀ ਇਜਲਾਸ 1936 ਵਿਚ ਲਖਨਊ ਦੇ ਮਸ਼ਹੂਰ ‘ਰਫ਼ਾ-ਏ-ਆਮ’ ਕਲੱਬ ਵਿਚ ਹੋਇਆ। ਇਸ ਵਿਚ ਬਾਕਾਇਦਾ ਇਸ ਜਥੇਬੰਦੀ ਦੀ ਸਥਾਪਨਾ ਕੀਤੀ ਗਈ। ਇਜਲਾਸ ਦੀ ਪ੍ਰਧਾਨਗੀ ਕਰਦਿਆਂ ਮਹਾਨ ਲੇਖਕ ਮੁਨਸ਼ੀ ਪ੍ਰੇਮ ਚੰਦ ਨੇ ਕਿਹਾ ਸੀ, ‘‘ਸਾਡੀ ਕਸਵੱਟੀ ਉੱਤੇ ਉਹ ਸਾਹਿਤ ਖਰਾ ਉਤਰੇਗਾ, ਜਿਸ ਵਿਚ ਉੱਚ ਚਿੰਤਨ ਹੋਵੇ, ਆਜ਼ਾਦੀ ਦਾ ਭਾਵ ਹੋਵੇ, ਸੌਂਦਰਯ ਦਾ ਸਾਰ ਹੋਵੇ, ਸਿਰਜਣ ਦੀ ਆਤਮਾ ਹੋਵੇ, ਜੀਵਨ ਦੀਆਂ ਸੱਚਾਈਆਂ ਦਾ ਪ੍ਰਕਾਸ਼ ਹੋਵੇ, ਜੋ ਸਾਡੇ ਅੰਦਰ ਗਤੀ, ਸੰਘਰਸ਼ ਅਤੇ ਬੇਚੈਨੀ ਪੈਦਾ ਕਰੇ। ਸੁਆਵੇ ਨਾ, ਕਿਉਂਕਿ ਹੁਣ ਹੋਰ ਜ਼ਿਆਦਾ ਸੌਣਾ ਮੌਤ ਦਾ ਲੱਛਣ ਹੈ।’’
ਪ੍ਰੇਮ ਚੰਦ ਵੱਲੋਂ ਕੀਤੀ ਗਈ ਇਸ ਮੂਲ ਟਿੱਪਣੀ ਨੂੰ ਬੜਾ ਲੰਬਾ ਸਮਾਂ ਬੀਤ ਗਿਆ ਹੈ, ਪਰ ਅੱਜ ਵੀ ਇਹ ਟਿੱਪਣੀ ਸਾਹਿਤ ਨੂੰ ਸਹੀ ਢੰਗ ਨਾਲ ਪਰਖਣ ਦਾ ਪੈਮਾਨਾ ਹੈ। ਇਸ ਕਥਨ ਦੀ ਕਸਵੱਟੀ ਉੱਤੇ ਖਰਾ ਉਤਰਨ ਵਾਲਾ ਸਾਹਿਤ ਹੀ ਬਿਹਤਰੀਨ ਸਾਹਿਤ ਹੈ। ਪ੍ਰਗਤੀਸ਼ੀਲ ਲੇਖਕ ਸੰਘ ਦਾ ਗਠਨ ਐਵੇਂ ਹੀ ਨਹੀਂ ਹੋ ਗਿਆ ਸੀ ਸਗੋਂ ਇਸ ਦੇ ਗਠਨ ਪਿੱਛੇ ਇਤਿਹਾਸਕ ਕਾਰਨ ਸਨ।
ਸਾਲ 1930 ਤੋਂ 1935 ਦਾ ਸਮਾਂ ਤਬਦੀਲੀ ਦਾ ਦੌਰ ਸੀ। ਪਹਿਲੀ ਆਲਮੀ ਜੰਗ ਤੋਂ ਬਾਅਦ ਸਾਰੀ ਦੁਨੀਆਂ ਮੰਦਵਾੜੇ ਦਾ ਸ਼ਿਕਾਰ ਸੀ। ਜਰਮਨੀ ਤੇ ਇਟਲੀ ਵਿਚ ਕ੍ਰਮਵਾਰ ਹਿਟਲਰ ਤੇ ਮੁਸੋਲਿਨੀ ਦੀ ਤਾਨਾਸ਼ਾਹੀ ਅਤੇ ਫਰਾਂਸ ਦੀ ਪੂੰਜੀਪਤੀ ਸਰਕਾਰ ਦੇ ਲੋਕ ਵਿਰੋਧੀ ਕੰਮਾਂ ਕਾਰਨ ਪੂਰੀ ਦੁਨੀਆਂ ਉੱਤੇ ਸਾਮਰਾਜਵਾਦ ਅਤੇ ਫਾਸ਼ੀਵਾਦ ਦਾ ਖ਼ਤਰਾ ਮੰਡਰਾ ਰਿਹਾ ਸੀ। ਇਨ੍ਹਾਂ ਸਾਰੇ ਸੰਕਟਾਂ ਦੇ ਬਾਵਜੂਦ ਉਮੀਦਾਂ ਖ਼ਤਮ ਨਹੀਂ ਹੋਈਆਂ ਸਨ। ਹਰੇਕ ਢਲਦੀ ਹੋਈ ਸ਼ਾਮ ਪਹਿਲਾਂ ਤੋਂ ਵੀ ਜ਼ਿਆਦਾ ਲਿਸ਼ਕਦੀ ਸਵੇਰ ਲੈ ਕੇ ਆਉਂਦੀ ਹੈ।
ਜਰਮਨੀ ਵਿਚ ਕਮਿਊਨਿਸਟ ਆਗੂ ਦੇ ਮੁਕੱਦਮੇ, ਫਰਾਂਸ ਵਿਚ ਮਜ਼ਦੂਰਾਂ ’ਚ ਆਈ ਚੇਤਨਾ ਅਤੇ ਆਸਟਰੀਆ ਦੇ ਨਾਕਾਮ ਮਜ਼ਦੂਰ ਇਨਕਲਾਬ ਕਾਰਨ ਸਾਰੀ ਦੁਨੀਆਂ ਵਿਚ ਕ੍ਰਾਂਤੀ ਦੇ ਇਕ ਨਵੇਂ ਯੁਗ ਦਾ ਆਗ਼ਾਜ਼ ਹੋਇਆ। ਇਸ ਕਾਰਨ 1933 ਵਿਚ ਮਸ਼ਹੂਰ ਫਰਾਂਸੀਸੀ ਸਾਹਿਤਕਾਰ ਹੈਨਰੀ ਬਾਰਬੂਸ ਦੀਆਂ ਕੋਸ਼ਿਸ਼ਾਂ ਸਦਕਾ ਫਰਾਂਸ ਵਿਚ ਲੇਖਕਾਂ ਤੇ ਕਲਾਕਾਰਾਂ ਦਾ ਫਾਸ਼ੀਵਾਦ ਖਿਲਾਫ਼ ਸਾਂਝਾ ਮੋਰਚਾ ‘ਵਰਲਡ ਕਾਨਫਰੰਸ ਆਫ ਰਾਈਟਰਜ਼ ਫਾਰ ਦਿ ਡਿਫੈਂਸ ਆਫ ਕਲਚਰ’ ਹੋਂਦ ਵਿਚ ਆਇਆ ਜਿਹੜਾ ਬਾਅਦ ਵਿਚ ਪਾਪੂਲਰ ਫਰੰਟ (ਜਨ ਮੋਰਚਾ) ਵਿਚ ਤਬਦੀਲ ਹੋ ਗਿਆ। ਇਸ ਸੰਯੁਕਤ ਮੋਰਚੇ ਵਿਚ ਮੈਕਸਿਮ ਗੋਰਕੀ, ਰੋਮਾ ਰੋਲਾਂ, ਆਂਦਰੇ ਮਾਲਰੋ, ਟੌਮਸ ਮਾਨ, ਵਾਲਡੋ ਫਰੈਂਕ, ਮਾਰਸਲ, ਆਂਦਰੇ ਜੀਦ, ਆਰਾਂਗੋ ਵਰਗੇ ਨਾਮੀ ਸਾਹਿਤਕਾਰ ਸ਼ਾਮਿਲ ਸਨ। ਲੇਖਕਾਂ ਅਤੇ ਕਲਾਕਾਰਾਂ ਦੇ ਇਸ ਮੋਰਚੇ ਨੂੰ ਜਨਤਾ ਦੀ ਭਰਵੀਂ ਹਮਾਇਤ ਹਾਸਲ ਸੀ।
ਆਲਮੀ ਦ੍ਰਿਸ਼ਾਵਲੀ ਦੀਆਂ ਇਨ੍ਹਾਂ ਸਾਰੀਆਂ ਘਟਨਾਵਾਂ ਨੇ ਲੰਡਨ ਵਿਚ ਪੜ੍ਹ ਰਹੇ ਭਾਰਤੀਆਂ ਸੱਜਾਦ ਜ਼ਹੀਰ, ਡਾ. ਮੁਲਕ ਰਾਜ ਆਨੰਦ, ਪ੍ਰਮੋਦ ਸੇਨ ਗੁਪਤ, ਡਾ. ਮੁਹੰਮਦ ਦੀਨ ‘ਤਾਸੀਰ’, ਹੀਰੇਨ ਮੁਖਰਜੀ ਅਤੇ ਡਾ. ਜਿਓਤੀ ਘੋਸ਼ ਦੇ ਮਨਾਂ ਨੂੰ ਧੁਰ ਅੰਦਰ ਤੱਕ ਪ੍ਰਭਾਵਿਤ ਕੀਤਾ। ਇਸ ਦਾ ਸਬੱਬ ਲੰਡਨ ਵਿਚ ਪ੍ਰਗਤੀਸ਼ੀਲ ਲੇਖਕ ਸੰਘ ਦੀ ਸਥਾਪਨਾ ਸੀ। ਪ੍ਰਗਤੀਸ਼ੀਲ ਲੇਖਕ ਸੰਘ ਦੇ ਐਲਾਨਨਾਮੇ ਦਾ ਖਰੜਾ ਉੱਥੇ ਹੀ ਤਿਆਰ ਹੋਇਆ। ਅੱਗੇ ਚੱਲ ਕੇ ਸੱਜਾਦ ਜ਼ਹੀਰ ਅਤੇ ਉਨ੍ਹਾਂ ਦੇ ਕੁਝ ਦੋਸਤਾਂ ਨੇ ਤਰੱਕੀਪਸੰਦ ਤਹਿਰੀਕ (ਅਗਾਂਹਵਧੂ ਅੰਦੋਲਨ) ਨੂੰ ਆਲਮੀ ਅੰਦੋਲਨ ਦਾ ਹਿੱਸਾ ਬਣਾਇਆ। ਸਪੇਨ ਵਿਚ ਫਾਸ਼ੀਵਾਦ ਵਿਰੋਧੀ ਸੰਘਰਸ਼ ਵਿਚ ਸ਼ਮੂਲੀਅਤ ਦੇ ਨਾਲ-ਨਾਲ ਸੱਜਾਦ ਜ਼ਹੀਰ ਨੇ 1935 ਵਿਚ ਗੀਡੇ ਅਤੇ ਮੇਲਰੌਕਸ ਵੱਲੋਂ ਕਰਵਾਏ ਵਿਸ਼ਵ ਬੁੱਧੀਜੀਵੀ ਸੰਮੇਲਨ ਵਿਚ ਵੀ ਸ਼ਿਰਕਤ ਕੀਤੀ। ਇਸ ਦੇ ਪ੍ਰਧਾਨ ਮੈਕਸਿਮ ਗੋਰਕੀ ਸਨ।

ਮੁੰਬਈ ਵਿਚ ਪ੍ਰਗਤੀਸ਼ੀਲ ਲੇਖਕ, 1946: ਸੁਲਤਾਨਾ ਜਾਫ਼ਰੀ, ਇਸਮਤ ਚੁਗਤਾਈ, ਵਿਸ਼ਵਮਿਤਰ ਆਦਿਲ, ਅਲੀ ਸਰਦਾਰ ਜਾਫ਼ਰੀ, ਕ੍ਰਿਸ਼ਨ ਚੰਦਰ, ਮਹੇਂਦਰਨਾਥ, ਮੁਮਤਾਜ਼ ਹੁਸੈਨ, ਰਾਜਿੰਦਰ ਸਿੰਘ ਬੇਦੀ, ਸਾਹਿਰ ਲੁਧਿਆਣਵੀ ਅਤੇ ਹਬੀਬ ਤਨਵੀਰ।

ਸਾਲ 1936 ਵਿਚ ਸੱਜਾਦ ਜ਼ਹੀਰ ਲੰਡਨ ਤੋਂ ਹਿੰਦੋਸਤਾਨ ਪਰਤੇ ਅਤੇ ਆਉਂਦਿਆਂ ਹੀ ਉਨ੍ਹਾਂ ਸਭ ਤੋਂ ਪਹਿਲਾਂ ਪ੍ਰਗਤੀਸ਼ੀਲ ਲੇਖਕ ਸੰਘ ਦੇ ਪਹਿਲੇ ਇਜਲਾਸ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ। ਨਾਲ ਹੀ ਉਹ ਪ੍ਰਗਤੀਸ਼ੀਲ ਲੇਖਕ ਸੰਘ ਦੇ ਐਲਾਨਨਾਮੇ ਬਾਰੇ ਭਾਰਤੀ ਭਾਸ਼ਾਵਾਂ ਦੇ ਵੱਖ-ਵੱਖ ਲੇਖਕਾਂ ਨਾਲ ਵਿਚਾਰ-ਵਟਾਂਦਰਾ ਕਰਦੇ ਰਹੇ। ਇਸ ਦੌਰਾਨ ਉਹ ਗੁਜਰਾਤੀ ਭਾਸ਼ਾ ਦੇ ਵੱਡੇ ਲੇਖਕ ਕਨ੍ਹੱਈਆ ਲਾਲ ਮੁਨਸ਼ੀ, ਫ਼ਿਰਾਕ ਗੋਰਖਪੁਰੀ, ਡਾ. ਸੱਯਦ ਐਜਾਜ਼ ਹੁਸੈਨ, ਸ਼ਿਵਦਾਨ ਸਿੰਘ ਚੌਹਾਨ, ਪੰਡਿਤ ਅਮਰਨਾਥ ਝਾਅ, ਡਾ. ਤਾਰ ਚੰਦ, ਅਹਿਮਦ ਅਲੀ, ਮੁਨਸ਼ੀ ਦਯਾ ਨਾਰਾਇਣ ਨਿਗਮ, ਮਹਿਮੂਦ-ਉਜ਼-ਜ਼ਫ਼ਰ, ਸਬਿਤੇ ਹਸਨ ਆਦਿ ਨੂੰ ਮਿਲੇ। ਸੱਜਾਦ ਜ਼ਹੀਰ ਨੇ ਉਨ੍ਹਾਂ ਨਾਲ ‘ਪ੍ਰਗਤੀਸ਼ੀਲ ਲੇਖਕ ਸੰਘ’ ਦੇ ਐਲਾਨਨਾਮੇ ਬਾਰੇ ਸਲਾਹ-ਮਸ਼ਵਰਾ ਕੀਤਾ।
ਜਥੇਬੰਦੀ ਦੀ ਬੁਨਿਆਦ ਰੱਖਣ ਅਤੇ ਉਸ ਨੂੰ ਸਿਰੇ ਚੜ੍ਹਾਉਣ ਵਿਚ ਉਰਦੂ ਅਦਬ ਦੀ ਇਕ ਹੋਰ ਵੱਡੀ ਅਫ਼ਸਾਨਾਨਿਗਾਰ ਤੇ ਡਰਾਮਾਨਿਗਾਰ (ਕਹਾਣੀਕਾਰ ਤੇ ਨਾਟਕਕਾਰ) ਰਸ਼ੀਦ ਜਹਾਂ ਦਾ ਵੀ ਭਾਰੀ ਯੋਗਦਾਨ ਹੈ। ਉਨ੍ਹਾਂ ਨੇ ਹਿੰਦੀ ਤੇ ਉਰਦੂ ਜ਼ੁਬਾਨ ਦੇ ਲੇਖਕਾਂ ਅਤੇ ਸੱਭਿਆਚਾਰਕ ਕਾਰਕੁਨਾਂ ਨੂੰ ਜਥੇਬੰਦੀ ਨਾਲ ਜੋੜਿਆ। ਮੌਲਵੀ ਅਬਦੁਲ ਹੱਕ, ਫ਼ੈਜ਼ ਅਹਿਮਦ ਫ਼ੈਜ਼, ਸੂਫ਼ੀ ਗ਼ੁਲਾਮ ਮੁਸਤਫ਼ਾ ਵਰਗੇ ਨਾਮੀ ਲੇਖਕਾਂ ਦੇ ਪ੍ਰਗਤੀਸ਼ੀਲ ਲੇਖਕ ਸੰਘ ਨਾਲ ਜੁੜਨ ਵਿਚ ਰਸ਼ੀਦ ਜਹਾਂ ਦਾ ਭਾਰੀ ਯੋਗਦਾਨ ਸੀ। ਇੰਨਾ ਹੀ ਨਹੀਂ ਜਥੇਬੰਦੀ ਬਣਾਉਣ ਸਬੰਧੀ ਸੱਜਾਦ ਜ਼ਹੀਰ ਦੀਆਂ ਸ਼ੁਰੂਆਤੀ ਫੇਰੀਆਂ ਵਿਚ ਰਸ਼ੀਦ ਜਹਾਂ ਉਨ੍ਹਾਂ ਦੇ ਨਾਲ ਵੀ ਗਈ।
ਉਸ ਸਮੇਂ ਲਖਨਊ, ਇਲਾਹਾਬਾਦ ਅਤੇ ਪੰਜਾਬ ਖ਼ਾਸਕਰ ਲਾਹੌਰ ਦੇਸ਼ ਵਿਚ ਸਾਹਿਤ ਦੇ ਵੱਡੇ ਕੇਂਦਰ ਸਨ ਜਿੱਥੇ ਉਨ੍ਹਾਂ ਨੇ ਸਾਰੇ ਪ੍ਰਮੁੱਖ ਲੇਖਕਾਂ ਨੂੰ ਜਥੇਬੰਦੀ ਨਾਲ ਜੋੜਿਆ ਅਤੇ ਜਥੇਬੰਦੀ ਦੇ ਹਰ ਕੰਮ ਵਿਚ ਵਧ-ਚੜ੍ਹ ਕੇ ਹਿੱਸਾ ਲਿਆ। ਇਸੇ ਤਰ੍ਹਾਂ ਲਖਨਊ ਇਜਲਾਸ ਨੂੰ ਕਾਮਯਾਬ ਬਣਾਉਣ ਵਿਚ ਵੀ ਰਸ਼ੀਦ ਜਹਾਂ ਦੀ ਅਹਿਮ ਭੂਮਿਕਾ ਸੀ। ਇਜਲਾਸ ਲਈ ਚੰਦਾ ਇਕੱਤਰ ਕਰਨ ਲਈ ਉਨ੍ਹਾਂ ਨਾ ਸਿਰਫ਼ ਯੂਨੀਵਰਸਿਟੀ ਵਿਚ ਤੇ ਘਰ-ਘਰ ਜਾ ਕੇ ਟਿਕਟਾਂ ਵੇਚੀਆਂ ਸਗੋਂ ਮੁਨਸ਼ੀ ਪ੍ਰੇਮ ਚੰਦ ਨੂੰ ਸੰਮੇਲਨ ਦੀ ਪ੍ਰਧਾਨਗੀ ਕਰਨ ਲਈ ਵੀ ਤਿਆਰ ਕੀਤਾ। ਅਵਧ ਦੇ ਇਕ ਵੱਡੇ ਤਾਲੁਕਦਾਰ ਤੇ ਧਨਾਢ ਚੌਧਰੀ ਮੁਹੰਮਦ ਅਲੀ ਸਾਹਿਬ ਰੂਦੌਲਵੀ ਨੂੰ ਇਜਲਾਸ ਦਾ ਸਵਾਗਤ ਪ੍ਰਧਾਨ ਬਣਨ ਲਈ ਰਾਜ਼ੀ ਕੀਤਾ ਗਿਆ ਤਾਂ ਕਿ ਉਨ੍ਹਾਂ ਤੋਂ ਸਮਾਗਮ ਲਈ ਵੱਧ ਤੋਂ ਵੱਧ ਮਾਲੀ ਇਮਦਾਦ ਮਿਲ ਸਕੇ। ਇਸ ਤਰ੍ਹਾਂ ਪ੍ਰਗਤੀਸ਼ੀਲ ਲੇਖਕ ਸੰਘ ਦਾ ਪਹਿਲਾ ਇਜਲਾਸ ਬੇਹੱਦ ਕਾਮਯਾਬ ਰਿਹਾ।
ਇਜਲਾਸ ਦੌਰਾਨ ਸਾਹਿਤ ਨਾਲ ਜੁੜੇ ਕਈ ਵਧੀਆ ਸੈਸ਼ਨ ਹੋਏ ਜਿਨ੍ਹਾਂ ਵਿਚ ਅਹਿਮਦ ਅਲੀ, ਫ਼ਿਰਾਕ ਗੋਰਖਪੁਰੀ, ਮੌਲਾਨਾ ਹਸਰਤ ਮੋਹਾਨੀ ਆਦਿ ਨੇ ਪਰਚੇ ਪੜ੍ਹੇ। ਇਜਲਾਸ ਵਿਚ ਉਰਦੂ ਦੇ ਨਾਮੀ ਅਦੀਬਾਂ ਤੋਂ ਇਲਾਵਾ ਹਿੰਦੀ ਦੇ ਪ੍ਰਸਿੱਧ ਸਾਹਿਤਕਾਰ ਪ੍ਰੇਮ ਚੰਦ, ਜੈਨੇਂਦਰ ਕੁਮਾਰ ਅਤੇ ਸ਼ਿਵਦਾਨ ਸਿੰਘ ਚੌਹਾਨ ਆਦਿ ਨੇ ਵੀ ਸ਼ਿਰਕਤ ਕੀਤੀ। ਲੇਖਕਾਂ ਤੋਂ ਇਲਾਵਾ ਸਮਾਜਵਾਦੀ ਆਗੂ ਜੈ ਪ੍ਰਕਾਸ਼ ਨਰਾਇਣ, ਯੂਸਫ਼ ਮਿਹਰ ਅਲੀ, ਇੰਦੂ ਲਾਲ ਯਾਗਨਿਕ ਅਤੇ ਕਮਲਾ ਦੇਵੀ ਚਟੋਪਾਧਿਆਏ ਨੇ ਵੀ ਹਿੱਸਾ ਲਿਆ। ਸੱਜਾਦ ਜ਼ਹੀਰ ਪ੍ਰਗਤੀਸ਼ੀਲ ਲੇਖਕ ਸੰਘ ਦੇ ਪਹਿਲੇ ਜਨਰਲ ਸਕੱਤਰ ਚੁਣੇ ਗਏ। ਉਹ 1936 ਤੋਂ 1949 ਤੱਕ ਇਸ ਅਹੁਦੇ ਉੱਤੇ ਰਹੇ। ਉਨ੍ਹਾਂ ਦੀ ਸ਼ਖ਼ਸੀਅਤ ਅਤੇ ਦੂਰਦ੍ਰਿਸ਼ਟੀ ਸਦਕਾ ਹੀ ਪ੍ਰਗਤੀਸ਼ੀਲ ਅੰਦੋਲਨ ਅੱਗੇ ਚੱਲ ਕੇ ਭਾਰਤ ਦੀ ਆਜ਼ਾਦੀ ਦਾ ਅੰਦੋਲਨ ਬਣ ਗਿਆ। ਦੇਸ਼ ਦੇ ਸਾਰੇ ਪ੍ਰਗਤੀਸ਼ੀਲ-ਲੋਕ ਪੱਖੀ ਲੇਖਕ, ਕਲਾਕਾਰ ਇਸ ਅੰਦੋਲਨ ’ਚ ਇਕੱਠੇ ਹੋ ਗਏ।
ਸਾਲ 1942 ਤੋਂ 1947 ਤੱਕ ਦਾ ਦੌਰ ਪ੍ਰਗਤੀਸ਼ੀਲ ਲੇਖਕ ਸੰਘ ਦੇ ਅੰਦੋਲਨ ਦਾ ਸੁਨਹਿਰੀ ਕਾਲ ਸੀ। ਇਹ ਅੰਦੋਲਨ ਹੌਲੀ-ਹੌਲੀ ਦੇਸ਼ ਦੀਆਂ ਸਾਰੀਆਂ ਭਾਸ਼ਾਵਾਂ ਵਿਚ ਫੈਲ ਗਿਆ। ਹਰੇਕ ਭਾਸ਼ਾ ਵਿਚ ਇਕ ਨਵੇਂ ਸੱਭਿਆਚਾਰਕ ਅੰਦੋਲਨ ਨੇ ਜਨਮ ਲਿਆ ਜਿਨ੍ਹਾਂ ਦਾ ਆਖ਼ਰੀ ਟੀਚਾ ਦੇਸ਼ ਦੀ ਆਜ਼ਾਦੀ ਸੀ। ਪ੍ਰਗਤੀਸ਼ੀਲ ਲੇਖਕ ਸੰਘ ਦੀ ਹਰਮਨ ਪਿਆਰਤਾ ਦੇਸ਼ ਦੇ ਸਾਰੇ ਸੂਬਿਆਂ ਦੇ ਲੇਖਕਾਂ ਵਿਚ ਸੀ। ਇਸ ਜਥੇਬੰਦੀ ਵਿਚ ਸ਼ਾਮਿਲ ਹੋਣਾ ਅਗਾਂਹਵਧੂ ਹੋਣ ਦੀ ਨਿਸ਼ਾਨੀ ਸੀ। ਪ੍ਰਗਤੀਸ਼ੀਲ ਅੰਦੋਲਨ ਜਿੱਥੇ ਧਾਰਮਿਕ ਅੰਧ-ਵਿਸ਼ਵਾਸ, ਜਾਤੀਵਾਦ ਅਤੇ ਹਰ ਤਰ੍ਹਾਂ ਦੀ ਫ਼ਿਰਕੂ ਕੱਟੜਤਾ ਦੇ ਖਿਲਾਫ਼ ਸੀ, ਉੱਥੇ ਇਹ ਸਾਮਰਾਜਵਾਦੀ, ਜਗੀਰੂ ਸੋਚ ਅਤੇ ਹੋਰ ਸਮਾਜਿਕ ਕੁਰੀਤੀਆਂ ਦਾ ਵੀ ਵਿਰੋਧ ਕਰਦਾ ਸੀ। ਇਕ ਵਕਤ ਅਜਿਹਾ ਵੀ ਆਇਆ ਜਦੋਂ ਉਰਦੂ ਦੇ ਸਾਰੇ ਵੱਡੇ ਸਾਹਿਤਕਾਰ ਪ੍ਰਗਤੀਸ਼ੀਲ ਲੇਖਕ ਸੰਘ ਦੇ ਬੈਨਰ ਹੇਠ ਇਕਮੁੱਠ ਸਨ। ਫ਼ੈਜ਼ ਅਹਿਮਦ ਫ਼ੈਜ਼, ਅਲੀ ਸਰਦਾਰ ਜਾਫ਼ਰੀ, ਮਜਾਜ਼, ਕ੍ਰਿਸ਼ਨ ਚੰਦਰ, ਖਵਾਜ਼ਾ ਅਹਿਮਦ ਅੱਬਾਸ, ਕੈਫ਼ੀ ਆਜ਼ਮੀ, ਮਜਰੂਹ ਸੁਲਤਾਨਪੁਰੀ, ਇਸਮਤ ਚੁਗਤਾਈ, ਮਹੇਂਦਰ ਨਾਥ, ਸਾਹਿਰ ਲੁਧਿਆਣਵੀ, ਹਸਰਤ ਮੋਹਾਨੀ, ਉਪੇਂਦਰ ਨਾਥ ਅਸ਼ਕ, ਸਬਿਤੇ ਹਸਨ, ਜੋਸ਼ ਮਲੀਹਾਬਾਦੀ, ਸਾਗਰ ਨਿਜ਼ਾਮੀ ਵਰਗੇ ਕਈ ਵੱਡੇ ਨਾਂ ਤਰੱਕੀਪਸੰਦ ਅੰਦੋਲਨ ਦੇ ਹਮਸਫ਼ਰ ਬਣੇ। ਇਨ੍ਹਾਂ ਲੇਖਕਾਂ ਦੀਆਂ ਰਚਨਾਵਾਂ ਨੇ ਮੁਲਕ ਵਿਚ ਆਜ਼ਾਦੀ ਦੇ ਹੱਕ ਵਿਚ ਜ਼ੋਰਦਾਰ ਮਾਹੌਲ ਬਣਾ ਦਿੱਤਾ। ਇਹ ਉਹ ਦੌਰ ਸੀ ਜਦੋਂ ਪ੍ਰਗਤੀਸ਼ੀਲ ਲੇਖਕਾਂ ਨੂੰ ਨਵੇਂ ਦੌਰ ਦੇ ਰਹਿਨੁਮਾ ਸਮਝਿਆ ਜਾਂਦਾ ਸੀ। ਤਰੱਕੀਪਸੰਦ ਤਹਿਰੀਕ ਨੂੰ ਪੰਡਿਤ ਜਵਾਹਰ ਲਾਲ ਨਹਿਰੂ, ਸਰੋਜਨੀ ਨਾਇਡੂ, ਰਾਬਿੰਦਰਨਾਥ ਟੈਗੋਰ, ਅੱਲਾਮਾ ਇਕਬਾਲ, ਖ਼ਾਨ ਅਬਦੁਲ ਗੱਫ਼ਾਰ ਖ਼ਾਨ, ਪ੍ਰੇਮ ਚੰਦ, ਵੱਲਥੋਲ ਵਰਗੀਆਂ ਹਸਤੀਆਂ ਦੀ ਸਰਪ੍ਰਸਤੀ ਹਾਸਲ ਸੀ। ਉਹ ਵੀ ਇਨ੍ਹਾਂ ਲੇਖਕਾਂ ਦੀ ਲੇਖਣੀ ਅਤੇ ਕੰਮ ਨੂੰ ਬੇਹੱਦ ਪਸੰਦ ਕਰਦੇ ਸਨ।
ਪ੍ਰਗਤੀਸ਼ੀਲ ਲੇਖਕ ਸੰਘ ਦਾ ਗਠਨ ਕਿਵੇਂ ਹੋਇਆ? ਇਸ ਜਥੇਬੰਦੀ ਦੇ ਗਠਨ ਪਿੱਛੇ ਕੀ ਟੀਚੇ ਸਨ? ਇਸ ਦੇ ਵਿਸਤਾਰ ਵਿਚ ਕਿਹੜੀਆਂ ਪ੍ਰੇਸ਼ਾਨੀਆਂ ਆਈਆਂ? ਕੁੱਲ ਮਿਲਾ ਕੇ ਪ੍ਰਗਤੀਸ਼ੀਲ ਲੇਖਕ ਸੰਘ ਨਾਲ ਜੁੜੇ ਮੁੱਢਲੇ ਇਤਿਹਾਸ ਦੀ ਸਾਰੀ ਜਾਣਕਾਰੀ ਸੱਜਾਦ ਜ਼ਹੀਰ ਦੀ ਕਿਤਾਬ ‘ਰੌਸ਼ਨਾਈ ਤਰੱਕੀਪਸੰਦ ਤਹਿਰੀਕ ਕੀ ਯਾਦੇਂ’ ਵਿਚੋਂ ਮਿਲਦੀ ਹੈ। ਇਹ ਕਿਤਾਬ ਮਹਿਜ਼ ਪ੍ਰਗਤੀਸ਼ੀਲ ਲੇਖਕ ਸੰਘ ਦਾ ਹੀ ਦਸਤਾਵੇਜ਼ ਨਹੀਂ ਹੈ ਸਗੋਂ ਇਹ ਮੁਲਕ ਦੀ ਆਜ਼ਾਦੀ ਦੀ ਜੱਦੋਜਹਿਦ ਅਤੇ ਉਸ ਵੇਲੇ ਦੇ ਸਿਆਸੀ, ਸਮਾਜੀ ਹਾਲਾਤ ਦਾ ਮੁਕੰਮਲ ਖ਼ਾਕਾ ਵੀ ਪੇਸ਼ ਕਰਦੀ ਹੈ। ਪ੍ਰਗਤੀਸ਼ੀਲ ਅਤੇ ਜਨਵਾਦੀ ਵਿਚਾਰਾਂ ਨਾਲ ਜੁੜੇ ਸਾਰੇ ਲੇਖਕਾਂ, ਕਲਾਕਾਰਾਂ ਅਤੇ ਸੱਭਿਆਚਾਰਕ ਕਾਰਕੁਨਾਂ ਨੂੰ ਇਹ ਕਿਤਾਬ ਜ਼ਰੂਰ ਪੜ੍ਹਨੀ ਚਾਹੀਦੀ ਹੈ।
ਸੰਪਰਕ: 94254-89944

ਮੁਨਸ਼ੀ ਪ੍ਰੇਮ ਚੰਦ ਦੀ ਦਾਨਿਸ਼ਮੰਦੀ

ਰਸ਼ੀਦ ਜਹਾਂ

ਛੇਤੀ ਹੀ ਸਾਨੂੰ ਜਾਪਿਆ ਕਿ ਸਾਡੇ ਵਿਚ ਕੋਈ ਬਿਗਾਨਾ ਵਿਅਕਤੀ ਨਹੀਂ ਹੈ ਸਗੋਂ ਹਰ ਉਮਰ ਦੇ ਦੋਸਤ ਸਾਡੇ ਕੋਲ ਬੈਠੇ ਹਨ। ਪ੍ਰੇਮ ਚੰਦ ਵਿਚ
ਸਭ ਨਾਲ ਘੁਲ-ਮਿਲ ਜਾਣ ਦੀ ਲਾਜਵਾਬ ਖਾਸੀਅਤ ਸੀ ਜੋ ਹਰ ਕਿਸੇ ਨੂੰ ਉਨ੍ਹਾਂ ਦਾ ਮੁਰੀਦ ਬਣਾ ਦਿੰਦੀ ਸੀ।
ਕਾਨਫਰੰਸ ਵਿਚ ਮੁਨਸ਼ੀ ਪ੍ਰੇਮ ਚੰਦ ਨੇ ਭਾਸ਼ਣ ਦਿੰਦਿਆਂ ਕਿਹਾ, ‘‘ਤੁਹਾਡੇ ਜੋਸ਼ ਅਤੇ ਤਕਰੀਰਾਂ ਤੋਂ ਜਾਪਦਾ ਹੈ ਕਿ ਹੁਣ ਸ਼ਾਇਰੀ, ਨਾਜ਼ੁਕ ਖ਼ਿਆਲੀ ਅਤੇ ਬਾਰੀਕਬੀਨੀ ਦਾ ਰਾਜ ਖ਼ਤਮ ਹੋਇਆ, ਹੁਣ ਤਾਂ ਠੋਸ ਖ਼ਿਆਲਾਂ ਦਾ ਜ਼ਮਾਨਾ ਆ ਗਿਆ ਹੈ। (ਠੋਸ ਸ਼ਬਦ ਸੁਣ ਕੇ ਸਰੋਤਿਆਂ ਨੇ ਖ਼ੂਬ ਠਹਾਕੇ ਲਗਾਏ) ਹੁਣ ਤਾਂ ਹਰ ਸ਼ੈਅ ਨੂੰ ਠੋਸ ਵਾਂਗ ਹੀ ਬਿਆਨ ਕਰਨਾ ਪਵੇਗਾ। ਜੇਕਰ ਲੱਕੜ ਦੀ ਟੁਕੜਾ ਹੋਵੇ ਤਾਂ ਉਸ ਉੱਤੇ ਸ਼ਾਇਰੀ ਨਹੀਂ ਹੋ ਸਕਣੀ। ਉਸ ਨੂੰ ਤਾਂ ਲੱਕੜ ਦਾ ਟੁਕੜਾ ਹੀ ਆਖਣਾ ਪਵੇਗਾ ਅਤੇ ਅੱਜ ਸਾਨੂੰ ਇਹ ਵੀ ਪਤਾ ਲੱਗਿਆ ਕਿ ਹੁਣ ਅਸੀਂ ਬੁੱਢੇ ਹੋ ਗਏ। ਬੁਢਾਪੇ ਵਿਚ ਸਾਡੀ ਨਜ਼ਰ ਓਨੀ ਤੇਜ਼ ਨਹੀਂ ਰਹੀ ਜਿੰਨੀ ਕਿਸੇ ਵੇਲੇ ਸੀ, ਪਰ ਫਿਰ ਅਸੀਂ ਹਿੰਮਤ ਨਹੀਂ ਹਾਰਨੀ। ਐਨਕ-ਊਨਕ ਲਗਾ ਕੇ, ਤੁਹਾਡਾ ਨੌਜਵਾਨਾਂ ਦਾ ਹੱਥ ਫੜ ਕੇ ਤੁਰ ਹੀ ਪਵਾਂਗੇ।’’
ਇਹ ਸੀ ਪ੍ਰੇਮ ਚੰਦ ਦੀ ਦਾਨਿਸ਼ਮੰਦੀ ਜੋ ਕਿਸੇ ਹੋਰ ਲੇਖਕ ਨੂੰ ਨਸੀਬ ਨਹੀਂ ਹੋਈ। ਜਵਾਨਾਂ ਦੇ ਖ਼ਿਆਲਾਂ ਦਾ ਮਜ਼ਾਕ ਉਡਾਉਣਾ ਜਾਂ ਉਨ੍ਹਾਂ ਦੇ ਜੋਸ਼ ਨੂੰ ਬੇਕਾਰ ਸਮਝਣਾ ਉਨ੍ਹਾਂ ਦੀ ਮਾਨਸਿਕਤਾ ਦਾ ਹਿੱਸਾ ਨਹੀਂ ਸੀ। ਉਹ ਨਵੇਂ ਵਿਚਾਰਾਂ ਨੂੰ ਸਮਝਣ ਅਤੇ ਇਸ ਨੂੰ ਚੱਲ ਰਹੇ ਜ਼ਮਾਨੇ ਦੀ ਲੋੜ ਸਮਝਣ ਨੂੰ ਆਪਣਾ ਫਰਜ਼ ਸਮਝਦੇ ਸਨ।

ਸਿਰਜਣ ਦੀ ਆਤਮਾ ਵਾਲਾ ਸਾਹਿਤ

ਮੁਨਸ਼ੀ ਪ੍ਰੇਮ ਚੰਦ ਦੇ 1936 ਵਿਚ ਪ੍ਰਗਤੀਸ਼ੀਲ ਲੇਖਕ ਸੰਘ ਦੇ ਪਹਿਲੇ ਇਜਲਾਸ ਦੌਰਾਨ ਦਿੱਤੇ ਭਾਸ਼ਣ ਦੇ ਕੁਝ ਹਿੱਸੇ:
1.
ਤਰੱਕੀ/ਪ੍ਰਗਤੀ ਤੋਂ ਸਾਡਾ ਭਾਵ ਉਸ ਸਥਿਤੀ ਤੋਂ ਹੈ, ਜਿਸ ਵਿਚ ਦ੍ਰਿੜ੍ਹਤਾ ਅਤੇ ਕਾਰਜ-ਸ਼ਕਤੀ ਪੈਦਾ ਹੋਵੇ, ਜਿਸ ਵਿਚ ਆਪਣੀ ਦੁੱਖ ਦੀ ਹਾਲਤ ਦਾ ਅਹਿਸਾਸ ਹੋਵੇ, ਅਸੀਂ ਦੇਖੀਏ ਕਿ ਅਸੀਂ ਕਿਹੜੇ ਅੰਦਰੂਨੀ ਤੇ ਬਾਹਰਲੇ ਕਾਰਨਾਂ ਕਰਕੇ ਇਸ ਨਿਰਜੀਵਤਾ ਅਤੇ ਗਿਰਾਵਟ ਦੀ ਹਾਲਤ ਵਿਚ ਪਹੁੰਚ ਗਏ ਅਤੇ ਉਨ੍ਹਾਂ ਕਾਰਨਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰੀਏ।
ਸਾਡੇ ਲਈ ਕਵਿਤਾ ਦੇ ਉਹ ਭਾਵ ਫ਼ਜ਼ੂਲ ਹਨ, ਜਿਨ੍ਹਾਂ ਵਿਚ ਸੰਸਾਰ ਦੀ ਨਾਸ਼ਵਾਨਤਾ ਦਾ ਕਬਜ਼ਾ ਸਾਡੇ ਦਿਲ ਉੱਤੇ ਹੋਰ ਮਜ਼ਬੂਤ ਹੋ ਜਾਵੇ, ਜਿਨ੍ਹਾਂ ਨਾਲ ਸਾਡੇ ਮਾਸਿਕ ਰਸਾਲਿਆਂ ਦੇ ਸਫ਼ੇ ਭਰੇ ਰਹਿੰਦੇ ਹਨ, ਉਹ ਸਾਡੇ ਲਈ ਬੇਮਤਲਬ ਹਨ ਜੇ ਉਹ ਸਾਡੇ ਅੰਦਰ ਹਿੱਲ-ਜੁੱਲ ਤੇ ਗਰਮੀ ਪੈਦਾ ਨਹੀਂ ਕਰਦੇ। ਜੇ ਅਸੀਂ ਦੋ ਨੌਜਵਾਨਾਂ ਦੀ ਪ੍ਰੇਮ-ਕਹਾਣੀ ਬਿਆਨ ਦਿੱਤੀ, ਪਰ ਉਸ ਨਾਲ ਸਾਡੇ ਸੌਂਦਰਯ ਪ੍ਰੇਮ ਉੱਤੇ ਕੋਈ ਅਸਰ ਨਾ ਪਿਆ ਅਤੇ ਜੇ ਪਿਆ ਵੀ ਤਾਂ ਮਹਿਜ਼ ਇੰਨਾ ਕਿ ਅਸੀਂ ਉਨ੍ਹਾਂ ਦੀ ਬਿਰਹਾ ਦੀ ਦਰਦ ਕਹਾਣੀ ਉੱਤੇ ਰੋਏ, ਤਾਂ ਇਸ ਨਾਲ ਕਿਹੜੀ ਮਾਨਸਿਕ ਜਾਂ ਰੁਚੀ-ਸਬੰਧੀ ਗਤੀ ਪੈਦਾ ਹੋਈ? ਹੋ ਸਕਦਾ ਹੈ ਕਿ ਇਨ੍ਹਾਂ ਗੱਲਾਂ ਤੋਂ ਕਿਸੇ ਜ਼ਮਾਨੇ ਵਿਚ ਸਾਡੇ ਅੰਦਰ ਭਾਵਨਾਵਾਂ ਦਾ ਜੋਸ਼ ਪੈਦਾ ਹੋ ਜਾਂਦਾ ਹੋਵੇ; ਪਰ ਅੱਜ ਉਹ ਬੇਕਾਰ ਹਨ। ਹੁਣ ਇਸ ਭਾਵਨਾਤਮਕ ਕਲਾ ਦਾ ਜ਼ਮਾਨਾ ਨਹੀਂ ਰਿਹਾ।
2.
