For the best experience, open
https://m.punjabitribuneonline.com
on your mobile browser.
Advertisement

ਗਾਜ਼ਾ: ਅੱਗ ਦੇ ਦਰਿਆ ਵਿਚ ਜਿ਼ੰਦਗੀ ਦਾ ਮਰਘਟ

10:53 AM Oct 28, 2023 IST
ਗਾਜ਼ਾ  ਅੱਗ ਦੇ ਦਰਿਆ ਵਿਚ ਜਿ਼ੰਦਗੀ ਦਾ ਮਰਘਟ
Advertisement

ਪ੍ਰੋ. ਡਾ. ਕ੍ਰਿਸ਼ਨ ਕੁਮਾਰ ਰੱਤੂ

Advertisement

ਫ਼ਲਸਤੀਨ ਦੇ ਪ੍ਰਸਿੱਧ ਕਵੀ ਮਹਿਮੂਦ ਦਰਵੇਸ਼ ਨੇ ਇਸ ਧਰਤੀ ਬਾਰੇ ਲਿਖਿਆ ਸੀ:
ਸਿਆਹ ਕਾਲੇ ਹੋ ਗਏ ਮੇਰੇ ਦਿਲ ਦੇ ਗੁਲਾਬ
ਮੇਰੇ ਹੋਠਾਂ ਤੋਂ ਨਿਕਲੀਆਂ
ਅਗਨੀ ਦੇ ਵੇਗ ਵਰਗੀਆਂ ਆਵਾਜ਼ਾਂ
ਕੀ ਜੰਗਲ ਕੀ ਨਰਕ
ਤੁਸੀਂ ਹੁਣ ਆਏ ਹੋ-
ਤੁਸੀਂ ਸਾਰੇ ਭੁੱਖੇ ਸ਼ੈਤਾਨ!
ਹੱਥ ਮਿਲਾਏ ਹਨ
ਮੈ, ਭੁੱਖ ਅਤੇ ਜਲਾਵਤਨੀ ਨਾਲ
ਮੇਰੇ ਹੱਥ ਗੁੱਸੇ ’ਚ ਹਨ
ਕ੍ਰੋਧ ’ਚ ਮੇਰਾ ਚਿਹਰਾ ਸੁਰਖ਼ ਹੋ ਗਿਆ ਹੈ
ਮੇਰੀਆਂ ਰਗਾਂ ਵਿਚ ਵਹਿੰਦੇ ਹੋਏ ਖੂਨ ’ਚ ਗੁੱਸਾ ਹੈ
ਮੈਨੂੰ ਸਹੁੰ ਹੈ ਆਪਣੇ ਦੁੱਖ ਦੀ
ਮੇਰੇ ਕੋਲੋਂ ਮਨ ਚਾਹੇ ਗੀਤਾਂ ਦੀ ਫਰਮਾਇਸ਼ ਨਾ ਕਰੋ
ਫੁੱਲ ਵੀ ਜੰਗਲੀ ਹੋ ਗਏ ਹਨ
ਇਸ ਹਾਰੇ ਹੋਏ ਜੰਗਲ ਵਿਚ

ਮੈਨੂੰ ਕਹਿਣ ਦਿਓ ਆਪਣੇ ਥੱਕੇ ਹੋਏ ਸ਼ਬਦ
ਮੇਰੇ ਪੁਰਾਣੇ ਜ਼ਖ਼ਮਾਂ ਨੂੰ ਆਰਾਮ ਚਾਹੀਦਾ ਹੈ
ਇਹ ਮੇਰਾ ਦਰਦ ਹੈ

ਇਕ ਅੰਨ੍ਹਾ ਹਮਲਾ ਰੇਤ ’ਤੇ, ਦੂਜਾ ਬੱਦਲਾਂ ਉੱਪਰ
ਇਹੀ ਬਹੁਤ ਹੈ ਕਿ ਮੈਂ ਗੁੱਸੇ ਵਿਚ ਹਾਂ
ਪਰ ਕੱਲ੍ਹ ਕ੍ਰਾਂਤੀ ਆਏਗੀ।
ਮਹਿਮੂਦ ਦਰਵੇਸ਼ ਨੇ ਇਹ ਸ਼ਬਦ ਐਵੇਂ ਨਹੀਂ ਕਹੇ। ਇਹ ਉਨ੍ਹਾਂ ਦੇ ਦਿਲ ਦੀ ਆਵਾਜ਼ ਦਾ ਸੰਵਾਦ ਹੈ।
ਪਿਛਲੀ ਅੱਧੀ ਸ਼ਤਾਬਦੀ ਤੋਂ ਜਿ਼ਆਦਾ ਸਮੇਂ ਦੀ ਸਾਜਿ਼ਸ਼ੀ ਤੇ ਦਹਿਸ਼ਤੀ ਗੁਲਾਮੀ ਦੀ ਪ੍ਰਥਾ ਵਿਚ ਜਕੜਿਆ ਹੋਇਆ ਬੰਦਸ਼ਾਂ ਭਰਿਆ ਬਚਪਨ, ਜਵਾਨੀ ਤੇ ਫਿਰ ਇਹ ਮੌਤ… ਇਹ ਫ਼ਲਸਤੀਨ ਅਤੇ ਗਾਜ਼ਾ ਦੇ ਇਤਿਹਾਸ ਦੀ ਤਰਾਸਦੀ ਭਰੀ ਦਾਸਤਾਨ ਹੈ ਜੋ ਅੱਜ ਪੂਰੀ ਦੁਨੀਆ ਮੂਕ ਦਰਸ਼ਕ ਬਣ ਕੇ ਦੇਖ ਰਹੀ ਹੈ। ਇਹ ਤਬਾਹੀ ਤੇ ਖੂਨ ਅਤੇ ਜ਼ਖ਼ਮੀ ਮਨੁੱਖਤਾ ਉਨ੍ਹਾਂ ਮਾਸੂਮਾਂ ਦੀਆਂ ਚੀਕਾਂ ਦੀ ਹੈ ਜਨਿ੍ਹਾਂ ਨੇ ਇਸ ਧਰਤੀ ’ਤੇ ਕੁਝ ਵੀ ਨਹੀਂ ਦੇਖਿਆ। ਇਹ ਗਾਜ਼ਾ ਦਾ ਵਰਤਮਾਨ ਹੈ ਜੋ ਧਰਮ ਦੀ ਰਾਜਨੀਤੀ ਦਾ ਸਿ਼ਕਾਰ ਹੋ ਕੇ ਰਹਿ ਗਿਆ ਹੈ।
ਹਮਾਸ ਤੇ ਇਜ਼ਰਾਈਲ ਦੇ ਇਸ ਯੁੱਧ ਵਿਚ ਗਾਜ਼ਾ ਹੁਣ ਅੱਗ ਦਾ ਉਹ ਦਰਿਆ ਹੈ ਜਿਸ ਵਿਚ ਯੁੱਧ ਨਾਲ ਹੋਈ ਬਰਬਾਦੀ, ਮਨੁੱਖੀ ਜਾਨਾਂ ਦੀ ਤਬਾਹੀ ਅਤੇ ਬੇਘਰ ਹੋਏ ਲੋਕਾਂ ਦੀ ਦਮ ਤੋੜਦੀ ਜਿ਼ੰਦਗੀ, ਕਰਾਹੁੰਦੇ ਬੱਚਿਆਂ ਦੀਆਂ ਚੀਕਾਂ ਤੇ ਬੰਬਾਂ ਨਾਲ ਭੁੱਖ ਤੇ ਪਿਆਸ ਦੀ ਪਰਿਕਰਮਾ ਵਿਚ ਮਰਦੇ ਲੋਕ, ਇਹ ਗਾਜ਼ਾ ਦੀ ਤਰਾਸਦੀ ਹੈ। ਇਹ ਉਹ ਸਥਾਨ ਹੈ ਜਿੱਥੇ ਹਮੇਸ਼ਾ ਯੁੱਧ, ਰਾਜਨੀਤੀ ਤੇ ਧਰਮ ਦੀ ਤ੍ਰਿਕੋਣ ਇਕੱਠੀ ਹੈ। ਪੂਰੀ ਦੁਨੀਆ ’ਚ ਗਾਜ਼ਾ ਦਾ ਇਹ ਇਲਾਕਾ ਸਮੁੰਦਰ, ਰੇਤ, ਪਹਾੜ, ਜੈਤੂਨ, ਸ਼ਹਿਦ ਤੇ ਮਾਨਵੀ ਖੂਬਸੂਰਤੀ ਦੀ ਸਾਦਗੀ ਦਾ ਉਹ ਨਮੂਨਾ ਹੈ ਜਿੱਥੇ ਜਿ਼ੰਦਗੀ ਜੈਤੂਨ ਦੀਆਂ ਪੱਤੀਆਂ ਨਾਲ ਮਹਿਕਦੀ ਹੋਈ ਮੁਸਕਰਾਉਂਦੀ ਹੈ। ਉਹ ਥਾਂ ਜਿੱਥੇ ਸ਼ਹਿਦ ਅਤੇ ਤਿਤਲੀਆਂ ਕਦੀ ਜਿ਼ੰਦਗੀ ਦੇ ਗੀਤ ਗਾਉਂਦੀਆਂ ਸਨ।
ਪੰਜ ਹਜ਼ਾਰ ਸਾਲ ਪੁਰਾਣਾ ਗਾਜ਼ਾ ਸ਼ਹਿਰ ਅਸਲ ਵਿਚ ਵਰੋਸਾਇਆ ਸ਼ਹਿਰ ਹੈ ਜਿੱਥੇ ਪੈਗੰਬਰ, ਦੇਵਤੇ ਤੇ ਧਰਤੀ ਦੇ ਸਚਾਈ ਤੇ ਮੁਹੱਬਤ ਦੇ ਸਾਰੇ ਪੈਰੋਕਾਰ ਆਪੋ-ਆਪਣੀਆਂ ਨਿਸ਼ਾਨੀਆਂ ਲੈ ਕੇ ਗਾਜ਼ਾ ਦੀ ਧਰਤੀ ਅਤੇ ਆਸ ਪਾਸ ਯੇਰੂਸ਼ਲਮ ਦੀਆਂ ਪਹਾੜੀਆਂ ’ਤੇ ਪ੍ਰਕਾਸ਼ਮਾਨ ਹੋਏ। ਇਹ ਅਸਲ ਵਿਚ ਉਗਦੇ ਹੋਏ ਹੋਏ ਸੂਰਜ, ਸਮੁੰਦਰ ਦੀਆਂ ਲਹਿਰਾਂ ਅਤੇ ਰਤੀਲੇ ਪੱਥਰਾਂ ਦੀ ਸੁਨਹਿਰੀ ਪਹਾੜਾਂ ਦੀ ਧਰਤੀ ਹੈ ਜਿਸ ਨੂੰ ਗੋਲਡਨ ਸਾਈਟ, ਪੱਛਮੀ ਕਨਿਾਰਾ ਜੈਤੂਨ ਤੇ ਅੰਗੂਰਾਂ ਨਾਲ ਭਰੀ ਹੋਈ ਮਿਠਾਸ ਦੀ ਅਨੋਖੀ ਧਰਤੀ ਕਿਹਾ ਜਾਂਦਾ ਹੈ ਪਰ ਇਥੇ ਜਿ਼ੰਦਗੀ ਦਾ ਮਰਘਟ ਹੁਣ ਜਿਸ ਤਰ੍ਹਾਂ ਦਾ ਦਿਖਾਈ ਦਿੰਦਾ ਹੈ, ਉਹ ਬੇਹਦ ਡਰਾਉਣਾ ਹੈ। ਆਕਾਸ਼ ਤੋਂ ਬੰਬ ਵਰ੍ਹ ਰਹੇ ਹਨ; ਤਬਾਹੀ, ਮਲਬਾ, ਧੂੰਆਂ, ਬਦਹਵਾਸੀ ਤੇ ਭੁੱਖ ਦਾ ਤਾਂਡਵ ਨਾਚ ਗਾਜ਼ਾ ਦੀਆਂ ਗਲੀਆਂ ਵਿਚ ਦੇਖਿਆ ਜਾ ਸਕਦਾ ਹੈ ਜਿਥੇ ਮੁੱਕਦੇ ਹੋਏ ਸਾਹ ਜਿ਼ੰਦਗੀ ਦੇ ਸੰਘਰਸ਼ ਦੀਆਂ ਅੰਤਿਮ ਸਤਰਾਂ ਕਹਿੰਦੇ ਹਨ। ਫ਼ਲਸਤੀਨੀ ਉਹ ਕੌਮ ਹੈ ਜਿਹੜੀ ਸਦੀਆਂ ਤੋਂ ਇਸ ਤਰ੍ਹਾਂ ਦੇ ਹਮਲਿਆਂ ਦਾ ਸਿ਼ਕਾਰ ਹੋਈ ਹੈ ਤੇ ਹੁਣ ਤੱਕ ਮਨੁਖਤਾ ਦਾ ਇਹ ਕਾਂਡ ਅਤੇ ਰਿਸ਼ਤਿਆਂ ਦੀ ਕਤਲਗਾਹ ਦੀ ਦੁਨੀਆ ਦੀ ਸਭ ਤੋਂ ਵੱਡੇ ਕਤਲੇਆਮ ਦੀ ਧਰਤੀ ਬਣੀ ਹੋਈ ਹੈ। ਕੀ ਤੁਸੀਂ ਜਾਣਦੇ ਹੋ ਕਿ ਇਹ ਉਹੀ ਧਰਤੀ ਹੈ, ਇਹ ਉਹੀ ਗਾਜ਼ਾ ਹੈ ਜਿਸ ਦੇ ਧਰਮ ਗ੍ਰੰਥਾਂ ਵਿਚ ਅਹਿੰਸਾ, ਸ਼ਾਂਤੀ ਤੇ ਮੁਹੱਬਤ ਦਾ ਪਾਠ ਪੜ੍ਹਾਇਆ ਗਿਆ ਹੈ। ਇਹ ਵੀ ਦਿਲਚਸਪ ਹੈ ਕਿ ਤਾਲਮੂਦ ਜੋ ਫ਼ਲਸਤੀਨ ਦੀ ਧਰਤੀ ਦੀ ਸਭ ਤੋਂ ਮੁਕੱਦਸ ਕਿਤਾਬ ਹੈ, ਰੌਚਕ ਅਤੇ ਹੈਰਾਨੀ ਭਰੇ ਤੱਥਾਂ ਦੀ ਭਰੀ ਹੋਈ ਹੈ। ਓਸ਼ੋ ਇਸ ਬਾਰੇ ਆਖਦਾ ਹੈ: ਸੰਸਾਰ ਵਿਚ ਇਸ ਵਰਗਾ ਕੋਈ ਧਰਮ ਸ਼ਾਸਤਰ ਨਹੀਂ। ਤਾਲਮੂਦ ਕਹਿੰਦਾ ਹੈ ਕਿ ਰੱਬ ਤੁਹਾਨੂੰ ਇਹ ਨਹੀਂ ਪੁੱਛੇਗਾ ਕਿ ਤੁਸੀਂ ਕਿਹੜੀਆਂ ਗ਼ਲਤੀਆਂ ਕੀਤੀਆਂ, ਉਹ ਆਪਣੀਆਂ ਗ਼ਲਤੀਆਂ ’ਤੇ ਨਜ਼ਰ ਨਹੀਂ ਰੱਖਦਾ, ਉਸ ਦਾ ਦਿਲ ਵੱਡਾ ਹੈ। ਉਹ ਤੁਹਾਨੂੰ ਪੁੱਛੇਗਾ, ਉਹਨੇ ਤੁਹਾਨੂੰ ਖੁਸ਼ੀ ਦੇ ਇੰਨੇ ਮੌਕੇ ਦਿੱਤੇ, ਤੁਸੀਂ ਉਨ੍ਹਾਂ ਦਾ ਆਨੰਦ ਕਿਉਂ ਨਹੀਂ ਲਿਆ? ਗ਼ਲਤੀਆਂ ਦੀ ਪਰਵਾਹ ਕੌਣ ਕਰਦਾ ਹੈ? ਗ਼ਲਤੀ ਲਈ ਕੌਣ ਜਿ਼ੰਮੇਵਾਰ ਹੈ?
