ਜਰਮਨੀ ਦੀ ਲੋਕ ਕਲਾਕਾਰ ਕੈਥੇ ਕੌਲਵਿਟਜ਼
“ਮਨੁੱਖੀ ਇਤਿਹਾਸ ਦੀਆਂ ਅਮੁੱਕ ਲਹਿਰਾਂ ਉੱਤੇ ਸਵਾਰ ਇਹ ਕਿਰਤੀ ਲੋਕ ਹੱਡ ਗਲਾਉਂਦੇ, ਸੰਘਰਸ਼ ਕਰਦੇ ਤੇ ਸੁਪਨੇ ਸੰਜੋਦੇ ਨੇ; ਆਪਣੀ ਫੁੱਟ ਤੇ ਅਗਿਆਨਤਾ ਦੇ ਜਕੜੇ ਇਹ ਕਦੇ ਕਦਾਈਂ ਸੁਚੇਤ ਹੋ ਬਗ਼ਾਵਤਾਂ ਮਘਾਉਂਦੇ ਤੇ ਅਕਸਰ ਅਜਿਹੀਆਂ ਹਸਤੀਆਂ ਆਪਣੇ ਵਿੱਚੋਂ ਉਗਮਾਉਂਦੇ ਨੇ ਜਿਹੜੀਆਂ ਕੁੱਲ ਜਗਤ ਨੂੰ ਇਨ੍ਹਾਂ ਦੀ ਦੱਬੀ ਖ਼ੂਬਸੂਰਤੀ ਤੇ ਅਥਾਹ ਪ੍ਰਤਿਭਾ ਦਾ ਨਮੂਨਾ ਪੇਸ਼ ਕਰਦੀਆਂ ਨੇ, ਅਜਿਹਾ ਨਮੂਨਾ ਜੀਹਦੇ ਬਗੈਰ ਮਨੁੱਖੀ ਸੱਭਿਅਤਾ ਚਿਤਵੀ ਵੀ ਨਹੀਂ ਜਾ ਸਕਦੀ।
ਅਜਿਹੀ ਹੀ ਹਸਤੀ ਹੈ ਜਰਮਨੀ ਦੀ ਕੈਥੇ ਕੌਲਵਿਟਜ਼।”
ਇਹ ਸ਼ਬਦ ਪ੍ਰਸਿੱਧ ਪੱਤਰਕਾਰ ਅਤੇ ਹਿੰਦੋਸਤਾਨ ਦੀ ਆਜ਼ਾਦੀ ਦੀ ਲਹਿਰ ਤੇ ਚੀਨ ਦੇ ਇਨਕਲਾਬ ਲਈ ਆਵਾਜ਼ ਬੁਲੰਦ ਕਰਨ ਵਾਲੀ ਉੱਘੀ ਅਮਰੀਕੀ ਕਾਰਕੁਨ ਐਗਨਸ ਸਮੈਡਲੀ ਵੱਲੋਂ ਕੈਥੇ ਕੌਲਵਿਟਜ਼ ਬਾਰੇ ਲਿਖੇ ਲੇਖ ਵਿੱਚੋਂ ਹਨ।
ਕੈਥੇ ਕੌਲਵਿਟਜ਼ ਦਾ ਜਨਮ 8 ਜੁਲਾਈ 1867 ਨੂੰ ਜਰਮਨੀ ਦੇ ਸਨਅਤੀ ਸ਼ਹਿਰ ਕੋਨਿੰਸਬਰਗ, ਜਿਹੜਾ ਉਸ ਵੇਲੇ ਪੂਰਬੀ ਪ੍ਰਸ਼ੀਆਈ ਬਾਦਸ਼ਾਹੀ ਅਧੀਨ ਆਉਂਦਾ ਸੀ, ਵਿੱਚ ਇੱਕ ਮੱਧਵਰਗੀ ਪਰਿਵਾਰ ਵਿੱਚ ਹੋਇਆ। ਉਸ ਦਾ ਪਿਤਾ ਕਾਰਲ ਸ਼ਮਿਟ ਪੇਸ਼ੇ ਪੱਖੋਂ ਮਿਸਤਰੀ ਤੇ ਸਿਆਸੀ ਵਿਚਾਰਾਂ ਪੱਖੋਂ ਸਮਾਜਿਕ ਜਮਹੂਰੀਅਤਪਸੰਦ ਸੀ ਤੇ ਰਾਜਸ਼ਾਹੀ ਖਿਲਾਫ਼ ਸੀ। ਕੈਥੇ ਦੇ ਪਿਤਾ ਨੇ ਆਪਣੀ ਸੀਮਤ ਕਮਾਈ ਦੇ ਬਾਵਜੂਦ ਉਸ ਨੂੰ ਸਰਕਾਰੀ ਸਕੂਲੀ ਸਿੱਖਿਆ ਨਾਲੋਂ ਘਰ ਵਿੱਚ ਹੀ ਸਿੱਖਿਆ ਦੇਣ ਨੂੰ ਪਹਿਲ ਦਿੱਤੀ ਕਿਉਂਜੋ ਉਸ ਵੇਲੇ ਸਰਕਾਰੀ ਸਕੂਲਾਂ ਅੰਦਰ ਕੁੜੀਆਂ ਨੂੰ ਮਹਿਜ਼ ਘਰੇਲੂ ਕੰਮ-ਕਾਰ ਤੇ ਬੱਚਿਆਂ ਦੇ ਪਾਲਣ-ਪੋਸ਼ਣ ਦੀ ਸਿੱਖਿਆ ਹੀ ਦਿੱਤੀ ਜਾਂਦੀ ਸੀ।
