For the best experience, open
https://m.punjabitribuneonline.com
on your mobile browser.
Advertisement

ਗਜ਼ਲ

09:54 AM Sep 05, 2024 IST
ਗਜ਼ਲ
Advertisement

ਬਲਵਿੰਦਰ ਬਾਲਮ ਗੁਰਦਾਸਪੁਰ

ਅੱਗ ਬਬੂਲਾ ਹੋ ਕੇ ਪਿੱਛੇ ਹਟਿਆ ਹੈ,
ਭੁੱਬੀਂ-ਭੁੱਬੀਂ ਰੋ ਕੇ ਪਿੱਛੇ ਹਟਿਆ ਹੈ।

Advertisement

ਇਸ ਤਰ੍ਹਾਂ ਦੇ ਯਰਾਨੇ ਕੀ ਕਰਨੇ ਨੇ,
ਜ਼ਖ਼ਮ ਪੁਰਾਣੇ ਧੋ ਕੇ ਪਿੱਛੇ ਹਟਿਆ ਹੈ।

ਏਨਾ ਵੀ ਉਹ ਬੁੱਧੂ ਤੇ ਨਾਦਾਨ ਨਹੀਂ,
ਅਪਣਾ ਹਿੱਸਾ ਖੋ ਕੇ ਪਿੱਛੇ ਹਟਿਆ ਹੈ।

ਸੂਰਜ ਪਹਿਲਾਂ ’ਕੱਲੇ-’ਕੱਲੇ ਤਾਰੇ ਨੂੰ,
ਅੰਬਰ ਵਿੱਚ ਪਿਰੋ ਕੇ ਪਿੱਛੇ ਹਟਿਆ ਹੈ।

ਐਵੇਂ ਨਈਂ ਇਹ ਦੀਵਾ ਲਟ-ਲਟ ਬਲ ਰਿਹਾ,
ਨੇਰ੍ਹੀ ਵਿੱਚ ਖਲੋ ਕੇ ਪਿੱਛੇ ਹਟਿਆ ਹੈ।

ਟੁੱਟੇ ਹੋਏ ਰਿਸ਼ਤੇ ਵਾਲੀ ਇੱਕ ਪੀੜਾ,
ਅੱਖਾਂ ਵਿੱਚ ਲਕੋ ਕੇ ਪਿੱਛੇ ਹਟਿਆ ਹੈ।
ਸੰਪਰਕ: 98156-25409
* * *

ਗ਼ਜ਼ਲ

ਗੁਰਿੰਦਰ ‘ਪ੍ਰੀਤ’ ਧਾਰੋਵਾਲੀਆ

ਭੁੱਲ ਨਾ ਜਾਵੀਂ ਚੇਤਾ ਰੱਖੀਂ ਰਾਹਵਾਂ ਦਾ
ਰਤਾ ਭਰੋਸਾ ਹੁੰਦਾ ਨਹੀਉਂ ਸਾਹਵਾਂ ਦਾ।

ਮੈਂ ਦੀਪਕ ਹਾਂ ਰੌਸ਼ਨੀਆਂ ਦਾ ਵਣਜ ਕਰਾਂ
ਕਿੱਦਾਂ ਕਰਾਂ ਸਵਾਗਤ ਤੇਜ਼ ਹਵਾਵਾਂ ਦਾ?

ਮਾਂ ਨੇ ਮੀਟੀਆਂ ਅੱਖਾਂ ਤਾਂ ਅਹਿਸਾਸ ਹੋਇਆ
ਘਰ ਵਿੱਚ ਰੁਤਬਾ ਕੀ ਹੁੰਦਾ ਹੈ ਮਾਵਾਂ ਦਾ।

ਮਿਹਨਤ ਕਰਕੇ ਕਿੰਨਾ ਦਾਜ ਬਣਾਇਆ ਤੂੰ
ਹਰ ਵੇਲੇ ਜੁ ਰਾਗ ਅਲਾਪੇਂ ਲਾਵਾਂ ਦਾ।

ਖ਼ਾਹਿਸ਼ਾਂ ਵਾਲੀ ਗੁੱਡੀ ਅੰਬਰੀਂ ਉੱਡਦੀ ਏ
ਤੂੰ ਹੀ ਚੇਤਾ ਰੱਖੀਂ ਡੋਰ ਤੜਾਵਾਂ ਦਾ।

ਕਾਗ਼ਜ਼ ਦੀ ਕਿਸ਼ਤੀ ਦਾ ‘ਪ੍ਰੀਤ’ ਮੁਸਾਫ਼ਿਰ ਹੈ
ਰਿਸ਼ਤਾ ਸੌਜਲ ਸਕਦਾ ਨਹੀਂ ਦਰਿਆਵਾਂ ਦਾ।
ਸੰਪਰਕ: 98142-72293
* * *