ਤਾਲਮੂਦ ਕਹਿੰਦਾ ਹੈ ਕਿ ਜੀਵਨ ਵਿਚ ਇੱਕ ਹੀ ਪਾਪ ਹੈ, ਤੇ ਉਹ ਹੈ ਜੀਵਨ ਦੇ ਮੌਕਿਆਂ ਨੂੰ ਬਰਬਾਦ ਕਰਨਾ। ਦੁੱਖ ਲੰਘ ਜਾਣ ਦਿਓ। ਜਦੋਂ ਤੁਸੀਂ ਖੁਸ਼ ਹੋ ਸਕਦੇ ਸੀ, ਤੁਸੀਂ ਖੁਸ਼ ਨਹੀਂ ਸੀ। ਜਦੋਂ ਉਹ ਗੀਤ ਗਾ ਸਕਦਾ ਸੀ ਤਾਂ ਉਸ ਨੇ ਗੀਤ ਨਹੀਂ ਗਾਇਆ। ਹਮੇਸ਼ਾ ਕੱਲ੍ਹ ਤੱਕ ਮੁਲਤਵੀ ਕਰਦੇ ਰਹੇ। ਮੁਲਤਵੀ ਕਰਨ ਵਾਲਾ ਬੰਦਾ ਕਦੋਂ ਜਿਊਂਦਾ ਰਹੇਗਾ? ਕੋਈ ਕਿਵੇਂ ਜੀਵੇਗਾ? ਇਉਂ ਮੁਲਤਵੀ ਕਰਨਾ ਤੁਹਾਡੀ ਜੀਵਨ ਸ਼ੈਲੀ ਬਣ ਜਾਂਦਾ ਹੈ। ਜਦੋਂ ਤੁਸੀਂ ਬੱਚੇ ਸੀ ਤਾਂ ਤੁਸੀਂ ਇਸ ਨੂੰ ਛੱਡ ਦਿੰਦੇ ਹੋ; ਜਦੋਂ ਤੁਸੀਂ ਜਵਾਨ ਹੁੰਦੇ ਹੋ ਤਾਂ ਤੁਸੀਂ ਇਸ ਨੂੰ ਛੱਡੋਗੇ; ਫਿਰ ਜਦੋਂ ਬੁੱਢੇ ਹੋਵੋਗੇ ਤਾਂ ਅਗਲੇ ਜਨਮ ਲਈ ਛੱਡ ਦੇਵੋਗੇ। ਉਹ ਕਹਿ ਰਹੇ ਹਨ, ਪਰਲੋਕ ਵਿਚ ਦੇਖਾਂਗੇ!
ਇਹੀ ਸੰਸਾਰ ਹੈ, ਤੇ ਇਹ ਪਲ ਹੈ, ਇਹ ਸੱਚ ਦਾ ਪਲ ਹੈ। ਬਾਕੀ ਸਭ ਝੂਠ ਹੈ। ਇਹ ਮਨ ਦਾ ਜਾਲ ਹੈ ਪਰ ਜੇ ਤੁਹਾਨੂੰ ਇਹ ਪਸੰਦ ਹੈ ਤਾਂ ਇਹ ਤੁਹਾਡੀ ਮਰਜ਼ੀ ਹੈ। ਜੇ ਤੁਸੀਂ ਇਹ ਪਸੰਦ ਕਰਦੇ ਹੋ ਤਾਂ ਮੈਂ ਕੌਣ ਹਾਂ ਰੁਕਾਵਟ ਪਾਉਣ ਵਾਲਾ? ਪਰ ਕਿਸੇ ਦਿਨ ਤੂੰ ਜਾਗੇਂਗਾ, ਫਿਰ ਰੋਵੇਂਗਾ, ਪਛਤਾਵੇਂਗਾ। ਫਿਰ ਤੁਹਾਨੂੰ ਪਛਤਾਵਾ ਹੋਵੇਗਾ ਕਿ ਤੁਸੀਂ ਇੰਨਾ ਸਮਾਂ ਬਰਬਾਦ ਕੀਤਾ; ਤੇ ਯਾਦ ਰੱਖੋ, ਤੁਸੀਂ ਆਪਣੀ ਜਿ਼ੰਦਗੀ ਨੂੰ ਜਿੰਨਾ ਜਿ਼ਆਦਾ ਦੁੱਖਾਂ ਨਾਲ ਭਰੋਗੇ, ਜਿੰਨੇ ਜਿ਼ਆਦਾ ਹੰਝੂ ਤੁਸੀਂ ਵਹਾਉਂਦੇ ਹੋ, ਓਨਾ ਹੀ ਜਿ਼ਆਦਾ ਪਛਤਾਵਾ ਹੁੰਦਾ ਹੈ, ਉਦਾਸੀ ਅਤੇ ਹੰਝੂਆਂ ਨੂੰ ਰੋਕਣਾ ਓਨਾ ਹੀ ਔਖਾ ਹੋ ਜਾਂਦਾ ਹੈ।