ਮੈਨੂੰ ਇਹ ਕਹਿਣ ਵਿਚ ਕੋਈ ਝਿਜਕ ਨਹੀਂ ਕਿ ਮੈਂ ਚੀਜ਼ਾਂ ਵਾਂਗ ਹੀ ਕਲਾ ਨੂੰ ਵੀ ਉਪਯੋਗਤਾ/ਇਸਤੇਮਾਲ ਦੀ ਤੱਕੜੀ ’ਚ ਤੋਲਦਾ ਹਾਂ। ਬੇਸ਼ੱਕ ਕਲਾ ਦਾ ਉਦੇਸ਼ ਸੁੰਦਰਤਾ ਦੀ ਪ੍ਰਵਿਰਤੀ ਦੀ ਪੁਸ਼ਟੀ ਕਰਨਾ ਹੈ ਅਤੇ ਉਹ ਸਾਡੇ ਅਧਿਆਤਮਕ ਆਨੰਦ ਦੀ ਕੁੰਜੀ ਹੈ; ਪਰ ਅਜਿਹਾ ਕੋਈ ਰੁਚੀ ਵਾਲਾ ਮਾਨਸਿਕ ਅਤੇ ਅਧਿਆਤਮਕ ਆਨੰਦ ਨਹੀਂ ਹੈ ਜਿਸ ਦਾ ਕੋਈ ਉਪਯੋਗੀ ਪੱਖ ਨਾ ਹੋਵੇ। ਆਨੰਦ ਆਪਣੇ ਆਪ ਵਿਚ ਇਕ ਉਪਯੋਗਤਾ ਵਾਲੀ ਵਸਤੂ ਹੈ ਅਤੇ ਉਪਯੋਗਤਾ ਦੇ ਨਜ਼ਰੀਏ ਤੋਂ ਇਕ ਵਸਤੂ ਤੋਂ ਸਾਨੂੰ ਸੁੱਖ ਵੀ ਹੁੰਦਾ ਹੈ ਤੇ ਦੁੱਖ ਵੀ। ਅਸਮਾਨ ਉੱਤੇ ਛਾਈ ਹੋਈ ਲਾਲੀ ਬਹੁਤ ਸੁੰਦਰ ਦ੍ਰਿਸ਼ ਹੁੰਦੀ ਹੈ, ਪਰ ਜੇ ਹਾੜ੍ਹ ਦੇ ਮਹੀਨੇ ਅੰਬਰ ਉੱਤੇ ਉਹੋ ਜਿਹੀ ਲਾਲੀ ਛਾ ਜਾਵੇ ਤਾਂ ਉਹ ਸਾਨੂੰ ਖ਼ੁਸ਼ੀ ਦੇਣ ਵਾਲੀ ਨਹੀਂ ਹੋ ਸਕਦੀ। ਉਸ ਵੇਲੇ ਤਾਂ ਅਸੀਂ ਅਸਮਾਨ ਵਿਚ ਕਾਲੀਆਂ ਘਟਾਵਾਂ ਦੇਖ ਕੇ ਹੀ ਖ਼ੁਸ਼ ਹੁੰਦੇ ਹਾਂ। ਫੁੱਲਾਂ ਨੂੰ ਦੇਖ ਕੇ ਸਾਨੂੰ ਇਸ ਕਾਰਨ ਖ਼ੁਸ਼ੀ ਹੁੰਦੀ ਹੈ ਕਿ ਉਨ੍ਹਾਂ ਤੋਂ ਫੁੱਲਾਂ ਦੀ ਆਸ ਹੁੰਦੀ ਹੈ; ਕੁਦਰਤ ਨਾਲ ਆਪਣੀ ਜ਼ਿੰਦਗੀ ਦੀ ਸੁਰ ਮਿਲਾ ਕੇ ਰਹਿਣ ਵਿਚ ਸਾਨੂੰ ਇਸ ਲਈ ਅਧਿਆਤਮਕ ਸੁੱਖ ਮਿਲਦਾ ਹੈ ਕਿ ਉਸ ਨਾਲ ਸਾਡਾ ਜੀਵਨ ਵਿਕਸਿਤ ਤੇ ਤਕੜਾ ਹੁੰਦਾ ਹੈ। ਕੁਦਰਤ ਦਾ ਨਿਯਮ ਵਧਣਾ-ਫੁੱਲਣਾ ਤੇ ਵਿਕਾਸ ਕਰਨਾ ਹੈ ਅਤੇ ਜਿਨ੍ਹਾਂ ਭਾਵਨਾਵਾਂ, ਅਹਿਸਾਸਾਂ ਅਤੇ ਵਿਚਾਰਾਂ ਤੋਂ ਸਾਨੂੰ ਖ਼ੁਸ਼ੀ ਮਿਲਦੀ ਹੈ, ਉਹ ਇਸੇ ਵਾਧੇ ਤੇ ਵਿਕਾਸ ਵਿਚ ਮਦਦਗਾਰ ਹਨ। ਕਲਾਕਾਰ ਆਪਣੀ ਕਲਾ ਰਾਹੀਂ ਸੁੰਦਰਤਾ ਦੀ ਸਿਰਜਣਾ ਕਰ ਕੇ ਹਾਲਾਤ ਨੂੰ ਵਿਕਾਸ ਲਈ ਲਾਹੇਵੰਦ ਬਣਾਉਂਦਾ ਹੈ।
3.
ਸਾਨੂੰ ਸੁੰਦਰਤਾ ਦੀ ਕਸਵੱਟੀ ਬਦਲਣੀ ਪਵੇਗੀ। ਹਾਲੇ ਤੱਕ ਇਹ ਕਸਵੱਟੀ ਅਮੀਰੀ ਤੇ ਭੋਗ-ਵਿਲਾਸ ਦੀ ਤਰਜ਼ ਵਾਲੀ ਸੀ। ਸਾਡਾ ਕਲਾਕਾਰ ਅਮੀਰਾਂ ਦਾ ਪੱਲਾ ਫੜੀ ਰੱਖਣਾ ਚਾਹੁੰਦਾ ਸੀ, ਉਨ੍ਹਾਂ ਦੀ ਹੀ ਕਦਰਦਾਨੀ ਉੱਤੇ ਉਸ ਦੀ ਹੋਂਦ ਟਿਕੀ ਸੀ ਅਤੇ ਉਨ੍ਹਾਂ ਦੇ ਹੀ ਸੁੱਖ-ਦੁੱਖ, ਆਸ-ਨਿਰਾਸਤਾ, ਮੁਕਾਬਲੇ ਤੇ ਵਿਰੋਧ ਦੀ ਵਿਆਖਿਆ ਕਲਾ ਦਾ ਉਦੇਸ਼ ਸੀ। ਉਸ ਦੀ ਨਜ਼ਰ ਅੰਤ ’ਤੇ ਬੰਗਲਿਆਂ ਵੱਲ ਹੀ ਉੱਠਦੀ ਸੀ। ਝੁੱਗੀਆਂ ਤੇ ਖੰਡਰ ਉਸ ਦੇ ਧਿਆਨ ਯੋਗ ਨਹੀਂ ਸਨ। ਉਨ੍ਹਾਂ ਨੂੰ ਉਹ ਇਨਸਾਨੀਅਤ ਦੇ ਘੇਰੇ ਤੋਂ ਬਾਹਰ ਸਮਝਦਾ ਸੀ। ਕਦੇ ਇਨ੍ਹਾਂ ਦੀ ਗੱਲ ਕਰਦਾ ਵੀ ਤਾਂ ਇਨ੍ਹਾਂ ਦਾ ਮਜ਼ਾਕ ਉਡਾਉਣ ਲਈ। ਪਿੰਡਾਂ ਵਾਲਿਆਂ ਦੇ ਦੇਸੀ-ਪੇਂਡੂ ਵੇਸ ਅਤੇ ਤੌਰ-ਤਰੀਕਿਆਂ ਉੱਤੇ ਹੱਸਣ ਲਈ, ਉਨ੍ਹਾਂ ਦਾ ਸ਼ੀਨ-ਕਾਫ਼ ਦਰੁਸਤ ਨਾ ਹੋਣਾ (‘ਸ਼ੀਨ-ਕਾਫ਼’ ਭਾਵ ਫ਼ਾਰਸੀ-ਉਰਦੂ ਦੇ ਔਖੇ ਉਚਾਰਣ ਵਾਲੇ ਅੱਖਰ। ਸ਼ੀਨ ‘ਸ’ ਪੈਰ ਬਿੰਦੀ- ‘ਸ਼’ ਤੇ ਕਾਫ਼ ‘ਕ’ ਪੈਰ ਬਿੰਦੀ- ‘ਕ਼’ ਵਾਲੇ ਹਰਫ਼। ‘ਕ’ ਪੈਰ ਬਿੰਦੀ ਪੰਜਾਬੀ ਵਿਚ ਨਾ ਬੋਲੀ ਤੇ ਨਾ ਵਰਤੀ ਜਾਂਦੀ ਹੈ।) ਅਤੇ ਪੇਂਡੂਆਂ ਵੱਲੋਂ ਮੁਹਾਵਰਿਆਂ ਦਾ ਕੀਤਾ ਜਾਣ ਵਾਲਾ ਗ਼ਲਤ ਇਸਤੇਮਾਲ ਉਸ ਦੀਆਂ ਵਿਅੰਗ ਰਚਨਾਵਾਂ ਦੀ ਪੱਕੀ ਸਮੱਗਰੀ ਸੀ। ਉਹ ਵੀ ਇਨਸਾਨ ਹੈ, ਉਸ ਦਾ ਵੀ ਦਿਲ ਹੈ ਅਤੇ ਉਸ ਦੀਆਂ ਵੀ ਖ਼ੁਆਹਿਸ਼ਾਂ ਹਨ, - ਇਹ ਕਲਾ ਦੀ ਕਲਪਨਾ ਤੋਂ ਬਾਹਰ ਦੀ ਗੱਲ ਸੀ।
