ਮਾਲਵੇ ’ਚ ਵੀ ਸੀ ਜਨਰਲ ਵੈਂਤੂਰਾ ਦੀ ਜਾਗੀਰ
ਗੁਰਦੇਵ ਸਿੰਘ ਸਿੱਧੂ
ਮਹਾਰਾਜਾ ਰਣਜੀਤ ਸਿੰਘ ਦੇ ਵਿਦੇਸ਼ੀ ਜਰਨੈਲਾਂ ਵਿੱਚ ਇੱਕ ਜਨਰਲ ਵੈਂਤੂਰਾ ਸੀ। ਇਟਲੀ ਵਿੱਚ ਜਨਮੇ ਵੈਂਤੂਰਾ ਦਾ ਪਿਤਾ ਯਹੂਦੀ ਅਤੇ ਮਾਂ ਕੈਥੋਲਿਕ ਇਸਾਈ ਸੀ। ਗੱਭਰੂ ਹੋਇਆ ਵੈਂਤੂਰਾ ਇਟਲੀ ਦੀ ਫ਼ੌਜ ਵਿੱਚ ਭਰਤੀ ਹੋ ਗਿਆ, ਪਿੱਛੋਂ ਉਸ ਨੇ ਨੈਪੋਲੀਅਨ ਦੀ ਸੈਨਾ ਵਿੱਚ ਵੀ ਸੇਵਾ ਨਿਭਾਈ। ਨੈਪੋਲੀਅਨ ਪੱਖੀ ਵਿਚਾਰਾਂ ਕਾਰਨ 1817 ਵਿੱਚ ਉਸ ਨੂੰ ਦੇਸ਼ ਛੱਡਣਾ ਪਿਆ। ਕੁਝ ਸਮਾਂ ਇਧਰ ਉਧਰ ਗੁਜ਼ਾਰਨ ਪਿੱਛੋਂ ਉਹ ਇਰਾਨ ਪਹੁੰਚਿਆ ਜਿੱਥੇ ਸ਼ਾਹ ਇਰਾਨ ਨੇ ਉਸ ਨੂੰ ਇਰਾਨੀ ਫ਼ੌਜ ਨੂੰ ਪੱਛਮੀ ਸੈਨਿਕ ਤੌਰ ਤਰੀਕਿਆਂ ਦੀ ਸਿਖਲਾਈ ਦੇਣ ਲਈ ਭਰਤੀ ਕਰ ਲਿਆ। ਛੇਤੀ ਹੀ ਉਸ ਨੂੰ ਤਰੱਕੀ ਦੇ ਕੇ ਕਰਨਲ ਬਣਾ ਦਿੱਤਾ ਗਿਆ। ਵੈਂਤੂਰਾ ਦੇ ਨੈਪੋਲੀਅਨ ਪੱਖੀ ਹੋਣ ਕਾਰਨ ਇਰਾਨੀ ਸੈਨਾ ਵਿੱਚ ਸੇਵਾ ਕਰ ਰਹੇ ਬਰਤਾਨਵੀ ਅਧਿਕਾਰੀ ਉਸ ਨਾਲ ਖਾਰ ਖਾਂਦੇ ਸਨ, ਉਨ੍ਹਾਂ ਦੀ ਸਾਜ਼ਿਸ਼ ਕਾਰਨ ਵੈਂਤੂਰਾ ਨੂੰ ਇਰਾਨੀ ਸੈਨਾ ਵਿੱਚੋਂ ਕੱਢ ਦਿੱਤਾ ਗਿਆ।
1822 ਵਿੱਚ ਵੈਂਤੂਰਾ ਲਾਹੌਰ ਪਹੁੰਚਿਆ। ਮਹਾਰਾਜਾ ਰਣਜੀਤ ਸਿੰਘ ਨੈਪੋਲੀਅਨ ਦੀ ਸੈਨਾ ਵਿੱਚ ਕੰਮ ਕਰ ਚੁੱਕੇ ਸੈਨਿਕਾਂ ਦੀ ਕਦਰ ਕਰਦਾ ਸੀ। ਇਸ ਲਈ ਉਸ ਨੇ ਖਾਲਸਾ ਫ਼ੌਜ ਨੂੰ ਯੁੱਧ ਦੇ ਯੂਰਪੀ ਢੰਗਾਂ ਦੀ ਸਿਖਲਾਈ ਦੇਣ ਵਾਸਤੇ ਵੈਂਤੂਰਾ ਨੂੰ ਆਪਣੀ ਫ਼ੌਜ ਵਿੱਚ ਭਰਤੀ ਕਰ ਲਿਆ। ਅਗਲੇ ਸਾਲ ਉਸ ਨੇ ਨੌਸ਼ਹਿਰਾ ਦੀ ਜੰਗ ਵਿੱਚ ਸਿੱਖ ਸੈਨਾ ਦੀ ਅਗਵਾਈ ਕੀਤੀ ਅਤੇ ਅਫ਼ਗ਼ਾਨਾਂ ਨੂੰ ਹਰਾ ਕੇ ਪਿਸ਼ਾਵਰ ਉੱਤੇ ਕਬਜ਼ਾ ਕੀਤਾ। ਪਿੱਛੋਂ ਵੀ ਉਸ ਨੇ ਕਈ ਮੁਸ਼ਕਿਲ ਮੁਹਿੰਮਾਂ ਵਿੱਚ ਭਾਗ ਲਿਆ ਅਤੇ ਯੋਗ ਫ਼ੌਜੀ ਅਫਸਰ ਵਜੋਂ ਨਾਮਣਾ ਖੱਟਿਆ। ਮਹਾਰਾਜਾ ਰਣਜੀਤ ਸਿੰਘ ਨੇ ਉਸ ਨੂੰ ਜਨਰਲ ਦਾ ਅਹੁਦਾ ਦੇ ਕੇ ਯੂਰਪੀ ਨਮੂਨੇ ਦੀ ਬ੍ਰਿਗੇਡ ‘ਫ਼ੌਜ-ਏ-ਖ਼ਾਸ’ ਦਾ ਕਮਾਂਡਰ ਬਣਾਇਆ।
ਵੈਂਤੂਰਾ ਦੀ ਸ਼ਾਦੀ ਲੁਧਿਆਣੇ ਦੀ ਵਸਨੀਕ ਇੱਕ ਆਰਮੀਨੀਅਨ ਔਰਤ ਨਾਲ ਹੋਈ ਜਿਸ ਦੇ ਪੇਟੋਂ ਇੱਕ ਧੀ ਨੇ ਜਨਮ ਲਿਆ ਤੇ ਉਸ ਦਾ ਨਾਂ ਵਿਕਟੋਰੀਨ ਰੱਖਿਆ। ਲਾਹੌਰ ਵਿੱਚ ਵੈਂਤੂਰਾ ਦੀ ਰਿਹਾਇਸ਼ ਅਨਾਰਕਲੀ ਬਾਜ਼ਾਰ ਵਿੱਚ ਸੀ। ਇੱਕ ਦਿਨ ਮਹਾਰਾਜਾ ਰਣਜੀਤ ਸਿੰਘ ਬਾਜ਼ਾਰ ਦਾ ਚੱਕਰ ਲਾਉਂਦਾ ਉਸ ਦੇ ਘਰ ਆ ਗਿਆ। ਵੈਂਤੂਰਾ ਨੇ ਪ੍ਰਸੰਨਤਾ ਨਾਲ ਮਹਾਰਾਜੇ ਦਾ ਸਵਾਗਤ ਕੀਤਾ ਅਤੇ ਆਪਣੀ ਤਿੰਨ ਕੁ ਸਾਲ ਦੀ ਧੀ ਵਿਕਟੋਰੀਨ ਦੀ ਮੁਲਾਕਾਤ ਮਹਾਰਾਜੇ ਨਾਲ ਕਰਾਈ। ਬੱਚੀ ਨੂੰ ਵੇਖ ਕੇ ਮਹਾਰਾਜਾ ਬੇਹੱਦ ਪ੍ਰਸੰਨ ਹੋਇਆ ਅਤੇ ਉਸ ਨੇ ਬੱਚੀ ਦੀ ਪਰਵਰਿਸ਼ ਵਾਸਤੇ ਬੱਸੀਆਂ ਪਰਗਣੇ ਦਾ ਇੱਕ ਪਿੰਡ ਤਲਵੰਡੀ ਰਾਏ ਕੀ ਜਾਗੀਰ ਵਜੋਂ ਉਸ ਦੇ ਨਾਂ ਲਾਉਣ ਦਾ ਐਲਾਨ ਕੀਤਾ। ਇਹ 1833 ਦੀ ਗੱਲ ਹੈ।
ਦੋ ਕੁ ਸਾਲ ਪਿੱਛੋਂ ਜਨਰਲ ਵੈਂਤੂਰਾ ਨੇ ਮਹਾਰਾਜੇ ਕੋਲ ਖ਼ੁਦ ਲਈ ਵੀ ਜਾਗੀਰ ਦੀ ਮੰਗ ਕੀਤੀ ਤਾਂ ਮਹਾਰਾਜੇ ਨੇ ਸ਼ਰਤ ਰੱਖੀ ਕਿ ਜਾਗੀਰ ਲੈਣ ਪਿੱਛੋਂ ਉਸ ਨੂੰ ਫ਼ੌਜੀ ਨੌਕਰੀ ਵਿੱਚ ਤਰੱਕੀ ਹੋਣ ਦੇ ਬਾਵਜੂਦ ਵਰਤਮਾਨ ਤਨਖ਼ਾਹ ਕਬੂਲ ਕਰਨੀ ਪਵੇਗੀ। ਵੈਂਤੂਰਾ ਵੱਲੋਂ ਹਾਂ ਕੀਤੇ ਜਾਣ ਉੱਤੇ ਮਹਾਰਾਜੇ ਨੇ ਸਮੇਂ ਸਮੇਂ ਤਲਵੰਡੀ ਦੇ ਨਾਲ ਲੱਗਦੇ ਪੰਜ ਪਿੰਡ- ਬੁਰਜ ਲਿੱਟਾਂ, ਬੁਰਜ ਹਰੀ ਸਿੰਘ ਵਾਲਾ, ਪੱਤੀ ਰੂਪਾ, ਰਾਜੋਵਾਲ (ਵਰਤਮਾਨ ਨਾਂ ਰਾਜੋਆਣਾ) ਅਤੇ ਹਲਵਾਰਾ ਜਾਗੀਰ ਵਜੋਂ ਉਸ ਨੂੰ ਦੇ ਦਿੱਤੇ। ਇਸ ਬਾਰੇ ਮਾਰਚ 1839 ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਜਨਰਲ ਵੈਂਤੂਰਾ ਦੇ ਨਾਂ ਇੱਕ ਫ਼ਰਮਾਨ ਜਾਰੀ ਕੀਤਾ। ਵੈਂਤੂਰਾ ਨੇ ਇਸ ਜਾਗੀਰ ਦੀ ਦੇਖ-ਭਾਲ ਗਵਰਨਰ ਜਨਰਲ ਦੇ ਅੰਬਾਲਾ ਵਿੱਚ ਤਾਇਨਾਤ ਏਜੰਟ ਮਿਸਟਰ ਕਲਾਰਕ ਨੂੰ ਸੌਂਪ ਦਿੱਤੀ।
ਮਹਾਰਾਜਾ ਰਣਜੀਤ ਸਿੰਘ ਦੇ ਦੇਹਾਂਤ ਪਿੱਛੋਂ ਵੀ ਜਨਰਲ ਵੈਂਤੂਰਾ ਸਿੱਖ ਫ਼ੌਜ ਵਿੱਚ ਕੰਮ ਕਰਦਾ ਰਿਹਾ ਪਰ ਸਤੰਬਰ 1843 ਵਿੱਚ ਮਹਾਰਾਜਾ ਸ਼ੇਰ ਸਿੰਘ ਦੇ ਕਤਲ ਮਗਰੋਂ ਵੈਰਭਾਵੀ ਮਾਹੌਲ ਦੇ ਮੱਦੇਨਜ਼ਰ ਵੈਂਤੂਰਾ ਲਾਹੌਰ ਛੱਡ ਗਿਆ। ਬਾਲਕ ਦਲੀਪ ਸਿੰਘ ਗੱਦੀ ਉੱਤੇ ਬੈਠਾ ਤਾਂ ਦਰਬਾਰੀਆਂ ਨੂੰ ਜਨਰਲ ਵੈਂਤੂਰਾ ਦੀ ਲੋੜ ਮਹਿਸੂਸ ਹੋਈ। ਉਹ ਨਹੀਂ ਸਨ ਚਾਹੁੰਦੇ ਕਿ ਖਾਲਸਾ ਦਰਬਾਰ ਅਜਿਹੇ ਵਫ਼ਾਦਾਰ ਅਤੇ ਅਨੁਭਵੀ ਜਰਨੈਲ ਦੀਆਂ ਸੇਵਾਵਾਂ ਤੋਂ ਵਾਂਝਾ ਰਹੇ ਪਰ ਵੈਂਤੂਰਾ ਨੇ ਉਨ੍ਹਾਂ ਦੇ ਸੱਦੇ ਦਾ ਹੁੰਗਾਰਾ ਨਾ ਭਰਿਆ। ਆਖ਼ਰਕਾਰ ਜਨਰਲ ਵੈਂਤੂਰਾ ਨੂੰ ਲਾਹੌਰ ਦਰਬਾਰ ਨਾਲ ਉਸ ਦੀ ਨੇੜਤਾ ਯਾਦ ਕਰਵਾਉਣ ਵਾਸਤੇ 21 ਪੋਹ 1900 ਮੁਤਾਬਿਕ ਚੜ੍ਹਦੀ ਜਨਵਰੀ 1844 ਨੂੰ ਉਸ ਬਾਰੇ ਇਹ ਫ਼ਰਮਾਨ ਭੇਜਿਆ ਗਿਆ:
‘‘ਸਤਲੁਜ ਦੇ ਖੱਬੇ ਕਿਨਾਰੇ ਵਾਲੇ ਪਾਸੇ ਉਸਤਤਯੋਗ ਖਾਲਸਾ ਜੀ ਦੀ ਮਾਲਕੀ ਹੇਠਲੇ ਸਾਨੀਵਾਲ ਅਤੇ ਹੋਰ ਪਿੰਡਾਂ ਦੇ ਵਰਤਮਾਨ ਅਤੇ ਭਵਿੱਖੀ ਹੁਕਮਰਾਨਾਂ ਨੂੰ ਵਿਦਿਤ ਹੋਵੇ:
ਰਾਜ ਦੇ ਯੋਗ ਪੁਰਾਣੇ ਸੇਵਕ, ਫ਼ੌਜ ਦੇ ਸੈਨਾਪਤੀ ਜਨਰਲ ਵੈਂਤੂਰਾ ਦੀ ਵਧੀਆ ਸੇਵਾ, ਸਮਰਪਿਤ ਅਤੇ ਵਫ਼ਾਦਾਰ ਸੰਘਰਸ਼, ਸ਼ੁਭ ਭਾਵਨਾਵਾਂ ਅਤੇ ਭਰੋਸੇ ਨਾਲ ਨਿਭਾਈ ਜ਼ਿੰਮੇਵਾਰੀ ਸਦਕਾ ਸਵਰਗੀ ਮਹਾਰਾਜਾ ਸਾਹਿਬ ਨੇ ਸਤਲੁਜ ਦੇ ਦੂਜੇ ਪਾਸੇ ਹਲਵਾਰਾ, ਤਲਵੰਡੀ, ਰਾਜੋਵਾਲ ਅਤੇ ਜਿਹੜੇ ਛੋਟੇ ਵੱਡੇ ਪਿੰਡ ਉਸ ਦੀ ਧੀ ਅਤੇ ਪੀੜ੍ਹੀ-ਦਰ-ਪੀੜ੍ਹੀ ਉਸ ਦੇ ਵਾਰਸਾਂ ਨੂੰ ਬਿਨਾਂ ਕਿਸੇ ਸੇਵਾ ਦੀ ਮੰਗ ਕੀਤੇ, ਬਖ਼ਸ਼ਿਸ਼ ਕੀਤੇ ਸਨ, ਉਨ੍ਹਾਂ ਨੂੰ ਕਬਜ਼ੇ ਵਿੱਚ ਰੱਖਣ ਅਤੇ ਜਾਗੀਰ ਦੇ ਨਿਰੰਕੁਸ਼ ਪ੍ਰਬੰਧ ਕਰਨ ਦਾ ਅਧਿਕਾਰ ਜਨਰਲ ਨੂੰ ਦਿੱਤਾ ਜਾਂਦਾ ਹੈ।
ਉਪਰੋਕਤ ਦੀ ਲੋਅ ਵਿੱਚ ਤੁਹਾਨੂੰ ਸਾਰਿਆਂ ਨੂੰ ਹੁਕਮ ਦਿੱਤਾ ਜਾਂਦਾ ਹੈ ਕਿ ਸਵਰਗੀ ਮਹਾਰਾਜਾ ਸਾਹਿਬ ਦਾ ਹੁਕਮ ਸਦਾ ਲਈ ਲਾਗੂ ਰਹਿਣਾ ਹੈ ਅਤੇ ਜਿਸ ਨੂੰ ਪਲਟਿਆ ਨਹੀਂ ਜਾ ਸਕਦਾ, ਤੁਹਾਨੂੰ ਇਸ ਜਾਗੀਰ ਤੋਂ ਬੇਗਾਰ ਜਾਂ ਨਜ਼ਰਾਨਾ ਮੰਗਣ ਤੋਂ ਵਰਜਿਆ ਜਾਂਦਾ ਹੈ। ਇਸ ਜਾਗੀਰ ਦੇ ਇੰਦਰਾਜ ਰਾਜ ਦੇ ਕਾਗਜ਼ਾਤ ਵਿੱਚੋਂ ਉਤਾਰ ਦਿੱਤੇ ਜਾਣ ਕਾਰਨ ਜਨਰਲ ਇਸ ਨੂੰ ਆਪਣੀ ਮਾਲਕੀ ਸਮਝਦਿਆਂ ਇੱਥੋਂ ਦਾ ਮਾਲੀਆ ਘਟਾਉਣ ਜਾਂ ਵਧਾਉਣ, ਇੱਥੇ ਖੇਤੀ ਕਰਨ ਜਾਂ ਆਪਣੇ ਕਿਸੇ ਭਰੋਸੇਮੰਦ ਵਿਅਕਤੀ ਨੂੰ ਸੌਂਪਣ ਦਾ ਹੱਕਦਾਰ ਹੈ। ਇਹ ਜਾਗੀਰ ਸਤਲੁਜ ਦੇ ਦੂਜੇ ਪਾਸੇ ਖਾਲਸਾ ਰਾਜ ਨਾਲ ਸਬੰਧਿਤ ਦੂਜੇ ਇਲਾਕਿਆਂ ਨਾਲੋਂ ਅਲਹਿਦਾ ਕਰ ਦਿੱਤੀ ਗਈ ਹੈ ਅਤੇ ਇਸ ਜਨਰਲ ਦੀ ਧੀ ਅਤੇ ‘ਨਸਲਨ-ਬਾਦ-ਨਸਲਨ’ ਉਸ ਦੇ ਵਾਰਸਾਂ ਨੂੰ ਸੁਤੰਤਰ ਰੂਪ ਵਿੱਚ, ਬਿਨਾਂ ਕੋਈ ਸੇਵਾ ਮੰਗਿਆਂ, ਬਖ਼ਸ਼ੀ ਜਾਂਦੀ ਹੈ।