ਇਹ ਹਵਾਲਾ ਓਸ਼ੋ ਦੀ ਕਿਤਾਬ ‘ਓਸ਼ੋ: ਐਸ ਧੰਮੋ ਸਨੰਤਨੋ’ (ਉਪਦੇਸ਼ 06) ਵਿਚ ਦਰਜ ਹੈ।
ਇਸ ਸਮੇਂ ਗਾਜ਼ਾ ਦੀ ਧਰਤੀ ਲਹੂ-ਲੁਹਾਨ ਹੈ, ਹੁਣ ਇਹ ਖੂਨ ਦਾ ਦਰਿਆ ਹੈ ਪਰ ਉੱਥੇ ਜਿਊਣ ਦੀ ਹਿੰਮਤ ਵੀ ਹੈ। ਫ਼ਲਸਤੀਨੀਆਂ ਦੇ ਹੌਸਲੇ ਦੀ ਦਾਦ ਦੇਣੀ ਬਣਦੀ ਹੈ ਕਿ ਉਹ ਕਈ ਸ਼ਤਾਬਦੀਆਂ ਤੋਂ ਅਤੇ 1948 ਤੋਂ ਲੈ ਕੇ ਇਨ੍ਹਾਂ ਪਾਬੰਦੀਆਂ ਵਿਚ ਜੀਅ ਰਹੇ ਹਨ ਜਿਥੇ ਮੌਤ ਦਾ ਕੋਈ ਡਰ ਨਹੀਂ ਹੈ। ਪਿਛਲੇ ਦਿਨਾਂ ਵਿਚ ਦੁਨੀਆ ਭਰ ਦੇ ਪੱਤਰਕਾਰਾਂ ਅਤੇ ਲੇਖਕਾਂ ਨੇ ਆਪਣੀਆਂ ਟਿੱਪਣੀਆਂ ਇਸ ਧਰਤੀ ਅਤੇ ਯੁੱਧ ਬਾਰੇ ਦਿੱਤੀਆਂ। ਰਾਮਜੀ ਤਿਵਾੜੀ ਆਪਣੀ ਟਿੱਪਣੀ ਵਿਚ ਕਹਿੰਦੇ ਹਨ ਕਿ ਇਜ਼ਰਾਈਲ ਦੇ ਮਹੱਤਵਪੂਰਨ ਅਖਬਾਰ ‘ਹਾਰੇਟਜ਼’ ਦੇ ਕਾਲਮਨਵੀਸ ਗਿਡੀਓਨ ਲੇਵੀ ਨਾਲ ਕਰਨ ਥਾਪਰ ਦੀ ਇੰਟਰਵਿਊ ਸੁਣ ਰਿਹਾ ਸੀ। ਉਹ ਕਹਿ ਰਹੇ ਸਨ ਕਿ ਇਜ਼ਰਾਈਲ ਨੂੰ ਗਾਜ਼ਾ ਵਿਚ ਆਪਣੀ ਸਮੂਹਿਕ ਸਜ਼ਾ ਦੀ ਮੁਹਿੰਮ ਤੁਰੰਤ ਬੰਦ ਕਰਨੀ ਚਾਹੀਦੀ ਹੈ ਕਿਉਂਕਿ ਇਸ ਨਾਲ ਕੋਈ ਮਕਸਦ ਪੂਰਾ ਨਹੀਂ ਹੋਵੇਗਾ। ਇਸ ਦੀ ਬਜਾਇ ਅਤਿਵਾਦੀ ਸੰਗਠਨਾਂ ਖਿਲਾਫ ਹੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਉਸ ਨੇ ਉਸ ਇੰਟਰਵਿਊ ਵਿਚ ਇਜ਼ਰਾਈਲ ਅਤੇ ਫ਼ਲਸਤੀਨ ਦੀ ਸਹਿ-ਹੋਂਦ ਅਤੇ ਬਿਹਤਰ ਅਰਬ-ਇਜ਼ਰਾਈਲ ਸਬੰਧਾਂ ਦੀ ਵੀ ਵਕਾਲਤ ਕੀਤੀ। ਟੀਵੀ ਪੈਲਸਟਾਇਨ, ਟੀਵੀ 95 ਅਤੇ ਫ਼ਲਸਤੀਨੀ ਵਾਇਸ ਜਿਸ ਤਰਾਂ ਵਰ੍ਹਦੇ ਬੰਬਾਂ ਵਿਚ ਅਤੇ ਬੰਦ ਬੰਕਰਾਂ ਵਿਚ ਛਿਪ ਕੇ ਰਿਪੋਰਟਿੰਗ ਕਰ ਰਹੇ ਹਨ, ਉਨ੍ਹਾਂ ਦੇ ਇਸ ਅਹਿਸਾਸ ਅਤੇ ਜਿਊਂਦੇ ਰਹਿਣ ਦੀ ਹਿੰਮਤ ਹੈਰਾਨ ਕਰਦੀ ਹੈ।
ਅਸਲ ਵਿਚ ਸ਼ਬਦਾਂ ਦੀ ਆਜ਼ਾਦੀ ਦੇ ਇਹ ਪਹਿਰੇਦਾਰ ਦੁਨੀਆ ਦੇ ਅਜਿਹੇ ਪਹਿਲੇ ਮੀਡੀਆ ਕਰਮੀ ਹਨ ਜਨਿ੍ਹਾਂ ਨੇ ਵਰ੍ਹਦੇ ਬੰਬਾਂ ਵਿਚ ਮਨੁੱਖਤਾ ਦੀ ਤਬਾਹੀ ਦਾ ਅਜਿਹਾ ਕਾਂਡ ਦੇਖਿਆ ਹੈ ਜਿਸ ਦੇ ਦ੍ਰਿਸ਼ਾਂ ਨੂੰ ਦੇਖ ਕੇ ਤੁਸੀਂ ਸੌਂ ਨਹੀਂ ਸਕਦੇ। ਜਿ਼ੰਦਗੀ ਦੇ ਸੰਘਰਸ਼ ਦੀ ਦਾਸਤਾਨ ਅਤੇ ਤਬਾਹੀ ਦੇ ਜੋ ਦ੍ਰਿਸ਼ ਗਾਜ਼ਾ ਵਿਚ ਹਨ, ਉਨ੍ਹਾਂ ਨੇ ਮਨੁੱਖਤਾ ਨੂੰ ਝੰਜੋੜ ਸੁੱਟਿਆ ਹੈ। ਉਥੇ ਅਸੀਂ ਕਿੰਨੇ ਹਿੰਸਾਵਾਦੀ ਹੋ ਗਏ ਹਾਂ, ਮਰਦੇ ਦਮਾਂ ਦੀ ਪਰਵਾਹ ਹੀ ਨਹੀਂ; ਜਿਊਂਦੇ ਦੀ ਕੋਈ ਕਦਰ ਹੀ ਨਹੀਂ! ਉਂਝ, ਗਾਜ਼ਾ ਦੇ ਲੋਕ ਜਿਊਣਾ ਜਾਣਦੇ ਹਨ। ਜਿਊਣ ਦੀ ਇਸ ਆਵਾਜ਼ ਪਿੱਛੇ ਹੋਰ ਕੀ ਹੈ, ਉਹ ਇਸ ਕਵਿਤਾ (ਬਦਲਾ) ਵਿਚ ਦੇਖਿਆ ਜਾ ਸਕਦਾ ਹੈ ਜੋ ਫ਼ਲਸਤੀਨੀ ਕਵੀ ਤਾਹਾ ਮੁਹੰਮਦ ਅਲੀ ਨੇ ਲਿਖੀ ਹੈ, ਇਸ ਦਾ ਕੁਝ ਹਿੱਸਾ ਦਿੱਤਾ ਜਾ ਰਿਹਾ ਹੈ, ਅਨੁਵਾਦ ਮਨੋਜ ਪਟੇਲ ਦਾ ਹੈ:

