ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਆਮ ਚੋਣਾਂ: ਕਾਂਗਰਸ ’ਚ ਟਿਕਟਾਂ ਦੀ ਵੰਡ ਤੋਂ ਬਾਗ਼ੀ ਸੁਰਾਂ ਉੱਠੀਆਂ

07:14 AM Apr 17, 2024 IST

ਚਰਨਜੀਤ ਭੁੱਲਰ
ਚੰਡੀਗੜ੍ਹ, 16 ਅਪਰੈਲ
ਕੇਂਦਰੀ ਚੋਣ ਕਮੇਟੀ ਵੱਲੋਂ ਕਾਂਗਰਸੀ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੇ ਜਾਣ ਮਗਰੋਂ ਹੀ ਕਾਂਗਰਸ ਵਿੱਚ ਬਗਾਵਤੀ ਸੁਰ ਉੱਠਣੇ ਸ਼ੁਰੂ ਹੋ ਗਏ ਹਨ। ਕਾਂਗਰਸ ਨੇ ਪਾਰਟੀ ਤਰਫ਼ੋਂ ਛੇ ਉਮੀਦਵਾਰ ਐਲਾਨੇ ਹਨ ਜਿਨ੍ਹਾਂ ਨੂੰ ਲੈ ਕੇ ਪਾਰਟੀ ਅੰਦਰ ਘੁਸਰ-ਮੁਸਰ ਸ਼ੁਰੂ ਹੋ ਗਈ ਹੈ। ਵੱਡਾ ਰੋਸ ਪਟਿਆਲਾ ਸੰਸਦੀ ਹਲਕੇ ਅੰਦਰ ਧੁਖਣ ਲੱਗਾ ਹੈ ਜਿੱਥੇ ਕਾਂਗਰਸ ਨੇ ਬਾਹਰੋਂ ਲਿਆਂਦੇ ਡਾ. ਧਰਮਵੀਰ ਗਾਂਧੀ ਨੂੰ ਉਮੀਦਵਾਰ ਬਣਾਇਆ ਹੈ ਤੇ ਸਾਬਕਾ ਵਿਧਾਇਕ ਅਤੇ ਟਕਸਾਲੀ ਨੇਤਾ ਅੰਦਰੋ-ਅੰਦਰੀ ਇਸ ਗੱਲੋਂ ਕਾਫ਼ੀ ਖ਼ਫਾ ਹਨ।
ਅਹਿਮ ਸੂਤਰਾਂ ਅਨੁਸਾਰ ਟਕਸਾਲੀ ਆਗੂਆਂ ਅਤੇ ਸਾਬਕਾ ਵਿਧਾਇਕਾਂ ਤੋਂ ਇਲਾਵਾ ਅਹਿਮ ਵਰਕਰਾਂ ਦਾ ਇੱਕ ਇਕੱਠ 20 ਅਪਰੈਲ ਨੂੰ ਰਾਜਪੁਰਾ ਵਿੱਚ ਬੁਲਾ ਲਿਆ ਗਿਆ ਹੈ ਜਿਸ ਦੀ ਅਗਵਾਈ ਕਾਂਗਰਸੀ ਆਗੂ ਹਰਦਿਆਲ ਕੰਬੋਜ ਕਰ ਰਹੇ ਹਨ। ਹਾਲਾਂਕਿ ਕਿਹਾ ਜਾ ਰਿਹਾ ਹੈ ਕਿ ਇਸ ਇਕੱਠ ਵਿੱਚ ਵਰਕਰਾਂ ਤੇ ਆਗੂਆਂ ਨਾਲ ਮਸ਼ਵਰੇ ਕੀਤੇ ਜਾਣੇ ਹਨ ਪਰ ਅਸਲ ਵਿੱਚ ਇਹ ਇਕੱਠ ਰੋਸ ਵਜੋਂ ਹੀ ਸੱਦਿਆ ਗਿਆ ਹੈ। ਪਤਾ ਲੱਗਾ ਹੈ ਕਿ ਅੱਜ ਪਟਿਆਲਾ ਵਿੱਚ ਕਾਂਗਰਸ ਦੇ ਟਕਸਾਲੀ ਨੇਤਾਵਾਂ ਦੀ ਇੱਕ ਗੁਪਤ ਮੀਟਿੰਗ ਵੀ ਹੋਈ ਹੈ। ਕਾਂਗਰਸ ’ਤੇ ਇਹ ਰੋਸਾ ਭਾਰੀ ਪੈ ਸਕਦਾ ਹੈ।
ਸੰਗਰੂਰ ਹਲਕੇ ਤੋਂ ਕਾਂਗਰਸ ਨੇ ਸੁਖਪਾਲ ਸਿੰਘ ਖਹਿਰਾ ਨੂੰ ਉਮੀਦਵਾਰ ਬਣਾਇਆ ਹੈ ਜਿਸ ਨੂੰ ਲੈ ਕੇ ਹਲਕਾ ਧੂਰੀ ਤੋਂ ਸਾਬਕਾ ਵਿਧਾਇਕ ਦਲਵੀਰ ਗੋਲਡੀ ਨੇ ਅੱਜ ਸੋਸ਼ਲ ਮੀਡੀਆ ’ਤੇ ਲਾਈਵ ਹੋ ਕੇ ਆਪਣੇ ਦਰਦ ਸਾਂਝਾ ਕੀਤਾ ਹੈ। ਭਾਵੇਂ ਉਨ੍ਹਾਂ ਨੇ ਕਾਂਗਰਸ ਨਾਲ ਚੱਲਣ ਦੀ ਗੱਲ ਆਖੀ ਹੈ ਪਰ ਉਨ੍ਹਾਂ ਪਾਰਟੀ ਹਾਈਕਮਾਨ ਅੱਗੇ ਜੋ ਸੁਆਲ ਰੱਖੇ ਹਨ, ਉਸ ਤੋਂ ਲੱਗਦਾ ਹੈ ਕਿ ਸਭ ਅੱਛਾ ਨਹੀਂ ਹੈ। ਉਨ੍ਹਾਂ ਸੁਆਲ ਕੀਤਾ ਹੈ, ‘‘ਵੱਡੇ ਲੀਡਰ ਹੋਣ ਦਾ ਪੈਮਾਨਾ ਪੈਸਾ ਹੁੰਦਾ ਹੈ ਜਾਂ ਵਫ਼ਾਦਾਰੀ। ਜਦੋਂ ਜ਼ਿਮਨੀ ਚੋਣ ਵਿਚ ਵੱਡੇ ਚਿਹਰੇ ਦੀ ਲੋੜ ਸੀ, ਉਦੋਂ ਲਿਆਂਦਾ ਨਹੀਂ ਗਿਆ।’’ ਗੋਲਡੀ ਨੇ ਕਿਹਾ ਕਿ ਉਸ ਦੀ ਪਹਿਲਾਂ ਵੀ ਤਿੰਨ ਵਾਰ ਟਿਕਟ ਕੱਟੀ ਗਈ ਹੈ। ਸੰਗਰੂਰ ਸੰਸਦੀ ਹਲਕੇ ਦੇ ਇੱਕ ਹੋਰ ਸਾਬਕਾ ਵਿਧਾਇਕ ਵੀ ਖਹਿਰਾ ਦੀ ਟਿਕਟ ਤੋਂ ਅੰਦਰੋਂ ਅੰਦਰੀ ਕਾਫ਼ੀ ਔਖ ਵਿੱਚ ਹਨ। ਉਧਰ ਜਲੰਧਰ ਹਲਕੇ ਤੋਂ ਚਰਨਜੀਤ ਚੰਨੀ ਨੂੰ ਉਮੀਦਵਾਰ ਬਣਾਏ ਜਾਣ ਤੋਂ ਪਹਿਲਾਂ ਹੀ ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਨੇ ਪਾਰਟੀ ਦੇ ਚੀਫ਼ ਵ੍ਹਿਪ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ ਕਿਉਂਕਿ ਚੌਧਰੀ ਪਰਿਵਾਰ ਵੀ ਟਿਕਟ ਦਾ ਦਾਅਵੇਦਾਰ ਸੀ। ਬਠਿੰਡਾ ਸੰਸਦੀ ਹਲਕੇ ਤੋਂ ਐਨ ਆਖ਼ਰੀ ਮੌਕੇ ’ਤੇ ਕੇਂਦਰੀ ਚੋਣ ਕਮੇਟੀ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ ਦਾ ਟਿਕਟ ਕੱਟ ਦਿੱਤਾ ਹੈ। ਉਨ੍ਹਾਂ ਦੀ ਥਾਂ ਬਠਿੰਡਾ ਤੋਂ ਪਾਰਟੀ ਨੇ ਜੀਤਮਹਿੰਦਰ ਸਿੰਘ ਸਿੱਧੂ ਨੂੰ ਟਿਕਟ ਦਿੱਤੀ ਹੈ ਅਤੇ ਅੱਜ ਸਿੱਧੂ ਨੇ ਬਠਿੰਡਾ ਵਿਚ ਮੀਟਿੰਗਾਂ ਵੀ ਕੀਤੀਆਂ ਹਨ।
ਬੇਸ਼ੱਕ ਰਾਜਾ ਵੜਿੰਗ ਦੇ ਨੇੜਲੇ ਲੋਕ ਜੀਤਮਹਿੰਦਰ ਸਿੱਧੂ ਦੇ ਇਕੱਠ ਵਿਚ ਦੇਖੇ ਗਏ ਪਰ ਅੰਦਰਖਾਤੇ ਠੀਕ ਮਹਿਸੂਸ ਨਹੀਂ ਕਰ ਰਹੇ ਹਨ। ਸੂਤਰ ਦੱਸਦੇ ਹਨ ਕਿ ਤਲਵੰਡੀ ਸਾਬੋ ਤੋਂ ਹਲਕਾ ਇੰਚਾਰਜ ਖੁਸ਼ਬਾਜ ਜਟਾਣਾ ਦੇ ਵੀ ਜੀਤਮਹਿੰਦਰ ਸਿੱਧੂ ਨਾਲ ਸੁਰ ਨਹੀਂ ਮਿਲ ਰਹੇ। ਖਡੂਰ ਸਾਹਿਬ ਹਲਕੇ ਤੋਂ ਜਸਬੀਰ ਸਿੰਘ ਡਿੰਪਾ ਨੇ ਕਾਂਗਰਸ ਹਾਈਕਮਾਂਡ ਨਾਲ ਮੀਟਿੰਗ ਕਰਕੇ ਆਪਣੇ ਪੈਰ ਪਿਛਾਂਹ ਖਿੱਚ ਲਏ ਹਨ। ਇਸੇ ਤਰ੍ਹਾਂ ਹੀ ਚੰਡੀਗੜ੍ਹ ਕਾਂਗਰਸ ਵਿਚ ਮੁਨੀਸ਼ ਤਿਵਾੜੀ ਦੀ ਟਿਕਟ ਐਲਾਨੇ ਜਾਣ ਤੋਂ ਬਾਗ਼ੀ ਸੁਰ ਤਿੱਖੇ ਹੋ ਗਏ ਹਨ। ਦੇਖਣਾ ਹੋਵੇਗਾ ਕਿ ਕਾਂਗਰਸ ਪਾਰਟੀ ਇਨ੍ਹਾਂ ਬਾਗ਼ੀ ਸੁਰਾਂ ਨਾਲ ਕਿਵੇਂ ਨਜਿੱਠਦੀ ਹੈ।

Advertisement

Advertisement
Advertisement