ਕੈਥੇ ਦੇ ਘਰ ਵਿੱਚ ਇੱਕ ਹੋਰ ਪ੍ਰਭਾਵਸ਼ਾਲੀ ਸ਼ਖ਼ਸੀਅਤ ਉਸ ਦਾ ਨਾਨਾ ਸੀ ਜਿਹੜਾ ਲੂਥਰਾਈ ਪਾਦਰੀ ਸੀ ਜਿਸ ਨੂੰ ਉਸ ਦੇ ਵਿਚਾਰਾਂ ਕਾਰਨ ਸਰਕਾਰੀ ਗਿਰਜੇ ਵੱਲੋਂ ਬੇਦਖਲ ਕਰ ਦਿੱਤਾ ਗਿਆ ਸੀ। ਕੈਥੇ ਬਚਪਨ ਵਿੱਚ ਨਾਨੇ ਵੱਲੋਂ ਮਈ 1848 ਦੇ ਅਸਫਲ ਇਨਕਲਾਬਾਂ ਦੇ ਸੁਣਾਏ ਜਾਂਦੇ ਕਿੱਸਿਆਂ ਨੂੰ ਨਿੱਘੇ ਮਨ ਨਾਲ ਯਾਦ ਕਰਦਿਆਂ ਲਿਖਦੀ ਹੈ ਕਿ ਨਾਨਾ ਸਾਨੂੰ ਉਨ੍ਹਾਂ ਦਲੇਰ ਲੋਕਾਂ ਦੀਆਂ ਕਹਾਣੀਆਂ ਸੁਣਾਉਂਦਾ ਜਿਨ੍ਹਾਂ ਬਗ਼ਾਵਤ ਵਿੱਚ ਹਿੱਸਾ ਲਿਆ ਹੁੰਦਾ ਤੇ ਦੱਸਦਾ ਕਿ “ਕਿਵੇਂ ਇਸ ਗ਼ੈਰ-ਬਰਾਬਰ ਲੜਾਈ ਵਿੱਚ ਬਰਲਿਨ ਪੁਲੀਸ ਨੇ 183 ਮਜ਼ਦੂਰਾਂ, ਜਿਨ੍ਹਾਂ ਵਿੱਚ ਸੱਤ ਔਰਤਾਂ ਵੀ ਸਨ, ਨੂੰ ਬੇਰਹਿਮੀ ਨਾਲ ਸ਼ਹੀਦ ਕਰ ਦਿੱਤਾ ਸੀ।”
ਉਸ ਦੀ ਮੁੱਢਲੀ ਪੜ੍ਹਾਈ ਵੀ ਉਸ ਦੇ ਨਾਨੇ ਦੀ ਦੇਖਰੇਖ ਹੇਠ ਇੱਕ ਅਜਿਹੇ ਮਾਹੌਲ ਵਿੱਚ ਹੋਈ ਜਿੱਥੇ ਆਲੋਚਨਾਤਮਕ ਨਜ਼ਰੀਆ ਤੇ ਸਮਾਜਵਾਦੀ ਵਿਚਾਰਾਂ ਨੂੰ ਉਤਸ਼ਾਹਿਤ ਕੀਤਾ ਜਾਂਦਾ ਸੀ। 1848 ਦੇ ਕੁਚਲ ਦਿੱਤੇ ਇਨਕਲਾਬਾਂ ਵੱਲੋਂ ਲਾਈ ਅਗਾਂਹਵਧੂ ਵਿਚਾਰਾਂ ਦੀ ਜਾਗ ਦਾ ਅਸਰ ਉਸ ਦੇ ਘਰ ਉੱਤੇ ਵੀ ਸੀ ਤੇ ਉਸ ਦਾ ਪਿਤਾ ਸਮਾਜਵਾਦ ਨੂੰ ਪ੍ਰਣਾਈ ਜਰਮਨ ਸਮਾਜਿਕ ਜਮਹੂਰੀ ਪਾਰਟੀ ਦਾ ਮੈਂਬਰ ਸੀ। ਉਸ ਦਾ ਭਰਾ ਕੌਨਰੈਡ ਸ਼ਮਿਟ ਵੀ ਇਸੇ ਪਾਰਟੀ ਦਾ ਉੱਘਾ ਮੈਂਬਰ ਸੀ ਤੇ ਉਸ ਨੇ ਹੀ ਕੈਥੇ ਨੂੰ ਗੋਏਥੇ ਜਿਹੇ ਅਗਾਂਹਵਧੂ ਜਰਮਨ ਸਾਹਿਤਕਾਰਾਂ ਦੀ ਦੱਸ ਪਾਈ ਸੀ।