ਕਲਾ ਸੌੜੀ ਰੂਪ-ਪੂਜਾ, ਸ਼ਬਦ-ਯੋਜਨਾ, ਭਾਵ ਲੇਖਣੀ ਦਾ ਨਾਂ ਸੀ ਅਤੇ ਹੁਣ ਵੀ ਹੈ। ਉਸ ਲਈ ਕੋਈ ਆਦਰਸ਼ ਨਹੀਂ ਹੈ, ਜ਼ਿੰਦਗੀ ਦਾ ਕੋਈ ਉੱਚਾ ਟੀਚਾ ਨਹੀਂ, - ਭਗਤੀ ਵੈਰਾਗ, ਅਧਿਆਤਮ ਅਤੇ ਦੁਨੀਆਂ ਤੋਂ ਕਿਨਾਰਾਕਸ਼ੀ ਉਸ ਦੀਆਂ ਸਭ ਤੋਂ ਉੱਚੀਆਂ ਕਲਪਨਾਵਾਂ ਹਨ। ਸਾਡੇ ਉਸ ਕਲਾਕਾਰ ਦੇ ਖ਼ਿਆਲ ਵਿਚ ਜੀਵਨ ਦਾ ਸਿਖਰਲਾ ਟੀਚਾ ਇਹੋ ਹੈ। ਉਸ ਦੀ ਦ੍ਰਿਸ਼ਟੀ ਹਾਲੇ ਇੰਨੀ ਵਿਆਪਕ ਨਹੀਂ ਕਿ ਉਹ ਜੀਵਨ ਸੰਗਰਾਮ ਵਿਚ ਸੁੰਦਰਤਾ ਦਾ ਸਿਖਰ ਦੇਖ ਸਕੇ। ਵਰਤ (ਉਪਵਾਸ) ਅਤੇ ਨੰਗੇਜ਼ ਵਿਚ ਵੀ ਸੁੰਦਰਤਾ ਹੋ ਸਕਦੀ ਹੈ, ਉਹ ਇਸ ਨੂੰ ਬਿਲਕੁਲ ਸਵੀਕਾਰ ਨਹੀਂ ਕਰਦਾ। ਉਸ ਲਈ ਸੁੰਦਰਤਾ ਸੁੰਦਰ ਔਰਤ ਵਿਚ ਹੈ, ਬੱਚਿਆਂ ਵਾਲੀ ਉਸ ਗ਼ਰੀਬ ਰੂਪ-ਰਹਿਤ ਔਰਤ ਵਿਚ ਨਹੀਂ ਜਿਹੜੀ ਬੱਚੇ ਨੂੰ ਖੇਤ ਦੀ ਵੱਟ ਉੱਤੇ ਸੰਵਾ ਕੇ ਪਸੀਨਾ ਵਹਾ ਰਹੀ ਹੈ! ਇਸ ਨੇ ਫ਼ੈਸਲਾ ਕਰ ਲਿਆ ਹੈ ਕਿ ਰੰਗੇ ਹੋਏ ਬੁੱਲ੍ਹਾਂ, ਗੱਲ੍ਹਾਂ ਅਤੇ ਭਰਵੱਟਿਆਂ ਵਿਚ ਬਿਨਾਂ ਸ਼ੱਕ ਸੁੰਦਰਤਾ ਦਾ ਵਾਸਾ ਹੈ- ਪਰ ਉਸ ਦੇ ਉਲ਼ਝੇ ਵਾਲਾਂ, ਸੁੱਕੇ ਹੋਏ ਬੁੱਲ੍ਹਾਂ ਅਤੇ ਕੁਮਲਾਈਆਂ ਗੱਲ੍ਹਾਂ ਵਿਚ ਸੁੰਦਰਤਾ ਦਾ ਦਾਖ਼ਲਾ ਕਿਵੇਂ ਹੋ ਸਕਦਾ ਹੈ?
ਇਹ ਸੌੜੀ ਨਜ਼ਰ ਦਾ ਕਸੂਰ ਹੈ। ਜੇ ਉਸ ਦੀ ਸੁੰਦਰਤਾ ਦੇਖਣ ਵਾਲੀ ਨਜ਼ਰ ਵਿਚ ਵਿਸ਼ਾਲਤਾ ਆ ਜਾਵੇ ਤਾਂ ਉਹ ਦੇਖੇਗਾ ਕਿ ਰੰਗੇ ਬੁੱਲ੍ਹਾਂ ਤੇ ਗੱਲ੍ਹਾਂ ਦੀ ਆੜ ਵਿਚ ਜੇ ਰੂਪ ’ਤੇ ਮਾਣ ਤੇ ਬੇਰਹਿਮੀ ਛੁਪੀ ਹੈ, ਤਾਂ ਇਨ੍ਹਾਂ ਮੁਰਝਾਏ ਹੋਏ ਬੁੱਲ੍ਹਾਂ ਤੇ ਕੁਮਲਾਈਆਂ ਗੱਲਾਂ ਦੇ ਹੰਝੂਆਂ ਵਿਚ ਤਿਆਗ, ਸ਼ਰਧਾ ਅਤੇ ਕਸ਼ਟ ਸਹਿਣ ਦੀ ਤਾਕਤ ਛੁਪੀ ਹੈ। ਹਾਂ, ਉਸ ਵਿਚ ਨਫ਼ਾਸਤ ਨਹੀਂ, ਦਿਖਾਵਾ ਨਹੀਂ, ਕੋਮਲਤਾ ਨਹੀਂ।
4.
ਸਾਹਿਤਕਾਰ ਦੇ ਅੱਗੇ ਅੱਜ-ਕੱਲ੍ਹ ਜਿਹੜਾ ਆਦਰਸ਼ ਰੱਖਿਆ ਗਿਆ ਹੈ, ਉਸ ਮੁਤਾਬਿਕ ਇਹ ਸਾਰੀਆਂ ਵਿੱਦਿਆਵਾਂ ਉਸ ਦੇ ਵਿਸ਼ੇਸ਼ ਅੰਗ ਬਣ ਗਈਆਂ ਹਨ ਅਤੇ ਸਾਹਿਤ ਦਾ ਸੁਭਾਅ ਹਉਮੈ ਜਾਂ ਵਿਅਕਤੀਵਾਦ ਤੱਕ ਸੀਮਤ ਨਹੀਂ ਰਿਹਾ ਸਗੋਂ ਇਹ ਮਨੋਵਿਗਿਆਨਕ ਤੇ ਸਮਾਜਿਕ ਹੁੰਦਾ ਜਾਂਦਾ ਹੈ। ਹੁਣ ਉਹ ਵਿਅਕਤੀ ਨੂੰ ਸਮਾਜ ਤੋਂ ਵੱਖ ਕਰ ਕੇ ਨਹੀਂ ਦੇਖਦਾ ਸਗੋਂ ਉਸ ਨੂੰ ਸਮਾਜ ਦੇ ਇਕ ਅੰਗ-ਰੂਪ ਵਜੋਂ ਦੇਖਦਾ ਹੈ! ਇਸ ਲਈ ਨਹੀਂ ਕਿ ਉਹ ਸਮਾਜ ਉੱਤੇ ਹਕੂਮਤ ਕਰੇ, ਉਸ ਨੂੰ ਆਪਣੀ ਸਵਾਰਥ-ਪੂਰਤੀ ਦਾ ਸੰਦ ਬਣਾਵੇ - ਜਿਵੇਂ ਉਸ ਤੇ ਸਮਾਜ ਦਰਮਿਆਨ ਪੁਰਾਣੀ ਦੁਸ਼ਮਣੀ ਹੈ- ਸਗੋਂ ਇਸ ਲਈ ਕਿ ਸਮਾਜ ਦੀ ਹੋਂਦ ਨਾਲ ਉਸ ਦੀ ਹੋਂਦ ਕਾਇਮ ਹੈ ਅਤੇ ਸਮਾਜ ਤੋਂ ਵੱਖ ਹੋ ਕੇ ਉਸ ਦਾ ਮੁੱਲ ਸਿਫ਼ਰ ਦੇ ਬਰਾਬਰ ਹੋ ਜਾਂਦਾ ਹੈ।
ਸਾਡੇ ਵਿਚੋਂ ਜਿਨ੍ਹਾਂ ਨੂੰ ਸਰਬੋਤਮ ਸਿੱਖਿਆ ਤੇ ਸਰਬੋਤਮ ਮਾਨਸਿਕ ਸ਼ਕਤੀਆਂ ਮਿਲੀਆਂ ਹਨ, ਉਨ੍ਹਾਂ ਉੱਤੇ ਸਮਾਜ ਪ੍ਰਤੀ ਓਨੀ ਹੀ ਜ਼ਿੰਮੇਵਾਰੀ ਵੀ ਹੈ। ਅਸੀਂ ਉਸ ਮਾਨਸਿਕ ਪੂੰਜੀਪਤੀ ਨੂੰ ਪੂਜਾ ਯੋਗ ਨਹੀਂ ਸਮਝਾਂਗੇ ਜਿਹੜਾ ਸਮਾਜ ਦੇ ਪੈਸੇ ਨਾਲ ਉੱਚੀ ਸਿੱਖਿਆ ਹਾਸਲ ਕਰ ਕੇ ਉਸ ਨੂੰ ਮਹਿਜ਼ ਆਪਣੀ ਸਵਾਰਥ ਪੂਰਤੀ ਲਈ ਵਰਤਦਾ ਹੈ। ਸਮਾਜ ਤੋਂ ਨਿੱਜੀ ਫ਼ਾਇਦਾ ਲੈਣਾ ਅਜਿਹਾ ਕੰਮ ਹੈ ਜਿਸ ਨੂੰ ਕੋਈ ਸਾਹਿਤਕਾਰ ਕਦੇ ਪਸੰਦ ਨਹੀਂ ਕਰੇਗਾ। ਉਸ ਮਾਨਸਿਕ ਪੂੰਜੀਪਤੀ ਦਾ ਫ਼ਰਜ਼ ਹੈ ਕਿ ਉਹ ਸਮਾਜ ਦੇ ਲਾਭ ਨੂੰ ਆਪਣੇ ਨਿੱਜੀ ਲਾਭ ਤੋਂ ਜ਼ਿਆਦਾ ਧਿਆਨਦੇਣ ਯੋਗ ਸਮਝੇ - ਆਪਣੀ ਵਿੱਦਿਆ ਤੇ ਯੋਗਤਾ ਰਾਹੀਂ ਸਮਾਜ ਨੂੰ ਵੱਧ ਤੋਂ ਵੱਧ ਫ਼ਾਇਦਾ ਪਹੁੰਚਾਉਣ ਦੀ ਕੋਸ਼ਿਸ਼ ਕਰੇ। ਉਹ ਸਾਹਿਤ ਦੇ ਕਿਸੇ ਵੀ ਰੂਪ ਵਿਚ ਕਿਉਂ ਨਾ ਦਾਖ਼ਲ ਹੋਵੇ - ਉਹ ਉਸ ਰੂਪ ਬਾਰੇ ਖ਼ਾਸ ਤੌਰ ’ਤੇ ਅਤੇ ਸਾਰੇ ਰੂਪਾਂ ਬਾਰੇ ਆਮ ਤੌਰ ’ਤੇ ਜਾਣੂ ਹੋਵੇ।
5.