ਬੰਦਾ ਗਾਇਬ

ਰਣਜੀਤ ਆਜ਼ਾਦ ਕਾਂਝਲਾ

ਬੰਦੇ ’ਚੋਂ ਬੰਦਾ ਗਾਇਬ ਹੋ ਗਿਆ।
ਬਰਤਨ ’ਚੋਂ ਤਾਜ਼ਾ ਘਿਓ ਚੋ ਗਿਆ।

ਅਮਲ ਤੋਂ ਬਿਨਾਂ ਜ਼ਿੰਦਗੀ ਜੀ ਰਹੇ,
ਹਉਮੈਂ ’ਚ ਹੀ ਪ੍ਰਾਣੀ ਖੋ ਗਿਆ।

ਉਹ ਸ਼ਿਕਾਰ ਨੂੰ ਲੱਭਦੇ ਰਹੇ ਪਰ,
ਸ਼ਿਕਾਰ ਹੋਰ ਤਰਫ਼ ਨੂੰ ਹੋ ਗਿਆ।

ਟੁੱਟਦੇ ਟੁੱਟਦੇ ਬਚ ਗਿਆ ਦੋਸਤ,
ਦੋਸਤੀ ਦਾ ਕੱਦ ਉੱਚਾ ਹੋ ਗਿਆ।

ਮਜ਼ਹਬਾਂ, ਧਰਮਾਂ, ਜਾਤਾਂ ’ਚ ਵੰਡ ਕੇ,
ਆਗੂ ਮੋਹਰੀ ਬਣ ਖਲੋ ਗਿਆ।

ਅਕਲ ਦੇ ਊਣੇ ਉਲਝੀ ਜਾ ਰਹੇ,
ਬਾਂਦਰ ਟੁੱਕ ਲੈ ਪਰ੍ਹੇ ਖਲੋ ਗਿਆ।

ਖ਼ੁਦ ਨੂੰ ਲੱਭਦੇ ਲੱਭਦੇ ਵੀਰੋ ਕਿ,
ਖ਼ੁਦ ਬੰਦਾ ਮੂਰਖਾਂ ’ਚ ਖੋ ਗਿਆ।

ਉਲਝੀ ਤਾਣੀ ਦਾ ਸਿਰਾ ਲੱਭ ਕੇ,
‘ਆਜ਼ਾਦ’ ਸੁਲਝਾ ਕੇ ਔਹ ਗਿਆ।
ਸੰਪਰਕ: 94646-97781
* * *

ਧੀ ਦੀ ਮੰਗ

ਗੁਰਿੰਦਰ ਸਿੰਘ ਸੰਧੂਆਂ

ਮੰਨ ਲੈਣੀ ਮੇਰੀ ਇੱਕ ਗੱਲ ਖ਼ਾਸ ਜੀ।
ਕਦੇ ਵੀ ਨਾ ਕਰਾਂ ਤੁਸਾਂ ਨੂੰ ਨਿਰਾਸ਼ ਜੀ।
ਸੋਹਣਾ ਜੋ ਦਿਖਾਇਆ ਤੂੰ ਜਹਾਨ ਬਾਬਲਾ
ਵਿੱਦਿਆ ਦਿਵਾ ਦੇ ਮੈਨੂੰ ਦਾਨ ਬਾਬਲਾ...
ਮੰਨਾਂਗੀ ਬਚਨ ਸਭ ਤੇਰੇ ਦੇਸ ਦੇ।
ਬੰਬਲ ਬਟਾਊਂ ਬੇਬੇ ਵਾਲੇ ਖੇਸ ਦੇ।
ਤੇਰੀ ਉੱਚੀ ਕਰ ਦਿਆਂਗੀ ਸ਼ਾਨ ਬਾਬਲਾ।
ਵਿੱਦਿਆ ਦਿਵਾ ਦੇ ਮੈਨੂੰ ਦਾਨ ਬਾਬਲਾ...
ਮੋਟਰ ਨਾ ਗੱਡੀ ਮੇਰੀ ਕੋਈ ਮੰਗ ਜੀ।
ਕੰਮ ਮੈਂ ਕਰਾਊਂ ਸਾਰੇ ਬੇਬੇ ਸੰਗ ਜੀ।