1885-86 ਵਿੱਚ ਕੈਥੇ ਨੇ ਔਰਤ ਕਲਾਕਾਰਾਂ ਲਈ ਬਣੇ ਬਰਲਿਨ ਸਕੂਲ ਵਿੱਚ ਦਾਖਲਾ ਲਿਆ ਤੇ ਕਲਾਕਾਰ ਮੈਕਸ ਕਲਿੰਗਰ ਦੀ ਅਗਵਾਈ ਵਿੱਚ ਕਲਾ ਦੀਆਂ ਬਾਰੀਕੀਆਂ ਦੀ ਬਾਕਾਇਦਾ ਸਿਖਲਾਈ ਲਈ। ਇਨ੍ਹਾਂ ਸਾਲਾਂ ਵਿੱਚ ਹੀ ਉਹ ਆਪਣੇ ਪਿਤਾ ਦੇ ਦਫਤਰ ਆਉਂਦੇ ਮਜ਼ਦੂਰਾਂ, ਮਲਾਹਾਂ ਤੇ ਕਿਸਾਨਾਂ ਦੇ ਸਕੈੱਚ ਬਣਾਉਂਦੀ। ਸਤਾਰਾਂ ਸਾਲ ਦੀ ਉਮਰ ਵਿੱਚ ਉਹਦੇ ਭਰਾ ਕੌਨਰੈਡ ਨੇ ਉਸ ਦੀ ਜਾਣ-ਪਛਾਣ ਮੈਡੀਕਲ ਦੇ ਵਿਦਿਆਰਥੀ ਕਾਰਲ ਕੌਲਵਿਟਜ਼ ਨਾਲ ਕਰਾਈ ਜਿਸ ਨਾਲ ਉਸ ਨੇ 1891 ਵਿੱਚ ਵਿਆਹ ਕਰਵਾ ਲਿਆ। ਉਨ੍ਹਾਂ ਦਿਨਾਂ ਵਿੱਚ ਕਾਰਲ ਬਰਲਿਨ ਵਿੱਚ ਗ਼ਰੀਬ ਮਰੀਜ਼ਾਂ ਦਾ ਇਲਾਜ ਕਰਦਾ ਸੀ। ਪਤੀ ਕੋਲ ਇਲਾਜ ਲਈ ਆਉਂਦੇ ਗ਼ਰੀਬ ਮਰੀਜ਼ਾਂ ਨਾਲ ਮੁਲਾਕਾਤਾਂ ਦਾ ਕੈਥੇ ਦੀ ਕਲਾਕਾਰੀ ਉੱਪਰ ਡੂੰਘਾ ਅਸਰ ਹੋਇਆ। ਉਸ ਨੇ ਲਿਖਿਆ, “ਇਸ ਮਜ਼ਦੂਰ ਤਬਕੇ ਦੀ ਜ਼ਿੰਦਗੀ ਤੋਂ ਮੈਂ ਅਨੇਕਾਂ ਖ਼ੂਬਸੂਰਤ ਲੱਛਣ ਚੁਣੇ... ਬੁਰਜੂਆ ਤਬਕੇ ਦੇ ਲੋਕਾਂ ਦੀ ਜ਼ਿੰਦਗੀ ਮੇਰੇ ਲਈ ਉੱਕਾ ਹੀ ਦਿਲਚਸਪ ਨਹੀਂ ਸੀ ਜਦੋਂਕਿ ਮੱਧਵਰਗੀ ਲੋਕਾਂ ਦੀ ਜ਼ਿੰਦਗੀ ਮੈਨੂੰ ਰੂੜ੍ਹੀਵਾਦੀ ਤਰਜ਼ ਦੀ ਲੱਗੀ। ਦੂਜੇ ਪਾਸੇ, ਮਜ਼ਦੂਰ ਤਬਕੇ ਦੀ ਜ਼ਿੰਦਗੀ ਤੋਂ ਮੈਨੂੰ ਤਾਕਤ ਤੇ ਡੂੰਘੀ ਸਮਝ ਮਿਲੀ। ਜਦੋਂ ਮੈਂ ਉਨ੍ਹਾਂ ਲੋੜਵੰਦ ਔਰਤਾਂ ਨੂੰ ਦੇਖਿਆ ਜਿਹੜੀਆਂ ਮੇਰੇ ਪਤੀ ਕੋਲ ਇਲਾਜ ਲਈ ਆਉਂਦੀਆਂ ਸਨ ਤਾਂ ਮੇਰਾ ਇਨ੍ਹਾਂ ਮਜ਼ਦੂਰਾਂ ਦੀ ਜ਼ਿੰਦਗੀ ਨਾਲ ਜੁੜੇ ਹਰ ਪਹਿਲੂ ਨਾਲ ਜੁੜਾਅ ਹੋ ਗਿਆ। ਮੈਂ ਫੇਰ ਕਹਿਣਾ ਚਾਹੁੰਦੀ ਹਾਂ, ਮੇਰਾ ਇਸ ਤਬਕੇ ਨਾਲ ਲਗਾਅ ਕਿਸੇ ਤਰਸ ਦੇ ਆਧਾਰ ’ਤੇ ਨਹੀਂ ਸਗੋਂ ਉਨ੍ਹਾਂ ਅੰਦਰ ਪਈ ਇੱਕ ਖ਼ਾਸ ਖ਼ੂਬਸੂਰਤੀ ਕਰਕੇ ਹੈ।”
ਪਹਿਲੀਆਂ ਕਲਾਕ੍ਰਿਤਾਂ
