ਖੜਗੇ ਕਿਸੇ ਮਨੋਵਿਗਿਆਨੀ ਕੋਲੋਂ ਜਾਂਚ ਕਰਾਉਣ: ਵਿੱਜ
ਰਤਨ ਸਿੰਘ ਢਿੱਲੋਂ
ਅੰਬਾਲਾ, 13 ਅਕਤੂਬਰ
ਹਰਿਆਣਾ ਦੇ ਸਾਬਕਾ ਗ੍ਰਹਿ ਮੰਤਰੀ ਅਤੇ ਅੰਬਾਲਾ ਛਾਉਣੀ ਤੋਂ ਜਿੱਤੇ ਭਾਜਪਾ ਉਮੀਦਵਾਰ ਅਨਿਲ ਵਿੱਜ ਨੇ ਕਾਂਗਰਸ ਦੇ ਕੌਮੀ ਪ੍ਰਧਾਨ ਮਲਿਕਾਰਜੁਨ ਖੜਗੇ ਦੀ ਆਲੋਚਨਾ ਕੀਤੀ ਹੈ। ਉਨ੍ਹਾਂ ਖੜਗੇ ਨੂੰ ਬੁਖਲਾਇਆ ਹੋਇਆ ਵਿਅਕਤੀ ਦੱਸਦੇ ਹੋਏ ਕਿਹਾ ਕਿ ਉਹ ਸੁੱਧ-ਬੁੱਧ ਗੁਆ ਬੈਠੇ ਹਨ, ਇਸ ਵਾਸਤੇ ਉਨ੍ਹਾਂ ਨੂੰ ਕਿਸੇ ਮਨੋਵਿਗਿਆਨੀ ਕੋਲੋਂ ਆਪਣੀ ਜਾਂਚ ਕਰਾਉਣੀ ਚਾਹੀਦੀ ਹੈ। ਵਿੱਜ ਨੇ ਕਾਂਗਰਸੀ ਵਰਕਰਾਂ ਨੂੰ ਮਿੱਟੀ ਦਾ ਸ਼ੇਰ ਦੱਸਿਆ। ਉਹ ਅੱਜ ਛਾਉਣੀ ਵਿੱਚ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦੇ ਰਹੇ ਸਨ।
ਸ੍ਰੀ ਵਿੱਜ ਨੇ ਖੜਗੇ ਦੇ ਉਸ ਬਿਆਨ ’ਤੇ ਪਲਟਵਾਰ ਕੀਤਾ ਹੈ, ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਪ੍ਰਧਾਨ ਮੰਤਰੀ ਮੋਦੀ ਦੀ ਪਾਰਟੀ ਅਤਿਵਾਦੀਆਂ ਦੀ ਪਾਰਟੀ ਹੈ। ਇਸ ’ਤੇ ਵਿੱਜ ਨੇ ਕਿਹਾ ਕਿ ਖੜਗੇ ਜੀ ਆਪਣੀ (ਕਾਂਗਰਸ) ਹਾਰ ਤੋਂ ਬੁਖਲਾ ਗਏ ਹਨ, ਇਸ ਲਈ ਉਨ੍ਹਾਂ ਨੂੰ ਕਿਸੇ ਮਨੋਵਿਗਿਆਨੀ ਤੋਂ ਆਪਣੀ ਜਾਂਚ ਕਰਵਾਉਣੀ ਚਾਹੀਦੀ ਹੈ। ਜ਼ਿਕਰਯੋਗ ਹੈ ਕਿ ਜਿੱਥੇ ਰਾਹੁਲ ਗਾਂਧੀ ਨੇ ਟਵੀਟ ਕਰ ਕੇ ਹਰਿਆਣਾ ਦੀ ਹਾਰ ਦਾ ਵਿਸ਼ਲੇਸ਼ਣ ਕੀਤਾ ਅਤੇ ਹਰਿਆਣਾ ਦੇ ਪਾਰਟੀ ਵਰਕਰਾਂ ਨੂੰ ਸ਼ੇਰ ਕਿਹਾ, ਉੱਥੇ ਹੀ ਵਿੱਜ ਨੇ ਹਰਿਆਣਾ ਦੇ ਕਾਂਗਰਸੀਆਂ ਨੂੰ ਮਿੱਟੀ ਦਾ ਸ਼ੇਰ ਕਿਹਾ ਅਤੇ ਵਿਅੰਗ ਕਸੱਦਿਆਂ ਕਿਹਾ ਕਿ ਉਹ ਸਿਰਫ਼ ਜਲੇਬੀਆਂ ਖਾਂਦੇ ਹਨ, ਹੋਰ ਕੁਝ ਨਹੀਂ। ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਦੀ ਜਿੱਤ ਤੋਂ ਬਾਅਦ ਸ੍ਰੀ ਵਿੱਜ ਨੂੰ ਉਨ੍ਹਾਂ ਦੀ ਰਿਹਾਇਸ਼ ’ਤੇ ਵਧਾਈ ਦੇਣ ਲਈ ਪਾਰਟੀ ਵਰਕਰਾਂ ਤੇ ਹੋਰ ਲੋਕਾਂ ਦੀਆਂ ਕਤਾਰਾਂ ਲੱਗੀਆਂ ਹੋਈਆਂ ਹਨ। ਅੱਜ ਬਹੁਗਿਣਤੀ ਵਿੱਚ ਵਧਾਈ ਦੇਣ ਲਈ ਔਰਤਾਂ ਉਨ੍ਹਾਂ ਦੀ ਰਿਹਾਇਸ਼ ’ਤੇ ਪਹੁੰਚੀਆਂ ਅਤੇ ਭਾਜਪਾ ਦੀ ਜਿੱਤ ’ਤੇ ਸਾਬਕਾ ਗ੍ਰਹਿ ਮੰਤਰੀ ਨੂੰ ਵਧਾਈ ਦਿੱਤੀ।