ਆਮ ਚੋਣਾਂ: ਚੋਣ ਕਮਿਸ਼ਨ ਵੱਲੋਂ ਕਈ ਸੂਬਿਆਂ ’ਚ ਵਿਸ਼ੇਸ਼ ਨਿਗਰਾਨ ਨਿਯੁਕਤ
ਨਵੀਂ ਦਿੱਲੀ, 2 ਅਪਰੈਲ
ਚੋਣ ਕਮਿਸ਼ਨ ਨੇ ਆਗਾਮੀ ਚੋਣਾਂ ਦੌਰਾਨ ਬਰਾਬਰੀ ਦਾ ਮੌਕਾ ਮੁਹੱਈਆ ਕਰਵਾਉਣਾ ਯਕੀਨੀ ਬਣਾਉਣ ਲਈ ਕਈ ਸੂਬਿਆਂ ’ਚ ਪ੍ਰਸ਼ਾਸਨਿਕ, ਸੁਰੱਖਿਆ ਅਤੇ ਖਰਚ ’ਤੇ ਨਿਗਰਾਨੀ ਰੱਖਣ ਦੇ ਟੀਚੇ ਤਹਿਤ ਵਿਸ਼ੇਸ਼ ਨਿਗਰਾਨ ਨਿਯੁਕਤ ਕੀਤੇ ਹਨ। ਵਧੀਆ ਰਿਕਾਰਡ ਵਾਲੇ ਸਾਬਕਾ ਸਿਵਲ ਅਧਿਕਾਰੀਆਂ ਨੂੰ ਵਿਸ਼ੇਸ਼ ਨਿਗਰਾਨ ਲਾਇਆ ਗਿਆ ਹੈ। ਚੋਣ ਪੈਨਲ ਨੇ ਕਿਹਾ, ‘‘ਵਿਸ਼ੇਸ਼ ਨਿਗਰਾਨਾਂ ਨੂੰ ਚੋਣ ਪ੍ਰਕਿਰਿਆ ਦੀ ਸਖਤ ਨਿਗਰਾਨੀ ਖਾਸਕਰ ਪੈਸੇ, ਬਲ ਅਤੇ ਗੁੰਮਰਾਹਕੁਨ ਸੂੁਚਨਾਵਾਂ ਦੇ ਪ੍ਰਭਾਵ ਤੋਂ ਪੈਦਾ ਚੁਣੌਤੀਆਂ ਸਬੰਧੀ ਨਜ਼ਰਸਾਨੀ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਚੋਣ ਅਥਾਰਟੀ ਨੇ ਆਖਿਆ ਕਿ ਪੱਛਮੀ ਬੰਗਾਲ, ਉੱਤਰ ਪ੍ਰਦੇਸ਼, ਮਹਾਰਾਸ਼ਟਰ ਅਤੇ ਬਿਹਾਰ ਜਿਥੇ ਆਬਾਦੀ ਸੱਤ ਕਰੋੜ ਤੋਂ ਵੱਧ ਹੈ ਤੋਂ ਇਲਾਵਾ ਆਂਧਰਾ ਪ੍ਰਦੇਸ਼ ਅਤੇ ਉੜੀਸਾ ਜਿੱਥੇ ਅਸੈਂਬਲੀ ਚੋਣਾਂ ਹੋਣੀਆਂ ਹਨ, ਵਿੱਚ ਸਪੈਸ਼ਲ ਅਬਜ਼ਰਵਰ (ਜਨਰਲ ਤੇ ਪੁਲੀਸ) ਤਾਇਨਾਤ ਕੀਤੇ ਗਏ ਹਨ। ਇਸ ਵਿੱਚ ਕਿਹਾ ਗਿਆ ਕਿ ਆਂਧਰਾ ਪ੍ਰਦੇਸ਼, ਕਰਨਾਟਕ, ਤਾਮਿਲਨਾਡੂ, ਉੱਤਰ ਪ੍ਰਦੇਸ਼ ਤੇ ਉੜੀਸਾ ਵਿੱਚ ਵਿਸ਼ੇਸ਼ ਖਰਚ ਨਿਗਰਾਨ (ਐੱਸਈਸੀ) ਲਾਏ ਗਏ ਹਨ। -ਪੀਟੀਆਈ