ਬਦਲਾ

ਕਦੇ ਕਦੇ ਮੈਂ ਚਾਹੁੰਦਾ ਹਾਂ ਕਿ ਮੈਂ ਲੜਾਈ ਵਿਚ
ਉਸ ਆਦਮੀ ਨੂੰ ਮਿਲ ਸਕਾਂ
ਜਿਸ ਨੇ ਮੇਰੇ ਪਿਤਾ ਨੂੰ ਮਾਰਿਆ ਸੀ
ਤੇ ਸਾਡਾ ਘਰ ਤਬਾਹ ਕਰ ਦਿੱਤਾ ਸੀ

ਪਰ ਜਦੋਂ ਮੇਰਾ ਵਿਰੋਧੀ ਨਜ਼ਰ ਆਉਂਦਾ ਹੈ
ਤਾਂ ਪਤਾ ਲਗਦਾ ਹੈ ਕਿ ਉਸ ਦੀ ਉਡੀਕ ’ਚ ਕੋਈ ਮਾਂ ਹੈ
ਜਾਂ ਕੋਈ ਪਿਤਾ ਜੋ ਉਸ ਦੀ ਛਾਤੀ ਉੱਤੇ
ਦਿਲ ਦੇ ਉੱਪਰ ਆਪਣਾ ਸੱਜਾ ਹੱਥ ਰੱਖਦਾ ਹੈ

ਫਿਰ ਮੌਕਾ ਮਿਲਣ ’ਤੇ ਵੀ
ਮੈਂ ਉਸ ਨੂੰ ਨਹੀਂ ਮਾਰਾਂਗਾ।

ਇਸੇ ਤਰ੍ਹਾਂ... ਮੈਂ ਉਸ ਨੂੰ ਨਹੀਂ ਮਾਰਾਂਗਾ
ਜੇ ਮੈਨੂੰ ਸਮੇਂ ਸਿਰ ਪਤਾ ਲੱਗ ਜਾਵੇ
ਕਿ ਉਸ ਦੇ ਭੈਣ-ਭਰਾ ਹਨ
ਜੋ ਉਸ ਨੂੰ ਪਿਆਰ ਕਰਦੇ ਹਨ
ਤੇ ਉਨ੍ਹਾਂ ਦੇ ਦਿਲਾਂ ਵਿਚ ਉਸ ਨੂੰ
ਦੇਖਣ ਦੀ ਹਮੇਸ਼ਾ ਇੱਛਾ ਰਹਿੰਦੀ ਹੈ
ਜਾਂ ਉਸ ਦੀ ਪਤਨੀ ਅਤੇ ਬੱਚੇ ਹਨ
ਜੋ ਉਸ ਦਾ ਸਵਾਗਤ ਨਹੀਂ ਕਰ ਸਕਦੇ।
ਫ਼ਲਸਤੀਨ ਦੇ ਬਹਾਦਰ ਲੋਕ ਆਜ਼ਾਦੀ ਲਈ ਲੜਦੇ ਸ਼ਹੀਦ ਹੋ ਰਹੇ ਹਨ ਪਰ ਅਤਿਕਵਾਦ ਦਾ ਘਨਿਾਉਣਾ ਚਿਹਰਾ ਨਿਹੱਥਿਆਂ ਨੂੰ ਮਾਰ ਰਿਹਾ ਹੈ ਜਿਸ ਦੀ ਨਿੰਦਾ ਹੋਣੀ ਚਾਹੀਦੀ ਹੈ ਕਿਉਂਕਿ ਇਹ ਮਨੁੱਖਤਾ ਦਾ ਦੁਸ਼ਮਣ ਹੈ।

*ਲੇਖਕ ਦੂਰਦਰਸ਼ਨ ਦੇ ਉਪ ਮਹਾ ਨਿਰਦੇਸ਼ਕ ਰਹਿ ਚੁੱਕੇ ਹਨ।
ਸੰਪਰਕ: 94787-30156

Advertisement
Author Image

sukhwinder singh

View all posts

Advertisement
Advertisement
×