ਖ਼ੂਨੀ ਡੋਰ ਤੋਂ ਛੁਟਕਾਰਾ
ਲਖਵਿੰਦਰ ਸਿੰਘ ਰਈਆ
ਪਤੰਗ ਉਡਾਉਣ ਦਾ ਸੀਜ਼ਨ ਪੂਰੇ ਜ਼ੋਰਾਂ ’ਤੇ ਸੀ। ਆਕਾਸ਼ ਵਿੱਚ ਉੱਡਦੀਆਂ ਰੰਗ ਬਿਰੰਗੀਆਂ ਪਤੰਗਾਂ ਨੇ ਕਾਫ਼ੀ ਰੰਗ ਬੰਨ੍ਹਿਆ ਹੋਇਆ ਸੀ। ਪਤੰਗਬਾਜ਼ ਵੀ ਪੂਰੇ ਜੋਸ਼ ਖਰੋਸ਼ ਨਾਲ ਪਤੰਗਾਂ ਉਡਾ ਕੇ ਲੁਤਫ਼ ਉਠਾ ਰਹੇ ਸਨ।
ਕਈ ਪਤੰਗਾਂ ਦੇ ਪੇਚੇ ਪਏ ਹੋਏ ਸਨ, ਪਰ ਪਤੰਗਾਂ ਦੇ ਕੱਟੇ ਜਾਣ ਦੇ ਵਰਤਾਰੇ ਯਾਨੀ ਬੋ ਕਾਂਟੇ ਬਹੁਤ ਘੱਟ ਹੋ ਰਹੇ ਸਨ। ਇੰਝ ਲੱਗਦਾ ਸੀ ਕਿ ਜਿਵੇਂ ਪਤੰਗਾਂ ਆਮ ਧਾਗੇ ਦੀ ਡੋਰ ਨਾਲ ਨਹੀਂ ਸਗੋਂ ਕਿਸੇ ਖ਼ਾਸ ਧਾਗੇ ਦੀ ਲੋਹ ਡੋਰ ਨਾਲ ਉਡਾਈਆਂ ਜਾ ਰਹੀਆਂ ਹੋਣ। ਫਸੇ ਪੇਚੇ ਲੰਬੇ ਹੁੰਦੇ ਜਾ ਰਹੇ ਸਨ। ਜਦ ਕਿਤੇ ਕੋਈ ਵਿਰਲੀ ਵਾਂਝੀ ਪਤੰਗ ਹੀ ਕੱਟੀ ਜਾਂਦੀ ਤਾਂ ‘ਆ...ਈ ਬੋ ਕਾਂਟਾ ...’ ਦਾ ਚੁਫ਼ੇਰੇ ਰੌਲਾ ਪੈ ਜਾਂਦਾ।
ਫਿਰ ਬੋ ਹੋਈਆਂ ਪਤੰਗਾਂ ਨੂੰ ਲੁੱਟਣ/ਫੜਨ ਲਈ ਮੁੰਡੀਰ ਵੱਲੋਂ ਉਤਾਂਹ ਨੂੰ ਮੂੰਹ ਚੁੱਕ ਕੇ ਬੇਧਿਆਨੀ ਵਿੱਚ ਲੱਗਦੀਆ ਦੌੜਾਂ ਕਾਰਨ ਵੱਜਦੀਆਂ ਟੱਕਰਾਂ ਨਾਲ ਕਿਤੇ ਕਿਤੇ ਵਾਪਰ ਰਹੀਆਂ ਦੁਰਘਟਨਾਵਾਂ ਨੇ ਵੀ ਆਮ ਰਾਹਗੀਰਾਂ ਦੇ ਨੱਕ ਵਿੱਚ ਦਮ ਕੀਤਾ ਹੋਇਆ ਸੀ। ਕਈਆਂ ਨੂੰ ਪੈਂਦੇ ਇਸ ਪਲਾਸਟਿਕਨੁਮਾ ਤਿੱਖੀ ਡੋਰ ਦੇ ਖੂਨੀ ਵਲੇਵੇਂ ਵੀ ਜਾਨ ਦੇ ਖੌਅ ਬਣਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡ ਰਹੇ ਸਨ।