ਹੋਰ ਵੀ ਕਿ ਜੇਕਰ ਭਵਿੱਖ ਵਿੱਚ ਜਾਗੀਰ ਦੀ ਹੱਦ ਬਾਰੇ ਕੋਈ ਫ਼ੈਸਲਾ ਲੈਣ ਦੀ ਲੋੜ ਪਵੇ ਤਾਂ ਇਹ ਮਾਮਲਾ ਜਨਰਲ ਨੂੰ ਅਗਾਊਂ ਸੂਚਨਾ ਦੇ ਕੇ ਉਸ ਦੀ ਸਲਾਹ ਨਾਲ ਹੱਲ ਕੀਤਾ ਜਾਵੇ। ਧਿਆਨ ਰਹੇ ਕਿ ਕਿਸੇ ਮੌਕੇ ਇਸ ਜਾਗੀਰ ਬਾਰੇ ਨਵੀਆਂ ਹਦਾਇਤਾਂ ਜਾਰੀ ਕਰਨ ਦੀ ਲੋੜ ਨਾ ਪਵੇ ਅਤੇ ਇਸ ਲਿਖਤੀ ਤੇ ਮੋਹਰਯੁਕਤ ਹੁਕਮ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇ।’’
ਵੈਂਤੂਰਾ ਉੱਤੇ ਇਸ ਚਿੱਠੀ ਦਾ ਵੀ ਕੋਈ ਅਸਰ ਨਾ ਹੋਇਆ ਅਤੇ ਉਸ ਦਾ ਲਾਹੌਰ ਦਰਬਾਰ ਨਾਲੋਂ ਨਾਤਾ ਟੁੱਟ ਗਿਆ। 1844 ਵਿੱਚ ਉਸ ਨੇ ਇਹ ਮਿਲਖ ਵੇਚਣ ਦਾ ਮਨ ਬਣਾਇਆ। ਇਸ ਮਿਲਖ ਦੇ ਨਾਲ ਲੱਗਦਾ ਇਲਾਕਾ ਰਿਆਸਤ ਨਾਭਾ ਦੇ ਅਧੀਨ ਹੋਣ ਕਾਰਨ ਰਾਜਾ ਨਾਭਾ ਇਸ ਨੂੰ ਖਰੀਦਣ ਵਾਸਤੇ ਤਿਆਰ ਸੀ। ਇਸ ਸੌਦੇ ਨੂੰ ਅਮਲ ਵਿੱਚ ਲਿਆਉਣ ਵਾਸਤੇ ਲਾਹੌਰ ਦਰਬਾਰ ਅਤੇ ਅੰਗਰੇਜ਼ੀ ਸਰਕਾਰ ਦੋਵਾਂ ਦੀ ਰਜ਼ਾਮੰਦੀ ਚਾਹੀਦੀ ਸੀ ਪਰ ਅਜਿਹਾ ਨਾ ਹੋ ਸਕਣ ਕਾਰਨ ਸੌਦਾ ਸਿਰੇ ਨਾ ਚੜ੍ਹ ਸਕਿਆ।
1845 ਵਿੱਚ ਕੰਪਨੀ ਸਰਕਾਰ ਨੂੰ ਲਾਹੌਰ ਦਰਬਾਰ ਨਾਲ ਜੰਗ ਹੋਣ ਦਾ ਯਕੀਨ ਹੋ ਗਿਆ ਤਾਂ ਅੰਗਰੇਜ਼ੀ ਫ਼ੌਜ ਲਾਹੌਰ ਵੱਲ ਚੱਲ ਪਈ। ਖ਼ੁਦ ਵਾਇਸਰਾਏ ਸੈਨਾ ਦੇ ਹਮਰਾਹ ਸੀ। ਭਾਵੇਂ ਅਜੇ ਲੜਾਈ ਸ਼ੁਰੂ ਨਹੀਂ ਸੀ ਹੋਈ, ਵਾਇਸਰਾਇ ਨੇ 13 ਦਸੰਬਰ 1845 ਨੂੰ, ਜਦ ਉਹ ਖੰਨੇ ਦੇ ਨੇੜ ਸਰਾਏ ਲਸ਼ਕਰੀ ਖਾਂ ਰੁਕਿਆ ਹੋਇਆ ਸੀ, ਲਾਹੌਰ ਦਰਬਾਰ ਨਾਲ ਲੜਾਈ ਅਤੇ ਸਤਲੁਜ ਤੋਂ ਪੂਰਬ ਵੱਲ ਖਾਲਸਾ ਰਾਜ ਦੇ ਇਲਾਕੇ ਆਪਣੇ ਅਧਿਕਾਰ ਹੇਠ ਲੈਣ ਦਾ ਐਲਾਨ ਕਰ ਦਿੱਤਾ। ਯੁੱਧ ਵਿੱਚ ਲਾਹੌਰ ਦਰਬਾਰ ਦੀ ਸੈਨਾ ਨੂੰ ਹਰਾਉਣ ਪਿੱਛੋਂ ਕੰਪਨੀ ਸਰਕਾਰ ਨੇ ਪ੍ਰਬੰਧਕੀ ਸਹੂਲਤ ਵਾਸਤੇ ਨਾਭਾ ਰਿਆਸਤ ਦੇ ਜ਼ਬਤ ਕੀਤੇ ਇਲਾਕੇ ਪੱਖੋਵਾਲ ਆਦਿ ਦੇ ਨਾਲ ਜਨਰਲ ਵੈਂਤੂਰਾ ਵਾਲੀ ਜਾਗੀਰ ਨੂੰ ਨਵੇਂ ਬਣਾਏ ਜ਼ਿਲ੍ਹੇ ਬੱਧਣੀ ਵਿੱਚ ਸ਼ਾਮਿਲ ਕੀਤਾ। ਮਿਸਟਰ ਕੈਂਪਬੈੱਲ ਨੂੰ ਇਸ ਜ਼ਿਲ੍ਹੇ ਦਾ ਡਿਪਟੀ ਕਮਿਸ਼ਨਰ ਨਿਯੁਕਤ ਕੀਤਾ ਗਿਆ। ਡਿਪਟੀ ਕਮਿਸ਼ਨਰ ਨੇ ਸਾਰੇ ਜਾਗੀਰਦਾਰਾਂ ਨੂੰ ਆਪਣੇ ਅਧਿਕਾਰਤ ਪਟੇ ਵਿਖਾਉਣ ਦਾ ਹੁਕਮ ਦਿੱਤਾ ਜਿਨ੍ਹਾਂ ਦੇ ਆਧਾਰ ਉੱਤੇ ਨਵੀਂ ਸਰਕਾਰ ਨੇ ਉਨ੍ਹਾਂ ਦੀ ਹੈਸੀਅਤ ਬਾਰੇ ਨਿਰਣਾ ਕਰਨਾ ਸੀ। ਜਨਰਲ ਵੈਂਤੂਰਾ ਦੇ ਏਜੰਟ ਚਰਾਗ ਅਲੀ ਨੇ ਮਹਾਰਾਜਾ ਦਲੀਪ ਸਿੰਘ ਵੱਲੋਂ ਜਾਰੀ ਹੁਕਮ ਦਿਖਾਇਆ ਪਰ ਇਸ ਨਾਲ ਮਿਸਟਰ ਕੈਂਪਬੈੱਲ ਦੀ ਤਸੱਲੀ ਨਾ ਹੋਈ। ਉਸ ਦਾ ਮੰਨਣਾ ਸੀ ਕਿ ਲਾਹੌਰ ਦਰਬਾਰ ਦੇ ਇਸ ਹੁਕਮ ਅਨੁਸਾਰ ਜਨਰਲ ਵੈਂਤੂਰਾ ਦੀ ਜਾਗੀਰ ਦੀ ਮਿਆਦ ਉਸ ਦੀ ਲਾਹੌਰ ਦਰਬਾਰ ਦੀ ਨੌਕਰੀ ਛੱਡਣ ਦੇ ਦਿਨ ਤੋਂ ਖ਼ਤਮ ਹੋ ਗਈ ਹੈ। ਉਸ ਨੇ ਇਹ ਜਾਗੀਰ ਸਰਕਾਰ ਦੇ ਕਬਜ਼ੇ ਵਿੱਚ ਲੈਣ ਦਾ ਫ਼ੈਸਲਾ ਕੀਤਾ ਅਤੇ ਚਰਾਗ ਅਲੀ ਨੂੰ ਪਹਿਲਾਂ ਵਾਂਗ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਰਹਿਣ ਲਈ ਕਿਹਾ। ਏਜੰਟ ਵੱਲੋਂ ਅਜਿਹਾ ਕਰਨ ਤੋਂ ਨਾਂਹ ਕੀਤੇ ਜਾਣ ਉੱਤੇ ਕੈਂਪਬੈੱਲ ਨੇ ਇਹ ਡਿਊਟੀ ਬੱਧਣੀ ਦੇ ਮੁਹਰਰ ਨੂੰ ਸੌਂਪੀ। ਨਵੇਂ ਜ਼ਿਲ੍ਹੇ ਵਿੱਚ ਅਜੇ ਖ਼ਜ਼ਾਨਾ ਨਹੀਂ ਸੀ ਬਣਿਆ। ਇਸ ਲਈ ਕੈਂਪਬੈੱਲ ਦੇ ਹੁਕਮ ਨਾਲ ਇਸ ਸਾਲ ਤੋਂ ਜਾਗੀਰ ਰਾਸ਼ੀ ਲੁਧਿਆਣਾ ਖ਼ਜ਼ਾਨੇ ਵਿੱਚ ਜਮ੍ਹਾਂ ਕੀਤੀ ਜਾਣ ਲੱਗੀ।