1892-97 ਦਰਮਿਆਨ ਜਰਹਾਰਟ ਹੌਪਟਮਾਨ ਦੇ ਨਾਟਕ ‘ਬੁਣਕਰ’ ਦੇ ਪ੍ਰਭਾਵ ਹੇਠ ਕੈਥੇ ਨੇ ਆਪਣੀ ਪਹਿਲੀ ਕ੍ਰਿਤ ‘ਬੁਣਕਰਾਂ ਦਾ ਵਿਦਰੋਹ’ ਬਣਾਈ ਜਿਸ ਦਾ ਆਧਾਰ ਸਿਲੇਸੀਆ ਵਿੱਚ 1844 ਅੰਦਰ ਹੋਈ ਬੁਣਕਰਾਂ ਦੀ ਬਗ਼ਾਵਤ ਸੀ। ਇਸ ਕ੍ਰਿਤ ਵਿੱਚ ਉਸ ਨੇ ਛੇ ਵੱਖੋ-ਵੱਖਰੇ ਲਿਥੋਗਰਾਫ ਤੇ ਪ੍ਰਿੰਟ ਘੜੇ ਜਿਹੜੇ ਬੁਣਕਰਾਂ ਦੀ ਭਿਆਨਕ ਲੁੱਟ ਤੇ ਗ਼ਰੀਬੀ, ਬੇਵਕਤੀ ਮੌਤ, ਆਪਸੀ ਯੋਜਨਾ, ਮਾਲਕ ਦੀ ਕੋਠੀ ਉੱਤੇ ਧਾਵਾ ਤੇ ਫ਼ੌਜੀਆਂ ਦੀਆਂ ਬੰਦੂਕਾਂ ਰਾਹੀਂ ਮੌਤ ਦੇ ਪੜਾਅ ਨੂੰ ਚਿਤਰਦੇ ਹਨ। ਕੈਥੇ ਦੀਆਂ ਕਲਾਕ੍ਰਿਤਾਂ ਬਾਰੇ ਲਿਖਣ ਵਾਲੇ ਕਾਰਲ ਜਿਗਰੌਸਰ ਮੁਤਾਬਿਕ ਇਹ ਲੜੀ “ਜਮਾਤ ਸੁਚੇਤ ਕਲਾ ਦਾ ਮੀਲ ਪੱਥਰ ਸੀ ਕਿਉਂਜੋ ਇਹ ਲਗਭਗ ਪਹਿਲੀ ਵਾਰੀ ਹੀ ਸੀ ਕਿ ਮਜ਼ਦੂਰਾਂ ਦੀ ਵਿੱਥਿਆ ਤੇ ਆਪਣੀ ਹਾਲਤ ਸੁਧਾਰਨ ਦੇ ਉਨ੍ਹਾਂ ਦੇ ਸੰਘਰਸ਼ ਨੂੰ ਚਿੱਤਰਾਂ ਵਿੱਚ ਹਮਦਰਦੀ ਨਾਲ ਚਿਤਰਿਆ ਗਿਆ ਸੀ... ਜਿਸ ਤਰ੍ਹਾਂ ਮਿਲੇ (ਫਰਾਂਸੀਸੀ ਨੱਕਾਸ਼ ਯਾਂ ਫਰਾਂਸੂਆ ਮਿਲੇ) ਕਿਸਾਨੀ ਨੂੰ ਸੰਬੋਧਿਤ ਹੋਇਆ, ਉਵੇਂ ਕੈਥੇ ਮਜ਼ਦੂਰਾਂ ਨੂੰ ਸੰਬੋਧਿਤ ਹੋਈ - ਨਵੇਂ ਜੀਵਨ ਢੰਗ ਤੇ ਬਿਹਤਰ ਸੰਸਾਰ ਨੂੰ ਚਿਤਵਦਿਆਂ।” 1898 ਵਿੱਚ ਇਸ ਲੜੀ ਨੂੰ ਜਨਤਕ ਤੌਰ ਉੱਤੇ ਪੇਸ਼ ਕੀਤਾ ਗਿਆ ਪਰ ਜਦ ਕਲਾਕਾਰ ਅਡੋਲਫ ਮੇਂਜਲ ਨੇ ਇਸ ਨੂੰ 1898 ਦੀ ਮਹਾਨ ਬਰਲਿਨ ਕਲਾ ਨੁਮਾਇਸ਼ ਵਿੱਚ ਸੋਨ ਤਗਮੇ ਨਾਲ ਨਿਵਾਜ਼ਣ ਦੀ ਤਜਵੀਜ਼ ਦਿੱਤੀ ਤਾਂ ਪ੍ਰਸ਼ੀਆ ਦੇ ਰਾਜੇ ਕੈਸਰ ਵਿਲਹੇਲਮ ਦੂਜੇ ਨੇ ਹਿਕਾਰਤ ਨਾਲ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ “ਤਗਮੇ ਤੇ ਸਨਮਾਨ ਗੁਣੀ ਮਰਦਾਂ ਦੀਆਂ ਛਾਤੀਆਂ ਉੱਤੇ ਸੋਂਹਦੇ ਹਨ ਨਾ ਕਿ ਔਰਤਾਂ ਉੱਤੇ।” ਸਨਮਾਨਿਤ ਨਾ ਕੀਤੇ ਜਾਣ ਦੇ ਬਾਵਜੂਦ ਇਸ ਕਲਾਕ੍ਰਿਤ ਨੇ ਕੈਥੇ ਨੂੰ ਕਲਾਕਾਰਾਂ ਦੀ ਦੁਨੀਆ ਵਿੱਚ ਸਥਾਪਿਤ ਕਲਾਕਾਰ ਵਜੋਂ ਮਾਨਤਾ ਦਿਵਾ ਦਿੱਤੀ ਸੀ।
ਕੈਥੇ ਦੀ ਦੂਜੀ ਛਾਪ ਲੜੀ ਜਰਮਨੀ ਦੀਆਂ ਸੋਲ੍ਹਵੀਂ ਸਦੀ ਦੀਆਂ ਮਸ਼ਹੂਰ ਕਿਸਾਨ ਜੰਗਾਂ ਬਾਰੇ ਸੀ ਜਿਸ ਉੱਪਰ ਉਸ ਨੇ 1902 ਤੋਂ 1908 ਤੱਕ ਕੰਮ ਕੀਤਾ। ਇਸ ਲੜੀ ਤਹਿਤ ਉਸ ਨੇ ਇਤਿਹਾਸਕ ਜੰਗ ਨੂੰ ਮੁੜ ਉਕੇਰਦਿਆਂ ਗ਼ਰੀਬ ਕਿਸਾਨੀ ਦੀ ਅਜੋਕੀ ਦੁਰਦਸ਼ਾ ਚਿਤਰੀ। ਇਸ ਕ੍ਰਿਤ ਦਾ ਆਧਾਰ ਜਰਮਨ ਇਤਿਹਾਸਕਾਰ ਵਿਲਹੈਲਮ ਜਿਮਰਮਾਨ ਵੱਲੋਂ ਕਿਸਾਨ ਜੰਗ ਬਾਰੇ ਲੋਕਪੱਖੀ ਨਜ਼ਰੀਏ ਤੋਂ ਤਿੰਨ ਜਿਲਦਾਂ ਵਿੱਚ ਲਿਖੀ ਕਿਤਾਬ ਸੀ ਜੋ ਉਸ ਸਮੇਂ ਦੇ ਸਮਾਜਿਕ ਜਮਹੂਰੀ ਹਲਕਿਆਂ ਵਿੱਚ ਬਹੁਤ ਚਰਚਿਤ ਸੀ। ਮਸ਼ਹੂਰ ਮਾਰਕਸਵਾਦੀ ਚਿੰਤਕਾਂ ਫਰੈਡਰਿਕ ਏਂਗਲਜ਼ ਤੇ ਆਗਸਟ ਬੇਬਲ ਨੇ ਵੀ ਆਪਣੀਆਂ ਲਿਖਤਾਂ ਵਿੱਚ ਇਸੇ ਕਿਤਾਬ ਦੇ ਹਵਾਲੇ ਦਿੱਤੇ ਸਨ।
ਇਸ ਲੜੀ ਵਿੱਚ ਅਨੋਖੀ ਗੱਲ ਇਹ ਸੀ ਕਿ ਇਸ ਦੇ ਸੱਤ ਛਾਪਿਆਂ ਵਿੱਚੋਂ ਚਾਰ ਵਿੱਚ ਔਰਤ ਪਾਤਰ ਨੂੰ ਕੇਂਦਰ ਵਿੱਚ ਰੱਖਿਆ ਗਿਆ ਸੀ ਜਿਹੜੀ ਦੁੱਖਾਂ-ਮੁਸੀਬਤਾਂ ਵਿੱਚ ਵੀ ਤੇ ਜੰਗ ਵਿੱਚ ਵੀ ਆਪਣੇ ਸੰਗੀ ਦੀ ਬਰਾਬਰ ਭਾਈਵਾਲ ਸੀ। ‘ਬਲਾਤਕਾਰ’ ਸਿਰਲੇਖ ਵਾਲੀ ਇਸ ਲੜੀ ਦੀ ਦੂਜੀ ਛਾਪ ਪੱਛਮੀ ਕਲਾ ਦੀਆਂ ਉਨ੍ਹਾਂ ਮੁੱਢਲੀਆਂ ਕਿਰਤਾਂ ਵਿੱਚੋਂ ਸੀ ਜਿਸ ਵਿੱਚ ਬਲਾਤਕਾਰ ਪੀੜਤਾ ਦੇ ਦਰਦ ਨੂੰ ਹਮਦਰਦੀ ਨਾਲ ਦਿਖਾਇਆ ਗਿਆ ਸੀ।
ਪਹਿਲੀ ਆਲਮੀ ਜੰਗ ਤੇ ਉਸ ਮਗਰੋਂ 1914 ਵਿੱਚ ਲੋਟੂ ਸਾਮਰਾਜੀ ਹਾਕਮਾਂ ਨੇ ਆਪਣੇ ਮੁਫ਼ਾਦਾਂ ਲਈ ਮਨੁੱਖਤਾ ਨੂੰ ਪਹਿਲੀ ਆਲਮੀ ਜੰਗ ਵਿੱਚ ਝੋਂਕ ਦਿੱਤਾ। ਉਦੋਂ ਜਰਮਨੀ ਵਿੱਚ ਸਭੇ ਮੌਕਾਪ੍ਰਸਤ ਪਾਰਟੀਆਂ ਕੌਮਾਂਤਰੀਵਾਦ ਦੇ ਅਸੂਲਾਂ ਨੂੰ ਤਜ ਆਪਣੇ ਲੋਟੂ ਹਾਕਮਾਂ ਦੇ ਹੱਕ ਵਿੱਚ ਖੜ੍ਹ ਗਈਆਂ। ਜਰਮਨੀ ਵਿੱਚ ਸਪਾਰਟਕਸ ਲੀਗ ਜਥੇਬੰਦੀ ਦੇ ਕਮਿਊਨਿਸਟ ਆਗੂ ਹੀ ਸਨ ਜਿਨ੍ਹਾਂ ਨੇ ਡਟ ਕੇ ਸਾਮਰਾਜੀ ਜੰਗ ਦਾ ਵਿਰੋਧ ਕੀਤਾ ਤੇ ਲੋਟੂ ਜਰਮਨ ਸਰਕਾਰ ਦੇ ਅਸਲ ਮੁਫ਼ਾਦ ਨੂੰ ਜੱਗ ਜ਼ਾਹਰ ਕੀਤਾ। ਇਨ੍ਹਾਂ ਆਗੂਆਂ ਵਿੱਚ ਕਾਰਲ ਲੀਬਨੇਖਤ ਤੇ ਰੋਜ਼ਾ ਲਗਜ਼ਮਬਰਗ ਮੋਹਰੀ ਆਗੂ ਸਨ ਜਿਨ੍ਹਾਂ ਨੂੰ 1919 ਵਿੱਚ ਜਰਮਨ ਸਰਕਾਰ ਨੇ ਕਤਲ ਕਰਵਾ ਦਿੱਤਾ ਸੀ।
ਕਤਲ ਕੀਤੇ ਇਸ ਨਿਧੜਕ ਆਗੂ ਨੂੰ ਸਮਰਪਿਤ ਕਰਦਿਆਂ ਕੈਥੇ ਨੇ ਕਾਰਲ ਲੀਬਨੇਖਤ ਯਾਦਗਾਰ ਬਣਾਈ ਜਿਸ ਵਿੱਚ ਉਸ ਨੇ ਮਜ਼ਦੂਰ ਜਮਾਤ ਦੇ ਇਸ ਹਰਮਨ ਪਿਆਰੇ ਆਗੂ ਦੇ ਕਤਲ ਮਗਰੋਂ ਉਸ ਦੀ ਦੇਹ ਦੁਆਲੇ ਜੁੜੇ, ਸੋਗ ਮਨਾਉਂਦੇ ਕਿਰਤੀ ਲੋਕਾਂ ਦੀ ਮਨੋਦਸ਼ਾ ਦਿਖਾਉਣ ਦਾ ਯਤਨ ਕੀਤਾ।
ਪਹਿਲੀ ਆਲਮੀ ਜੰਗ ਵਿੱਚ ਆਪਣੇ ਪੁੱਤ ਦੀ ਮੌਤ ਦੇ ਰੂਪ ਵਿੱਚ ਸਾਮਰਾਜੀ ਜੰਗ ਦੀ ਤਬਾਹੀ ਖ਼ੁਦ ਪਿੰਡੇ ਉੱਤੇ ਹੰਢਾਉਣ ਨਾਲ ਕੈਥੇ ਦੀਆਂ ਸਾਮਰਾਜੀ ਜੰਗ ਵਿਰੋਧੀ ਭਾਵਨਾਵਾਂ ਹੋਰ ਤਿੱਖੀਆਂ ਹੋ ਗਈਆਂ। 1923 ਵਿੱਚ ਉਸ ਨੇ ਲੱਕੜ ਨੂੰ ਤਰਾਸ਼ ਕੇ ਬਣਾਏ ਸੱਤ ਮੁਜੱਸਮਿਆਂ ਉੱਤੇ ਆਧਾਰਿਤ ਆਪਣੀ ਮਸ਼ਹੂਰ ਕਲਾਕ੍ਰਿਤ ‘ਜੰਗ’ ਬਣਾਈ। ਇਸ ਲੜੀ ਦੀ ਸਭ ਤੋਂ ਮਸ਼ਹੂਰ ਰਚਨਾ ‘ਵਲੰਟੀਅਰ’ ਚਾਰ ਅਜਿਹੇ ਅੱਖਾਂ ਬੱਧੇ ਨੌਜਵਾਨਾਂ ਨੂੰ ਦਿਖਾਉਂਦੀ ਹੈ ਜਿਹੜੇ ਮੌਤ ਰੂਪੀ ਆਗੂ ਦੇ ਮਗਰ ਤੁਰੇ ਜਾ ਰਹੇ ਹਨ। ਇਸ ਲੜੀ ਦੀਆਂ ਕਲਾਕ੍ਰਿਤਾਂ ਅਸਲ ਵਿੱਚ ਲੋਟੂ ਹਾਕਮਾਂ ਵੱਲੋਂ ‘ਕੁਰਬਾਨੀ’, ‘ਦੇਸ਼ ਭਗਤੀ’ ਆਦਿ ਦੇ ਨਾਂ ਉੱਤੇ ਆਮ ਲੋਕਾਂ ਦੇ ਧੀਆਂ-ਪੁੱਤ ਮਰਵਾਉਣ ਦੇ ਸਾਮਰਾਜੀ ਧੰਦੇ ਦੇ ਘਿਨੌਣੇਪਣ ਨੂੰ ਪੂਰੀ ਤਰ੍ਹਾਂ ਉਘਾੜ ਕੇ ਰੱਖ ਦਿੰਦੀਆਂ ਹਨ।
