ਵੰਸ਼ਵਾਦ ਭਾਰਤੀ ਸੱਭਿਆਚਾਰ ਦਾ ਅਨਿੱਖੜਵਾਂ ਹਿੱਸਾ: ਥਰੂਰ
ਤਿਰੂਵਨੰਤਪੁਰਮ, 27 ਮਾਰਚ
ਕਾਂਗਰਸ ਦੇ ਸੀਨੀਅਰ ਆਗੂ ਸ਼ਸ਼ੀ ਥਰੂਰ ਨੇ ਵੰਸ਼ਵਾਦੀ ਰਾਜਨੀਤੀ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹਮਲੇ ਨੂੰ ਲੈ ਕੇ ਅੱਜ ਕਿਹਾ ਕਿ ਅਜਿਹੀ ਰਾਜਨੀਤੀ ਭਾਰਤੀ ਸਭਿਆਚਾਰ ਦੇ ਤਾਣੇ-ਬਾਣੇ ’ਚ ਰਚੀ ਹੋਈ ਹੈ ਅਤੇ ਇਹ ਨਾ ਸਿਰਫ਼ ਉਨ੍ਹਾਂ ਦੀ ਪਾਰਟੀ ਬਲਕਿ ਹਾਕਮ ਧਿਰ ਭਾਜਪਾ ’ਚ ਵੀ ਵੱਡੇ ਪੱਧਰ ’ਤੇ ਮੌਜੂਦ ਹੈ।
ਥਰੂਰ ਨੇ ਕਿਹਾ, ‘ਇਹ ਪੱਛਮ ਦੇ ਮੁਕਾਬਲੇ ਭਾਰਤ ’ਚ ਆਮ ਗੱਲ ਹੈ ਕਿ ਇੱਕ ਪਿਤਾ ਆਪਣੇ ਪੁੱਤਰ ਤੋਂ ਆਪਣਾ ਪੇਸ਼ਾ ਅਪਣਾਉਣ ਦੀ ਤਵੱਕੋ ਰੱਖਦਾ ਹੈ ਅਤੇ ਇਹ ਇਸੇ ਤਰ੍ਹਾਂ ਚਲਦਾ ਰਹਿੰਦਾ ਹੈ। ਇਸ ਲਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਸਾਰੀਆਂ ਸਿਆਸੀ ਪਾਰਟੀਆਂ ’ਚ ਕਿਸੇ ਨਾ ਕਿਸੇ ਪੱਧਰ ਦਾ ਪਰਿਵਾਰਵਾਦ ਹੈ।’ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਹੋਰ ਪਾਰਟੀਆਂ ’ਤੇ ਪਰਿਵਾਰਵਾਦ ਦੇ ਮੁੱਦੇ ’ਤੇ ਹਮਲਾ ਕਰਦੇ ਹਨ ਪਰ ਆਪਣੀ ਪਾਰਟੀ ’ਚ ਪਰਿਵਾਰਵਾਦ ਨੂੰ ਉਤਸ਼ਾਹਿਤ ਕਰਦੇ ਹਨ। ਉਨ੍ਹਾਂ ਦੀ ਪਾਰਟੀ ਅਜਿਹੇ ਸੰਸਦ ਮੈਂਬਰਾਂ, ਮੰਤਰੀਆਂ ਤੇ ਹੋਰ ਲੋਕਾਂ ਨਾਲ ਭਰੀ ਪਈ ਹੈ ਜੋ ਹੋਰ ਸੀਨੀਅਰ ਭਾਜਪਾ ਆਗੂਆਂ ਦੇ ਪੁੱਤਰ ਜਾਂ ਧੀਆਂ ਹਨ। ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਦੇ ਦੇਸ਼ ਦੀ ਸੱਭਿਆਚਾਰਕ ਆਦਤ ਹੈ। ਇਹ ਇੱਕ ਅਜਿਹਾ ਦੇਸ਼ ਹੈ ਜਿੱਥੇ ਅਕਸਰ ਪੁੱਤਰ ਆਪਣੇ ਪਿਤਾ ਤੇ ਉਨ੍ਹਾਂ ਦੇ ਪੇਸ਼ੇ ਨੂੰ ਅਪਣਾਉਂਦੇ ਹਨ। -ਪੀਟੀਆਈ