ਤੇਰਿਆਂ ਹੱਥਾਂ ’ਚ ਹੈ ਕਮਾਨ ਬਾਬਲਾ।
ਵਿੱਦਿਆ ਦਿਵਾ ਦੇ ਮੈਨੂੰ ਦਾਨ ਬਾਬਲਾ...
ਹੋਰ ਚਮਕਾਊਂ ਤੇਰੀ ਚਿੱਟੀ ਪੱਗ ਨੂੰ।
ਮਾਰਦੇ ਜੋ ਕੁੱਖੀਂ ਪਤਾ ਲੱਗੇ ਜੱਗ ਨੂੰ।
ਤੂੰ ਹੀ ਮੇਰੀ ਜਿੰਦ ਅਤੇ ਜਾਨ ਬਾਬਲਾ
ਵਿੱਦਿਆ ਦਿਵਾ ਦੇ ਮੈਨੂੰ ਦਾਨ ਬਾਬਲਾ...
ਕਰੀਂ ਨਾ ਫ਼ਿਕਰ ਬਾਪੂ ਕਿਸੇ ਗੱਲ ਦੀ।
ਹੁੰਦੀ ਨਾ ਸ਼ਿਕਾਰ ਅੱਲੜਾਂ ਦੇ ਛਲ ਦੀ।
ਤੇਰੇ ਨਾਲ ਕਰਦੀ ਜ਼ੁਬਾਨ ਬਾਬਲਾ।
ਵਿੱਦਿਆ ਦਿਵਾ ਦੇ ਮੈਨੂੰ ਦਾਨ ਬਾਬਲਾ...

ਮੁੰਡਾ‌ਅਤੇ ਕੁੜੀ ਕਿਰਪਾ ਦਤਾਰ ਦੀ।
ਭੇਦ ਨਹੀਂ ਕੋਈ ਗੱਲ ਹੈ ਵਿਚਾਰ ਦੀ।
ਭਲਾ ਕਰੂ ਤੇਰਾ ਭਗਵਾਨ ਬਾਬਲਾ।
ਵਿੱਦਿਆ ਦਿਵਾ ਦੇ ਮੈਨੂੰ ਦਾਨ ਬਾਬਲਾ...

ਗੁਰੂ ਦਾ ਬਚਨ ਸਦਾ ਹੀ ਕਮਾਵਣਾ।
ਕੁਝ ਸਮਾਂ ਕੱਢ ਓਹਦੇ ਗੁਣ ਗਾਵਣਾ।
ਨੈਤਿਕ ਵੀ ਦਿੱਤਾ ਤੂੰ ਗਿਆਨ ਬਾਬਲਾ।
ਵਿੱਦਿਆ ਦਿਵਾ ਦੇ ਮੈਨੂੰ ਦਾਨ ਬਾਬਲਾ...

ਦੋਵੇਂ ਹੱਥ ਜੋੜ ਕਰਾਂ ਅਰਦਾਸ ਜੀ।
ਹਰ ਖ਼ੁਸ਼ੀ ਹੋਵੇ ਤੇਰੇ ਸਦਾ ਪਾਸ ਜੀ।
ਕਰੀ ਮੇਰੀ ਫਤਿਹ ਪ੍ਰਵਾਨ ਬਾਬਲਾ।
ਵਿੱਦਿਆ ਦਿਵਾ ਦੇ ਮੈਨੂੰ ਦਾਨ ਬਾਬਲਾ...

ਸੰਧੂਆਂ ਜੀ ਕੀਤਾ ਵੱਡਾ ਉਪਕਾਰ ਜੀ।
ਅੱਖਰ ਪੜ੍ਹਤੇ ਮੈਨੂੰ ਚੰਗੇ ਚਾਰ ਜੀ।
ਤਾਂ ਹੀ ਤੇਰਾ ਰੁਤਬਾ ਮਹਾਨ ਬਾਬਲਾ।
ਵਿੱਦਿਆ ਦਿਵਾ ਦੇ ਮੈਨੂੰ ਦਾਨ ਬਾਬਲਾ...
ਸੰਪਰਕ: 96460-27466
* * *