ਰੁੱਖਾਂ, ਖੰਭਿਆਂ ਤੇ ਤਾਰਾਂ ਆਦਿ ਨਾਲ ਲਮਕਦੀਆਂ ਕੱਟੀਆਂ ਪਤੰਗਾਂ ਦੀਆਂ ਬਹੁਤ ਸਾਰੀਆਂ ਲੰਮੀਆਂ ਲੰਮੀਆਂ ਖੂਨੀ ਡੋਰਾਂ ਦੇ ਬਣੇ ਜਾਲਾਂ ਵਿੱਚ ਫਸੇ ਕਈ ਵਿਚਾਰੇ ਪੰਛੀ ਤੜਫ਼ ਰਹੇ ਸਨ। ਕਈ ਥਾਈਂ ਖੂਨੀ ਡੋਰ ਵਿੱਚ ਉਲਝੇ ਅਣਭੋਲ ਪੰਛੀਆਂ ਦੇ ਖੰਭ/ ਪੌਂਚੇ/ ਗਲੇ ਕੱਟੇ ਜਾਣ ਕਾਰਨ ਚੀਕ ਚਿਹਾੜਾ ਵੀ ਪੈ ਰਿਹਾ ਸੀ। ਬਹੁਤੇ ਲੋਕ ‘ਸਾਨੂੰ ਕੀ? ਸੋਚਦਿਆਂ ਵਰਤ ਰਹੇ ਇਸ ਭਿਆਨਕ ਮੰਜ਼ਰ/ਵਰਤਾਰੇ ਤੋਂ ਕੰਨ ਲਪੇਟ ਤੇ ਅੱਖਾਂ ਮੀਟ ਕੇ ਲਾਹਪ੍ਰਵਾਹੀ ਵਿੱਚ ਲੰਘ ਰਹੇ ਸਨ।
ਸਕੂਲ ਤੋਂ ਛੁੱਟੀ ਹੋਣ ’ਤੇ ਵਾਪਸੀ ਸਮੇਂ ਰੁਬਾਣੀ ਕੌਰ ਤੇ ਨਵਾਬ ਸਿੰਘ ਦੋਵੇਂ ਭੈਣ ਭਰਾ ਵੀ ਇਸ ਗੱਲ ਤੋਂ ਬੇਖ਼ਬਰ ਆਪਣੇ ਧਿਆਨ ਵਿੱਚ ਮਸਤ ਹੋ ਕੇ ਤੁਰੇ ਜਾ ਰਹੇ ਸਨ। ਅਚਾਨਕ ਰੁਬਾਣੀ ਕੌਰ ਦੀ ਧੌਣ ਵੀ ਇਸ ਖ਼ੂਨੀ ਡੋਰ ਦੇ ਲਪੇਟੇ ਵਿੱਚ ਆ ਗਈ। ਉਸ ਦੀ ਧੌਣ ਵਿੱਚ ਖ਼ੂਨੀ ਡੋਰ ਦੇ ਫਿਰ (ਘਸਰ) ਜਾਣ ਨਾਲ ਲੱਗੇ ਡੂੰਘੇ ਕੱਟ ਕਰਕੇ ਉਹ ਲਹੂ ਲੁਹਾਨ ਹੋ ਗਈ। ਡਰਨ ਤੇ ਘਬਰਾਉਣ ਦੀ ਥਾਂ ਨਵਾਬ ਸਿੰਘ ਨੇ ਹਿੰਮਤ ਕਰਕੇ ਆਪਣੀ ਦੀਦੀ ਰੁਬਾਣੀ ਕੌਰ ਦੀ ਧੌਣ ਦੁਆਲਿਓਂ ਲਿਪਟੀ ਡੋਰ ਨੂੰ ਵੱਖ ਕੀਤਾ, ਫਿਰ ਜ਼ਖ਼ਮ ਉੱਪਰ ਮੁਢਲੀ ਸਹਾਇਤਾ ਵਜੋਂ ਰੁਮਾਲ ਲਪੇਟ ਦਿੱਤਾ। ਤੁਰੰਤ ਨੇੜਲੇ ਹਸਪਤਾਲ ਤੋਂ ਮੱਲ੍ਹਮ ਪੱਟੀ ਕਰਵਾ ਕੇ ਦੋਵੇਂ ਭੈਣ ਭਰਾ ਬੇਝਿਜਕ ਸਿੱਧੇ ਥਾਣੇ ਜਾ ਪਹੁੰਚੇ।
