For the best experience, open
https://m.punjabitribuneonline.com
on your mobile browser.
Advertisement

ਗਾਜ਼ਾ: ਹਸਪਤਾਲ ’ਤੇ ਗੋਲਾ ਡਿੱਗਿਆ, 12 ਹਲਾਕ

07:30 AM Nov 21, 2023 IST
ਗਾਜ਼ਾ  ਹਸਪਤਾਲ ’ਤੇ ਗੋਲਾ ਡਿੱਗਿਆ  12 ਹਲਾਕ
ਮਿਸਰ ਪੁੱਜੇ ਨਵਜੰਮੇ ਬੱਚਿਆਂ ਨੂੰ ਐਂਬੂਲੈਂਸ ’ਚ ਲਿਜਾਂਦੇ ਹੋਏ ਰਾਹਤ ਕਰਮੀ। -ਫੋਟੋ: ਰਾਇਟਰਜ਼
Advertisement

ਖ਼ਾਨ ਯੂਨਿਸ, 20 ਨਵੰਬਰ
ਉੱਤਰੀ ਗਾਜ਼ਾ ’ਚ ਪੈਂਦੇ ਇੰਡੋਨੇਸ਼ੀਅਨ ਹਸਪਤਾਲ ਦੀ ਦੂਜੀ ਮੰਜ਼ਿਲ ’ਤੇ ਇਕ ਗੋਲਾ ਡਿੱਗਿਆ ਜਿਸ ’ਚ 12 ਵਿਅਕਤੀ ਮਾਰੇ ਗਏ। ਹਮਾਸ ਦੀ ਅਗਵਾਈ ਹੇਠਲੇ ਸਿਹਤ ਮੰਤਰਾਲੇ ਅਤੇ ਇਕ ਮੈਡੀਕਲ ਵਰਕਰ ਨੇ ਦਾਅਵਾ ਕੀਤਾ ਹੈ ਕਿ ਇਜ਼ਰਾਇਲੀ ਫ਼ੌਜ ਵੱਲੋਂ ਹੁਣ ਹਸਪਤਾਲਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਜ਼ਰਾਈਲ ਦਾ ਦਾਅਵਾ ਹੈ ਕਿ ਹਮਾਸ ਅਤਿਵਾਦੀ ਮਰੀਜ਼ਾਂ ਅਤੇ ਆਮ ਲੋਕਾਂ ਨੂੰ ਢਾਲ ਬਣਾ ਕੇ ਹਸਪਤਾਲਾਂ ’ਚ ਡੇਰੇ ਲਗਾ ਕੇ ਬੈਠੇ ਹਨ। ਉਧਰ ਗਾਜ਼ਾ ਸਿਟੀ ਦੇ ਸ਼ਿਫ਼ਾ ਹਸਪਤਾਲ ’ਚੋਂ ਵਿਸ਼ਵ ਸਿਹਤ ਸੰਗਠਨ ਵੱਲੋਂ ਕੱਢੇ ਗਏ 31 ਨਵਜੰਮੇ ਬੱਚਿਆਂ ਨੂੰ ਮਿਸਰ ਪਹੁੰਚਾਇਆ ਗਿਆ ਹੈ। ਇੰਡੋਨੇਸ਼ੀਅਨ ਹਸਪਤਾਲ ਦੇ ਨੇੜੇ ਭਾਰੀ ਜੰਗ ਹੋ ਰਹੀ ਹੈ ਜਿਥੇ ਹਜ਼ਾਰਾਂ ਮਰੀਜ਼ ਦਾਖ਼ਲ ਹਨ ਅਤੇ ਦਰ-ਬਦਰ ਹੋਏ ਲੋਕ ਕਈ ਹਫ਼ਤਿਆਂ ਤੋਂ ਉਥੇ ਰੁਕੇ ਹੋਏ ਹਨ। ਫਲਸਤੀਨੀ ਰੈੱਡ ਕ੍ਰਿਸੈਂਟ ਰਾਹਤ ਸੇਵਾ ਨੇ ਕਿਹਾ ਕਿ ਉਹ 28 ਨਵਜੰਮੇ ਬੱਚਿਆਂ ਨੂੰ ਮਿਸਰ ਪਹੁੰਚਾ ਰਹੀ ਹੈ। ਮਿਸਰ ਦੇ ਅਲ-ਕਾਹਿਰਾ ਸੈਟੇਲਾਈਟ ਚੈਨਲ ਨੇ ਮੁਲਕ ਦੀਆਂ ਐਂਬੂਲੈਂਸਾਂ ’ਚ ਬੱਚਿਆਂ ਦੀਆਂ ਤਸਵੀਰਾਂ ਨਸ਼ਰ ਕੀਤੀਆਂ ਹਨ ਪਰ ਇਹ ਜਾਣਕਾਰੀ ਨਹੀਂ ਦਿੱਤੀ ਕਿ ਉਨ੍ਹਾਂ ਦੀ ਗਿਣਤੀ ਕਿੰਨੀ ਹੈ। ਇਜ਼ਰਾਇਲੀ ਫ਼ੌਜ ਵੱਲੋਂ ਸ਼ਿਫ਼ਾ ਹਸਪਤਾਲ ਨੂੰ ਘੇਰਾ ਪਾਏ ਜਾਣ ਮਗਰੋਂ ਉਥੇ 31 ਨਵਜੰਮੇ ਬੱਚੇ ਅਤੇ ਗੰਭੀਰ ਰੂਪ ’ਚ ਜ਼ਖ਼ਮੀ 250 ਮਰੀਜ਼ ਰਹਿ ਗਏ ਸਨ। ਇਸ ਦੌਰਾਨ ਲਬਿਨਾਨ ਤੋਂ ਹਿਜ਼ਬੁੱਲਾ ਵੱਲੋਂ ਕੀਤੇ ਗਏ ਹਮਲੇ ’ਚ ਉੱਤਰੀ ਇਜ਼ਰਾਈਲ ’ਚ ਭਾਰੀ ਨੁਕਸਾਨ ਪਹੁੰਚਿਆ ਹੈ। ਤੋਪਾਂ ਗਰਜਣ ਕਾਰਨ ਕਈ ਇਲਾਕਿਆਂ ’ਚ ਅੱਗ ਲੱਗ ਗਈ। ਇਜ਼ਰਾਈਲ ਦੇ ਇੰਟੈਲੀਜੈਂਸ ਮੰਤਰੀ ਜਿਲਾ ਗੈਮਲਿਅਲ ਨੇ ਯੇਰੂਸ਼ਲਮ ਪੋਸਟ ਅਖ਼ਬਾਰ ’ਚ ਲੇਖ ਦੌਰਾਨ ਕਿਹਾ ਕਿ ਗਾਜ਼ਾ ਦੇ ਫਲਸਤੀਨੀਆਂ ਨੂੰ ਵਸਾਉਣ ਲਈ ‘ਵਾਲੰਟਰੀ ਰੀਸੈਟਲਮੈਂਟ’ ਵਧੀਆ ਤਰੀਕਾ ਰਹੇਗਾ। ਜਾਰਡਨ ਫੀਲਡ ਹਸਪਤਾਲ ਉਸਾਰਨ ਲਈ ਸਮੱਗਰੀ ਰਾਫ਼ਾਹ ਲਾਂਘੇ ਰਾਹੀਂ ਗਾਜ਼ਾ ਪਹੁੰਚ ਗਈ ਹੈ। ਸਿਹਤ ਸੰਕਟ ਨਾਲ ਜੂਝ ਰਹੇ ਦੱਖਣੀ ਗਾਜ਼ਾ ’ਚ ਜਾਰਡਨ ਹਸਪਤਾਲ ਬਣਾਏਗਾ। -ਏਪੀ