... ਅਕਸਰ ਲੱਗਦੀ ਹੀ ਦੇਰ ਹੁੰਦੀ

ਹਰਦੀਪ ਬਿਰਦੀ

ਥੋੜ੍ਹੀ ਜਿਹੀ ਤਾਂ ਅਕਸਰ ਲੱਗਦੀ ਹੀ ਦੇਰ ਹੁੰਦੀ।
ਹਰ ਰਾਤ ਜਾਣ ਪਿੱਛੋਂ ਪੱਕੀ ਸਵੇਰ ਹੁੰਦੀ।
ਟੀਚੇ ਮਿਲਣ ਜੇ ਸੌਖੇ ਪੈਂਦਾ ਨਾ ਫਿਰ ਹੈ ਰੌਲ਼ਾ
ਪਰ ਮੁਸ਼ਕਿਲਾਂ ਦੀ ਵਾਰੀ ਹੀ ਤੇਰ ਮੇਰ ਹੁੰਦੀ।

ਓਦਾਂ ਨਾ ਕੋਈ ਪੁੱਛਦਾ ਮਤਲਬ ਗਧੇ ਤੋਂ ਜੇ ਪਰ
ਸੇਵਾ ਹੈ ਉਸ ਦੀ ਫਿਰ ਤਾਂ ਜੀ ਘੇਰ ਘੇਰ ਹੁੰਦੀ।
ਸੱਜਣ ਜਦੋਂ ਵੀ ਰੁੱਸਣ ਸੱਜਣਾਂ ਦੇ ਨਾਲ ਅਪਣੇ
ਜਿਹੜੀ ਵੀ ਗੱਲ ਹੁੰਦੀ ਬੁੱਲ੍ਹ ਟੇਰ ਟੇਰ ਹੁੰਦੀ।

ਦਿਲਬਰ ਦੇ ਨਾਲ ਲੱਗਦੀ ਚਾਨਣ ਦੇ ਵਾਂਗ ਦੁਨੀਆ
ਦਿਲਬਰ ਦੇ ਬਾਝੋਂ ਦੁਨੀਆ ਸਾਰੀ ਹਨੇਰ ਹੁੰਦੀ।
ਸਾਰੇ ਹੀ ਆਖਦੇ ਨੇ ਚੱਲਣਾ ਇਮਾਨ ਨਹੀਓਂ
ਦੱਸੋ ਤਾਂ ਕੋਈ ਕਿੱਦਾਂ ਇਹ ਹੇਰ ਫ਼ੇਰ ਹੁੰਦੀ।
ਸੰਪਰਕ: 90416-00900
* * *

ਮੋਬਾਈਲ ਦੇਵਤਾ

ਬਲਵਿੰਦਰ ਕੌਰ

ਨਾ ਮੰਦਿਰ ਨਾ ਮਸਜਿਦ ਜਾਂਦੇ, ਨਾ ਹੀ ਜਾਣ ਗੁਰੂ ਦੇ ਦੁਆਰੇ
ਤੜਕੇ ਉੱਠ ਮੋਬਾਈਲ ਦੇਵਤਾ ਨੂੰ, ਸਿਜਦਾ ਕਰਦੇ ਸਭ ਜਨ ਪਿਆਰੇ

ਤੂੰ ਹੀ ਕਰਮ ਤੇ ਤੂੰ ਹੀ ਧਰਮ, ਤੈਥੋਂ ਬਿਨਾਂ ਨਾ ਦਿਸਦਾ ਕੋਈ
ਘਰ ਕਾਲਜ ਤੇ ਸਕੂਲ ਦੇ ਅੰਦਰ, ਤੇਰੇ ਬਿਨਾਂ ਨਾ ਮਿਲਦੀ ਢੋਈ

ਨਾ ਦਾਦੀ ਦੀਆਂ ਬਾਤਾਂ ਸੁਣਦੇ, ਬੋਲ ਬੋਲ ਉਹ ਕਮਲੀ ਹੋਈ
ਮਾਂ ਦੀਆਂ ਲੋਰੀ ਬਾਪੂ ਦੀਆਂ ਝਿੜਕਾਂ, ਮੋਬਾਈਲ ਨੇ ਸਭ ਹੀ ਖੋਹੀ

ਸੱਥਾਂ ਵਿੱਚ ਹੁਣ ਰੌਣਕ ਹੈ ਨਹੀਂ, ਖੇਡ ਮੈਦਾਨ ਪਏ ਨੇ ਖਾਲੀ
ਬੱਚੇ ਬੁੱਢੇ ਪੂਜਣ ਤੈਨੂੰ, ਤੂੰ ਬਣ ਬੈਠਾ ਸਭ ਦਾ ਮਾਲੀ

ਹਰ ਕੋਈ ਤੇਰਾ ਆਕੂ ਬਣਿਆ, ਤੂੰ ਬਣਿਆ ਸਭ ਦੀ ਮਾਕੂ
ਤੇਰੇ ਬਿਨਾਂ ਇੱਕ ਪਲ ਨਾ ਲੰਘਦਾ, ਦਿਲ ’ਚੋਂ ਨਿਕਲੇ ਹੂਕ

ਤੂੰ ਬਣਿਆ ਸੀ ਫਾਇਦੇ ਲਈ, ਲੋਕਾਂ ਤੇਰੀ ਆਦਤ ਪਾਈ
ਚੰਗੇ ਕੰਮ ਲਈ ਵਰਤੋਂ ਲੋਕੋ, ਮੈਂ ਤਾਂ ਦੇਵਾਂ ਇਹੋ ਦੁਹਾਈ

ਬੱਚਿਓ ਮਾਂ ਦੀ ਲੋਰੀ ਸੁਣ ਲਓ, ਕਿਉਂ ਜਾਂਦੇ ਵਕਤ ਗਵਾਈ
ਗੁੱਲੀ ਡੰਡਾ, ਗੀਟੇ, ਪੀਚੋ, ਖੇਡੋ ਜਾ ਕੇ ਲੁਕਣ ਮਿਚਾਈ
ਸਾਂਭੋ ਖੇਡਾਂ, ਛੱਡ ਮੋਬਾਈਲ, ਵਿਰਸਾ ਆਪਣਾ ਲਓ ਬਚਾਈ
* * *

ਆਪਣੇ ਆਪ ਨਾਲ ਲੜਦੇ ਲੋਕ...

ਨਾਇਬ ਬੁੱਕਣਵਾਲ

ਆਪਣੇ ਆਪ ਹੀ ਝੁਰੀ ਜਾਂਦੇ ਨੇ,
ਆਪਣੇ ਵਿੱਚ ਹੀ ਖੁਰੀ ਜਾਂਦੇ ਨੇ।
ਸੁੱਕ ਪੱਤਿਆਂ ਵਾਂਗ ਨੇ ਝੜਦੇ ਲੋਕ
ਆਪਣੇ ਆਪ ਨਾਲ ਲੜਦੇ ਲੋਕ...
ਜੇਕਰ ਕਿਸੇ ਤੋਂ ਕੋਈ ਅੱਗੇ ਲੰਘਦਾ,
ਮਿਲੇ ਮੌਕਾ, ਦੂਜਾ ਰਹੇ ਵੀ ਭੰਡਦਾ।
ਰਹਿਣ ਇੱਕ ਦੂਜੇ ਤੋਂ ਹੀ ਸੜਦੇ ਲੋਕ,
ਆਪਣੇ ਆਪ ਨਾਲ ਲੜਦੇ ਲੋਕ...

ਉਸ ਨੇ ਆਪਣੀ ਜੇ ਗੱਲ ਨੀ ਮੰਨੀ,
ਉਹ ਕੀ ਜਾਣੂ, ਜੇ ਆਕੜ ਨਾ ਭੰਨੀ
ਰਹਿਣ ਕਾੜ੍ਹੇ ਵਾਂਗੂੰ, ਕੜਦੇ ਲੋਕ,
ਆਪਣੇ ਆਪ ਨਾਲ ਲੜਦੇ ਲੋਕ...
ਚੁੱਪ ਚੁੱਪ ਰਹਿਣਾ ਕੁਝ ਨੀ ਕਹਿਣਾ,
ਥੱਲੇ ਲਾਉਣ ਲਈ ਸੋਚਦੇ ਰਹਿਣਾ।
ਬਿਨ ਆਈ ਮੌਤ ਨੇ ਮਰਦੇ ਲੋਕ,
ਆਪਣੇ ਆਪ ਨਾਲ ਲੜਦੇ ਲੋਕ...