ਵੈਂਤੂਰਾ ਨੇ ਡਿਪਟੀ ਕਮਿਸ਼ਨਰ ਬੱਧਣੀ ਦੇ ਹੁਕਮ ਖਿਲਾਫ਼ 18 ਮਾਰਚ 1848 ਨੂੰ ਕੰਪਨੀ ਸਰਕਾਰ ਵੱਲੋਂ ਨਿਯੁਕਤ ਸਤਲੁਜ ਤੋਂ ਪੂਰਬ ਵੱਲ ਦੇ ਇਲਾਕਿਆਂ ਦੇ ਕਮਿਸ਼ਨਰ ਅਤੇ ਸੁਪਰਡੈਂਟ ਐੱਫ. ਮੈਕਸਨ ਨੂੰ ਦਰਖਾਸਤ ਦਿੱਤੀ। ਜਾਗੀਰਾਂ ਦੀ ਜ਼ਬਤੀ ਬਾਰੇ ਕੰਪਨੀ ਸਰਕਾਰ ਦੀ ਹਦਾਇਤ ਸੀ ਕਿ ਅਜਿਹਾ ਹੁਕਮ ਕੰਪਨੀ ਸਰਕਾਰ ਤੋਂ ਪੁਸ਼ਟੀ ਕਰਵਾਉਣ ਪਿੱਛੋਂ ਲਾਗੂ ਕੀਤਾ ਜਾਵੇ। ਕੈਂਪਬੈੱਲ ਨੇ ਆਪਣੇ ਹੁਕਮ ਦੀ ਪੁਸ਼ਟੀ ਨਹੀਂ ਸੀ ਕਰਵਾਈ। ਇਸ ਲਈ ਮੈਕਸਨ ਇਸ ਜਾਗੀਰ-ਜ਼ਬਤੀ ਨੂੰ ਜਾਇਜ਼ ਨਹੀਂ ਸੀ ਮੰਨਦਾ। ਉਸ ਨੇ ਕੰਪਨੀ ਸਰਕਾਰ ਦੇ ਸਬੰਧਿਤ ਹੁਕਮ ਦਾ ਹਵਾਲਾ ਦੇ ਕੇ ਚੀਫ ਕਮਿਸ਼ਨਰ ਪੰਜਾਬ, ਐੱਫ. ਕਰੀ ਨੂੰ ਸਿਫਾਰਿਸ਼ ਕੀਤੀ ਕਿ ਇਸ ਜਾਗੀਰ ਤੋਂ ਉਗਰਾਹ ਕੇ ਲੁਧਿਆਣਾ ਖ਼ਜ਼ਾਨੇ ਵਿੱਚ ਜਮ੍ਹਾਂ ਮਾਮਲਾ-ਰਾਸ਼ੀ ਹਵਾਲਾ ਅਧੀਨ ਪੱਤਰ ਦੀ ਲੋਅ ਵਿੱਚ ਜਨਰਲ ਵੈਂਤੂਰਾ ਨੂੰ ਅਦਾ ਕੀਤੀ ਜਾਵੇ ਅਤੇ ਜਾਗੀਰ ਜ਼ਬਤ ਕਰਨ ਜਾਂ ਇਸ ਉੱਤੇ ਜਾਗੀਰਦਾਰ ਨੂੰ ਬਹਾਲ ਕਰਨ ਬਾਰੇ ਫ਼ੈਸਲਾ ਪਿੱਛੋਂ ਕਰ ਲਿਆ ਜਾਵੇ। ਚੀਫ ਕਮਸ਼ਿਨਰ ਪੰਜਾਬ ਨੇ ਮੈਕਸਨ ਦੀ ਸਿਫ਼ਾਰਿਸ਼ ਨਾਲ ਸਹਿਮਤੀ ਪ੍ਰਗਟਾਈ ਤਾਂ ਡਬਲਿਊ.ਐੱਚ. ਲਰਕਿਨ, ਡਿਪਟੀ ਕਮਿਸ਼ਨਰ ਲੁਧਿਆਣਾ ਨੇ ਇਹ ਰਾਸ਼ੀ ਜਨਰਲ ਵੈਂਤੂਰਾ ਨੂੰ ਅਦਾ ਕਰ ਦਿੱਤੀ।
ਚੀਫ ਕਮਿਸ਼ਨਰ ਪੰਜਾਬ ਨੇ ਇਹ ਜਾਗੀਰ ਜਨਰਲ ਵੈਂਤੂਰਾ ਨੂੰ ਦੇਣ ਜਾਂ ਨਾ ਦੇਣ ਬਾਰੇ ਕਮਿਸ਼ਨਰ ਅਤੇ ਸੁਪਰਡੈਂਟ ਮੈਕਸਨ ਨੂੰ ਆਪਣੀ ਸਿਫ਼ਾਰਿਸ਼ ਭੇਜਣ ਬਾਰੇ ਲਿਖਿਆ ਤਾਂ ਮੈਕਸਨ ਨੇ ਇਸ ਮਾਮਲੇ ਬਾਰੇ ਆਪਣੇ ਦਫਤਰ ਵਿੱਚ ਪੁਰਾਣੇ ਕਾਗਜ਼ਾਤ ਲੱਭਣ ਦੀ ਕੋਸ਼ਿਸ਼ ਕੀਤੀ ਪਰ ਹੱਥ ਪੱਲੇ ਕੁਝ ਨਾ ਪਿਆ। ਫਿਰ ਉਸ ਨੇ ਲਾਹੌਰ ਤੋਂ ਚੀਫ ਕਮਿਸ਼ਨਰ ਰਾਹੀਂ ਖਾਲਸਾ ਦਰਬਾਰ ਦੇ ਰਿਕਾਰਡ ਵਿੱਚੋਂ ਅਤੇ ਡਿਪਟੀ ਕਮਿਸ਼ਨਰ ਲੁਧਿਆਣਾ ਦੇ ਦਫ਼ਤਰ ਤੋਂ ਪ੍ਰਾਪਤ ਕਾਗਜ਼ ਪੱਤਰ ਦੇ ਆਧਾਰ ਉੱਤੇ ਜਨਰਲ ਵੈਂਤੂਰਾ ਦੀ ਜਾਗੀਰ ਬਾਰੇ 29 ਮਾਰਚ 1848 ਨੂੰ ਐੱਫ. ਕਰੀ, ਚੀਫ ਕਮਿਸ਼ਨਰ ਪੰਜਾਬ ਨੂੰ ਹੇਠ ਲਿਖੇ ਅਨੁਸਾਰ ਸਿਫ਼ਾਰਿਸ਼ਾਂ ਭੇਜੀਆਂ:
1. ਇਹ ਜਾਗੀਰ ਜਨਰਲ ਵੈਂਤੂਰਾ ਨੂੰ ਦਿੱਤੀ ਜਾਵੇ, ਜਾਂ
2. ਇਸ ਜਾਗੀਰ ਦੇ ਸਾਲਾਨਾ ਮਾਲੀਏ, ਜੋ 1849 ਵਿੱਚ ਤਲਵੰਡੀ (3793 ਰੁਪਏ/0 ਆਨੇ/ ਸਾਢੇ 7 ਪਾਈ), ਹਲਵਾਰਾ (4095 ਰੁਪਏ/7 ਆਨੇ/ ਸਾਢੇ 10 ਪਾਈ), ਬੁਰਜ ਹਰੀ ਸਿੰਘ ਵਾਲਾ (1730 ਰੁਪਏ/11 ਆਨੇ/ਅੱਧੀ ਪਾਈ), ਬੁਰਜ ਲਿੱਟਾਂ (1006 ਰੁਪਏ/14 ਆਨੇ/ ਸਾਢੇ 7 ਪਾਈ), ਪੱਤੀ ਰੂਪਾ (2096 ਰੁਪਏ/13 ਆਨੇ/ 7 ਪਾਈ), ਰਾਜੋਵਾਲ (2168 ਰੁਪਏ/0 ਆਨੇ/0 ਪਾਈ) ਨੂੰ ਆਧਾਰ ਬਣਾ ਕੇ ਜਨਰਲ ਵੈਂਤੂਰਾ ਨੂੰ ਯਕਮੁਸ਼ਤ ਅਦਾਇਗੀ ਕਰ ਦਿੱਤੀ ਜਾਵੇ, ਜਾਂ
3. ਜਾਗੀਰ ਦਾ ਮੁੱਢ ਮਹਾਰਾਜਾ ਰਣਜੀਤ ਸਿੰਘ ਵੱਲੋਂ ਜਨਰਲ ਦੀ ਬੇਟੀ ਵਿਕਟੋਰੀਨ ਨੂੰ ਦਿੱਤੇ ਪਿੰਡ ਤੋਂ ਬੱਝਾ ਸੀ। ਇਸ ਲਈ ਵਿਕਟੋਰੀਨ ਨੂੰ ਤਾ-ਉਮਰ ਪੈਨਸ਼ਨ ਲਾ ਦਿੱਤੀ ਜਾਵੇ।
ਚੀਫ ਕਮਿਸ਼ਨਰ ਵੱਲੋਂ ਉਪਰੋਕਤ ਵਿੱਚੋਂ ਤੀਜੀ ਸਿਫ਼ਾਰਿਸ਼ ਨੂੰ ਪ੍ਰਵਾਨ ਕਰਦਿਆਂ ਇਸ ਬਾਰੇ ਅਗਲੀ ਕਾਰਵਾਈ ਕਰਨ ਦਾ ਹੁਕਮ 19 ਅਪ੍ਰੈਲ 1848 ਨੂੰ ਜਾਰੀ ਕੀਤਾ ਗਿਆ। ਮਿਸ ਵਿਕਟੋਰੀਨ ਨੂੰ ਕਿੰਨੀ ਪੈਨਸ਼ਨ ਮਨਜ਼ੂਰ ਕੀਤੀ ਗਈ ਅਤੇ ਉਹ ਇਹ ਪੈਨਸ਼ਨ ਕਦੋਂ ਤੱਕ ਲੈਂਦੀ ਰਹੀ, ਇਸ ਬਾਰੇ ਜਾਣਕਾਰੀ ਨਹੀਂ ਮਿਲੀ।
ਸੰਪਰਕ: 94170-49417