Advertisement

ਫਲਸਤੀਨੀ ਅਤਿਵਾਦੀਆਂ ਲਈ ਮੌਤ ਦੀ ਸਜ਼ਾ ਸਬੰਧੀ ਬਿੱਲ ਦਾ ਵਿਰੋਧ

ਯੇਰੂਸ਼ਲਮ: ਗਾਜ਼ਾ ’ਚ ਬੰਦੀ ਬਣਾਏ ਗਏ ਇਜ਼ਰਾਇਲੀਆਂ ਦੇ ਪਰਿਵਾਰਾਂ ਨੇ ਆਪਣੇ ਮੁਲਕ ਦੇ ਕਾਨੂੰਨਘਾੜਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਇਜ਼ਰਾਈਲ ’ਤੇ ਹਮਲਿਆਂ ’ਚ ਸ਼ਾਮਲ ਹਮਾਸ ਸਮੇਤ ਹੋਰ ਫਲਸਤੀਨੀ ਅਤਿਵਾਦੀਆਂ ਲਈ ਮੌਤ ਦੀ ਸਜ਼ਾ ਵਾਲੇ ਬਿੱਲ ਨੂੰ ਅਜੇ ਨਾ ਲਿਆਉਣ। ਪਰਿਵਾਰਾਂ ਨੇ ਕੌਮੀ ਸੁਰੱਖਿਆ ਮੰਤਰੀ ਇਤਾਮਾਰ ਬੇਨ-ਗਵੀਰ ਨੂੰ ਕਿਹਾ ਕਿ ਕਾਨੂੰਨ ਬਣਨ ਨਾਲ ਹਮਾਸ ਭੜਕ ਸਕਦਾ ਹੈ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਦੀਆਂ ਜਾਨਾਂ ਖ਼ਤਰੇ ’ਚ ਪੈ ਸਕਦੀਆਂ ਹਨ। ਇਜ਼ਰਾਈਲ ਦੀ ਸੰਸਦ ਨੈਸੇਟ ’ਚ ਸੁਣਵਾਈ ਦੌਰਾਨ ਬੰਧਕ ਬਣਾਏ ਗਏ ਇਕ ਵਿਅਕਤੀ ਦੇ ਰਿਸ਼ਤੇਦਾਰ ਗਿਲ ਡਿਕਮੈਨ ਨੇ ਕਿਹਾ ਕਿ ਜਦੋਂ ਬੰਧਕਾਂ ਦੇ ਸਿਰ ’ਤੇ ਤਲਵਾਰ ਲਟਕੀ ਹੋਈ ਹੈ ਤਾਂ ਇਹ ਬਿੱਲ ਪਾਸ ਨਹੀਂ ਹੋਣਾ ਚਾਹੀਦਾ ਹੈ। ਮੰਤਰੀ ਨੇ ‘ਐਕਸ’ ’ਤੇ ਕਿਹਾ ਕਿ ਹਮਾਸ ’ਤੇ ਦਬਾਅ ਬਣਾਉਣ ਦਾ ਇਹ ਅਹਿਮ ਤਰੀਕਾ ਹੈ। ਲਿਕੁਡ ਪਾਰਟੀ ਦੇ ਮੈਂਬਰ ਓਫਿਰ ਕਾਟਜ਼ ਨੇ ਕਿਹਾ ਕਿ ਬਿੱਲ ’ਚ ਸੋਧ ਉਸ ਸਮੇਂ ਤੱਕ ਸੰਭਵ ਨਹੀਂ ਹੈ ਜਦੋਂ ਤੱਕ ਸੀਨੀਅਰ ਕੈਬਨਿਟ ਮੈਂਬਰ ਅਤੇ ਨੇਤਨਯਾਹੂ ਇਸ ਨੂੰ ਪ੍ਰਵਾਨ ਨਹੀਂ ਕਰ ਲੈਂਦੇ ਹਨ। ਇਸ ਦੌਰਾਨ ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕੇਂਦਰੀ ਬੈਂਕ ਦੇ ਗਵਰਨਰ ਆਮਿਰ ਯਾਰੋਨ ਦੇ ਸੇਵਾਕਾਲ ’ਚ ਲਗਾਤਾਰ ਦੂਜੀ ਵਾਰ ਵਾਧਾ ਕਰ ਦਿੱਤਾ ਹੈ ਤਾਂ ਜੋ ਜੰਗ ਦੇ ਸਮੇਂ ’ਚ ਮੁਲਕ ਦੀ ਆਰਥਿਕਤਾ ਨੂੰ ਢਾਹ ਨਾ ਲੱਗੇ। -ਏਪੀ

Advertisement
Author Image

joginder kumar

View all posts

Advertisement
Advertisement
×