ਕੈਥੇ ਕੌਲਵਿਟਜ਼ ਕਿਸੇ ਕਮਿਊਨਿਸਟ ਪਾਰਟੀ ਦੀ ਮੈਂਬਰ ਤਾਂ ਨਹੀਂ ਰਹੀ ਪਰ ਉਸ ਦੇ ਜਨਤਕ ਕਦਮ ਇਸ ਗੱਲ ਦਾ ਜਿਉਂਦਾ ਸਬੂਤ ਹਨ ਕਿ ਉਸ ਦੀ ਹਮਦਰਦੀ ਹਮੇਸ਼ਾ ਲੁਟੀਂਦੇ ਲੋਕਾਂ ਨਾਲ ਰਹੀ। 1924 ਵਿੱਚ ਉਸ ਨੇ ਸੋਵੀਅਤ ਯੂਨੀਅਨ ਵਿੱਚ ਲੱਗੀ ਜਰਮਨ ਕਲਾ ਦੀ ਨੁਮਾਇਸ਼ ਵਿੱਚ ਹਿੱਸਾ ਲਿਆ ਤੇ 1927 ਵਿੱਚ ਅਕਤੂਬਰ ਇਨਕਲਾਬ ਦੀ ਦਸਵੀਂ ਵਰ੍ਹੇਗੰਢ ਮੌਕੇ ਉਸ ਨੂੰ ਸੋਵੀਅਤ ਯੂਨੀਅਨ ਆਉਣ ਦਾ ਸੱਦਾ ਮਿਲਿਆ। ਸੋਵੀਅਤ ਯੂਨੀਅਨ ਦੇ ਸਿੱਖਿਆ ਵਿਭਾਗ ਦੇ ਪਹਿਲੇ ਲੋਕ ਕਮਿਸਾਰ ਤੇ ਪ੍ਰਸਿੱਧ ਕਲਾਰਸੀਏ ਅਨਾਤੋਲੀ ਲੂਨਾਚਰਸਕੀ ਨੇ ਇਸ ਮੌਕੇ ਲਿਖੇ ਲੇਖ ‘ਪੱਛਮੀ ਇਨਕਲਾਬੀ ਕਲਾ ਦੀ ਨੁਮਾਇਸ਼’ ਵਿੱਚ ਕੈਥੇ ਦੀਆਂ ਕਲਾਕ੍ਰਿਤਾਂ ਨੂੰ ਸਲਾਹਿਆ।
ਅਜਿਹੇ ਸਮੇਂ ਜਦੋਂ ‘ਕਲਾ ਕਲਾ ਲਈ’ ਦੇ ਨਾਅਰੇ ਨੂੰ ਲੋਟੂ ਹਾਕਮਾਂ ਵੱਲੋਂ ਪ੍ਰਫੁੱਲਿਤ ਕੀਤਾ ਜਾ ਰਿਹਾ ਸੀ, ਉਸ ਮੌਕੇ ਕੈਥੇ ਨੇ ‘ਕਲਾ ਸਮਾਜ ਲਈ’ ਦੇ ਮਕਸਦ ਨਾਲ ਆਪਣੀ ਪੂਰੀ ਊਰਜਾ ਮਨੁੱਖਤਾ ਨੂੰ ਦਰਪੇਸ਼ ਵੱਡੀਆਂ ਚੁਣੌਤੀਆਂ ਨੂੰ ਕਲਾ ਦੇ ਮਾਧਿਅਮ ਰਾਹੀਂ ਦੂਰ ਕਰਨ ਵਿੱਚ ਲਾਈ। 1920 ਵਿੱਚ ਉਸ ਨੇ ਲਿਖਿਆ, “ਡਰੇ ਹੋਏ ਬੱਚਿਆਂ ਦੀਆਂ ਤਸਵੀਰਾਂ ਵਾਹੁੰਦਿਆਂ ਮੈਂ ਉਨ੍ਹਾਂ ਸੰਗ ਰੋਈ ਤੇ ਮੇਰੇ ਸਿਰ ਉੱਪਰ ਪਏ ਬੋਝ ਦਾ ਮੈਨੂੰ ਉਦੋਂ ਡੂੰਘਾ ਅਹਿਸਾਸ ਹੋਇਆ। ਮੈਨੂੰ ਮਹਿਸੂਸ ਹੋਇਆ ਕਿ ਆਪਣੇ ਪਾਤਰਾਂ ਦੀ ਵਕਾਲਤ ਕਰਨ ਦੀ ਜ਼ਿੰਮੇਵਾਰੀ ਤੋਂ ਮੈਂ ਮੂੰਹ ਨਹੀਂ ਮੋੜ ਸਕਦੀ। ਲੋਕਾਂ ਉੱਪਰ ਲੱਦੀਆਂ ਪਹਾੜ ਜਿੱਡੀਆਂ ਦੁੱਖ ਤਕਲੀਫ਼ਾਂ ਨੂੰ ਆਵਾਜ਼ ਦੇਣਾ ਮੇਰੀ ਜ਼ਿੰਮੇਵਾਰੀ ਹੈ।”
ਇਸੇ ਤਰ੍ਹਾਂ ਉਸ ਐਲਾਨ ਕੀਤਾ, “ਸ਼ੁੱਧ ਸਟੂਡੀਓ ਕਲਾ ਅਸਲੋਂ ਬੇਮਤਲਬ ਤੇ ਕਮਜ਼ੋਰ ਕਲਾ ਹੈ। ਜਿਸ ਕਲਾ ਦੀਆਂ ਕੋਈ ਜਿਉਂਦੀਆਂ ਜੜ੍ਹਾਂ ਹੀ ਨਾ ਹੋਣ - ਭਲਾ ਅਜਿਹੀ ਕਲਾ ਦੀ ਹੋਂਦ ਹੀ ਕਿਉਂ ਹੋਵੇ?”
