For the best experience, open
https://m.punjabitribuneonline.com
on your mobile browser.
Advertisement

ਬੱਚਿਆਂ ’ਚ ਸਾਹਿਤ ਲਿਖਣ ਤੋਂ ਪਹਿਲਾਂ ਪੜ੍ਹਨ ਦੀ ਆਦਤ ਪਾਓ

07:52 AM Apr 27, 2024 IST
ਬੱਚਿਆਂ ’ਚ ਸਾਹਿਤ ਲਿਖਣ ਤੋਂ ਪਹਿਲਾਂ ਪੜ੍ਹਨ ਦੀ ਆਦਤ ਪਾਓ
Advertisement

ਬਰਜਿੰਦਰ ਕੌਰ ਬਿਸਰਾਓ

Advertisement

ਸਾਹਿਤ ਦੀ ਸਿਰਜਣਾ ਤਾਂ ਹੀ ਕੀਤੀ ਜਾ ਸਕਦੀ ਹੈ ਜੇ ਸਾਹਿਤ ਨੂੰ ਚੰਗੀ ਤਰ੍ਹਾਂ ਪੜ੍ਹਿਆ, ਜਾਣਿਆ ਅਤੇ ਸਮਝਿਆ ਹੋਵੇ ਪਰ ਅੱਜਕੱਲ੍ਹ ਇੱਕ ਨਵੇਂ ਤਰੀਕੇ ਦਾ ਰੁਝਾਨ ਵੇਖਣ ਨੂੰ ਮਿਲ ਰਿਹਾ ਹੈ ਕਿ ਬਹੁਤ ਛੋਟੇ ਬੱਚਿਆਂ ਤੋਂ ਵੀ ਸਾਹਿਤ ਲਿਖਵਾਇਆ ਜਾ ਰਿਹਾ ਹੈ। ਬੱਚਿਆਂ ਦੇ ਨਾਂ ਦੇ ਨਾਲ ਨਾਲ ਉਨ੍ਹਾਂ ਦੇ ‘ਗਾਈਡ’ ਦਾ ਨਾਂ ਵੀ ਦਿੱਤਾ ਜਾਂਦਾ ਹੈ। ਪ੍ਰਾਇਮਰੀ ਤੱਕ ਦੇ ਬੱਚੇ ਦੁਆਰਾ ਲਿਖੀ ਕਵਿਤਾ ਦੇ ਨਾਲ ਉਸ ਦੇ ਮਾਪਿਆਂ ਜਾਂ ਉਸ ਦੇ ਅਧਿਆਪਕ ਦਾ ਨਾਂ ਦਿੱਤਾ ਜਾਂਦਾ ਹੈ ਕਿ ਇਹ ਉਸ ਦੀ ਨਿਗਰਾਨੀ ਹੇਠ ਲਿਖੀ ਹੋਈ ਰਚਨਾ ਹੈ।
ਐਨੇ ਛੋਟੇ ਬੱਚੇ ਨੂੰ ਕਿਸ ਤਰ੍ਹਾਂ ਗਾਈਡ ਕੀਤਾ ਜਾਂਦਾ ਹੋਵੇਗਾ? ਇਹ ਗੱਲ ਤਾਂ ਠੀਕ ਹੈ ਕਿ ਬੱਚੇ ਤੋਂ ਸਿਰਜਣਾਤਮਕ ਕਾਰਜ ਕਰਵਾ ਕੇ ਉਸ ਦੀ ਬੌਧਿਕ ਸਮਰੱਥਾ ਵਿੱਚ ਵਾਧਾ ਹੋਵੇਗਾ ਪਰ ਕਵਿਤਾ ਲਿਖਣ ਲਈ ਉਸ ਅੰਦਰ ਭਾਵ, ਖ਼ਿਆਲ ਅਤੇ ਜਜ਼ਬਾ ਪੈਦਾ ਕਰਨ ਲਈ ਉਸ ਨੂੰ ਕਿਹੜੇ ਤਰੀਕੇ ਨਾਲ ਗਾਈਡ ਕੀਤਾ ਜਾਂਦਾ ਹੋਵੇਗਾ? ਜਿਹੜੀ ਉਮਰੇ ਬੱਚੇ ਨੂੰ ਅਜੇ ਆਪਣੇ ਪਾਠਕ੍ਰਮ ਦੇ ਛੋਟੇ ਛੋਟੇ ਪ੍ਰਸ਼ਨਾਂ ਦੇ ਉੱਤਰ ਸਹੀ ਢੰਗ ਨਾਲ ਲਿਖਣ ਲਈ ਬਹੁਤ ਸਾਰਾ ਅਭਿਆਸ ਕਰਨਾ ਪੈਂਦਾ ਹੋਵੇ, ਉਸ ਉਮਰੇ ਉਹ ਇੱਕ ਵਧੀਆ ਕਵਿਤਾ ਕਿਵੇਂ ਸਿਰਜਦਾ ਹੈ? ਇਹ ਪ੍ਰਸ਼ਨ ਵਾਰ ਵਾਰ ਜ਼ਿਹਨ ਵਿੱਚ ਉੱਭਰਦਾ ਹੈ। ਇਹ ਵਧ ਰਿਹਾ ਰੁਝਾਨ ਕਿਤੇ ਵੱਡੇ ਹੋ ਕੇ ਬੱਚਿਆਂ ਦੇ ਅੰਦਰ ਸਹਿਜ ਸੁਭਾਅ ਉਪਜਣ ਵਾਲੀ ਕਲਾ ਦੇ ਖੰਭਾਂ ਨੂੰ ਛੋਟੀ ਉਮਰੇ ਫੋਕੀ ਵਾਹ ਵਾਹ ਦੀ ਛੁਰੀ ਨਾਲ ਤਾਂ ਨਹੀਂ ਕੱਟ ਰਿਹਾ? ਬੱਚਿਆਂ ਨੂੰ ਦੱਸ ਕੇ ਲਿਖਵਾਉਣ ਨਾਲੋਂ ਤਾਂ ਚੰਗਾ ਉਸ ਦੇ ਅੰਦਰ ਦੀ ਰੁਚੀ ਵਿੱਚੋਂ ਉਸ ਦੀ ਪ੍ਰਤਿਭਾ ਨੂੰ ਤਲਾਸ਼ ਕੇ ਉਸ ਨੂੰ ਤਰਾਸ਼ਿਆ ਜਾਵੇ।
ਪ੍ਰਾਇਮਰੀ ਤੱਕ ਦੇ ਬੱਚੇ ਜੇ ਤਾਂ ਸੱਚਮੁੱਚ ਹੀ ਐਨੀ ਵਧੀਆ ਕਵਿਤਾ ਲਿਖਦੇ ਹਨ ਤਾਂ ਇਹ ਇੱਕ ਚੰਗਾ ਕਦਮ ਹੈ ਅਤੇ ਉਸ ਨੂੰ ਉਤਸ਼ਾਹਿਤ ਕਰਨਾ ਸਾਡਾ ਸਭ ਦਾ ਫ਼ਰਜ਼ ਬਣਦਾ ਹੈ ਪਰ ਜੇ ਕਿਤੇ ਦਾਲ ਵਿੱਚ ਕੁਝ ਕਾਲਾ ਹੈ ਤਾਂ ਇਹ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਹੋ ਸਕਦਾ ਹੈ। ਐਨੀ ਛੋਟੀ ਉਮਰ ਦੇ ਬੱਚਿਆਂ ਨੂੰ ਆਪਣੀ ਸਕੂਲੀ ਪੜ੍ਹਾਈ ਤੋਂ ਵਿਹਲ ਬੜੀ ਮੁਸ਼ਕਿਲ ਨਾਲ ਮਿਲਦੀ ਹੈ, ਉਨ੍ਹਾਂ ਦੁਆਰਾ ਇੱਕ ਵਧੀਆ ਸਾਹਿਤਕਾਰ ਤੁਲ ਸਾਹਿਤ ਦੀ ਰਚਨਾ ਕਰਵਾਉਣਾ ਹਜ਼ਮ ਨਹੀਂ ਹੋ ਸਕਦਾ। ਕੁਝ ਬੱਚੇ ਪ੍ਰਤਿਭਾਸ਼ਾਲੀ ਹੋ ਸਕਦੇ ਹਨ ਜਿਨ੍ਹਾਂ ਵਿੱਚ ਕੁਦਰਤੀ ਤੌਰ ’ਤੇ ਇਹੋ ਜਿਹੇ ਗੁਣ ਉਪਜੇ ਹੋਣ, ਇਹੋ ਜਿਹੇ ਬੱਚੇ ਨਿਵੇਕਲੇ ਹੁੰਦੇ ਹਨ। ਨਿਗਰਾਨੀ ਹੇਠ ਛੋਟੇ ਬੱਚਿਆਂ ਤੋਂ ਲਿਖਵਾਇਆ ਸਾਹਿਤ ਕਿਤੇ ਅਖ਼ਬਾਰਾਂ ਜਾਂ ਰਸਾਲਿਆਂ ਵਿੱਚ ਆਪਣੀਆਂ ਜਾਂ ਬੱਚਿਆਂ ਦੀਆਂ ਫੋਟੋਆਂ ਛਪਵਾਉਣ ਲਈ ਭੇਡ ਚਾਲ ਹੀ ਨਾ ਬਣ ਕੇ ਰਹਿ ਜਾਵੇ। ਜਾਂ ਕਿਤੇ ਇਹ ਸਾਹਿਤ ਦਾ ਵਪਾਰੀਕਰਨ ਤਾਂ ਨਹੀਂ ਹੋ ਰਿਹਾ। ਇਸ ਨੂੰ ਬਹੁਤ ਬਾਰੀਕੀ ਨਾਲ ਸੋਚਣ ਦੀ ਲੋੜ ਹੈ।
ਅਜਿਹੇ ਗਾਈਡ ਜਾਂ ਨਿਗਰਾਨ ਜੇ ਸੱਚਮੁੱਚ ਬੱਚੇ ਅੰਦਰ ਸਾਹਿਤਕ ਚਿਣਗ ਪੈਦਾ ਕਰਨਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਪਹਿਲਾਂ ਬੱਚਿਆਂ ਦੇ ਕਵਿਤਾਵਾਂ ਬੋਲਣ ਦੇ ਮੁਕਾਬਲੇ ਕਰਵਾਉਣੇ ਚਾਹੀਦੇ ਹਨ ਤਾਂ ਕਿ ਉਨ੍ਹਾਂ ਨੂੰ ਉਤਸ਼ਾਹਿਤ ਕੀਤਾ ਜਾਵੇ। ਇਸ ਤਰ੍ਹਾਂ ਉਨ੍ਹਾਂ ਵਿੱਚ ਸਾਹਿਤ ਪ੍ਰਤੀ ਰੁਚੀ ਪੈਦਾ ਹੋਵੇਗੀ, ਉਨ੍ਹਾਂ ਅੰਦਰ ਉਸ ਤਰ੍ਹਾਂ ਦੇ ਭਾਵ ਉਪਜਣਗੇ ਤੇ ਖ਼ਿਆਲ ਪੈਦਾ ਹੋਣਗੇ ਜਿਸ ਤਰ੍ਹਾਂ ਦੀਆਂ ਕਵਿਤਾਵਾਂ ਉਨ੍ਹਾਂ ਨੂੰ ਪੜ੍ਹਨੀਆਂ ਸਿਖਾਈਆਂ ਜਾਣਗੀਆਂ। ਜਦ ਬੱਚੇ ਨੂੰ ਪੜ੍ਹ-ਪੜ੍ਹ ਕੇ ਸਾਹਿਤਕ ਰਚਨਾਵਾਂ ਵਿੱਚ ਰੁਚੀ ਵਧਣ ਲੱਗਦੀ ਹੈ ਤਾਂ ਉਸ ਅੰਦਰ ਲਿਖਣ ਦਾ ਜਜ਼ਬਾ ਆਪਣੇ ਆਪ ਪੈਦਾ ਹੋਣ ਲੱਗਦਾ ਹੈ। ਬੱਚਿਆਂ ਤੋਂ ਜ਼ਬਰਦਸਤੀ ਕਵਿਤਾਵਾਂ ਲਿਖਵਾਉਣ ਦੀ ਥਾਂ ਉਨ੍ਹਾਂ ਨੂੰ ਵੱਡਿਆਂ ਦੁਆਰਾ ਲਿਖੀਆਂ ਬਾਲ ਕਵਿਤਾਵਾਂ ਪੜ੍ਹਨ ਦੇ ਯੋਗ ਬਣਾਇਆ ਜਾਵੇ ਤਾਂ ਜੋ ਉਹ ਉਨ੍ਹਾਂ ਤੋਂ ਪ੍ਰੇਰਨਾ ਲੈ ਕੇ ਵਧੀਆ ਸਾਹਿਤ ਰਚਣ ਦੇ ਯੋਗ ਹੋ ਸਕਣ।
ਸੰਪਰਕ: 99889-01324

Advertisement

Advertisement
Author Image

joginder kumar

View all posts

Advertisement