ਉਨ੍ਹਾਂ ਦੋਵਾਂ (ਭੈਣ ਭਰਾ) ਨੇ ਬੜੇ ਹੀ ਆਤਮ ਵਿਸ਼ਵਾਸ ਨਾਲ ਪੁਲੀਸ ਅਫ਼ਸਰ ਨੂੰ ਆਪਣੇ ਨਾਲ ਵਾਪਰੀ ਦੁਖਦਾਇਕ ਹੱਡਬੀਤੀ ਸੁਣਾਈ। ਭਲੇ ਅਫ਼ਸਰ ਨੇ ਜਦ ਬੱਚਿਆਂ ਤੋਂ ਇਹ ਸਭ ਵਿਥਿਆ ਸੁਣੀ ਤਾਂ ਉਸ ਨੇ ਝਟਪਟ ਪੁਲੀਸ ਪਾਰਟੀ ਨਾਲ ਲੈ ਕੇ ਐਕਸ਼ਨ ਕਰਦਿਆਂ ਖ਼ੂਨੀ ਡੋਰ (ਚਾਈਨਾ ਡੋਰ) ਨਾਲ ਪਤੰਗਾਂ ਉਡਾਉਣ ਵਾਲਿਆਂ ਨੂੰ ਜਾ ਦਬੋਚਿਆ। ਅੱਗੋਂ ਪਤੰਗਬਾਜ਼ਾਂ ਵੱਲੋਂ ਦੱਸੀ ਗਈ ਨਿਸ਼ਾਨਦੇਹੀ/ਅਤੇ ਪਤੇ ਦੀ ਸੂਚਨਾ ਨਾਲ ਖ਼ੂਨੀ ਡੋਰ ਵੇਚਣ ਵਾਲੇ ਬਹੁਤ ਸਾਰੇ ਕਾਰੋਬਾਰੀ ਦੁਕਾਨਦਾਰ ਵੀ ਕਾਬੂ ਕਰ ਲਏ ਗਏ। ਉਨ੍ਹਾਂ ਤੋਂ ਭਾਰੀ ਮਾਤਰਾ ਵਿੱਚ ਗੱਟੂਆਂ ਦੇ ਰੂਪ ਵਿੱਚ ਬਹੁਤ ਸਾਰੀ ਖ਼ੂਨੀ ਡੋਰ ਨੂੰ ਜ਼ਬਤ ਕਰ ਲਿਆ ਗਿਆ। ਪੁਲੀਸ ਪਾਰਟੀ ਵੱਲੋਂ ਫੁਰਤੀ ਭਰਿਆ ਸਫਲ ਐਕਸ਼ਨ ਹੋਣ ਕਰਕੇ ਖ਼ੂਨੀ ਡੋਰ ਨਾਲ ਮਚਾਇਆ ਜਾ ਰਿਹਾ ਤਾਂਡਵ ਇਕਦਮ ਠੰਢਾ ਪੈ ਗਿਆ।
ਬੱਚਿਆਂ ਦੀ ਦੇਰੀ ਨਾਲ ਹੋਈ ਘਰ ਪਹੁੰਚ ਨੇ ਪਹਿਲਾਂ ਮਾਪਿਆਂ ਨੂੰ ਕੁਝ ਫ਼ਿਕਰਮੰਦ ਜ਼ਰੂਰ ਕੀਤਾ, ਪਰ ਜਦ ਬੱਚਿਆਂ ਨੇ ਦੇਰੀ ਦਾ ਕਾਰਨ ਦੱਸਿਆ ਤਾਂ ਮਾਪਿਆਂ ਨੇ ਚੁੰਮ ਕੇ ਗਲ਼ੇ ਨਾਲ ਲਾ ਲਿਆ ਤੇ ਆਪਣੇ ਬੱਚਿਆਂ ਦੇ ਦਲੇਰੀ ਭਰੇ ਇਸ ਕਾਰਨਾਮੇ ਨਾਲ ਉਹ ਫਖ਼ਰ ਨਾਲ ਭਰ ਗਏ। ਓਧਰ ਬੱਚਿਆਂ ਦੇ ਇਸ ਦਲੇਰੀ ਭਰੇ ਕਾਰਨਾਮੇ ਦੀ ਚੁੰਝ ਚਰਚਾ ਚੁਫੇਰੇ ਛਿੜ ਗਈ। ਅਗਲੇ ਦਿਨ ਸਕੂਲ ਪਹੁੰਚਣ ’ਤੇ ਸਕੂਲ ਮੁਖੀ ਅਤੇ ਅਧਿਆਪਕਾਂ ਨੇ ਇਨ੍ਹਾਂ ਬੱਚਿਆਂ ਨੂੰ ਸਵੇਰੇ ਦੀ ਸਭਾ ਸਮੇਂ ਸਟੇਜ ਉੱਪਰ ਲਿਜਾ ਕੇ ਮਾਣ ਭਰੀ ਸ਼ਾਬਾਸ਼ ਦਿੱਤੀ ਤੇ ਤਾੜੀਆਂ ਦੀ ਗੂੰਜ ਨਾਲ ਉਨ੍ਹਾਂ ਦਾ ਭਰਪੂਰ ਸੁਆਗਤ ਹੋਇਆ। ਬੱਚਿਆਂ ਦਾ ਇਹ ਦਲੇਰੀ ਭਰਿਆ ਕਿੱਸਾ ਘਰ ਘਰ ਪਹੁੰਚਣ ਲੱਗਾ। ਸਭ ਸਕੂਲਾਂ ਨੇ ਆਪਣੇ ਬੱਚਿਆਂ /ਵਿਦਿਆਰਥੀਆਂ ਤੋਂ ਪ੍ਰਣ ਕਰਵਾਇਆ ਕਿ ਉਹ ਪਤੰਗ ਉਡਾਉਣ ਲਈ ਇਹ ਖ਼ੂਨੀ ਡੋਰ (ਚਾਈਨਾ ਡੋਰ) ਨਹੀਂ ਸਗੋਂ ਆਮ ਧਾਗੇ ਦੀ ਵਰਤੋਂ ਹੀ ਕਰਨਗੇ। ਇਸ ਤਰ੍ਹਾਂ ਖ਼ੂਨੀ ਡੋਰ ਦੀ ਵਰਤੋਂ ਤੋਂ ਤੋਬਾ ਹੋਣ ਲੱਗੀ। ਮਾਪੇ ਵੀ ਬੱਚਿਆਂ ਨੂੰ ਇਹ ਖ਼ੂਨੀ ਡੋਰ ਖ਼ਰੀਦਣ ਤੋਂ ਵਰਜਣ ਲੱਗੇ। ਉਹ ਖ਼ੁਦ ਵੀ ਬੱਚਿਆਂ ਵੱਲੋਂ ਖ਼ਰੀਦੀਆਂ ਜਾਣ ਵਾਲੀਆਂ ਡੋਰਾਂ ਉਤੇ ਬਾਜ਼ ਨਜ਼ਰ ਰੱਖਣ ਲੱਗੇ।
ਬੱਚਿਆਂ, ਮਾਪਿਆਂ ਦੀ ਸੁਚੇਤਤਾ ਤੇ ਕਾਨੂੰਨ ਵੱਲੋਂ ਮੁਸ਼ਤੈਦੀ ਭਰੇ ਸਖ਼ਤ ਐਕਸ਼ਨ ਨਾਲ ਅਗਲੇ ਕੁਝ ਦਿਨਾਂ ਵਿੱਚ ਹੀ ‘ਖ਼ੂਨੀ ਡੋਰ’ ਦੀ ਮੰਗ ਤੇ ਪੂਰਤੀ ਦਾ ਲੱਕ ਟੁੱਟ ਜਾਣ ਨਾਲ ਇਸ ਤੋਂ ਕਾਫ਼ੀ ਹੱਦ ਤੱਕ ਖਹਿੜਾ ਛੁੱਟ ਗਿਆ। ਖ਼ੂਨੀ ਡੋਰ ਦੇ ਜ਼ੁਲਮ ਤੋਂ ਛੁਟਕਾਰਾ ਮਿਲ ਜਾਣ ਨਾਲ ਰਾਹਗੀਰਾਂ ਤੇ ਪੰਛੀਆਂ ਆਦਿ ਨੂੰ ਵੀ ਸੁੱਖ ਦਾ ਸਾਹ ਮਿਲਣਾ ਸ਼ੁਰੂ ਹੋ ਗਿਆ।
ਸੰਪਰਕ: 98764-74858