ਆਮ ਬਜਟ: ਮੋਦੀ ਨੇ ਅਰਥਸ਼ਾਸਤਰੀਆਂ ਤੇ ਮਾਹਿਰਾਂ ਤੋਂ ਸੁਝਾਅ ਲਏ
ਨਵੀਂ ਦਿੱਲੀ, 24 ਦਸੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਲ 2025-26 ਦੇ ਆਮ ਬਜਟ ਬਾਰੇ ਵਿਚਾਰ ਤੇ ਸੁਝਾਅ ਜਾਣਨ ਲਈ ਅੱਜ ਅਰਥਸ਼ਾਸਤਰੀਆਂ ਤੇ ਮਾਹਿਰਾਂ ਨਾਲ ਮੀਟਿੰਗ ਕੀਤੀ। ਮੀਟਿੰਗ ਦੌਰਾਨ ਰੁਜ਼ਗਾਰ ਦੇ ਮੌਕੇ ਪੈਦਾ ਕਰਨ, ਖੇਤੀ ਪੈਦਾਵਾਰ ’ਤੇ ਜ਼ੋਰ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਜਨਤਕ ਫੰਡ ਜੁਟਾਉਣ ਜਿਹੇ ਮੁੱਦਿਆਂ ’ਤੇ ਚਰਚਾ ਹੋਈ। ਇਹ ਮੀਟਿੰਗ ਨੀਤੀ ਆਯੋਗ ’ਚ ਹੋਈ।
ਮੀਟਿੰਗ ’ਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ, ਨੀਤੀ ਆਯੋਗ ਦੇ ਡਿਪਟੀ ਚੇਅਰਮੈਨ ਸੁਮਨ ਬੇਰੀ, ਨੀਤੀ ਆਯੋਗ ਦੇ ਸੀਈਓ ਬੀਵੀਆਰ ਸੁਬਰਾਮਨੀਅਮ, ਮੁੱਖ ਆਰਥਿਕ ਸਲਾਹਕਾਰ ਅਨੰਤ ਨਾਗੇਸ਼ਵਰਨ ਨੇ ਸ਼ਮੂਲੀਅਤ ਕੀਤੀ। ਇੱਕ ਅਧਿਕਾਰਤ ਬਿਆਨ ਅਨੁਸਾਰ ਪ੍ਰਧਾਨ ਮੰਤਰੀ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਵਿਕਸਿਤ ਭਾਰਤ ਦੇ ਟੀਚੇ ਨੂੰ ਮਾਨਸਿਕਤਾ ’ਚ ਤਬਦੀਲੀ ਕਰਕੇ ਹਾਸਲ ਕੀਤਾ ਜਾ ਸਕਦਾ ਹੈ ਜੋ 2047 ਤੱਕ ਭਾਰਤ ਨੂੰ ਵਿਕਸਿਤ ਬਣਾਉਣ ’ਤੇ ਕੇਂਦਰਿਤ ਹੈ। ਮੀਟਿੰਗ ’ਚ ਹਾਜ਼ਰ ਮਾਹਿਰਾਂ ਨੇ ਆਲਮੀ ਆਰਥਿਕ ਬੇਯਕੀਨੀਆਂ ਅਤੇ ਭੂ-ਰਾਜਨੀਤਕ ਤਣਾਅ ਕਾਰਨ ਪੈਦਾ ਹੋਈਆਂ ਚੁਣੌਤੀਆਂ ਨਾਲ ਨਜਿੱਠਣ, ਨੌਜਵਾਨਾਂ ਵਿਚਾਲੇ ਰੁਜ਼ਗਾਰ ਵਧਾਉਣ ਦੀ ਰਾਜਨੀਤੀ ਅਤੇ ਸਾਰੇ ਖੇਤਰਾਂ ’ਚ ਸਥਾਈ ਰੁਜ਼ਗਾਰ ਦੇ ਮੌਕੇ ਪੈਦਾ ਕਰਨ ’ਤੇ ਜ਼ੋਰ ਦਿੱਤਾ। ਮਾਹਿਰਾਂ ਨੇ ਸਿੱਖਿਆ ਤੇ ਸਿਖਲਾਈ ਪ੍ਰੋਗਰਾਮਾਂ ਨੂੰ ਨੌਕਰੀ ਬਾਜ਼ਾਰ ਦੀਆਂ ਉੱਭਰਦੀਆਂ ਲੋੜਾਂ ਨਾਲ ਜੋੜਨ, ਖੇਤੀ ਪੈਦਾਵਾਰ ਵਧਾਉਣ ਅਤੇ ਦਿਹਾਤੀ ਰੁਜ਼ਗਾਰ ਦੇ ਮੌਕੇ ਪੈਦਾ ਕਰਨ, ਨਿੱਜੀ ਨਿਵੇਸ਼ ਨੂੰ ਹੁਲਾਰਾ ਦੇਣ ਅਤੇ ਬੁਨਿਆਦੀ ਢਾਂਚੇ ਲਈ ਜਨਤਕ ਫੰਡ ਜੁਟਾਉਣ ਦੇ ਵੀ ਸੁਝਾਅ ਦਿੱਤੇ। -ਪੀਟੀਆਈ