ਸਾਨੂੰ ਆਪਣੀ ਦਿਲਚਸਪੀ ਅਤੇ ਸੁਭਾਅ ਦੇ ਮੁਆਫ਼ਕ ਵਿਸ਼ੇ ਚੁਣ ਲੈਣੇ ਚਾਹੀਦੇ ਹਨ ਅਤੇ ਵਿਸ਼ੇ ਉੱਤੇ ਪੂਰੀ ਮੁਹਾਰਤ ਹਾਸਲ ਕਰਨੀ ਚਾਹੀਦੀ ਹੈ। ਅਸੀਂ ਜਿਸ ਆਰਥਿਕ ਹਾਲਤ ਵਿਚ ਜ਼ਿੰਦਗੀ ਬਿਤਾ ਰਹੇ ਹਾਂ, ਉਸ ਵਿਚ ਇਹ ਕੰਮ ਔਖਾ ਜ਼ਰੂਰ ਹੈ, ਪਰ ਸਾਡਾ ਆਦਰਸ਼ ਉੱਚਾ ਹੋਣਾ ਚਾਹੀਦਾ ਹੈ। ਅਸੀਂ ਪਹਾੜ ਦੀ ਚੋਟੀ ਤੱਕ ਨਾ ਵੀ ਪਹੁੰਚ ਸਕੇ, ਅੱਧ ਤੱਕ ਤਾਂ ਪਹੁੰਚ ਹੀ ਜਾਵਾਂਗੇ ਜੋ ਜ਼ਮੀਨ ਉੱਤੇ ਹੀ ਰੀਂਗਦੇ ਰਹਿਣ ਨਾਲੋਂ ਤਾਂ ਚੰਗਾ ਹੈ। ਜੇ ਸਾਡਾ ਅੰਦਰ ਪਿਆਰ ਦੀ ਜੋਤ ਨਾਲ ਪ੍ਰਕਾਸ਼ਮਾਨ ਹੋਵੇ ਅਤੇ ਸੇਵਾ ਦਾ ਆਦਰਸ਼ ਸਾਡੇ ਸਾਹਮਣੇ ਹੋਵੇ ਤਾਂ ਅਜਿਹੀ ਕੋਈ ਮੁਸ਼ਕਲ ਨਹੀਂ ਜਿਸ ਉੱਤੇ ਅਸੀਂ ਜਿੱਤ ਹਾਸਲ ਨਾ ਕਰ ਸਕੀਏ।
6.
ਸਾਡੇ ਵਿਚ ਭਾਵ ਸਾਹਿਤਕਾਰਾਂ ਵਿਚ ਕਰਮ ਸ਼ਕਤੀ ਦੀ ਕਮੀ ਹੈ। ਇਹ ਇਕ ਕੌੜੀ ਸੱਚਾਈ ਹੈ; ਪਰ ਅਸੀਂ ਉਸ ਤੋਂ ਅੱਖਾਂ ਨਹੀਂ ਮੀਟ ਸਕਦੇ। ਹੁਣ ਤੱਕ ਅਸੀਂ ਸਾਹਿਤ ਦਾ ਜਿਹੜਾ ਆਦਰਸ਼ ਆਪਣੇ ਸਾਹਮਣੇ ਰੱਖਿਆ ਸੀ, ਉਸ ਲਈ ਕਰਮ ਦੀ ਲੋੜ ਨਹੀਂ ਸੀ। ਕਰਮਹੀਣਤਾ ਹੀ ਉਸ ਦਾ ਗੁਣ ਸੀ; ਕਿਉਂਕਿ ਕਰਮ ਆਪਣੇ ਨਾਲ ਅਕਸਰ ਪੱਖਪਾਤ ਤੇ ਸੌੜੇਪਣ ਨੂੰ ਵੀ ਲਿਆਉਂਦਾ ਹੈ। ਜੇ ਕੋਈ ਆਦਮੀ ਧਾਰਮਿਕ ਹੋ ਕੇ ਆਪਣੀ ਧਾਰਮਿਕਤਾ ਉੱਤੇ ਮਾਣ ਕਰੇ ਤਾਂ ਇਸ ਤੋਂ ਕਿਤੇ ਚੰਗਾ ਹੈ ਕਿ ਉਹ ਧਾਰਮਿਕ ਨਾ ਹੋ ਕੇ ‘ਖਾਓ-ਪੀਓ ਮੌਜ ਕਰੋ’ ਵਾਲਾ ਹੀ ਹੋਵੇ। ਅਜਿਹਾ ਚੰਗੇ ਸੁਭਾਅ ਵਾਲਾ ਤਾਂ ਰੱਬ ਦੀ ਦਇਆ ਦਾ ਹੱਕਦਾਰ ਹੋ ਵੀ ਸਕਦਾ ਹੈ, ਪਰ ਧਾਰਮਿਕਤਾ ਉੱਤੇ ਮਾਣ ਕਰਨ ਵਾਲੇ ਲਈ ਅਜਿਹੀ ਕੋਈ ਸੰਭਾਵਨਾ ਨਹੀਂ।
ਜੋ ਵੀ ਹੋਵੇ, ਜਦੋਂ ਤੱਕ ਸਾਹਿਤ ਦਾ ਕੰਮ ਸਿਰਫ਼ ਮਨਪ੍ਰਚਾਵੇ ਦਾ ਸਾਮਾਨ ਇਕੱਤਰ ਕਰਨਾ, ਸਿਰਫ਼ ਲੋਰੀਆਂ ਗਾ-ਗਾ ਕੇ ਸੰਵਾਉਣਾ, ਸਿਰਫ਼ ਹੰਝੂ ਵਹਾ ਕੇ ਦਿਲ ਹਲਕਾ ਕਰਨਾ ਸੀ, ਉਦੋਂ ਤੱਕ ਇਸ ਲਈ ਕਰਮ ਦੀ ਲੋੜ ਨਹੀਂ ਸੀ। ਉਹ ਇਕ ਦੀਵਾਨਾ ਸੀ ਜਿਸ ਦਾ ਗ਼ਮ ਦੂਜੇ ਖਾਂਦੇ ਸਨ, ਪਰ ਅਸੀਂ ਸਾਹਿਤ ਨੂੰ ਸਿਰਫ਼ ਮਨੋਰੰਜਨ ਤੇ ਭੋਗ-ਵਿਲਾਸ ਦੀ ਚੀਜ਼ ਨਹੀਂ ਸਮਝਦੇ। ਸਾਡੀ ਕਸਵੱਟੀ ਉੱਤੇ ਉਹੀ ਸਾਹਿਤ ਖਰਾ ਉਤਰੇਗਾ, ਜਿਸ ਵਿਚ ਉੱਚ ਚਿੰਤਨ ਹੋਵੇ, ਆਜ਼ਾਦੀ ਦਾ ਭਾਵ ਹੋਵੇ, ਸੌਂਦਰਯ ਦਾ ਸਾਰ ਹੋਵੇ, ਸਿਰਜਣ ਦੀ ਆਤਮਾ ਹੋਵੇ, ਜੀਵਨ ਦੀਆਂ ਸੱਚਾਈਆਂ ਦਾ ਪ੍ਰਕਾਸ਼ ਹੋਵੇ- ਜੋ ਸਾਡੇ ਅੰਦਰ ਗਤੀ ਅਤੇ ਬੇਚੈਨੀ ਪੈਦਾ ਕਰੇ। ਸੁਆਵੇ ਨਾ, ਕਿਉਂਕਿ ਹੁਣ ਹੋਰ ਜ਼ਿਆਦਾ ਸੌਣਾ ਮੌਤ ਦਾ ਲੱਛਣ ਹੈ।

ਪਹਿਲੇ ਕੌਮੀ ਇਜਲਾਸ ਵਿਚ ਸ਼ਾਮਿਲ ਹੋਈਆਂ ਸ਼ਖ਼ਸੀਅਤਾਂ

Advertisement
Author Image

Advertisement