ਕੁਫ਼ਰ ਤੋਲਣਾ ਜਿੰਨਾ ਮਰਜ਼ੀ ਪੈ ਜੇ,
ਪਰ ਮੈਨੂੰ ਕੋਈ ਨਾ ਮਾੜਾ ਕਹਿ ਜੇ।
ਕਿਵੇਂ ਰਹਿਣ ਸਕੀਮਾਂ ਘੜਦੇ ਲੋਕ,
ਆਪਣੇ ਆਪ ਨਾਲ ਲੜਦੇ ਲੋਕ...
ਬੁੱਕਣਵਾਲ ਦੁਨੀਆ ਹੈ ਇੱਕ ਚੱਕੀ,
ਆਪਣਾ ਸੰਤੁਲਨ ਤੂੰ ਬਣਾ ਕੇ ਰੱਖੀ।
ਵਹਿਮਾਂ ਦੀ ਨਾ ਚਿੰਬੜ ਜਾਵੇ ਜੋਕ ,
ਆਪਣੇ ਆਪ ਨਾਲ ਲੜਦੇ ਲੋਕ...
ਆਪਣੇ ਆਪ ਨਾਲ ਲੜਦੇ ਲੋਕ...
ਸੰਪਰਕ: 94176-61708
* * *

ਕੈਨੇਡਾ ਦੇ ਨਜ਼ਾਰੇ

ਸੁਖਦੇਵ ਸਿੰਘ ਭੁੱਲੜ

ਦੱਸਦਾਂ ਕਹਾਣੀ ਸਾਰੀ ਇੰਨ ਬਿੰਨ ਜੀ!
ਲੰਘਦੇ ਕੈਨੇਡਾ ਵਿੱਚ ਕਿਵੇਂ ਦਿਨ ਜੀ!
ਛੱਡਿਆ ਪੰਜਾਬ, ਪੈਲੀ ਵੇਚ ਵੱਟ ਕੇ।
ਆ ਗਿਆ ਕਨੇਡਾ, ਜਰ੍ਹਾ ਵੀ ਨਾ ਅਟਕੇ।
ਦੋ ਕੁ ਦਿਨਾਂ ’ਚ ਲਹਿ ਗਿਆ ਥਕੇਵਾਂ ਸੀ।
ਫਿਰ ਸ਼ੁਰੂ ਹੋਇਆ ਜ਼ਿੰਦਗੀ ’ਚ ਅਕੇਵਾਂ ਜੀ।
ਵਾਹਵਾ ਭੱਜ ਦੌੜ ਕਰ ਕੰਮ ਲੱਭਿਆ।
ਸਮੇਂ ਸਿਰ ਪਹੁੰਚਾ, ਕਰੀ ਨਾ ਅਵੱਗਿਆ।
ਗੁਰੂਘਰ ਕੀਤੀ ਅਰਦਾਸ ਹੱਥ ਜੋੜ ਕੇ।
ਵਾਹਵਾ ਸਾਰੀ ਆਵਾਂ ਬਲਿਊਬੇਰੀ ਤੋੜ ਕੇ।
ਪਹੁੰਚਾ ਜਦ ਫਾਰਮ ’ਚ, ਆਸੇ-ਪਾਸੇ ਤੱਕਿਆ।
ਛੇਤੀ ਕੀਤੇ ਹੋਰਾਂ ਨੂੰ ਪਛਾਣ ਵੀ ਨਾ ਸਕਿਆ।
ਹੌਲੀ-ਹੌਲੀ ਸਭਨਾਂ ਨਾਲ ਹੋਈ ਮੁਲਾਕਾਤ।
ਕੌਣ ਕਿੱਥੋਂ ਪਤਾ ਲੱਗਾ ਕਿਹੜੀ ਜ਼ਾਤ-ਪਾਤ।
ਪੁੱਤ ਸਰਦਾਰਾਂ ਦੇ ਤੇ ਅਫ਼ਸਰ ਸਰਕਾਰੀ ਜੀ।
ਕਰਦੇ ਦਿਹਾੜੀ ਥਾਣੇਦਾਰ ਪਟਵਾਰੀ ਜੀ।
ਮੈਂਬਰ ਸਰਪੰਚ ਭਰੀ ਜਾਂਦੇ ਨੇ ਕਰੇਟ।
ਡਿਪਟੀ ਵੀ ਸਮੇਂ ਤੋਂ ਨਾ ਹੋਵੇ ਭੋਰਾ ਲੇਟ।
ਇੱਕ ਦੂਜੇ ਨਾਲ ਜ਼ਿਦ-ਜ਼ਿਦ ਬੇਰੀ ਤੋੜਦੇ।