1933 ਵਿੱਚ ਜਰਮਨੀ ਵਿੱਚ ਨਾਜ਼ੀ ਹਕੂਮਤ ਕਾਇਮ ਹੋਣ ਨਾਲ ਉਸ ਦੀਆਂ ਕਲਾਕ੍ਰਿਤਾਂ ਉੱਤੇ ਪਾਬੰਦੀ ਲਾ ਦਿੱਤੀ ਗਈ। ਉਸ ਨੂੰ ਬਰਲਿਨ ਲਲਿਤ ਕਲਾ ਅਕਾਦਮੀ ਵਿੱਚ ਪ੍ਰੋਫੈਸਰ ਦਾ ਅਹੁਦਾ ਛੱਡਣ ਲਈ ਮਜਬੂਰ ਹੋਣਾ ਪਿਆ; ਅਜਾਇਬਘਰਾਂ ਤੇ ਨੁਮਾਇਸ਼ਾਂ ਵਿੱਚੋਂ ਉਸ ਦੀਆਂ ਕਲਾਕ੍ਰਿਤਾਂ ਹਟਾ ਦਿੱਤੀਆਂ ਗਈਆਂ; 1936 ਵਿੱਚ ਕੈਥੇ ਤੇ ਉਸ ਦੇ ਪਤੀ ਨੂੰ ਖ਼ੁਫ਼ੀਆ ਪੁਲੀਸ ਗੈਸਟਾਪੋ ਨੇ ਤੰਗ ਕੀਤਾ ਤੇ ਤਸੀਹਾ ਕੇਂਦਰ ਵਿੱਚ ਸੁੱਟ ਦੇਣ ਦੀ ਧਮਕੀ ਦਿੱਤੀ। ਇਸ ਸਭ ਦੇ ਬਾਵਜੂਦ ਅਲੱਗ-ਥਲੱਗ ਹੋਈ ਕੈਥੇ ਨੇ ਜੰਗ ਵਿਰੋਧੀ ਕਲਾਕ੍ਰਿਤਾਂ ਬਣਾਉਣੀਆਂ ਜਾਰੀ ਰੱਖੀਆਂ ਤੇ ਇਸੇ ਦੌਰ ਵਿੱਚ ਹੀ ਪਹਿਲੀ ਆਲਮੀ ਜੰਗ ਵਿੱਚ ਮਾਰੇ ਗਏ ਆਪਣੇ ਪੁੱਤਰ ਪੀਟਰ ਨੂੰ ਸਮਰਪਿਤ ਯਾਦਗਾਰ ਵੀ ਮੁਕੰਮਲ ਕੀਤੀ।
ਜਦੋਂ ਸਾਮਰਾਜੀਆਂ ਨੇ ਮਨੁੱਖਤਾ ਨੂੰ ਦੂਜੀ ਆਲਮੀ ਜੰਗ ਵਿੱਚ ਝੋਕ ਦਿੱਤਾ ਅਤੇ ਹਿਟਲਰ ਦੀਆਂ ਫਾਸ਼ੀਵਾਦੀ ਫ਼ੌਜਾਂ ਪੂਰੇ ਯੂਰਪ ਨੂੰ ਤਬਾਹ ਕਰਦੀਆਂ ਜਾ ਰਹੀਆਂ ਸਨ ਤਾਂ ਸਮਾਜਵਾਦੀ ਸੋਵੀਅਤ ਯੂਨੀਅਨ ਨੇ ਹੀ ਉਸ ਦਾ ਜੇਤੂ ਰੱਥ ਡੱਕਿਆ ਸੀ। ਅਜਿਹੇ ਮਾਹੌਲ ਵਿੱਚ ਕੈਥੇ ਵੱਲੋਂ ਆਪਣੀ ਮੌਤ ਤੋਂ ਇੱਕ ਸਾਲ ਪਹਿਲਾਂ 1944 ਵਿੱਚ ਲਿਖੀ ਡਾਇਰੀ ਉਸ ਵੱਲੋਂ ਸਾਮਰਾਜ ਦੀ ਭਿਆਨਕ ਤਬਾਹੀ ਤੇ ਜਰਮਨੀ ਦੇ ਅਥਾਹ ਦਮਘੋਟੂ ਮਾਹੌਲ ਵਿੱਚ ਵੀ ਮਨੁੱਖਤਾ ਦੀ ਜਿੱਤ ਅੰਦਰ ਯਕੀਨ ਨੂੰ ਦਰਸਾਉਂਦੀ ਹੈ, “ਪਿਛਲੀ ਜੰਗ ਦਾ ਜਵਾਬ ਇੱਕ ਹੋਰ ਨਵੀਂ ਜੰਗ ਰਾਹੀਂ ਦਿੱਤਾ ਜਾ ਰਿਹਾ ਹੈ, ਜਦੋਂ ਤੱਕ ਕਿ ਸਭ ਕੁਝ ਤਬਾਹ ਨਹੀਂ ਹੋ ਜਾਂਦਾ... ਇਸੇ ਲਈ ਮੈਂ ਇਸ ਪਾਗਲਪਣ ਨੂੰ ਰੈਡੀਕਲ ਢੰਗ ਨਾਲ ਖ਼ਤਮ ਕਰਨ ਦੇ ਦਿਲੋਂ ਹੱਕ ਵਿੱਚ ਹਾਂ ਤੇ ਇਸੇ ਲਈ ਮੇਰਾ ਇੱਕੋ ਯਕੀਨ ਸੰਸਾਰ ਸਮਾਜਵਾਦ ਵਿੱਚ ਹੈ।”
ਸਾਰੀ ਉਮਰ ਮਜ਼ਦੂਰਾਂ ਦੀ ਹਮਦਰਦ ਰਹੀ ਕੈਥੇ ਨੇ 22 ਅਪਰੈਲ 1945 ਨੂੰ ਆਖਰੀ ਸਾਹ ਲਏ ਤੇ ਦੋ ਹਫ਼ਤਿਆਂ ਬਾਅਦ ਹੀ ਅਡੋਲਫ ਹਿਟਲਰ ਵੱਲੋਂ ਕੀਤੀ ਖ਼ੁਦਕੁਸ਼ੀ ਤੇ ਸੋਵੀਅਤ ਯੂਨੀਅਨ ਦੀਆਂ ਲਾਲ ਫ਼ੌਜਾਂ ਦੀ ਜਿੱਤ ਅੱਗੇ ਜਰਮਨ ਫ਼ੌਜਾਂ ਦੇ ਗੋਡੇ ਟੇਕਣ ਜਿਵੇਂ ਸਾਲ ਪਹਿਲਾਂ ਕੈਥੇ ਵੱਲੋਂ ਜਤਾਈ ਇੱਛਾ ਪੂਰੀ ਕਰ ਦਿੱਤੀ।