ਨਾਲੋਂ ਨਾਲ ਗੱਲ਼ਾਂ ਦੇ ਪਹਾੜ ਜਾਣ ਰੋੜ੍ਹਦੇ।
ਹਫ਼ਤੇ ’ਚ ਸੱਤੇ ਦਿਨ ਕੰਮ ਉੱਤੇ ਜਾਂਦੇ ਸਾਂ।
ਰੋਟੀ ਪਾਣੀ ਬੱਸ ਬਹਿ ਕੇ ਵੱਟਾਂ ਉੱਤੇ ਖਾਂਦੇ ਸਾਂ।
ਬਾਰਾਂ ਮਹੀਨੇ ਤੀਹ ਦਿਨ ਏਹੋ ਹਾਲ ਰਹਿੰਦਾ ਸੀ।
ਫਾਰਮ ਦਾ ਮਾਲਕ ਸਾਡੀ ਜਾਨ ਕੱਢ ਲੈਂਦਾ ਸੀ।
ਥੱਕੇ ਟੁੱਟੇ ਹੋਏ ਘਰ ਮੁੜਦੇ ਸਾਂ ਸ਼ਾਮ ਨੂੰ।
ਯਾਦ ਕਰ ਝੁਰਦੇ ਸਾਂ ਪਿਛਲੇ ਗਰਾਮ ਨੂੰ।
ਚੰਗੇ ਭਲੇ ਵੱਸਦੇ, ਨਜ਼ਾਰਾ ਬੜਾ ਲੈਂਦੇ ਸਾਂ।
ਮਰਜ਼ੀ ਨਾਲ ਉੱਠਦੇ ਮਰਜ਼ੀ ਨਾਲ ਪੈਂਦੇ ਸਾਂ।
ਪਰ ਏਥੇ ਸਮੇਂ ਸਿਰ ਉਠਣਾ ਤੇ ਜਾਣਾ ਪੈਂਦਾ।
ਬੇਹਾ ਤਰਬੇਹਾ ਦੋ ਦਿਨਾਂ ਦਾ ਵੀ ਖਾਣਾ ਪੈਂਦਾ।
ਪਾਣੀ, ਗੈਸ, ਬਿਜਲੀ, ਗਰੌਸਰੀ ਦੇ ਬਿੱਲਾਂ ਨੇ।
ਰਹਿੰਦੀ ਖੂੰਹਦੀ ਕੱਢ ’ਤੀ ਕਸਰ ਆਰਾ ਮਿੱਲਾਂ ਨੇ।
ਕਾਰ, ਬੀਮਾ, ਘਰ ਦੀ ਕਿਸ਼ਤ, ਖਰਚ ਬਾਲਾਂ ਦਾ।
ਪਲਾਂ ਵਿੱਚ ਬੀਤ ਗਿਆ ਸਫ਼ਰ ਕਈ ਸਾਲਾਂ ਦਾ।
ਬੱਚੇ ਪੜ੍ਹ ਲਿਖ ਕੇ ਉਡਾਰੀ ਗਏ ਮਾਰ ਨੇ।
ਰੀਝਾਂ ਨਾਲ ਬਣਾਏ ਘਰ, ਬਣ ਗਏ ਉਜਾੜ ਨੇ।
’ਕੱਲਾ ਬਹਿ ਕੇ ਸੋਚਾਂ, ਕੀ ਖੱਟਿਆ ਗਵਾਇਆ ਏ?
ਖੱਟਿਆ ਨ੍ਹੀਂ ਕੁਝ, ਬੱਸ ਗਵਾਇਆ ਈ ਗਵਾਇਆ ਏ।
ਸੋਚ-ਸੋਚ ਝੂਰਾਂ, ਨਿੱਤ ਨਵੀਂ ਮੌਤ ਮਰਦਾ।
ਵਾਪਸ ਮੁੜਨ ਨੂੰ ਹਾਏ! ਜੀਅ ਬੜਾ ਕਰਦਾ।
‘ਭੁੱਲੜਾ’ ਕੈਨੇਡਾ ਅਤੇ ਡਾਲਰਾਂ ਨੇ ਮੋਹ ਲਿਆ।
ਮੈਥੋਂ ਮੇਰਾ ਏਸ ਨੇ ਪੰਜਾਬ ਸੋਹਣਾ ਖੋਹ ਲਿਆ।
ਸੰਪਰਕ: 94170-46117

Advertisement
Author Image

joginder kumar

View all posts

Advertisement